ਖ਼ਬਰ ਹੈ ਕਿ ਵਿਵਾਦ ਹੱਲ ਕਰਨ ਵਾਲੀ ਸੁਪਰੀਮ ਨਿਆਇਕ ਸੰਸਥਾ ਖ਼ੁਦ ਹੀ ਕਟਿਹਰੇ ਵਿੱਚ ਖੜ੍ਹੀ ਹੋ ਗਈ ਹੈ। ਇਤਹਾਸਕ ਘਟਨਾ ‘ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਚੀਫ ਜਸਟਿਸ ਖਿਲਾਫ ਜਨਤਕ ਮੋਰਚਾ ਖੋਲ੍ਹ ਦਿੱਤਾ। ਉਹਨਾ ਕਿਹਾ ਕਿ ਸੁਪਰੀਮ ਕੋਰਟ ਵਿੱਚ ਸਭ ਕੁਝ ਠੀਕ ਨਹੀਂ ਹੈ। ਸਥਿਤੀ ਨਾ ਬਦਲੀ ਤਾਂ ਸੁਪਰੀਮ ਕੋਰਟ ਦੇ ਨਾਲ-ਨਾਲ ਲੋਕਤੰਤਰ ਵੀ ਖ਼ਤਰੇ ਵਿੱਚ ਪੈ ਜਾਵੇਗਾ। ਜੱਜਾਂ ਨੇ ਕਿਹਾ ਕਿ ਕੇਸਾਂ ਦੀ ਵੰਡ ‘ਚ ਨਿਯਮਾਂ ਦੀ ਪਾਲਣਾ ਨਹੀਂ ਹੋ ਰਹੀ, ਮੁੱਖ ਜੱਜ ਉਸ ਪਰੰਪਰਾ ਤੋਂ ਬਾਹਰ ਜਾ ਰਹੇ ਹਨ, ਜਿਸ ਤਹਿਤ ਅਹਿਮ ਮਾਮਲਿਆਂ ‘ਚ ਫੈਸਲੇ ਸਮੂੰਹਿਕ ਤੌਰ ਤੇ ਲਏ ਜਾਂਦੇ ਰਹੇ ਹਨ।
ਭਾਰਤੀ ਲੋਕਤੰਤਰ ਤਾਂ ਜਾਪਦਾ ਉਡਤੰਤਰ ਹੋ ਗਿਆ ਸਮਝੋ। ਪਹਿਲਾਂ ਕਾਰਜਪਾਲਕਾ (ਅਫ਼ਸਰਸ਼ਾਹੀ) ਇੱਕ ਦੂਜੇ ਨੂੰ ਠਿੱਬੀਆਂ ਲਾਉਂਦੀ ਰਹੀ ਤੇ ਫਿਰ ਵਿਧਾਨ ਪਾਲਿਕਾ (ਵਿਧਾਨ ਸਭਾ, ਰਾਜ ਸਭਾ, ਲੋਕ ਸਭਾ) ਪੱਗੋ-ਲੱਥੀ ਹੋਣ ਲੱਗੀ। ਆਹ ਮਾੜੀ ਮੋਟੀ ਨਿਆਪਾਲਿਕਾ ਸੀ, ਜੀਹਦੇ ਤੇ ਲੋਕਾਂ ਨੂੰ ਰਤਾ ਮਾਸਾ ਫਖ਼ਰ ਜਿਹਾ ਸੀ, ਲਉ ਭਾਈ ਉਹ ਵੀ ਲੁਟਕ ਗਈ। ਇਹ ਤਿੰਨੋ ਥੰਮ ਤਾਂ ਉਸ ਤਿੰਨ ਟੰਗੀ ਕੁਰਸੀ ਵਰਗੇ ਦਿਸਣ ਲੱਗ ਪਏ ਆ, ਜੀਹਨੂੰ ਸਿਆਸੀ ਸਿਉਂਕ ਲੱਗੀ ਹੋਵੇ। ਭਾਰਤੀ ਲੋਕਤੰਤਰ ਦਾ ਚੌਥਾ ਥੰਮ ਬਹੁਤਾ ਮੀਡੀਆ, ਪ੍ਰੈਸ ਤਾਂ ਪਹਿਲਾਂ ਹੀ ਹਾਕਮਾਂ ਦੇ ਗੁਣ ਗਾਉਂਦਾ, ਇਹ ਵੀ ਭੁਲ-ਭੁਲਾ ਚੁੱਕਾ ਆ ਕਿ ਉਹ ਵੀ ਚੌਥਾ ਥੰਮ ਆ ਮਹਾਨ ਭਾਰਤੀ ਲੋਕਤੰਤਰ ਦਾ।
ਤਰੀਕ ਤੇ ਤਰੀਕ, ਫਿਰ ਤਰੀਕ ਅਤੇ ਮੁਕੱਦਮਾ ਵਰ੍ਹਿਆਂ ਬੱਧੀ ਲਟਕਦਾ ਆ। ਕਿਸੇ ਕਵੀ ਦੇ ਕਹਿਣ ਵਾਂਗਰ ਮੁੱਕਦਮਾ ਬੁੱਢੇ ਬਿਰਖ ਵਰਗਾ ਹੋ ਜਾਂਦਾ ਆ ਤੇ ਅਦਾਲਤੀ ਫੈਸਲੇ ਹੁੰਦੇ ਹੀ ਨਹੀਂ। ਵਕੀਲ ਦਾ ਮੁਨਸ਼ੀ, ਵਕੀਲ, ਜੱਜ ਦਾ ਹਰਕਾਰਾ, ਰੀਡਰ, ਜੱਜ, ਸਰਕਾਰੀ ਵਕੀਲ ਪੁਲਿਸ ਅਤੇ ਪਤਾ ਹੋਰ ਕਿੰਨੇ ਇਸ ਜੀਅ ਜੰਜਾਲ ‘ਚ ਆਮ ਬੰਦੇ ਦੀ ਮੱਤ ਹੀ ਤਾਂ ਮਾਰ ਦਿੰਦੇ ਆ। ਅਤੇ ਜਾਪਦਾ ਹੁਣ ਸਿਆਸੀ ਲੋਕਾਂ ਨੇ“ਮਾਨਯੋਗਾਂ“, “ਸਤਿਕਾਰਯੋਗਾਂ“ ਦੀ ਬਾਬੂਸ਼ਾਹੀ, ਅਫ਼ਸਰਸ਼ਾਹੀ ਰਾਹੀਂ ਮੱਤ ਹੀ ਮਾਰ ਦਿੱਤੀ ਆ। ਤਦੇ ਤਾਂ ਭਾਈ ਮਾਨਯੋਗ “ਆਤਮਾ“ ਦੀ ਅਵਾਜ਼ ਸੁਣ ਇਕੋ ਸਾਹੇ ਦਹਾੜੇ ਆ। ਪਰ ਭਾਈ ਇਸ ਸਭ ਕੁਝ ਨਾਲ ਅੰਦਰਲਾ ਸੱਚ, ਜੋ ਕਈ ਸਾਲਾਂ ਤੋਂ ਢਕਿਆ ਪਿਆ ਸੀ, ਕਿਰਨ ਕਿਰਨ ਬਾਹਰ ਆ ਗਿਆ ਆ, ਤੇ ਇਵੇਂ ਲੱਗਦਾ ਅਦਾਲਤੀ ਤਾਣਾ ਬਾਣਾ ਹਾਲ ਦੀ ਘੜੀ ਬਿਖਰ ਜਿਹਾ ਗਿਆ ਆ, “ਉਮਰ ਦਾ ਸਿਖਰ ਦੁਪਹਿਰਾ ਬੁਰਕੀ ਬੁਰਕੀ ਖਿੰਡ ਗਿਆ ਹੈ, ਟੋਟਾ ਟੋਟਾ ਤੜਫ ਰਿਹਾ ਹੈ ਸਹਿਕ ਰਿਹਾ ਹੈ“।
ਦੋਸਤੋ! ਮੇਰੇ ਕਦਰਦਾਨੋ!! ਠੀਕ, ਬਿਲਕੁਲ ਠੀਕ ਤੁਸੀਂ ਰਮਜ਼ ਪਕੜੀ
ਖ਼ਬਰ ਹੈ ਕਿ 4 ਜੱਜਾਂ ਵਲੋਂ ਮੁੱਖ ਜੱਜ ਸੁਪਰੀਮ ਕੋਰਟ ਵਿਰੁੱਧ ਮੋਰਚਾ ਖੋਲ੍ਹਣ ਨੂੰ ਭਾਵੇਂ ਨਿਆਂਪਾਲਿਕਾ ਦਾ ਅੰਦਰੂਨੀ ਮਾਮਲਾ ਕਿਹਾ ਜਾ ਰਿਹਾ ਹੈ, ਪਰ ਸਹਿਯੋਗੀ ਤੇ ਬਾਗੀ ਵੀ ਇਸ ਮਾਮਲੇ ‘ਤੇ ਸਰਕਾਰ ਨੂੰ ਘੇਰਨ ‘ਚ ਜੁੱਟ ਗਏ ਹਨ। ਭਾਜਪਾ ਦੇ ਸੀਨੀਅਰ ਆਗੂ ਯਸ਼ਵੰਤ ਸਿਨਹਾ ਨੇ ਕਿਹਾ ਕਿ ਜੱਜਾਂ ਵਾਂਗਰ ਹੀ ਮੋਦੀ ਦੇ ਮੰਤਰੀਆਂ ਨੂੰ ਵੀ ਲੋਕਤੰਤਰ ਲਈ ਬਿਨਾ ਕਿਸੇ ਡਰ-ਭੈ ਬੋਲਣਾ ਚਾਹੀਦਾ ਹੈ। ਉਹਨਾ ਕਿਹਾ ਕਿ ਪਾਰਟੀ ਦੇ ਆਗੂਆਂ ਅਤੇ ਕੈਬਨਿਟ ‘ਚ ਸ਼ਾਮਲ ਮੰਤਰੀਆਂ ਨੂੰ ਵੀ ਲੋਕਤੰਤਰ ਬਚਾਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ।
ਮਨ ਦੀ ਬਾਤ ਪਕੜੀ ਆ ਯਸ਼ਵੰਤ ਸਿਨਹਾ ਨੇ, ਜਿਹੜੇ ਮੋਦੀ-ਸ਼ਾਹ-ਜੇਤਲੀ ਤਿਕੜੀ ਦੇ ਰਗ ਰਗ ਦੇ ਵਾਕਫ ਹਨ। ਸਿਨਹਾ ਜੀ, ਬੱਸ ਮੋਦੀ ਦੇ ਵੀ ਨਹੀਂ, ਉਹਦੀ ਕੁੰਡਲੀ ਤਾਂ “ਨਾਗਪੁਰੋਂ“ ਬਣਦੀ ਆ। ਯੂ.ਪੀ.‘ਚ ਯੋਗੀ ਆਇਆ ਕਿਥੋਂ? ਨਾਗਪੁਰੋਂ! ਦੇਸ਼ ਦਾ ਰਾਸ਼ਟਰਪਤੀ ਆਇਆ ਕਿਥੋਂ? ਨਾਗਪੁਰੋਂ! ਨਾਗਪੁਰ ਵਾਲਿਆਂ ਇੱਕ ਡੰਗ ਅਡਵਾਨੀ ਦੇ ਮਾਰਿਆ, ਘਰ ਜੋਗਾ ਕਰ ਛੱਡਿਆ। ਨਾਗਪੁਰ ਵਾਲਿਆਂ ਇੱਕ ਡੰਗ ਮਾਰਿਆ ਜਸਵੰਤ ਸਿਹੁੰ ਦੇ, ਵਾਹਣੋਂ-ਵਾਹਣੀ ਪਾ ਦਿੱਤਾ! ਨਾਗਪੁਰ ਵਾਲੇ ਇੱਕ ਡੰਗ ਮਾਰਨਗੇ ਮੋਦੀ ਦੇ, ਤਾਂ ਪੱਖੇ ਥੱਲੇ ਸੌਣ ਜੋਗਾ ਨਹੀਂ ਛੱਡਣਗੇ।
ਉਂਜ ਦੋਸਤੋ! ਮੇਰੇ ਕਦਰਦਾਨੋ!! ਠੀਕ, ਬਿਲਕੁਲ ਠੀਕ ਤੁਸੀਂ ਰਮਜ਼ ਪੱਕੜੀ ਆ। ਜਿਵੇਂ ਜੱਜ ਬੋਲੇ, ਉਵੇਂ ਮੰਤਰੀ ਵੀ ਬੋਲਣ, ਘੱਟੋ-ਘੱਟ ਮੋਦੀ ਜੀ ਦੇ ਉਹ ਨਾਗਪੁਰ ਵਾਲੇ “ਨਕਲੀ ਦੰਦ“ ਸਾਹਮਣੇ ਤਾਂ ਆਉਣ,ਜਿਹੜੇ ਖਾਣ ਲਈ ਹੋਰ ਨੇ ਅਤੇ ਦਿਖਾਉਣ ਲਈ ਹੋਰ। ਹੈ ਕਿ ਨਾ?
ਉੱਤਰ-ਦੱਖਣ, ਪੂਰਬ-ਪੱਯਮ, ਹਿੱਕ ਵਿੱਚ ਧੁੱਖਦੇ ਸਿੱਲੇ ਆਵੇਂ
ਖ਼ਬਰ ਹੈ ਕਿ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਰਜ਼ਾ ਮੁਆਫੀ ਪੈਮਾਨੇ ਉਤੇ ਹਾਏ ਤੋਬਾ ਮਚਾਉਣ ਵਾਲੇ ਅਤੇ ਕਿਸਾਨਾਂ ਨੂੰ ਆਪਣੀਆਂ ਇਕਤਰਫਾ ਨੀਤੀਆਂ ਦੇ ਕਾਰਨ ਕਰਜ਼ੇ ਦੇ ਜਾਲ ਵਿੱਚ ਫਸਾਉਣ ਤੋਂ ਬਾਅਦ ਆਪਣੇ ਸਿਆਸੀ ਹਿੱਤਾਂ ਦੀ ਖਾਤਰ ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਸਾਬਤ ਕਰਨ ਵਾਲੇ ਅਕਾਲੀਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅਕਲੀਆਂ ਵਲੋਂ 90 ਹਜ਼ਾਰ ਕਰੋੜ ਰੁਪਏ ਦੇ ਕਿਸਾਨ ਕਰਜ਼ੇ ਮੁਆਫ ਕੀਤੇ ਜਾਣ ਦੀ ਮੰਗ ਨੂੰ ਉਹਨਾ ਸਿਰੇ ਤੋਂ ਖਾਰਜ਼ ਕੀਤਾ ਹੈ। ਉਹਨਾ ਕਿਹਾ ਕਿ ਪਿਛਲੇ ਦਸ ਸਾਲ ਉਹਨਾ ਕਿਸਾਨਾਂ ਲਈ ਕੁੱਝ ਕੀਤਾ ਕਿਉਂ ਨਹੀਂ?
ਨਿੱਤ ਪੰਜਾਬੀ ਕੈਂਸਰ ਨਾਲ ਮਰਦੇ ਆ, ਕਿਸਾਨ ਕਰਜ਼ੇ ਦੇ ਬੋਝ ਨਾਲ! ਨਿੱਤ ਵਾਧੂ ਅੰਨ ਦਾਣਾ ਤੂਸ-ਤੂਸ ਖਾਕੇ ਪੰਜਾਬੀ “ਸ਼ੂਗਰ“ ਦੇ ਸ਼ਿਕਾਰ ਹੁੰਦੇ ਆ ਤੇ ਨਿੱਤ ਪਤਾ ਨਹੀਂ ਕਿੰਨੀਆਂ ਮਾਵਾਂ ਭਰੂਣ ਹੱਤਿਆ ਦਾ ਸ਼ਿਕਾਰ ਹੁੰਦੀਆਂ ਹਨ। ਨਸ਼ਿਆਂ ਦੇ ਵਹਿਣ ‘ਚ ਵਹਿ ਚੁੱਕੇ ਨੌਜਵਾਨਾਂ ਦੀਆਂ ਅਰਥੀਆਂ ਦੀ ਗਿਣਤੀ ਤਾਂ ਹੁੰਦੀਓ ਨਹੀਂ, ਨਿੱਤ ਸਿਵੇ ਬਲਦੇ ਆ। ਅਤੇ ਆਹ ਆਪਣੇ, ਪਿਆਰੇ, ਦੁਲਾਰੇ, ਸਤਿਕਾਰੇ ਸਿਆਸਤਦਾਨ ਨਿੱਤ ਸਿਆਸਤੀ ਰੋਟੀਆਂ ਸੇਕਣ ਤੋਂ ਬਾਜ ਹੀ ਨਹੀਂਓ ਆਉਂਦੇ! ਲੁੱਟੀ ਜਾਂਦੇ ਆ ਖਜ਼ਾਨਾ, ਕੁੱਟੀ ਜਾਂਦੇ ਆ ਲੋਕਾਂ ਨੂੰ। ਰਗੜੀ ਜਾਂਦੇ ਆ ਉਹਨਾ ਦੇ ਸੁਫਨੇ ਅਤੇ ਆਪ ਰਸ ਮਲਾਈ ਖਾ, ਠੰਡੇ-ਗਰਮ ਕਮਰਿਆਂ ਦਾ ਆਨੰਦ ਲੈ, ਡਕਾਰ ਮਾਰੀ ਜਾਂਦੇ ਆ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸਾ ਪੀਵੇ ਪਰ ਭਾਈ ਇਥੇ ਪੰਜਾਬ ‘ਚ ਤਾਂ, “ਉੱਤਰ-ਦੱਖਣ, ਪੂਰਬ-ਪੱਛਮ, ਹਿੱਕ ਵਿੱਚ ਧੁੱਖਦੇ ਸਿੱਲੇ ਆਵੇ“। ਪਰ ਇਹਨਾ ਨੂੰ ਕੌਣ ਬੁਝਾਵੇ?
ਮੱਖੀਆਂ ਮੱਛਰਾਂ ਵਰਗਾ ਜੀਵਨ ਸੌ ਗੰਢੇ ਸੌਂ ਛਿੱਤਰਾਂ ਤੁਲ ਹੈ
ਖ਼ਬਰ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਐਕਟਿਵ ਨੇਤਾ ਯੋਗੇਂਦਰ ਯਾਦਵ ਨੂੰ ਜਿਸ ਤਰ੍ਹਾਂ ਪਾਰਟੀ ਤੋਂ ਬਾਹਰ ਕੀਤਾ ਹੈ ਅਤੇ ਉਹਨਾ ਨੂੰ ਰਾਜ ਸਭਾ ਦਾ ਟਿਕਟ ਨਹੀਂ ਦਿੱਤਾ, ਉਹ ਦੱਸਦਾ ਹੈ ਕਿ ਉਹ ਵੀ ਨਰੇਂਦਰ ਮੋਦੀ ਜਾਂ ਮਮਤਾ ਬੈਨਰਜੀ ਦੀ ਤਰ੍ਹਾਂ ਹੰਕਾਰੀ ਹਨ। ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕੀਤੀ ਹੈ, ਉਹ ਵੀ ਦੱਸਦਾ ਹੈ ਕਿ ਉਹ ਵੀ ਭਾਜਪਾ ਅਤੇ ਕਾਂਗਰਸ ਦੀ ਤਰ੍ਹਾਂ ਥੈਲੀ ਸ਼ਾਹਾਂ ਨੂੰ ਅੱਗੇ ਕਰ ਰਹੇ ਹਨ।
ਸਿਆਸਤ ਦੇ ਰੰਗ ਤੋਂ ਕੌਣ ਬਚਿਆ? ਬੋਲੋ, ਉੱਚੀ ਬੋਲੋ, ਅਤੇ ਜਦ ਮੂੰਹ ਭਰ ਜਾਏ, ਚੁੱਪ ਕਰ ਜਾਉ! ਬੋਲੋ, ਉੱਚੀ ਬੋਲੋ, ਜਦ ਜੇਬ ਭਰ ਜਾਏ, ਚੁੱਪ ਕਰ ਜਾਉ। ਇਹੀ ਕੁਝ ਤਾਂ ਸਾਡੇ ਨੇਤਾ ਕਰਦੇ ਆ। ਮਿਣ-ਮਿਣ ਕਰਦੇ ਆ, ਚੁੱਪ ਰਹਿਕੇ ਸਹਿੰਦੇ ਆ, ਡਾਹਢੇ ਅੱਗੇ ਹਰ ਹਰ ਕਰਦੇ ਆ, ਅਤੇ ਕੁਰਸੀ ਪ੍ਰਾਪਤੀ ਤੱਕ ਮੱਖੀਆਂ ਮੱਛਰਾਂ ਵਰਗਾ ਜੀਵਨ ਜੀਊਂਦੇ ਆ। ਕੁਰਸੀ ਹੱਥ ਆਈ ਤਾਂ ਡੰਗ ਮਾਰਦੇ ਆ। ਉਹੋ ਡੰਗ ਪਹਿਲਾਂ ਆਹ ਆਪਣੇ ਕੇਜਰੀ ਨੇ ਆਪਣੇ ਗੁਰੂ ਅੰਨਾ ਹਜ਼ਾਰੇ ਦੇ ਮਾਰਿਆ ਤੇ ਫਿਰ ਯੋਂਗੇਦਰ ਯਾਦਵ ਵਰਗੇ ਚੇਲਿਆਂ ਦੇ, ਜਿਹੜੇ ਉਹਨੂੰ ਸਿਆਸਤੋਂ ਦੂਰ ਰਹਿਣ ਦਾ ਪਾਠ ਪੜ੍ਹਾਉਂਦੇ ਸਨ। ਹੁਣ ਤਾਂ ਕੇਜਰੀਵਾਲ ਨਾ ਕੁਝ ਕੂੰਦੇ ਹਨ, ਨਾ ਕੁਝ ਕਹਿੰਦੇ ਹਨ, ਡੂੰਘੇ ਵਹਿਣੀ ਬਹਿਕੇ, ਮਸਤ ਚਾਲੇ ਚਲਕੇ, ਆਪਣੀ ਗੰਢ ਪੱਕੀ ਕਰੀ ਜਾਂਦੇ ਆ। ਉਹਨਾ ਨੂੰ ‘ਆਮ‘ ਨਾਲ ਕੀ, ਉਹ ਤਾਂ ਖਾਸਮ-ਖਾਸ ਬਣ ਗਏ ਆ। ਆਮ, ਜਿਹਨਾ ਦਾ ਮੱਖੀਆਂ ਮੱਛਰਾਂ ਵਰਗਾ ਜੀਵਨ ਹੈ, ਉਹਨਾ ਦੀ ਪਾਰਟੀ ‘ਚ ਸੌ ਗੰਢੇ ਸੌ ਛਿੱਤਰ ਖਾਣ ਵਾਲਾ ਹੋਇਆ ਪਿਆ, ਪਰ ਕੇਜਰੀਵਾਲ ਨੂੰ ਇਸ ਨਾਲ ਕੀ ਵਾਹ ਵਾਸਤਾ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
.¿;ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਦੇ ਅਨੁਸਾਰ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਮੂਲ ਦੇ ਵਸ਼ਿੰਦਿਆਂ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ ਹੈ। ਦੂਜੇ ਦੇਸ਼ਾਂ ਵਿੱਚ ਰਹਿਣ ਵਾਲੇ ਲਗਭਗ 25 ਕਰੋੜ ਲੋਕਾਂ ਵਿੱਚ 1.6 ਕਰੋੜ ਨਾਗਰਿਕਾਂ ਦਾ ਭਾਰਤ ਨਾਲ ਵਾਸਤਾ ਹੈ।
ਇੱਕ ਵਿਚਾਰ
ਆਰਥਿਕ ਨੀਤੀ ਬਨਾਉਣਾ ਹਰਮਨ ਪਿਆਰਤਾ ਦੀ ਪ੍ਰਤੀਯੋਗਤਾ ਨਹੀਂ ਹੈ, ਖਾਸ ਕਰ ਉਸ ਵੇਲੇ ਜਦੋਂ ਵਿੱਤੀ ਬਜ਼ਾਰ ਸੰਕਟ ਵਿੱਚ ਹੋਵੇ---------ਡੇਵਿਡ ਇਗਨਾਟਿਅਸ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.