ਅੱਜ ਤੋਂ 20 ਸਾਲ ਪਹਿਲਾਂ ਪੰਜਾਬ 'ਚ ਕਿਸੇ ਨੇ ਗੁੰਡਾ ਟੈਕਸ ਤੇ ਗੈਂਗਸਟਰ ਲਫਜ਼ ਨਹੀਂ ਸੀ ਸੁਣੇ ਜੀਹਨਾਂ ਦੀ ਪੰਜਾਬ 'ਚ ਅੱਜ ਕੱਲ੍ਹ ਪੂਰੀ ਮਸ਼ਹੂਰੀ ਹੈ। ਬਠਿੰਡਾ ਤੇਲ ਰਿਫਾਇਨਰੀ ਮੂਹਰੇ ਟਰੱਕਾਂ ਤੋਂ ਵਸੂਲੇ ਜਾਂਦੇ ਗੁੰਡਾ ਟੈਕਸ ਬਾਬਤ ਆਈਆਂ ਤਾਜ਼ਾ ਖਬਰਾਂ ਕਰਕੇ ਗੁੰਡਾ ਟੈਕਸ ਅੱਜ ਕੱਲ੍ਹ ਸੁਰਖੀਆਂ ਵਿੱਚ ਹੈ ਤੇ ਵਿੱਕੀ ਗੌਂਡਰ ਦੇ ਪੁਲਿਸ ਹੱਥੋਂ ਮਾਰੇ ਜਾਣ ਕਰਕੇ ਗੈਂਗਸਟਰ ਲਫਜ਼ ਵੀ ਮੀਡੀਆ ਵਿੱਚ ਪੂਰਾ ਵਰਤਿਆ ਜਾ ਰਿਹਾ ਹੈ। ਅਮੂਨਨ ਸੰਨ 2000 ਜਾਂ 2001 ਦੀ ਗੱਲ ਹੋਊਗੀ ਅਸੀਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਮਰਹੂਮ ਮੱਲ ਸਿੰਘ ਘੁਮਾਣ ਕੋਲ ਮੁੱਲਾਂਪੁਰ ਦਾਖਾ ਦੇ ਉਨ੍ਹਾਂ ਦੀ ਮਾਲਕੀ ਵਾਲੇ ਕਾਲਜ ਦੇ ਵਿਹੜੇ 'ਚ ਇੱਕ ਦਿਨ ਸ਼ਾਮ ਨੂੰ ਬੈਠੇ ਸੀ। ਉਨ੍ਹੀ ਦਿਨੀਂ ਮੁੱਲਾਂਪੁਰ-ਹੰਬੜਾਂ ਸੜਕ ਨੂੰ ਮੰਡੀ ਬੋਰਡ ਚੌੜੀ ਕਰ ਰਿਹਾ ਸੀ। ਸੜਕ ਉਸਾਰੀ ਦਾ ਮਤੱਲਕਾ ਠੇਕੇਦਾਰ ਘੁਮਾਣ ਸਾਬ ਕੋਲ ਫਰਿਆਦੀ ਮੂਡ ਵਿੱਚ ਆਇਆ ਤੇ ਆਖਣ ਲੱਗਿਆ ਕਿ ਚੇਅਰਮੈਨ ਸਾਬ ਕਿ ਸਾਨੂੰ ਇੱਕ ਨਵੀਂ ਸਮੱਸਿਆ ਆ ਖੜੀ ਹੈ ਉਹਦਾ ਹੱਲ ਕਰਾਓ। ਠੇਕੇਦਾਰ ਬਾਘੇ ਪੁਰਾਣੇ ਨੇੜਲਾ ਕੋਈ ਬਾਬੂ ਜੀ ਸੀ। ਉਹ ਕਹਿੰਦਾ ਕਿ ਮੈਂ ਜਿੱਥੋਂ ਪੱਥਰ ਦੇ ਵੱਟਿਆਂ ਦੀ ਸਪਲਾਈ ਮਗਾਉਂਦਾ ਹਾਂ ਉਹ ਕਹਿੰਦੇ ਨੇ ਕਿ ਹੁਣ ਟਰੱਕਾਂ 'ਤੇ ਇੱਕ ਹੋਰ ਟੈਕਸ ਲੱਗ ਗਿਆ ਹੈ ਜਿਸ ਕਰਕੇ ਵੱਟੇ ਮਹਿੰਗੇ ਮਿਲਣਗੇ। ਜੇ ਤੂੰ ਆਪਦੀ ਪਹੁੰਚ ਕਰਕੇ ਇਹ ਟੈਕਸ ਤੋਂ ਛੋਟ ਲੈ ਸਕੇ ਤਾਂ ਪਹਿਲਾ ਭਾਅ ਹੀ ਲੱਗੂਗਾ। ਘੁਮਾਣ ਸਾਬ ਨੇ ਪੁੱਛਿਆ ਕਿਹੜਾ ਟੈਕਸ? ਠੇਕੇਦਾਰ ਨੇ ਜਵਾਬ ਦਿੱਤਾ ਜੀ! ਟਰੱਕਾਂ ਆਲੇ ਤਾਂ ਇਹਨੂੰ ਗੁੰਡਾ ਪਰਚੀ ਕਹਿੰਦੇ ਨੇ। ਮੇਰੇ ਦਰਿਆਫਤ ਕਰਨ 'ਤੇ ਪਤਾ ਲੱਗਿਆ ਕਿ ਇਹ ਲਫਜ਼ ਟਰੱਕਾਂ ਆਲੇ ਆਪਦੇ ਯੂ.ਪੀ. ਬਿਹਾਰ ਦੇ ਤਜ਼ਰਬੇ ਤੋਂ ਲੈ ਕੇ ਆਏ ਸਨ। ਯੂ.ਪੀ. ਬਿਹਾਰ ਵਿੱਚ ਉਹਤੋਂ ਬਹੁਤ ਪਹਿਲਾਂ ਗੁੰਡੇ ਟਰੱਕਾਂ ਤੋਂ ਜ਼ਬਰੀ ਵਸੂਲੀ ਕਰਨ ਵੇਲੇ ਇੱਕ ਰਸੀਦਨੁਮਾ ਪਰਚੀ ਦਿੰਦੇ ਸੀ ਇਹਨੂੰ ਟਰੱਕਾਂ ਆਲੇ ਗੁੰਡਾ ਪਰਚੀ ਕਹਿੰਦੇ ਸੀ। ਮੁੱਲਾਂਪੁਰ ਦਾਖਾ ਤੋਂ ਟਰੱਕਾਂ ਦੇ ਕਾਰੋਬਾਰ ਨਾਲ ਲੰਬੇ ਸਮੇਂ ਤੱਕ ਬਾ-ਵਸਤਾ ਰਹੇ ਹਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਕਿਸਮ ਦਾ ਗੁੰਡਾ ਟੈਕਸ ਅੱਧ ਯੂ.ਪੀ. ਤੋਂ ਜਾ ਕੇ ਸ਼ੁਰੂ ਹੁੰਦਾ ਸੀ। ਗੁੰਡੇ ਬਕਾਇਦਾ ਬੈਰੀਅਰ ਲਾ ਕੇ ਟਰੱਕ ਘੇਰਦੇ ਹੁੰਦੇ ਸੀ ਤੇ ਫ਼ੀਸ ਲੈ ਕੇ ਹੀ ਅਗਾਂਹ ਤੁਰਨ ਦਿੰਦੇ ਸੀ। ਸੇਖੋਂ ਨੇ ਦੱਸਿਆ ਕਿ ਜਿੱਥੇ ਵਿਧਾਨ ਸਭਾ ਹਲਕੇ ਦੀ ਨਵੀਂ ਹੱਦ ਸ਼ੁਰੂ ਹੁੰਦੀ ਸੀ ਲੱਗਭੱਗ ਉਥੇ ਨਵਾਂ ਬੈਰੀਅਰ ਹੁੰਦਾ ਸੀ। ਇਥੋਂ ਜ਼ਾਹਰ ਹੈ ਕਿ ਇਸ ਜਜ਼ੀਆ ਨੁਮਾ ਵਸੂਲੀ ਨੂੰ ਮੁਕਾਮੀ ਐਮ.ਐਲ.ਏ. ਦੀ ਪੁਸ਼ਤਪੁਨਾਹੀ ਜ਼ਰੂਰ ਹੁੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ 1985 ਤੋਂ 1990 ਤੱਕ ਟੈਕਸ ਦੀ ਸ਼ਰਾ 10-20 ਰੁਪਏ ਤੱਕ ਹੀ ਸੀ। ਘੁਮਾਣ ਸਾਬ ਨੇ ਪੁੱਛਿਆ ਕਿ ਇਹ ਟੈਕਸ ਕਿਹੜੀ ਅਥੌਰਟੀ ਲੈਂਦੀ ਹੈ ਤਾਂ ਠੇਕੇਦਾਰ ਨੇ ਪੰਜਾਬ 'ਚ ਹਕੂਮਤ ਕਰਦੀ ਪਾਰਟੀ ਦੇ ਇੱਕ ਲੀਡਰ ਦਾ ਨੌ ਲਿਆ। ਹਾਂ ਡੀ.ਟੀ.ਓ./ਆਰ.ਟੀ.ਓ. ਦਫ਼ਤਰਾਂ ਅਤੇ ਟਰੈਫਿਕ ਪੁਲਿਸ ਵੱਲੋਂ ਇਸ ਕਿਸਮ ਦੀਆਂ ਉਗਰਾਹੀਆਂ ਤਾਂ ਟਰੱਕਾਂ ਤੋਂ ਬੜੇ ਚਿਰ ਦੀਆਂ ਚਲਦੀਆਂ ਸੀ ਪਰ ਇਹ ਨਵੀਂ ਕਿਸਮ ਦੀ ਵਸੂਲੀ ਦਾ ਦਸਤੂਰ ਉਦੋਂ ਹੀ ਪਹਿਲੀ ਵਾਰ ਚੱਲਿਆ ਸੀ। ਬਿਹਾਰ ਦੀ ਤਰਜ਼ 'ਤੇ ਟਰੱਕਾਂ ਵਾਲੇ ਤਾਂ ਪੰਜਾਬ 'ਚ ਵੀ ਇਸ ਵਸੂਲੀ ਨੂੰ ਗੁੰਡਾ ਪਰਚੀ ਜਾਂ ਗੁੰਡਾ ਟੈਕਸ ਦਾ ਨੌ ਦੇਣ ਲੱਗੇ ਸੀ। ਪਰ ਅਖਬਾਰਾਂ ਵਿੱਚ ਗੁੰਡਾ ਟੈਕਸ ਦੀ ਗੱਲ ਬੜੀ ਲੇਟ ਛਪਣੀ ਸ਼ੁਰੂ ਹੋਈ ਉਹ ਵੀ ਕਿਤੇ-ਕਿਤੇ ਟਾਂਵੀ-ਟੱਲੀ ਤੇ ਇਹਨੂੰ ਜ਼ਬਰੀ ਵਸੂਲੀ ਲਿਖਿਆ ਜਾਂਦਾ ਸੀ। ਗੁੰਡਾ ਟੈਕਸ ਦਾ ਨੌ ਤਾਂ ਹੁਣ ਹੀ ਗੱਜ-ਵੱਜ ਕੇ ਸਾਹਮਣੇ ਆਇਆ ਹੈ ਜਦੋਂ ਗੁੰਡਿਆਂ ਨੇ ਜਦੋਂ ਤੇਲ ਰਿਫਾਇਨਰੀ ਮੂਹਰੇ ਤੰਬੂ ਗੱਡ ਕੇ ਬਕਾਇਦਾ ਨਾਕੇ ਲਾਏ। ਜਦੋਂ ਪੰਜਾਬ 'ਚ ਕਿਤੇ ਲਾ-ਕਾਨੂੰਨੀ ਦੇਖਣ 'ਚ ਆਉਦੀ ਸੀ ਤਾਂ ਇਹ ਤਨਜ਼ ਮਾਰੀ ਜਾਂਦੀ ਸੀ ਕਿ ਪੰਜਾਬ ਵੀ ਬਿਹਾਰ ਹੀ ਬਣਦਾ ਜਾ ਰਿਹਾ ਹੈ।
ਏਮੇ ਜਿਮੇਂ ਗੁੰਡਾ ਲਫਜ਼ ਵੀ ਪੰਜਾਬ ਵਿੱਚ ਨਹੀਂ ਸੀ ਹੁੰਦਾ। ਹਿੰਦੀ ਫਿਲਮਾਂ ਰਾਂਹੀ ਹੀ ਪੰਜਾਬ ਦੇ ਲੋਕ ਗੁੰਡਾ ਤੇ ਬਦਮਾਸ਼ ਲਫਜ਼ਾਂ ਤੋਂ ਮਾੜਾ-ਮੋਟਾ ਜਾਣੂ ਹੋਏ। ਪੰਜਾਬ ਵਿੱਚ ਗੰਡਾਸਿਆਂ ਤੇ ਰਫ਼ਲਾਂ ਦੇ ਜ਼ੋਰ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਬਇਲੀ ਆਖਿਆ ਜਾਂਦਾ ਸੀ। ਇਹ ਗੱਲ ਪੁਰਾਣੇ ਗਾਣਿਆਂ ਤੋਂ ਵੀ ਜ਼ਾਹਿਰ ਹੈ। ਜਿਮੇਂ ਆਰੀ ਆਰੀ ਆਰੀ ਵਿੱਚ ਜਗਰਾਮਾਂ ਦੇ ਲੱਗਦੀ ਰੋਸ਼ਨੀ ਭਾਰੀ। ਬਇਲੀਆਂ ਦਾ ਕੱਠ ਹੋ ਗਿਆ ਉਥੇ ਬੋਤਲਾਂ ਮੰਗਾਂ ਲੀਆਂ ਚਾਲੀ। ਮਹੁੰਮਦ ਸਦੀਕ ਦੇ ਗਾਣਿਆਂ ਵਿੱਚ ਵੀ ਬਇਲੀ ਲਫਜ਼ ਬਹੁਤ ਆਉਂਦਾ ਹੈ ਜਿਮੇਂ ''ਅਸਾਂ ਬਇਲੀਆਂ ਨੇ ਬੈਲ ਕਮਾਉਣੇ'' ਅਤੇ ''ਤੇਰਾ ਬਇਲੀਆਂ ਦੇ ਨਾਲ ਮੁਲਾਹਜਾ'' ਨਮੇਂ ਜ਼ਮਾਨੇ ਦਾ ਵੀ ਇੱਕ ਰਿਕਾਰਡ ਹੈ ''ਬਇਲੀ ਬਣ ਮਿੱਤਰਾ ਬੜੇ ਡਰਾਬੇ ਜਰ ਲੇ। ਪੰਜਾਬ 'ਚ ਬਦਮਾਸ਼ ਲਫਜ਼ ਵੀ ਨਫ਼ਰਤ ਦਾ ਪਾਤਰ ਰਿਹਾ ਹੈ। ਕੋਈ ਧੱਕੜ ਆਪਦੇ ਆਪ ਨੂੰ ਬਇਲੀ ਅਖਵਾਉਣ 'ਚ ਤਾਂ ਹੁੱਬ ਮਹਿਸੂਸ ਕਰਦਾ ਸੀ ਪਰ ਬਦਮਾਸ਼ ਅਖਵਾਉਣ ਪਸੰਦ ਨਹੀਂ ਸੀ ਕਰਦਾ। ਧੱਕੜਾਂ ਦੀਆਂ ਪਾਰਟੀਆਂ ਨੂੰ ਕੋਈ ਬਦਮਾਸ਼ਾਂ ਦੀ ਪਾਰਟੀ ਨਹੀਂ ਸੀ ਕਹਿੰਦਾ ਬਲਕਿ ਉਨ੍ਹਾਂ ਦੇ ਮੁਖੀਆਂ ਦੇ ਪਿੰਡਾਂ ਦੇ ਨ ੌ 'ਤੇ ਹੀ ਉਨ੍ਹਾਂ ਟੋਲਿਆਂ ਦੇ ਨੌ ਧਰੇ ਹੁੰਦੇ ਸੀ। ਜਿਮੇਂ ਨਵੇਂ ਪਿੰਡੀਏ ਤੇ ਲਿਬੜੇ ਆਲੇ ਵਗੈਰਾ-ਵਗੈਰਾ। ਹੁਣ ਨਮੇਂ ਜ਼ਮਾਨੇ ਦੀਆਂ ਅਜਿਹੀਆਂ ਟੋਲੀਆਂ ਨੂੰ ਗੈਂਗ ਆਖਿਆ ਜਾਂਦਾ ਹੈ। ਤੇ ਗੈਂਗ ਮੈਂਬਰਾਂ ਨੂੰ ਗੈਂਗਸਟਰ। ਸੋ ਗੈਂਗਸਟਰ ਲਫਜ਼ ਵੀ ਪੰਜਾਬ ਵਿੱਚ ਬੀਤੇ ਚੌਂਹ ਕੁ ਸਾਲਾਂ ਤੋਂ ਹੀ ਵਰਤਿਆ ਜਾਣ ਲੱਗਿਆ ਹੈ। ਗੈਂਗ ਨੂੰ ਹਿੰਦੋਸਤਾਨੀ ਬੋਲੀ ਵਿੱਚ ਗਰੋਹ ਆਖਿਆ ਜਾਂਦਾ ਹੈ। ਗਰੋਹ ਲਫਜ਼ ਵੀ ਪੰਜਾਬ ਵਿੱਚ ਸਤਿਕਾਰ ਦਾ ਪਾਤਰ ਨਹੀਂ ਰਿਹਾ। ਸ਼ਾਇਦ ਏਸੇ ਕਰਕੇ ਹੀ ਅੰਗਰੇਜ਼ੀ ਦੇ ਲਫਜ਼ ਗੈਂਗ ਗਰੋਹ ਲਫਜ਼ ਦੇ ਬਦਲ ਵਜੋਂ ਮਕਬੂਲ ਹੋਇਆ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.