ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ
ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਗਵਾਹ ਹੈ, ਜਿਨ੍ਹਾਂ ਨੇ ਹਮੇਸ਼ਾਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ। ਸਿੱਖ ਸੂਰਮੇ ਸਦਾ ਹੀ ਜਾਬਰ ਦੇ ਅੱਤਿਆਚਾਰਾਂ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹਦੇ ਰਹੇ ਹਨ। ਸਿੱਖ ਇਤਿਹਾਸ ਅਸਲ ਵਿੱਚ ਹੈ ਹੀ ਸ਼ਹੀਦਾਂ ਦਾ ਇਤਿਹਾਸ। ‘ਸ਼ਹਾਦਤ’ ਅਤੇ ‘ਸ਼ਹੀਦ’ ਸ਼ਬਦ ਅਰਬੀ ਭਾਸ਼ਾ ਦੇ ਹਨ। ਸ਼ਹਾਦਤ ਦਾ ਅਰਥ ਹੈ- ਗਵਾਹੀ ਅਤੇ ਸ਼ਹੀਦ, ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ। ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ। ਕੋਈ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਞ ਦੱਸਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।।
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ।। (ਪੰਨਾ 1105)
ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ ਦੇ ਨਜ਼ਦੀਕ ਇਕ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਕੁੱਖ ਤੋਂ ਹੋਇਆ । ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਆਪ ਨੇ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦਿਆਂ ਆਪ ਸੁਡੌਲ ਜੁੱਸੇ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਦੇ ਰੂਪ ਵਿੱਚ ਸਾਹਮਣੇ ਆਏ। ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਆਪ ਨੇ ਸ਼ਾਸਤਰ ਤੇ ਸ਼ਸ਼ਤਰ ਵਿੱਦਿਆ ਹਾਸਿਲ ਕੀਤੀ।
ਬਾਬਾ ਦੀਪ ਸਿੰਘ ਜੀ ਇਕ ਪ੍ਰੋੜ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਉੱਘੇ ਮਿਸ਼ਨਰੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਜੰਗਾਂ-ਯੁੱਧਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਰਗਰਮੀ ਨਾਲ ਹਿੱਸਾ ਲਿਆ। ਧੀਰਮੱਲੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਇੱਥੋਂ ਹੀ ਮਹਾਨ ਸੰਸਥਾ ਦਮਦਮੀ ਟਕਸਾਲ ਆਰੰਭ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਨੇ ਭਾਈ ਮਨੀ ਸਿੰਘ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖਸ਼ਿਸ਼ ਕੀਤੀ। ਬਾਬਾ ਜੀ ਨੇ ਇਹ ਕਾਰਜ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ। ਆਪ ਆਏ-ਗਏ ਦੀ ਬੜੇ ਪਿਆਰ ਨਾਲ ਟਹਿਲ-ਸੇਵਾ ਕਰਦੇ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ ਜੋ ਵੱਖ-ਵੱਖ ਤਖ਼ਤ ਸਾਹਿਬਾਨ ’ਤੇ ਭੇਜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਜਦ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਜੀ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ਵਿੱਚ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਪ ਫਿਰ ਦਮਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਆਰੰਭ ਹੋਇਆ। ਸਿੱਖਾਂ ਨੇ ਛੋਟੇ-ਛੋਟੇ ਜੱਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ। 1748 ਈ: ਵਿੱਚ ਪੰਥਕ ਆਗੂਆਂ ਨੇ ਮਿਲ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜੱਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ, ਇਨ੍ਹਾਂ ਵਿਚੋਂ ਇਕ ‘ਸ਼ਹੀਦ ਮਿਸਲ’ ਸੀ, ਜਿਸ ਦੀ ਵਾਗਡੋਰ ਬਾਬਾ ਦੀਪ ਸਿੰਘ ਨੂੰ ਸੌਂਪੀ ਗਈ। ਬਾਬਾ ਦੀਪ ਸਿੰਘ ਜੀ ਮਿਸਲ ਦੀ ਜਥੇਦਾਰੀ ਦੇ ਨਾਲ-ਨਾਲ ਧਰਮ ਪ੍ਰਚਾਰ ਵਿੱਚ ਜੁੱਟੇ ਰਹੇ। 1757 ਈ: ਵਿੱਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਜਾਂਦਿਆਂ ਹੋਇਆਂ ਲਾਹੌਰ ਰੁਕਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਲੁੱਟ-ਮਾਰ ਕੀਤੀ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਗੁਰਧਾਮਾਂ ਦੀ ਬੇਅਦਬੀ ਹੋਣ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਸਿੰਘਾਂ ਨੂੰ ਇਕੱਠਾ ਕਰਕੇ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਸਿਰਲੱਥ ਸੂਰਮਿਆਂ ਦਾ ਜੱਥਾ ਜਦੋਂ ਤਰਨਤਾਰਨ ਨਜ਼ਦੀਕ ਪੁੱਜਾ ਤਾਂ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਮੁਗ਼ਲ ਜਰਨੈਲ ਜਹਾਨਖਾਨ ਨੂੰ ਬਾਬਾ ਦੀਪ ਸਿੰਘ ਦੀ ਅਗਵਾਈ ਵਿੱਚ ਹੋਣ ਵਾਲੇ ਹਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਨੈਲ ਅਤਾਈ ਖਾਨ ਨੂੰ ਹਮਲੇ ਦਾ ਟਾਕਰਾ ਕਰਨ ਲਈ ਭੇਜਿਆ। ਗੋਹਲਵੜ ਦੇ ਸਥਾਨ ’ਤੇ ਦੋਹਾਂ ਫ਼ੌਜਾਂ ਵਿੱਚ ਟੱਕਰ ਹੋਈ। ਜਹਾਨ ਖਾਨ ਵੀ ਦੋ ਹਜ਼ਾਰ ਅਫਗਾਨੀ ਸਿਪਾਹੀ ਲੈ ਕੇ ਗੋਹਲਵੜ ਦੇ ਸਥਾਨ ’ਤੇ ਆ ਡਟਿਆ। ਪਹਿਲੇ ਹੀ ਹੱਲੇ ਵਿੱਚ ਜਹਾਨ ਖਾਂ ਦੇ ਸਿਪਾਹੀਆਂ ਦੇ ਪੈਰ ਉਖੱੜ ਗਏ ਅਤੇ ਉਹ ਰਣ-ਖੇਤਰ ’ਚੋਂ ਭੱਜ ਉਠੇ। ਜਰਨੈਲ ਅਤਾਈ ਖਾਂ ਵੀ ਫ਼ੌਜ ਦਾ ਵੱਡਾ ਦਲ ਲੈ ਕੇ ਆ ਗਿਆ ਸੀ। ਘਮਸਾਨ ਦਾ ਯੁੱਧ ਹੋਇਆ। ਸਿੰਘ ਆਪਣੇ ਪਾਵਨ ਤੀਰਥ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਜਾਨ ਮਾਰ ਕੇ ਲੜ ਰਹੇ ਸਨ। ਇਨ੍ਹਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ। ਘਮਸਾਨ ਦੇ ਯੁੱਧ ਵਿੱਚ ਬਾਬਾ ਜੀ ਦੀ ਧੌਣ ਉਤੇ ਤਲਵਾਰ ਦਾ ਘਾਤਕ ਵਾਰ ਲੱਗਾ। ਲੇਕਿਨ ਫਿਰ ਵੀ ਆਪ ਸਿਰ ਨੂੰ ਤਲੀ ਦਾ ਸਹਾਰਾ ਦੇ ਲੜਦੇ ਹੋਏ ਅੱਗੇ ਵੱਧਦੇ ਗਏ। ਆਖਰ ਬਾਬਾ ਦੀਪ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕ੍ਰਮਾ ਵਿੱਚ ਸਤਿਗੁਰੂ ਨੂੰ ਸੀਸ ਭੇਟ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖ ਕੌਮ ਨੂੰ ਮਾਣ ਹੈ ਕਿ 75 ਸਾਲ ਦੀ ਵਡੇਰੀ ਉਮਰ ਦੇ ਬਾਬਾ ਦੀਪ ਸਿੰਘ ਜੀ ਨੇ ਸਿੱਖ ਗੁਰਧਾਮਾਂ ਦੀ ਹੋਈ ਬੇਅਦਬੀ ਨੂੰ ਵੰਗਾਰ ਸਮਝ ਕੇ ਗੁਰਧਾਮਾਂ ਦੀ ਰੱਖਿਆ ਲਈ ਸਿਰ ਤਲੀ ਧਰ ਕੇ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੇ ਮਨ ’ਚ ਗੁਰੂ ਪ੍ਰਤੀ ਪ੍ਰੇਮ ਦੀ ਤਾਂਘ ਅਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਦੀ ਰੀਝ ਸੀ। ਸਤਿਗੁਰਾਂ ਦਾ ਦਿੱਤਾ ਹੁਕਮ ਉਨ੍ਹਾਂ ਨੇ ਕਮਾ ਕੇ ਦਿਖਾ ਦਿੱਤਾ। ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਅਤੇ ਗੁਰਧਾਮਾਂ ਦੀ ਰੱਖਿਆ ਖ਼ਾਤਰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਦੀ ਵਿਲੱਖਣ ਦਾਸਤਾਨ ਹੈ। 26 ਜਨਵਰੀ ਦਾ ਇਹ ਪਵਿੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਿੱਖ ਸੰਗਤਾਂ ਉਨ੍ਹਾਂ ਦੇ ਜਨਮ ਅਸਥਾਨ ਪਹੂਵਿੰਡ (ਤਰਨ ਤਾਰਨ) ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ-ਭਾਵਨਾ ਨਾਲ ਮਨਾਉਂਦੀਆਂ ਹਨ।ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਾਵਨ ਦਿਵਸ ਮੌਕੇ ਅਰਦਾਸ ਕੀਤੀ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਵਾਹਿਗੁਰੂ ਸੁਮੱਤ ਬਕਸ਼ੇ।
ਜਗਦੀਸ਼ ਥਿੰਦ
9814808944
Jthindfzr@gmail.com
-
ਜਗਦੀਸ਼ ਥਿੰਦ, ਲੇਖਕ
thind.jagdish@gmail.com
9814808944
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.