ਤਿਰਛੀ ਨਜ਼ਰ /ਬਲਜੀਤ ਬੱਲੀ
ਸੀ ਐਮ ਓ ਵਿਚੋਂ ਸੁਰੇਸ਼ ਕੁਮਾਰ ਦੇ ਜਾਣ ਦਾ ਸਭ ਤੋਂ ਵੱਡਾ ਘਾਟਾ ਕਿਸ ਨੂੰ ?
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਜੱਜ ਦੀ ਅਦਾਲਤ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਨਿਯੁਕਤੀ ਰੱਦ ਕੀਤੇ ਜਾਣ ਬਾਰੇ ਹੁਣ ਤੱਕ ਜਿੰਨੇ ਵੀ ਕਮੈਂਟ ਆਏ ਹਨ , ਸਭ ਨੇ ਇਸ ਘਟਨਾਕ੍ਰਮ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਸਰਕਾਰ ਨੂੰ ਇੱਕ ਵੱਡਾ 'ਝਟਕਾ' ਦੱਸਿਆ ਹੈ . ਕਾਂਗਰਸ ਸਰਕਾਰ ਜਿਸ ਦੌਰ ਵਿਚੋਂ ਲੰਘ ਰਹੀ ਹੈ , ਇਸ ਪੱਖੋਂ ਸੁਰੇਸ਼ ਕੁਮਾਰ ਵਰਗੇ ਨੇਕ ,ਦਿਆਨਤਦਾਰ , ਕਾਬਲ ਅਤੇ ਸਰਕਾਰੀ ਕੰਮ-ਕਾਜ ਦੇ ਮਾਹਿਰ ਮੰਨੇ ਜਾਂਦੇ ਆਲ੍ਹਾ ਅਫ਼ਸਰ ਦਾ ਮੁੱਖ ਮੰਤਰੀ ਦਫ਼ਤਰ ਵਿਚੋਂ ਬਾਹਰ ਹੋ ਜਾਣਾ , ਵਾਕਿਆ ਹੀ ਸਰਕਾਰ ਲਈ ਵੱਡਾ ਘਾਟਾ ਹੈ . ਕੈਪਟਨ ਅਮਰਿੰਦਰ ਸਿੰਘ ਲਈ ਇਹ ਜ਼ਾਤੀ ਘਾਟਾ ਹੈ ਕਿਉਂਕਿ ਸੁਰੇਸ਼ ਕੁਮਾਰ ਉਨ੍ਹਾਂ ਦੇ ਸਭ ਤੋਂ ਵੱਧ ਸਭ ਤੋਂ ਕਰੀਬੀ ਅਤੇ ਭਰੋਸੇਯੋਗ ਅਫ਼ਸਰ ਰਹੇ ਹਨ ਜਿਨ੍ਹਾਂ'ਤੇ ਉਹ ਗਵਰਨੈਂਸ ਪੱਖੋਂ ਨਿਰਭਰ ਕਰ ਸਕਦੇ ਹਨ। ਸੁਰੇਸ਼ ਕੁਮਾਰ ਕੈਪਟਨ ਸਰਕਾਰ ਦੇ ਇੱਕ ਸਭ ਤੋਂ ਵੱਧ ਤਾਕਤਵਰ ਧੁਰੇ ਵਜੋਂ ਕੰਮ ਕਰ ਰਹੇ ਸਨ . ਇਸ ਲਈ ਸੀ ਐਮ ਓ ਵਿਚ ਇੱਕ ਖ਼ਲਾਅ ਮਹਿਸੂਸ ਕੀਤਾ ਜਾ ਰਿਹਾ ਹੈ .
ਇਸ ਲਈ ਮੁੱਖ ਮੰਤਰੀ ਦੀ ਕੋਸ਼ਿਸ਼ ਹੋਵੇਗੀ ਕਿ ਕਾਨੂੰਨੀ ਚਾਰਾਜੋਈ ਰਾਹੀਂ ਜਾਂ ਕੋਈ ਹੋਰ ਬਦਲ ਲੱਭ ਕੇ ਸੁਰੇਸ਼ ਕੁਮਾਰ ਨੂੰ ਸੀ ਐਮ ਓ ਦਾ ਅਹਿਮ ਹਿੱਸਾ ਬਣਾਇਆ ਜਾਵੇ . ਇਸ ਉਦੇਸ਼ ਲਈ ਕੋਸ਼ਿਸ਼ਾਂ ਵੀ ਸ਼ੁਰੂ ਹੋ ਗਈਆਂ ਹਨ . 27 ਜਨਵਰੀ ਨੂੰ ਕੈਪਟਨ ਅਮਰਿੰਦਰ ਸਿੰਘ ਆਪਣੇ ਦਫ਼ਤਰ ਦੇ ਸੀਨੀਅਰ ਸੂਤਰ ਨੂੰ ਨਾਲ ਲੈ ਕੇ ਖ਼ੁਦ ਸੁਰੇਸ਼ ਕੁਮਾਰ ਦੀ ਰਿਹਾਇਸ਼'ਤੇ ਗਏ . ਖ਼ਬਰਾਂ ਇਹੀ ਨੇ ਕਿ ਉਨ੍ਹਾਂ ਸੁਰੇਸ਼ ਕੁਮਾਰ ਦੀ ਵਾਪਸੀ ਲਈ ਵਿਚਾਰ ਵਟਾਂਦਰਾ ਕੀਤਾ. ਸੁਰੇਸ਼ ਕੁਮਾਰ ਵਾਪਸ ਆਉਣ ਲਈ ਤਿਆਰ ਹੋਏ ਕਿ ਨਹੀਂ ਇਹ ਅਜੇ ਸਪਸ਼ਟ ਨਹੀਂ ਪਰ ਮੁੱਖ ਮੰਤਰੀ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸੁਰੇਸ਼ ਕੁਮਾਰ ਛੇਤੀ ਤੋਂ ਛੇਤੀ ਵਾਪਸ ਆਉਣ .ਅਗਲੇ ਦਿਨਾਂ ਵਿਚ ਇਸ ਦੇ ਨਤੀਜੇ ਸਾਹਮਣੇ ਆ ਸਕਦੇ ਨੇ .
ਪਰ ਮੇਰੀ ਜਾਚੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਸੁਰੇਸ਼ ਕੁਮਾਰ ਦੀ ਸੀ ਐਮ ਓ ਜਾਂ ਸਰਕਾਰ ਵਿੱਚੋਂ ਗੈਰ-ਹਾਜ਼ਰੀ ਮੀਡੀਆ-ਕਰਮੀਂਆਂ ਲਈ ਬਹੁਤ ਵੱਡਾ ਘਾਟਾ ਹੈ . ਖ਼ਾਸ ਕਰ ਕੇ ਰਾਜਧਾਨੀ ਚੰਡੀਗੜ੍ਹ ਦੇ ਪੱਤਰਕਾਰਾਂ ਲਈ ਸੁਰੇਸ਼ ਕੁਮਾਰ ਦੀ ਘਾਟ ਬੇਹੱਦ ਰੜਕਦੀ ਹੈ . ਸੁਰੇਸ਼ ਕੁਮਾਰ ਇੱਕ ਅਜਿਹੇ ਆਲ੍ਹਾ ਅਫ਼ਸਰ ਹਨ ਜਿਹੜੇ ਮੀਡੀਆ ਲਈ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਦੇ ਹਨ.ਇਕ ਤਾਂ ਜ਼ਾਤੀ ਤੌਰ'ਤੇ ਜਾਂ ਫ਼ੋਨ ਆਦਿਕ ਰਾਹੀਂ ਉਨ੍ਹਾਂ ਤੱਕ ਪਹੁੰਚ ਕਰਨੀ ਵੀ ਸੁਖਾਲੀ ਹੁੰਦੀ ਹੈ. ਦੂਜੀ ਅਹਿਮ ਗੱਲ ਇਹ ਵੀ ਹੈ ਕਿ ਸਰਕਾਰੀ ਨੀਤੀਆਂ,ਫ਼ੈਸਲਿਆਂ ਅਤੇ ਸਰਕਾਰ ਦੇ ਕਾਰ-ਵਿਹਾਰ ਬਾਰੇ ਜਾਣਕਾਰੀ ਢੁੱਕਵੀਂ ਅਤੇ ਪੁਖ਼ਤਾ ਜਾਣਕਾਰੀ ਦਾ ਉਹ ਮੀਡੀਆ ਲਈ ਇੱਕ ਭਰੋਸੇ ਯੋਗ ਸੋਮਾ ਬਣਦੇ ਹਨ .ਜਿਹੜੀ ਸੂਚਨਾ ਜਾਂ ਜਾਣਕਾਰੀ ਕਿਸੇ ਮੌਕੇ ਨਸ਼ਰ ਕੀਤੀ ਜਾ ਸਕਦੀ ਹੈ ਉਹ ਦੇਣ ਪੱਖੋਂ ਕਤਰਾਉਂਦੇ ਨਹੀਂ ਜਾਂ ਬੇਲੋੜਾ ਟਾਲ਼ਾ ਨਹੀਂ ਵਟਦੇ . ਮੀਡੀਆ ਕਰਮੀਆਂ ਦੇ ਵੱਡੇ ਹਿੱਸੇ ਨਾਲ ਹਮੇਸ਼ਾ ਹੀ ਸੁਰੇਸ਼ ਕੁਮਾਰ ਦੇ ਨਿੱਜੀ ਅਤੇ ਪ੍ਰੋਫੈਸ਼ਨਲ ਸਬੰਧ ਸੁਖਾਵੇਂ ਰਹੇ ਹਨ .
2002 ਤੋ 2007 ਤੱਕ ਰਹੀ ਕੈਪਟਨ ਸਰਕਾਰ ਵਾਂਗ ਇਸ ਸਰਕਾਰ ਵਿਚ ਵੀ ਰਾਜਧਾਨੀ ਕਵਰ ਕਰਦੇ ਬਹੁਤੇ ਮੀਡੀਆ ਕਰਮੀ ਸੀ ਐਮ ਓ ਦੇ , ਕੈਬਿਨੇਟ ਦੇ ਜਾਂ ਸਰਕਾਰ ਦੇ ਫ਼ੈਸਲਿਆਂ ਅਤੇ ਕੰਮ-ਕਾਜ ਦੀ ਜਾਣਕਾਰੀ ਲਈ ਸੁਰੇਸ਼ ਕੁਮਾਰ ਤੇ ਨਿਰਭਰ ਕਰਦੇ ਰਹੇ ਨੇ . ਇਸ ਦਾ ਅਰਥ ਇਹ ਨਹੀਂ ਕਿ ਸੀ ਐਮ ਓ ਦੂਜੇ ਅਫ਼ਸਰ ਮਿਲਦੇ ਨਹੀਂ ਜਾਂ ਸੂਚਨਾ ਦਾ ਅਦਾਨ-ਪ੍ਰਧਾਨ ਨਹੀਂ ਕਰਦੇ .ਉਹ ਵੀ ਬਹੁਤ ਹਾਂ -ਪੱਖੀ ਨੇ ਪਰ ਸੁਰੇਸ਼ ਕੁਮਾਰ ਦੀ ਮੀਡੀਆ ਹੈਂਡਲਿੰਗ ਉੱਤਮ ਅਤੇ ਵੱਖਰੀ ਹੈ .
29 ਜਨਵਰੀ , 2018
-
ਬਲਜੀਤ ਬੱਲੀ, ਸੰਪਾਦਕ,ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.