ਖ਼ਬਰ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਰਾਜਸਭਾ ਮੈਂਬਰ ਅਮਿਤ ਸ਼ਾਹ ਨੇ ਸੰਸਦ ਦੇ ਉੱਚ ਸਦਨ 'ਚ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਉਹਨਾ ਕਿਹਾ ਕਿ ਕਾਂਗਰਸ ਦੇ ਕਾਰਜਕਾਲ 'ਚ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ਅਤੇ ਦੇਸ਼ ਪਾਲਿਸੀ ਅਧਰੰਗ ਦਾ ਸ਼ਿਕਾਰ ਰਿਹਾ। ਮੋਦੀ ਦੇ ਪਕੌੜੇ ਵਾਲੇ ਬਿਆਨ ਦਾ ਉਹਨਾ ਨੇ ਬਚਾਅ ਕੀਤਾ। ਸ਼ਾਹ ਨੇ ਕਿਹਾ ਕਿ ਕਰੋੜਾਂ ਨੌਜਵਾਨ, ਜੋ ਛੋਟੇ-ਛੋਟੇ ਰੋਜ਼ਗਾਰ ਦੀ ਦਿਸ਼ਾ ਵਿੱਚ ਵਧ ਰਹੇ ਹਨ, ਪਕੌੜਾ ਬਣਾ ਰਹੇ ਹਨ, ਉਸਦੀ ਤੁਸੀਂ ਭਿਖਾਰੀ ਨਾਲ ਤੁਲਨਾ ਨਹੀਂ ਕਰ ਸਕਦੇ। ਪਕੌੜੇ ਬਨਾਉਣਾ ਕੋਈ ਸ਼ਰਮ ਵਾਲੀ ਗੱਲ ਨਹੀਂ ਹੈ। ਉਹਨਾ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ 2014 ਚੋਣਾਂ ਦਰਮਿਆਨ ਕੀਤੇ ਵਾਇਦੇ ਪੂਰੇ ਕਰ ਦਿੱਤੇ ਹਨ।
ਠੀਕ ਹੀ ਤਾਂ ਕਹਿੰਦੇ ਨੇ ਸ਼ਾਹ ਜੀ, "ਜੋ ਵਾਇਦਾ ਕੀਆ ਤੋਂ ਨਿਭਾਨਾ ਪੜੇਗਾ"। ਵੇਖੋ ਨਾ ਕਿੱਡਾ ਵੱਡਾ ਵਾਇਦਾ ਨਿਭਾਇਆ ਮੋਦੀ ਜੀ ਨੇ, ਨੌਜਵਾਨਾਂ ਦੇ ਇੱਕ ਹੱਥ ਡਿਗਰੀਆਂ ਦਾ ਝੋਲਾ, ਦੂਜੇ ਹੱਥ ਪਕੌੜੇ। ਇੱਕ ਥਾਂ ਡਿਗਰੀਆਂ ਦਾ ਝੋਲਾ, ਦੂਜੇ ਹੱਥ ਘਰ ਜ਼ਮੀਨ ਗਿਰਵੀ ਰੱਖਕੇ ਵਿਦੇਸ਼ਾਂ ਨੂੰ ਚਾਲੇ। ਇੱਕ ਹੱਥ ਡਿਗਰੀਆਂ ਦਾ ਝੋਲਾ, ਦੂਜੇ ਥਾਂ ਨਸ਼ਿਆਂ ਵਾਲੀ ਡੱਬੀ। ਅਤੇ ਗਰੀਬਾਂ ਦੇ ਇੱਕ ਹੱਥ ਝੋਲਾ, ਦੂਜੇ ਹੱਥ "ਜਨ-ਧਨ ਯੋਜਨਾ", ਜਿਸਦੇ ਖਾਤੇ ਪਿਛਲੇ ਤਿੰਨ ਦਹਾਕਿਆਂ 'ਚ ਵੱਧ ਫੁਲ ਕੇ ਜ਼ੀਰੋ ਬੈਲੈਂਸ ਹੋ ਗਏ। ਗਰੀਬਾਂ ਦੇ ਇੱਕ ਹੱਥ ਮੁਫਤ ਵਾਲਾ ਖਾਲੀ ਗੈਸ ਸਿਲੰਡਰ, ਅਤੇ ਦੂਜੇ ਹੱਥ ਸਾਢੇ ਚਾਰ ਸੌ ਵਾਲਾ ਗੈਸ ਸਿਲੰਡਰ ਸਾਢੇ ਸੱਤ ਸੌ ਨੂੰ। ਇੱਕ ਹੱਥ ਸਭਕਾ ਵਿਕਾਸ, ਦੂਜੇ ਹੱਥ ਗਊ ਹੱਤਿਆ ਕਰਕੇ ਸਭ ਦਾ ਵਿਨਾਸ਼। ਇੱਕ ਹੱਥ ਹਰੀ ਓਮ, ਈਸ਼ਵਰ, ਅੱਲਾ ਹੂ ਅਕਬਰ ਅਤੇ ਦੂਜੇ ਹੱਥ ਸਿਰਫ ਤ੍ਰਿਸ਼ੂਲ, ਰਾਮ ਮੰਦਿਰ ਤੇ ਬਾਕੀ ਸਾਰੇ ਪਾਓ ਚਾਲੇ ਪਾਕਿਸਤਾਨ, ਅਮਰੀਕਾ ਨੂੰ ਜਾਂ ਬੰਗਲਾ ਦੇਸ਼ ਨੂੰ!
ਭਾਈ ਹਿੰਦੋਸਤਾਨ ਦੀ, ਤਾਂ ਤਾਣੀ ਈ ਉਲਝ ਗਈ ਆ ਵਾਇਦਿਆਂ, ਦੋਸ਼ਾਂ ਦੇ ਚੱਕਰ 'ਚ। ਇਥੇ ਤਾਂ ਚੰਦਰਾ ਸ਼ਰੀਕ ਅੱਗ ਲਾਕੇ ਸੇਕਣ ਨੂੰ ਫਿਰਦਾ। ਕਾਂਗਰਸ ਬਾਜੀ ਖੇਡਦੀ ਆ ਤੇ ਭਾਜਪਾ ਮੋੜ ਪਾਉਂਦੀ ਆ। ਭਾਜਪਾ ਭਾਜੀ ਪਾਉਂਦੀ ਆ ਤਾਂ ਕਾਂਗਰਸ ਬਾਜੀ ਮੋੜਦੀ ਆ ਅਤੇ ਲੋਕ ਵਿਚਾਰੇ, ਕਰਮਾਂ ਦੇ ਮਾਰੇ, ਨਿਰਾਸ਼, ਬੇਬਸ ਅਵਸਥਾ ਵਿੱਚ ਪਿਆਰ ਦੀ ਭੁਖ, ਪੇਟ ਦੀ ਭੁਖ, ਮੋਹ ਦੀ ਭੁੱਖ, ਦੁਲਾਰ ਦੀ ਭੁੱਖ ਮਨ 'ਚ ਲੈ ਇਹੋ ਕਹਿਣ ਜੋਗੇ ਰਹਿ ਗਏ ਆ, "ਚੱਲ ਨੇਤਾ ਤੂੰ ਖੇਡ ਬਾਜੀਆਂ ਦੁਨੀਆਂ ਤਿਆਰ ਖੜੀ ਤਮਾਸ਼ਾ ਦੇਖਣ ਨੂੰ "।
ਮੇਰੀ ਪੇਸ਼ ਨਾ ਚੱਲੇ ਬਾਈ ਤੂੰ ਹੀ ਹੱਲ ਕੋਈ ਸਮਝਾ ਦੇ
ਖ਼ਬਰ ਹੈ ਕਿ ਆਰਥਿਕ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਦਾ ਖ਼ਜ਼ਾਨਾ ਭਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਪਣੀ ਤਨਖਾਹ ਦਾ ਆਮਦਨ ਕਰ ਖ਼ੁਦ ਅਦਾ ਕਰਨ ਦਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਬਿਜਲੀ ਤੇ ਸਬਸਿਡੀ ਨਾ ਲੈਣ ਦੀ ਵੀ ਅਪੀਲ ਕਰ ਚੁੱਕੇ ਹਨ, ਪਰ ਕੁਝ ਇੱਕ ਵਿਧਾਇਕਾਂ ਨੂੰ ਛੱਡਕੇ ਕਿਸੇ ਨੇ ਖੁੱਲ੍ਹ ਕੇ ਬਿਜਲੀ ਸਬਸਿਡੀ ਛੱਡਣ ਬਾਰੇ ਬਿਆਨ ਨਹੀਂ ਦਿੱਤਾ। ਸੂਬਾ ਸਰਕਾਰ ਵਲੋਂ ਮੰਤਰੀਆਂ, ਵਿਧਾਇਕਾਂ ਦਾ 11.08 ਕਰੋੜ ਸਲਾਨਾ ਆਮਦਨ ਕਰ ਭਰਿਆ ਜਾ ਰਿਹਾ ਹੈ। ਮੌਜੂਦਾ ਸਦਨ ਦੇ 81 ਫੀਸਦੀ ਵਿਧਾਇਕ ਕਰੋੜਪਤੀ ਹਨ।
ਐਸੀ ਕਲਾ ਵਰਤਾਈ ਬਾਦਲਾਂ ਕਿ ਸੂਬੇ ਪੰਜਾਬ ਦਾ ਖ਼ਜ਼ਾਨਾ ਮੂਧਾ ਮਾਰਤਾ। ਐਸੀ ਕਲਾ ਵਰਤਾਈ ਬਾਦਲਾਂ ਕਿ ਦਸਾਂ ਸਾਲਾਂ 'ਚ ਨੌਜਵਾਨਾਂ ਹੱਥ ਠੂਠਾ, ਕਿਸਾਨਾਂ ਹੱਥ ਰੱਸਾ ਅਤੇ ਅਫ਼ਸਰਾਂ ਹੱਥ ਭ੍ਰਿਸ਼ਟਾਚਾਰੀ ਝੋਲਾ ਫੜਾ ਤਾ। ਐਸੀ ਕਲਾ ਵਰਤਾਈ ਬਾਦਲਾਂ ਕਿ ਹਰ ਜੀਊਂਦੀ ਜ਼ਮੀਰ ਵਾਲੇ ਹੱਥ ਨੌਕਰੀ ਦੀ ਥਾਂ ਨੀਲਾ ਕਾਰਡ, ਹਰ ਚੰਗੇ ਭਲੇ ਪਿੰਡ ਸ਼ਹਿਰ ਦੇ ਕੋਨੇ ਠੇਕਾ ਤੇ ਹਰ ਗਲੀ ਮੁੱਹਲੇ "ਚਿੱਟਾ" ਵਰਤਾ ਦਿੱਤਾ। ਬੇਬਸ ਹੁਣ ਵਾਲਾ ਪੰਜਾਬ ਦਾ ਹਾਕਮ ਕਦੇ ਠੂਠਾ ਫੜ ਮੋਦੀ ਦਰ ਜਾਂਦਾ, ਤਿੰਨ ਵੇਰ ਭਿੱਖਿਆ ਮੰਗਦਾ, ਪੱਲੇ ਹੀ ਕੁਝ ਨਹੀਂ ਪੈਂਦਾ। ਬੇਬਸ ਪੰਜਾਬ ਦਾ ਹਾਕਮ ਬੈਂਕ ਦੇ ਹਾੜੇ ਕੱਢਦਾ, ਤਿੰਨ ਵੇਰ ਭਿੱਖਿਆ ਮੰਗਦਾ, ਤੇ ਫਿਰ ਨਿਰਾਸ਼ ਪਰਤ ਆਉਂਦਾ। ਬੇਬਸ ਪੰਜਾਬ ਦਾ ਹਾਕਮ ਆਪਣੇ ਕਰੋੜਪਤੀਆਂ ਦੇ ਹਾੜੇ ਕੱਢਦਾ, ਬਈ ਰੱਜੇ-ਪੁੱਜੇ ਹੋ, ਛੱਡੋ ਸਬਸਿਡੀਆਂ, ਛੱਡੋ ਬੱਤੀ ਵਾਲੀਆਂ ਕਾਰਾਂ, ਛੱਡੋ ਸਰਕਾਰੀ ਰਿਹਾਇਸ਼ਾਂ, ਛੱਡੋ ਲੋਕਾਂ ਦੀ ਹੱਡ ਭੰਨਵੀ ਕਮਾਈ ਦਾ ਪੈਸਾ, ਕੁਝ ਤਾਂ ਤਰਸ ਕਰੋ, ਬਥੇਰਾ ਨਚੋੜ, ਚਰੂੰਡ ਲਿਆ ਪੰਜਾਬ ਪਰ ਉਹਦੀ ਸੁਣਦਾ ਹੀ ਕੋਈ ਨਾ। ਹੁਣ ਤਾਂ ਬਸ ਆਹ ਆਪਣਾ ਕੈਪਟਨ ਬੇਬਸ ਜਿਹਾ ਹੋਇਆ, ਹਰ ਮਾਈ, ਹਰ ਭਾਈ, ਨੂੰ ਇਹੋ ਕਹਿੰਦਾ ਫਿਰਦਾ, "ਮੇਰੀ ਪੇਸ਼ ਨਾ ਚੱਲੇ ਬਈ, ਤੂੰ ਹੀ ਹੱਲ ਕੋਈ ਸਮਝਾ ਦੇ"।
ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ,
ਕੁਝ ਲੁੱਟ ਲਈ ਮੁਖਤਿਆਰਾਂ ਨੇ
ਖ਼ਬਰ ਹੈ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਰੇਤ ਮਾਫੀਆ ਤੋਂ ਛੁਟਕਾਰਾ ਦਿਵਾਉਣ ਦਾ ਦਾਅਵਾ ਕਰਦਿਆਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਇਸ ਬੀਮਾਰੀ ਨੂੰ ਖ਼ਤਮ ਕਰ ਦੇਵੇਗੀ, ਪਰੰਤੂ ਗੁਰੂ ਗੋਬਿੰਦ ਸਿੰਘ ਰੀਫਾਇਨਰੀ ਦੇ ਟਰਾਂਸਪੋਰਟਾਂ ਤੋਂ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਅਤੇ ਰੇਤ, ਬਜ਼ਰੀ ਟਰੱਕਾਂ ਨੂੰ ਮਾਫੀਆ ਵਲੋਂ ਆਪਣੀ ਮਨਮਰਜ਼ੀ ਕੀਮਤ ਲੈ ਕੇ ਰਿਫਾਇਨਰੀ ਦੀ ਉਸਾਰੀ ਲਈ ਦਿਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਮਾਫੀਆ ਦੀ ਦਖਲ ਅੰਦਾਜ਼ੀ ਖ਼ਤਮ ਕਰ ਦਿਤੀ ਜਾਵੇ ਤਾਂ ਉਸਤੋਂ ਕਈ ਗੁਣਾਂ ਘੱਟ ਰੇਟ 'ਤੇ ਰੇਤ, ਬਜ਼ਰੀ ਮਿਲ ਸਕਦੀ ਹੈ।
ਪੰਜਾਬ ਉਰਫ ਮਾਫੀਆ। ਪੰਜਾਬ ਉਰਫ ਰੇਤਾ ਬਜ਼ਰੀ ਮਾਫੀਆ। ਪੰਜਾਬ ਉਰਫ ਨਸ਼ਾ ਮਾਫੀਆ। ਪੰਜਾਬ ਉਰਫ ਦਲਾਲੀ! ਪੰਜਾਬ ਉਰਫ ਭ੍ਰਿਸ਼ਟਾਚਾਰ। ਪੰਜਾਬ ਉਰਫ ਕੁੜੀ-ਮਾਰ ਮਾਫੀਆ। ਪੰਜਾਬ ਉਰਫ ਪੰਜਾਬੀ ਬੋਲੀ ਮਾਰ ਮਾਫੀਆ। ਪੰਜਾਬ ਉਰਫ ਭੂ-ਮਾਫੀਆ। ਭਾਈ ਪੰਜਾਬ ਤਾਂ ਪੰਜਾਬ ਰਿਹਾ ਹੀ ਨਹੀਂ ਮਾਫੀਆ ਬਣ ਗਿਆ ਆ। ਨਸ਼ਾ ਲੈਣਾ, ਬੰਦਾ ਹਾਜ਼ਰ। ਬੰਦਾ ਮਰਵਾਉਣਾ, ਬੰਦਾ ਹਾਜ਼ਰ। ਕੋਈ ਕੰਮ ਕਰਾਉਣਾ, ਦਲਾਲ ਹਾਜ਼ਰ। ਹਾਕਮਾਂ ਦਰ ਸੁਣਵਾਈ ਕਰਵਾਉਣੀ, ਜੀ-ਹਜ਼ੂਰ ਹਾਜ਼ਰ!
ਪੰਜਾਬ ਕੁਝ ਪੰਜਾਬੀਆਂ ਦੇ ਰਾਖਿਆਂ ਹਾਕਮਾਂ ਲੁੱਟ ਲਿਆ ਤੇ ਰਹਿੰਦਾ-ਖੂੰਹਦਾ ਪੰਜਾਬ 'ਚ ਘੁਸ-ਪੈਠ ਕਰ ਗਏ ਗੈਰ ਪੰਜਾਬੀਆਂ ਲੁੱਟ ਲਿਆ, ਜਿਹੜੇ ਜ਼ਰਦੇ, ਪੁੜੀਆਂ, ਖੈਣੀਆਂ-ਛੈਣੀਆਂ ਲੈਕੇ ਪੰਜਾਬ ਦੀ ਵੱਢ-ਟੁੱਕ ਕਰੀ ਤੁਰੇ ਜਾਂਦੇ ਆ। ਇਹਦੀ ਬੋਲੀ, ਸਭਿਆਚਾਰ, ਨੂੰ ਖੋਰਾ ਇਹਦੇ ਅਅਪਣਿਆ ਨੇ ਲਾਇਆ, ਤੇ ਇਹਦੇ ਖਜ਼ਾਨੇ "ਪੈਸੇ ਦੇ ਪੁੱਤਾਂ" ਲੁੱਟ ਲਏ ਤਦੇ ਤਾਂ ਬਚਦਾ-ਖੁਚਦਾ ਪੰਜਾਬ ਚੀਖ਼-ਚੀਖਕੇ ਆਖ ਰਿਹੈ, "ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਮੁੱਖ ਤਿਆਰਾਂ ਨੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਵਿੱਚ ਵਿੱਕਣ ਵਾਲੀਆਂ 64 ਫੀਸਦੀ ਐਂਟੀਬਾਇਓਟਿਕ ਦਵਾਈਆਂ ਬਿਨ੍ਹਾਂ ਮਨਜ਼ੂਰੀ ਦੇ ਵਿਕਦੀਆਂ ਹਨ। ਦੇਸ਼ ਵਿੱਚ ਐਂਟੀਬਾਇਓਟਿਕ ਦਵਾਈਆਂ ਦੀ ਖਪਤ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਹੈ।
ਇੱਕ ਵਿਚਾਰ
ਸਾਡੇ ਲੋਕਤੰਤਰ ਦੇ ਸਫਲ ਹੋਣ ਲਈ ਮੱਤਦਾਤਿਆਂ ਦਾ ਚੋਣਾਂ ਦੀ ਪਰਕਿਰਿਆ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ............ ਬਲਾਂਸ਼ ਲਿੰਕਨ
ਗੁਰਮੀਤ ਪਲਾਹੀ
ਫੋਨ ਨੰ:- 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.