ਹਾਇਕੂ ਅਤੇ ਹਾਇਬਨ ਲੇਖਕ ਪਰਵਾਸੀ ਭਾਰਤੀ ਗੁਰਮੀਤ ਸੰਧੂ ਦੀ ਵਾਰਤਕ ਦੀ ਪਲੇਠੀ ਪੁਸਤਕ ਨਾਵਲ ਜ਼ੀਨਤ ਨੂੰ ਦੇਸ਼ ਦੀ ਵੰਡ ਦੇ ਦਰਦ ਦੀ ਹੂਕ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਇਹ ਨਾਵਲ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਸਨੀਕਾਂ ਦੀ ਆਪਸੀ ਸਦਭਾਵਨਾ, ਵਿਛੋੜੇ, ਹੌਕੇ ਅਤੇ ਦਰਦ ਦੀ ਤ੍ਰਾਸਦੀ ਬਿਆਨ ਕਰਦਾ ਹੈ। ਵਿਛੋੜੇ ਦੇ ਦਰਦ ਵਿਚੋਂ ਉਪਜਣ ਵਾਲਾ ਸੁਖਾਵਾਂ ਪੱਖ ਨਾਵਲ ਦਾ ਰੁੱਖ ਬਦਲ ਦਿੰਦਾ ਹੈ, ਜੋ ਸਿੱਖ ਪਰਿਵਾਰ ਦੀ ਖੁਲ੍ਹਦਿਲੀ, ਸਹਿਯੋਗ, ਸਹਿਹੋਂਦ ਅਤੇ ਕੁਰਬਾਨੀ ਦਾ ਪ੍ਰਤੀਕ ਹੋ ਨਿਬੜਦਾ ਹੈ। ਇਸ ਨਾਵਲ ਤੋਂ ਸ਼ਪੱਸ਼ਟ ਹੁੰਦਾ ਹੈ ਸਿੱਖ ਪਰਿਵਾਰ ਆਪਣੇ ਲਈ ਕੋਈ ਵੀ ਸਮੱਸਿਆ ਸਹੇੜਨ ਅਤੇ ਉਸਦਾ ਮੁਕਾਬਲਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਉਹ ਕਿਸੇ ਵੀ ਸੰਜੀਦਾ ਕੰਮ ਨੂੰ ਕਰਨ ਦੇ ਸਮਰੱਥ ਹੁੰਦਾ ਹੈ। ਇਹ ਸਮਰੱਥਾ ਉਸਨੂੰ ਆਪਣੀ ਅਮੀਰ ਵਿਰਾਸਤ ਅਤੇ ਧਾਰਮਿਕ ਅਕੀਦੇ ਵਿਚੋਂ ਮਿਲੀ ਹੈ। ਆਮ ਤੌਰ ਤੇ ਜਿਤਨੀਆਂ ਪੁਸਤਕਾਂ, ਕਵਿਤਾਵਾਂ, ਕਹਾਣੀਆਂ, ਨਾਟਕ, ਨਾਵਲ ਅਤੇ ਸਫਰਨਾਮੇ ਪਾਕਿਸਤਾਨ ਦੀ ਵੰਡ ਬਾਰੇ ਲਿਖੇ ਗਏ ਹਨ, ਉਨ੍ਹਾਂ ਸਾਰਿਆਂ ਵਿਚ ਦੁਖਾਂਤ ਪਰਧਾਨ ਵਿਖਾਇਆ ਗਿਆ ਹੈ। ਦੇਸ਼ ਦੀ ਵੰਡ ਭਾਵੇਂ ਹੈ ਵੀ ਇੱਕ ਸੰਜੀਦਾ ਦੁਖਾਂਤ ਹੀ ਸੀ। ਜ਼ੀਨਤ ਨਾਵਲ ਦੀ ਵਿਲੱਖਣਤਾ ਇਹੋ ਹੈ ਕਿ ਇਸ ਵਿਚ ਦੁਖਾਂਤ ਅਤੇ ਸੁਖਾਂਤ ਦਾ ਸੁਮੇਲ ਵਿਖਾਇਆ ਗਿਆ ਹੈ। ਚੜ੍ਹਦੇ ਪੰਜਾਬ ਦੇ ਸਿੱਖ ਪਰਿਵਾਰ ਅਤੇ ਲਹਿੰਦੇ ਪੰਜਾਬ ਜਾ ਵਸੇ ਮੁਸਲਮਾਨ ਪਰਿਵਾਰ ਦੇ ਪਿਆਰ ਨੂੰ ਦ੍ਰਿਸ਼ਟਾਂਤਕ ਰੂਪ ਵਿਚ ਪੇਸ਼ ਕਰਦਾ ਹੈ। ਦੇਸ਼ ਦੀ ਵੰਡ ਸਮੇਂ ਬਚਨ ਸਿੰਘ ਨੰਬਰਦਾਰ ਅਤੇ ਮੁਨਸ਼ੀ ਅਲੀ ਬਖ਼ਸ਼ ਦੇ ਪਰਿਵਾਰ ਲੁਧਿਆਣਾ ਜਿਲ੍ਹੇ ਦੇ ਪਿੰਡ ਚੱਕ ਦਾਨ ਸਿੰਘ ਵਿਚ ਆਪਸੀ ਪ੍ਰੇਮ ਨਾਲ ਰਹਿੰਦੇ ਸਨ, ਜਦੋਂ ਦੇਸ਼ ਦੀ ਵੰਡ ਹੋਈ ਤਾਂ ਬਚਨ ਸਿੰਘ ਨੰਬਰਦਾਰ ਮੁਨਸ਼ੀ ਅਲੀ ਬਖ਼ਸ਼ ਦੇ ਪਰਿਵਾਰ ਨੂੰ ਲੁਟੇਰਿਆਂ ਤੋਂ ਬਚਾਕੇ ਪਾਕਿਸਤਾਨ ਜਾਣ ਲਈ ਫ਼ੌਜੀ ਕੈਂਪ ਵਿਚ ਖ਼ਤਰੇ ਨੂੰ ਮੁਲ ਲੈ ਕੇ ਗੱਡੇ ਵਿਚ ਘਾਹ ਫੂਸ ਵਿਚ ਲੁਕੋ ਕੇ ਆਪਣੇ ਭਰਾਵਾਂ ਦੀ ਮਦਦ ਨਾਲ ਛੱਡਣ ਜਾ ਰਿਹਾ ਸੀ ਤਾਂ ਰਸਤੇ ਮਿਲੇ ਫ਼ੌਜੀ ਟਰੱਕ ਵਿਚ ਬਿਠਾਉਣ ਸਮੇਂ ਜਲਦਬਾਜ਼ੀ ਵਿਚ ਮੁਨਸ਼ੀ ਅਲੀ ਬਖ਼ਸ਼ ਦੀ ਧੀ ਜ਼ੀਨਤ ਬਾਲ ਉਮਰ ਹੋਣ ਕਰਕੇ ਗੱਡੇ ਵਿਚ ਸੁੱਤੀ ਪਈ ਰਹਿ ਗਈ। ਜ਼ੀਨਤ ਨੂੰ ਬਚਨ ਸਿੰਘ ਆਪਣੇ ਘਰ ਰੱਖਕੇ ਖ਼ਤਰਾ ਮੁੱਲ ਲੈ ਰਿਹਾ ਵਿਖਾਇਆ ਗਿਆ ਹੈ। ਹਾਲਾਂਕਿ ਬਚਨ ਸਿੰਘ ਨੂੰ ਪਤਾ ਸੀ ਕਿ ਜੇਕਰ ਲੁਟੇਰਿਆਂ ਨੂੰ ਪਤਾ ਲੱਗ ਗਿਆ ਤਾਂ ਉਸਦੇ ਪਰਿਵਾਰ ਦਾ ਵੀ ਨੁਕਸਾਨ ਹੋ ਸਕਦਾ ਹੈ। ਬਚਨ ਸਿੰਘ ਦੇ ਆਪਣੇ ਘਰ ਵਿਚ ਜ਼ੀਨਤ ਨੂੰ ਲੁਕੋ ਕੇ ਰੱਖਣ ਬਾਰੇ ਆਦਮੀ ਤੀਵੀਂ ਵਿਚ ਤਕਰਾਰ ਵੀ ਰਿਹਾ। ਫਿਰ ਵੀ ਉਹ ਜ਼ੀਨਤ ਨੂੰ ਆਪਣੇ ਕੋਲ ਆਪਣੇ ਨਿੱਘੇ ਦੋਸਤ ਮੁਨਸ਼ੀ ਅਲੀ ਬਖ਼ਸ਼ ਦੀ ਅਮਾਨਤ ਸਮਝਦਾ ਸੀ। ਇਹ ਸਾਰਾ ਨਾਵਲ ਜ਼ੀਨਤ ਨੂੰ ਆਪਣੀ ਅਮਾਨਤ ਸਮਝਕੇ ਰੱਖਣ ਦੇ ਆਲੇ ਦੁਆਲੇ ਘੁੰਮਦਾ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਵਿਚ ਸਿੱਖ ਅਤੇ ਮੁਸਲਮਾਨ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਸਨ। ਇੱਕ ਕਿਸਮ ਨਾਲ ਮੁਸਲਮਾਨ ਅਤੇ ਸਿੱਖਾਂ ਦੀ ਮਾਨਸਿਕ ਸਾਂਝ ਦਾ ਪ੍ਰਗਟਾਵਾ ਕਰਦਾ ਹੈ। ਇਹ ਨਾਵਲ ਦੇਸ਼ ਦੀ ਵੰਡ ਦਾ ਹਉਕਾ ਹੈ। ਲੇਖਕ ਨੇ ਨਾਵਲ ਵਿਚ ਸ਼ਬਦਾਵਲੀ ਸਰਲ ਅਤੇ ਰੋਜ ਮਰਰ੍ਹਾ ਦੀ ਜ਼ਿੰਦਗੀ ਵਿਚੋਂ ਵਰਤੀ ਹੈ ਜੋ ਪੰਜਾਬੀ ਸਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਇਸ ਦੀ ਇੱਕ ਹੋਰ ਖ਼ੂਬੀ ਹੈ ਕਿ ਇਹ ਨਾਵਲ ਇਹ ਵੀ ਦਰਸਾਉਂਦਾ ਹੈ ਕਿ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕ ਰੋਜ਼ਗਾਰ ਅਤੇ ਬਿਹਤਰੀਨ ਜੀਵਨ ਬਸਰ ਕਰਨ ਲਈ ਪਰਵਾਸ ਦਾ ਸਹਾਰਾ ਲੈਂਦੇ ਹਨ। ਪਰਵਾਸ ਵਿਚ ਵੀ ਉਨ੍ਹਾਂ ਦੀ ਇੱਕ ਦੂਜੇ ਨੂੰ ਮਿਲਣ ਦੀ ਸਿਕ ਬਰਕਰਾਰ ਰਹਿੰਦੀ ਹੈ, ਜਿਸ ਕਰਕੇ ਉਹ ਅਮਰੀਕਾ ਵਿਚ ਜਾ ਕੇ ਵੀ ਇੱਕ ਦੂਜੇ ਨੂੰ ਲੱਭਣ ਦੀ ਤਾਂਘ ਰੱਖਦੇ ਹਨ ਤੇ ਆਪਸੀ ਭਾਈਚਾਰਕ ਤੰਦਾਂ ਦੁਬਾਰਾ ਜੋੜ ਲੈਂਦੇ ਹਨ। ਭਾਵੇਂ ਪਹਿਲੀ ਪੀੜ੍ਹੀ ਵਿਚ ਦੁਆਰਾ ਮਿਲ ਨਹੀਂ ਸਕੇ ਪ੍ਰੰਤੂ ਦੂਜੀ ਪੀੜ੍ਹੀ ਵਿਚ ਸੁਮੇਲ ਹੁੰਦਾ ਹੈ। ਇਹ ਨਾਵਲ ਦਾ ਉਸਾਰੂ ਪੱਖ ਹੈ। ਅਮਰੀਕਾ ਵਿਚਲੇ ਪੰਜਾਬ ਦੀ ਤਸਵੀਰ ਵੀ ਪੇਸ਼ ਕੀਤੀ ਹੈ। ਆਮ ਤੌਰ ਤੇ ਸਾਰਾ ਸਾਹਿਤ ਦੰਗੇ-ਫਸਾਦਾਂ ਦੇ ਲਹੂ ਲੁਹਾਣ ਦੀ ਤਸਵੀਰ ਪੇਸ਼ ਕਰਦਾ ਹੈ। ਗੁਰਮੀਤ ਸੰਧੂ ਨੇ ਇਸ ਨਾਵਲ ਵਿਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਦੁੱਖ ਨੂੰ ਭੁੱਲਕੇ ਸੁੱਖੀ ਜੀਵਨ ਜਿਓਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਧਾਰਮਿਕ ਸ਼ਹਿਨਸ਼ੀਲਤਾ ਆਪਸੀ ਕੱਟ-ਵੱਡ ਤੋਂ ਬਾਅਦ ਵੀ ਕਾਇਮ ਰੱਖੀ ਹੋਈ ਹੈ। ਇਤਿਹਾਸਕ ਤੱਥਾਂ ਤੇ ਅਧਾਰਤ ਹੈ। ਇਸ ਨਾਵਲ ਦੇ 40 ਵੱਡੇ-ਛੋਟੇ ਚੈਪਟਰ ਹਨ, ਜਿਨ੍ਹਾਂ ਵਿਚ 3 ਚੈਪਟਰ ਅੱਧਾ-ਅੱਧਾ ਪੰਨੇ ਦੇ ਅਤੇ 4 ਚੈਪਟਰ 1-1 ਪੰਨੇ ਦੇ ਹਨ ਪ੍ਰੰਤੂ ਇਨ੍ਹਾਂ ਸਾਰੇ ਚੈਪਟਰਾਂ ਦੀਆਂ ਕਹਾਣੀਆਂ ਆਪਣੇ ਆਪ ਵਿਚ ਸੰਕੇਤਕ ਤੇ ਮੁਕੰਮਲ ਹਨ ਅਤੇ ਇਨ੍ਹਾਂ ਦੀ ਰੌਚਕਤਾ ਬਣੀ ਹੋਈ ਹੈ। ਇੱਕ ਚੈਪਟਰ ਤੋਂ ਬਾਅਦ ਦੂਜਾ ਚੈਪਟਰ ਪੜ੍ਹਨ ਦੀ ਇੱਛਾ ਬਣੀ ਰਹਿੰਦੀ ਹੈ। ਇਹੋ ਲੇਖਕ ਦੀ ਖ਼ੂਬੀ ਹੈ ਕਿ ਉਹ ਰੌਚਕਤਾ ਬਣਾਈ ਰੱਖਣ ਵਿਚ ਸਫਲ ਹੈ ਕਿ ਅੱਗੋਂ ਕੀ ਹੋਇਆ? ਅਤੇ ਲੜੀ ਟੁੱਟਣ ਨਹੀਂ ਦਿੰਦਾ। 104 ਪੰਨਿਆਂ ਵਾਲਾ ਜ਼ੀਨਤ ਨਾਵਲ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤਾ ਹੈ। ਇੱਕ ਵਿਲੱਖਣਤਾ ਇਹ ਵੀ ਹੈ ਕਿ ਕੋਈ ਭੂਮਿਕਾ, ਮੁੱਖ-ਬੰਦ ਅਤੇ ਕੀਮਤ ਨਹੀਂ ਦਿੱਤੀ ਗਈ।
ਗੁਰਮੀਤ ਸੰਧੂ ਮੁੱਢਲੇ ਤੌਰ ਤੇ ਕਵੀ ਹੈ ਪ੍ਰੰਤੂ ਇੰਗਲੈਂਡ ਵਿਚ ਇੱਕ ਅਖ਼ਬਾਰ ਵਿਚ ਸਹਾਇਕ ਸੰਪਾਦਕ ਵਜੋਂ ਕੰਮ ਕਰਨ ਅਤੇ ਬਾਅਦ ਵਿਚ ਆਪ ਅਮਰੀਕਾ ਆ ਕੇ ਆਪਣਾ ਅਖ਼ਬਾਰ ਪ੍ਰਕਾਸ਼ਤ ਕਰਨ ਕਰਕੇ ਵਾਰਤਕ ਲਿਖਣ ਵਿਚ ਵੀ ਮਾਹਰ ਰਿਹਾ ਹੈ, ਜਿਸ ਕਰਕੇ ਇਹ ਨਾਵਲ ਲਿਖਕੇ ਆਪਣੀ ਕਲਮ ਦੀ ਕਰਾਮਾਤ ਦਿਖਾ ਗਿਆ ਹੈ। ਉਸਦੀ ਮਲਵਈ ਸ਼ਬਾਦਵਲੀ ਲੁਧਿਆਣਾ ਜਿਲ੍ਹੇ ਦੇ ਸਾਹਨੇਵਾਲ ਦਾ ਜੰਮਪਲ ਹੋਣ ਕਰਕੇ ਆਪਣਾ ਸਾਹਿਤਕ ਪ੍ਰਭਾਵ ਵਿਖਾ ਰਹੀ ਹੈ ਕਿਉਂਕਿ 1968 ਤੱਕ ਉਹ ਪੰਜਾਬ ਵਿਚ ਰਿਹਾ ਅਤੇ ਜਵਾਨ ਪ੍ਰਵਾਨ ਹੋਇਆ। ਗੁਰਮੀਤ ਸੰਧੂ ਦੀ ਪਤਨੀ ਰਾਜ ਸੰਧੂ ਵੀ ਕਵਿਤਰੀ ਹੈ, ਜਿਸ ਕਰਕੇ ਘਰ ਦਾ ਮਾਹੌਲ ਵੀ ਸਾਜਗਾਰ ਅਤੇ ਸਿਰਜਣਾਤਮਕ ਰਿਹਾ ਹੈ। ਹੁਣ ਤੱਕ ਗੁਰਮੀਤ ਸੰਧੂ 6 ਕਵਿਤਾ ਦੀਆਂ ਪੁਸਤਕਾਂ ਪ੍ਰਕਾਸ਼ਤ ਕਰ ਚੁੱਕਾ ਹੈ, ਇਹ ਨਾਵਲ ਉਸਦੀ 7ਵੀਂਂ ਪੁਸਤਕ ਹੈ। ਉਹ ਮਿਸੀਗਨ ਸਟੇਟ ਦੇ ਨੌਵਈ ਸ਼ਹਿਰ ਵਿਚ ਪਰਿਵਾਰ ਸਮੇਤ ਰਹਿ ਰਿਹਾ ਹੈ। ਸਾਂਝੇ ਪੰਜਾਬ ਦੇ ਰੀਤੀ ਰਿਵਾਜ, ਪਰੰਪਰਾਵਾਂ, ਰਸਮਾਂ ਅਤੇ ਤਿਓਹਾਰ ਮਨਾਉਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਕਿਸਾਨੀ ਅਤੇ ਮਜ਼ਦੂਰੀ ਦੀਆਂ ਸਮੱਸਿਆਵਾਂ ਅਤੇ ਉਸ ਸਮੇਂ ਵੀ ਆਧੁਨਿਕਤਾ ਨੂੰ ਅਪਨਾਉਣਾ ਜਿਵੇਂ ਕਿ ਟਰੈਕਟਰ ਅਤੇ ਬੰਬੀਆਂ ਲਗਾਕੇ ਖੇਤੀ ਕਰਨਾ ਸ਼ਾਮਲ ਹੈ। ਉਸਨੇ ਇਸ ਨਾਵਲ ਵਿਚ ਚਾਰ ਵਿਆਹਾਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਚਾਰਾਂ ਵਿਚੋਂ ਤਿੰਨ ਸਤਵੰਤ ਕੌਰ-ਅਮਰਜੀਤ, ਜਤਿੰਦਰ ਕੌਰ (ਜ਼ੀਨਤ)-ਰਣਜੀਤ ਅਤੇ ਜਨਜੀਤ ਸਿੰਘ-ਕਿਰਨਜੀਤ ਕੌਰ ਦੇ ਪਿਆਰ ਵਿਆਹ ਦਰਸਾਏ ਹਨ। ਇਸਦਾ ਭਾਵ ਇਹ ਹੈ ਕਿ ਦੇਸ਼ ਦੀ ਵੰਡ ਸਮੇਂ ਵੀ ਪਰੰਪਰਾਤਮਿਕ ਸੰਬੰਧਾਂ ਵਿਚ ਤਬਦੀਲੀ ਸ਼ੁਰੂ ਹੋ ਗਈ ਸੀ। ਬਚਨ ਸਿੰਘ ਨੰਬਰਦਾਰ ਦੇ ਛੋਟੇ ਲੜਕੇ ਮਲਕੀਤ ਦੇ ਵਿਆਹ ਤੋਂ ਵੀ ਸਾਫ਼ ਜ਼ਾਹਰ ਹੁੰਦਾ ਹੈ ਕਿ ਪਿੰਡਾਂ ਵਿਚ ਇਸਤਰੀਆਂ ਆਪਣੀਆਂ ਅੰਗਲੀਆਂ ਸੰਗਲੀਆਂ ਵਿਚ ਅਟੀ ਸਟੀ ਲਾਈ ਰੱਖਦੀਆਂ ਸਨ, ਜਿਸ ਕਰਕੇ ਉਸਦਾ ਵਿਆਹ ਵੀ ਤੁਰਤ ਫੁਰਤ ਕਰ ਦਿੱਤਾ ਗਿਆ। ਇਹ ਨਾਵਲ ਇਕ ਕਿਸਮ ਨਾਲ ਪੁਰਾਤਨ ਅਤੇ ਆਧੁਨਿਕ ਸੋਚ ਦਾ ਪ੍ਰਤੀਕ ਵੀ ਹੈ। ਪਰਵਾਸ ਵਿਚ ਸਰਦੂਲ ਸਿੰਘ ਅਤੇ ਰਣਜੀਤ ਸਿੰਘ ਦਾ ਆਪੋ ਆਪਣੇ ਕਾਰੋਬਾਰ ਸ਼ੁਰੂ ਕਰਨੇ ਵੀ ਦਰਸਾਉਂਦਾ ਹੈ ਕਿ ਜੱਟ ਸੋਚ ਵਿਚ ਵੀ ਵਿਓਪਾਰ ਕਰਨ ਦੀ ਤਬਦੀਲੀ ਆ ਗਈ ਹੈ ਪ੍ਰੰਤੂ ਇਸਤੋਂ ਇਹ ਵੀ ਸ਼ਪੱਸ਼ਟ ਹੁੰਦਾ ਹੈ ਕਿ ਜੱਟ ਅਧੀਨਗੀ ਵਾਲੀ ਨੌਕਰੀ ਕਰਨ ਤੋਂ ਕੰਨੀ ਕਤਰਾਉਂਦਾ ਹੈ। ਕਈ ਥਾਵਾਂ ਤੇ ਲੇਖਕ ਨੇ ਸਸਪੈਂਸ ਵੀ ਪੈਦਾ ਕੀਤਾ ਹੈ ਜਿਸਤੋਂ ਅੱਗੇ ਜਾਨਣ ਦੀ ਉਤਸੁਕਤਾ ਪੈਦਾ ਹੁੰਦੀ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਗੁਰਮੀਤ ਸੰਧੂ ਦਾ ਇਹ ਨਾਵਲ ਲਿਖਣ ਦਾ ਉਪਰਾਲਾ ਚੰਗਾ ਹੈ ਕਿਉਂਕਿ ਇਸ ਛੋਟੇ ਜਿਹੇ ਨਾਵਲ ਵਿਚ ਜ਼ਿੰਦਗੀ ਦੇ ਕਈ ਪੱਖਾਂ ਤੇ ਥੋੜ੍ਹੇੇ ਸ਼ਬਦਾਂ ਵਿਚ ਭਰਪੂਰ ਚਾਨਣਾ ਪਾਇਆ ਗਿਆ ਹੈ। ਪੁਰਾਤਨਤਾ ਅਤੇ ਆਧੁਨਿਕਤਾ, ਦੁਖਾਂਤ ਅਤੇ ਸੁਖਾਂਤ, ਮੋਹ ਅਤੇ ਨਿਰਮੋਹ, ਅਮੀਰ ਤੇ ਗ਼ਰੀਬ ਅਤੇ ਉਸਾਰੂ ਤੇ ਨਕਾਰੂ ਸੋਚ ਉਪਰ ਦ੍ਰਿਸ਼ਟਾਂਤਕ ਰੂਪ ਨਾਲ ਰੌਸ਼ਨੀ ਪਾਈ ਗਈ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.