ਗੁਰਮਤਿ ਦੇ ਉੱਚ ਦੁਮਾਲੜੇ ਗੁਰਬਾਣੀ ਗੁਰਮਤਿ ਵਿਚਾਰਧਾਰਾ ਦੇ ਗੂੜ-ਗਿਆਤਾ, ਜਗਿਆਸੂ, ਬੁਲਾਰੇ, ਵਿਆਖਿਆਕਾਰ ਤੇ ਲੇਖਕ ਸ੍ਰ. ਮਨਜੀਤ ਸਿੰਘ ਕਲਕੱਤਾ ਨਾਲ ਮੇਰੀ ਪਹਿਲੀ ਮੁਲਾਕਾਤ ਉਨ੍ਹਾਂ ਦੇ ਦਫ਼ਤਰ 'ਚ ਹੋਈ। ਮੈਂ ਸੰਪਾਦਕ ਗੁਰਮਤਿ ਪ੍ਰਕਾਸ਼ ਵਜੋਂ ਸ਼੍ਰੋਮਣੀ ਕਮੇਟੀ 'ਚ ਭਰਤੀ ਹੋਣ ਉਪਰੰਤ ਪਹਿਲੀ ਵਾਰ ਨਵੰਬਰ, ੧੯੮੯ ਈ. 'ਚ ਉਨ੍ਹਾਂ ਨੂੰ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ 'ਚ ਮਿਲਣ ਗਿਆ। ਉਨ੍ਹਾਂ ਦਾ ਪਹਿਲਾ ਸਵਾਲ ਸੀ, ਗੁਰਮਤਿ ਪ੍ਰਕਾਸ਼ ਦੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰ ਸਕੋਗੇ? ਮੈਂ ਹਾਂ ਕੀਤੀ ਤਾਂ ਉਨ੍ਹਾਂ ਕਿਹਾ ਵਿਸ਼ੇਸ਼ ਅੰਕਾਂ ਵਾਸਤੇ, ਵਿਸ਼ੇਸ਼ ਲੇਖ ਗੁਰਬਾਣੀ ਦੀਆਂ ਪੰਗਤੀਆਂ ਅਧਾਰਿਤ ਵਿਸ਼ੇ 'ਤੇ ਹੋਣੇ ਚਾਹੀਦੇ ਹਨ? ਮੇਰੇ ਮੂੰਹੋਂ ਸੁਭਾਵਕ ਨਿਕਲ ਗਿਆ! ਤੁਸੀ ਵਿਸ਼ੇ ਬੋਲੋ ਮੈਂ ਗੁਰਬਾਣੀ ਦੀ ਪੰਗਤੀ ਬੋਲਾਂਗਾ। ਉਨ੍ਹਾਂ ਵਿਸ਼ੇ ਬੋਲੇ ਮੇਰੇ ਪਾਸੋਂ ਸਤਿਗੁਰੂ ਨੇ ਗੁਰਬਾਣੀ ਦੀਆਂ ਇਕ ਵਿਸ਼ੇ ਨਾਲ ਸੰਬੰਧਤ ਤਿੰਨ-ਤਿੰਨ ਪੰਗਤੀਆਂ ਬੁਲਾ ਲਈਆਂ! ਫਿਰ ਕੀ ਸੀ ਗੁਰਬਾਣੀ-ਗੁਰਮਤਿ ਦੇ ਪ੍ਰੇਮੀ ਕਲਕੱਤਾ ਜੀ ਨੇ ਮੈਨੂੰ ਕੁਰਸੀ ਤੋਂ ਉੱਠ ਕੇ ਬਗਲ 'ਚ ਲਿਆ-ਪਿਆਰ ਕੀਤਾ-ਇਸ ਪਿਆਰ ਮਿਲਨੀ ਨੇ ਮੈਨੂੰ ਕਲਕੱਤਾ ਜੀ ਦੀ ਪਿਆਰ ਗਲਵੱਕੜੀ ਵਿਚ ਹਮੇਸ਼ਾ ਲਈ ਲੈ ਲਿਆ।
ਅਕਾਲ ਪੁਰਖ ਦੇ ਦਰ ਤੋਂ ਵਰੋਸਾਈ ਗੁਰਮੁੱਖ ਸ਼ਖ਼ਸੀਅਤ, ਗੁਰੂ-ਘਰ ਨਾਲ ਰੋਮ-ਰੋਮ ਤੋਂ ਸਮਰਪਿਤ, ਸ਼ਰਧਾ ਭਾਵਨਾ ਨਾਲ ਸ਼ਰਸ਼ਾਰ ਨਿਸ਼ਠਾਵਾਨ ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਸ੍ਰ. ਮਨਜੀਤ ਸਿੰਘ ਕਲਕੱਤਾ ਦਾ ਜਨਮ ੧੩ ਜੂਨ, ੧੯੩੮ ਈ. ਨੂੰ ਸ੍ਰ. ਕਿਸ਼ਨ ਸਿੰਘ ਦੇ ਘਰ ਭਾਰਤ ਦੇ ਪ੍ਰਮੁੱਖ ਸ਼ਹਿਰ ਕਲਕੱਤਾ ਵਿਚ ਹੋਇਆ। ਕਲਕੱਤੇ ਤੋਂ ਇਨ੍ਹਾਂ ਨੇ ਆਰੰਭਕ ਤੇ ਉਚੇਰੀ ਵਿਦਿਆ ਪ੍ਰਾਪਤ ਕੀਤੀ। ਐਮ.ਏ. ਅੰਗਰੇਜ਼ੀ ਕਰਨ ਉਪਰੰਤ ਵੀ ਇਨ੍ਹਾਂ ਦਾ ਮਨਪਸੰਦ ਵਿਸ਼ਾ ਦਰਸ਼ਨ ਸ਼ਾਸਤਰ ਤੇ ਤਰਕ ਗਿਆਨ ਹੀ ਰਿਹਾ। ਗੁਰਮਤਿ ਗਿਆਨ ਸਿੱਖੀ ਜੀਵਨ ਜਾਚ ਦੀ ਆਰੰਭਕ ਸਿੱਖਿਆ ਇਨ੍ਹਾਂ ਨੇ ਸਿੱਖ ਵਿਸ਼ਵਾਸਾਂ ਨਾਲ ਉੱਤ-ਪੋਤ ਪਰਿਵਾਰਕ ਪਿਛੋਕੜ ਅਤੇ ਪਰਪੱਕਤਾ, ਪ੍ਰੋੜਤਾ, ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ, ਸਿੱਖ ਰਹਿਤ ਮਰਯਾਦਾ, ਪਰੰਪਰਾਵਾਂ ਨਾਲ ਜੀਵਨ ਭਰ ਸਮਰਪਿਤ ਭਾਵਨਾ ਨਾਲ ਜੁੜ ਕੇ ਪ੍ਰਾਪਤ ਕੀਤੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਢਲੇ ਦੌਰ ਵਿਚ ਇਨ੍ਹਾਂ ਸਰਗਰਮੀ ਨਾਲ ਸ਼ਮੂਲੀਅਤ ਕਰਕੇ, ਰੰਗ ਰਤੀਆਂ ਸਿੱਖ ਸ਼ਖ਼ਸੀਅਤਾਂ ਦੀ ਸੰਗਤ ਸਦਕਾ ਆਪਣੀ ਸ਼ਖ਼ਸੀਅਤ ਨੂੰ ਸਿੱਖੀ ਦੇ ਗੂੜੇ ਰੰਗ ਵਿਚ ਰੰਗ ਲਿਆ। ਸਿੱਖ ਸਟੂਡੈਂਟ ਫੈਡਰੇਸ਼ਨ ਵਿਚ ਇਕ ਵਿਦਿਆਰਥੀ ਵਜੋਂ ਸ਼ਮੂਲੀਅਤ ਕਰ, ਜਨਰਲ ਸਕੱਤਰ ਤੇ ਪ੍ਰਧਾਨ ਦੀ ਪਦਵੀ ਪ੍ਰਾਪਤ ਕਰਨ ਤੀਕ ਸਿਖਿਆਰਥੀਆਂ ਨੂੰ ਸਿੱਖ ਵਿਰਸੇ, ਵਿਚਾਰਧਾਰਾ ਨਾਲ ਜੋੜਨ ਲਈ ਸੈਂਕੜੇ ਕੈਂਪ ਆਯੋਜਿਤ ਕੀਤੇ। ਸਿੱਖੀ ਸਿਦਕ ਭਰੋਸੇ ਨਾਲ ਸਰਸ਼ਾਰ ਸ੍ਰ. ਮਨਜੀਤ ਸਿੰਘ ਜੀ ਕਲਕੱਤਾ ਦੇ ਮਨ, ਦਿਲ-ਦਿਮਾਗ ਵਿਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਚਾਉ-ਉਮਾਅ ਸੀ।
ਰਾਜਸੀ ਜੀਵਨ ਵਿਚ ਸ੍ਰ. ਕਲਕੱਤਾ ਨੇ ਖੂਬ ਮੱਲਾਂ ਮਾਰੀਆਂ, ਪਾਰਟੀ ਦੇ ਨੀਤੀ ਘਾੜਿਆਂ ਵਿਚ ਸ਼ਾਮਿਲ ਰਹੇ, ਪਰ ਸਿੱਖ ਸੋਚ ਨੂੰ ਸਮਰਪਿਤ ਹੋਣ ਕਾਰਣ ਸਿੱਖ ਸਿਧਾਂਤਾਂ ਨਾਲ ਕਦੇ ਸਮਝੌਤਾ ਨਹੀਂ ਕੀਤਾ। ਜਿਸ ਕਰਕੇ ਰਾਜਸੀ ਸਤਰੰਜ ਦੀ ਬਾਜ਼ੀ ਤਾਂ ਹਾਰ ਗਏ ਪਰ ਸਿੱਖ ਸਿਧਾਤਾਂ ਦੇ ਪਹਿਰੇਦਾਰ ਵਜੋਂ ਆਪਣੀ ਪਹਿਚਾਣ ਸਥਾਪਿਤ ਕਰਨ 'ਚ ਸਫਲ ਹੋ ਗਏ, ਰਾਜਸੀ ਖੇਤਰ ਵਿਚ ਇਨ੍ਹਾਂ ਦਾ ਪ੍ਰਵੇਸ਼ ੧੯੫੫ ਈ. ਵਿਚ ਪੰਜਾਬੀ ਸੂਬੇ ਦੇ ਨਾਅਰੇ ਦੇ ਮੋਰਚੇ ਸਮੇਂ ਹੁੰਦਾ ਹੈ। ੧੯੬੦ ਈ. ਵਿਚ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਪ੍ਰਿੰ. ਸਤਿਬੀਰ ਸਿੰਘ, ਪ੍ਰਿੰ. ਭਰਪੂਰ ਸਿੰਘ, ਸ੍ਰ ਭਾਨ ਸਿੰਘ ਵਰਗੀਆਂ ਸਿੱਖ ਸ਼ਖ਼ਸੀਅਤਾਂ ਨਾਲ ਨੇੜਤਾ ਵਿਚ ਕੰਮ ਕਰਨ ਦਾ ਇਨ੍ਹਾਂ ਨੂੰ ਮੌਕਾ ਮਿਲਿਆ। ਇਸ ਸਮੇਂ ਹੀ ਕਲਕੱਤਾ ਜੀ ਸ੍ਰੀ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿਚ ਰਹਿ ਕੇ ਕਾਰਜਸ਼ੀਲ ਹੋਏ। ਫੇਰ ਇਨ੍ਹਾਂ ਦੀ ਡਿਊਟੀ ਕਲਕੱਤੇ ਤੋਂ ਪੰਜਾਬੀ ਸੂਬੇ ਦੇ ਮੋਰਚੇ ਲਈ ਜਥੇ ਤਿਆਰ ਕਰਕੇ ਭੇਜਣ ਹਿੱਤ ਲੱਗੀ ਤਾਂ ਇਨ੍ਹਾਂ ਨੇ ੨੫ ਦੇ ਕਰੀਬ ਜਥੇ ਤਿਆਰ ਕਰਕੇ ਭੇਜੇ 'ਤੇ ਆਰਥਿਕ ਸਹਾਇਤਾ ਵਿਚ ਵੀ ਇਹ ਵੱਡੇ ਸਹਿਯੋਗੀ ਬਣੇ। 'ਡਿਮਾਂਡ ਫਾਰ ਪੰਜਾਬੀ ਸੂਬਾ' ਨਾਮੀ ੬੪ ਪੇਜ ਦੀ ਅੰਗਰੇਜ਼ੀ 'ਚ ਕਿਤਾਬਚਾ ਪ੍ਰਕਾਸ਼ਿਤ ਕੀਤਾ ਅਤੇ ਵੰਡਿਆ। ਪੰਜਾਬੀ ਸੂਬੇ ਦੇ ਹੱਕ ਵਿਚ ਪੱਛਮੀ ਬੰਗਾਲ 'ਚ ਪਹਿਲੀ ਕਾਨਫਰੰਸ ਕਰਵਾਈ ਜਿਸ ਵਿਚ ਜੋਤੀ ਬਾਸੂ ਵਰਗੇ ਨੇਤਾ ਵੀ ਸ਼ਾਮਿਲ ਹੋਏ।
੧੯੬੩ ਈ. ਵਿਚ ਸ੍ਰ. ਮਨਜੀਤ ਸਿੰਘ ਕਲਕੱਤਾ ਨੂੰ ਪੂਰਬੀ ਭਾਰਤ ਦੇ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਸਾਲ ਵਿਚ ਹੀ ਇਹ ਸ੍ਰੀ ਗੁਰੂ ਸਿੰਘ ਸਭਾ ਕਲਕੱਤਾ ਦੇ ਮੈਂਬਰ ਚੁਣੇ ਗਏ। ੧੯੬੬ ਈ. ਵਿਚ ਸ੍ਰੀ ਗੁਰੂ ਸਿੰਘ ਸਭਾ, ਬੜਾ ਸਿੱਖ ਸੰਗਤ ਕਲਕੱਤਾ ਵਿਚ ਸਾਰੇ ਨੌਜਵਾਨ ਸਿੱਖ ਆਗੂ ਚੁਣੇ ਗਏ। ਸਿੱਖ ਰੀਵੀਊ ਸਿੱਖਾਂ ਦਾ ਇਕੋ-ਇਕ ਅੰਗਰੇਜ਼ੀ ਦਾ ਸਥਾਪਿਤ ਮਾਸਿਕ ਪੱਤਰ ਹੈ, ਜਿਸਦੀ ਸ਼ੁਰੂਆਤ ਤੇ ਸਫਲਤਾ ਵਿਚ ਸ੍ਰ. ਕਲਕੱਤਾ ਨੇ ਚੋਖਾ ਯੋਗਦਾਨ ਪਾਇਆ। ੧੯੬੬ ਈ. ਵਿਚ ਪੰਜਾਬੀ ਸੂਬੇ ਦੀ ਪ੍ਰਾਪਤੀ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫ਼ਤਹਿ ਸਿੰਘ ਕਲਕੱਤਾ ਗਏ ਤਾਂ ਉਨ੍ਹਾਂ ਦਾ ਸੁਹਾਣਾ ਸੁਆਗਤ ਸਿੱਖ ਸੰਗਤਾਂ ਵੱਲੋਂ ਕਰਨ 'ਚ ਕਲਕੱਤਾ ਜੀ ਦਾ ਮੋਹਰੀ ਰੋਲ ਸੀ।
ਕਲਕੱਤਾ ਜੀ ਉਚੇਰੀ ਵਿਦਿਆ ਪ੍ਰਾਪਤ ਕਰਕੇ ਪਿਤਾ ਪੁਰਖੀ ਕਾਰੋਬਾਰ ਦਾ ਹਿੱਸਾ ਨਹੀਂ ਬਣੇ ਸਗੋਂ ਇਕ ਲਿਮਟਿਡ ਕੰਪਨੀ ਵਿਚ ਨੌਕਰੀ ਸ਼ੁਰੂ ਕਰਕੇ ਆਲ ਇੰਡੀਆ ਮਾਰਕੀਟਿੰਗ ਮੈਨੇਜਰ ਦੇ ਅਹੁਦੇ 'ਤੇ ਪਹੁੰਚੇ। ਕਲਕੱਤਾ ਜੀ ਦਾ ਮਿਸ਼ਨ ਪੈਸਾ ਕਮਾਉਣਾ ਨਹੀਂ ਸੀ, ਇਹ ਤਾਂ ਜੀਵਨ ਨਿਰਬਾਹ ਦਾ ਇਕ ਹਿੱਸਾ ਸੀ। ੧੯੭੪ ਈ. ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਸਮੇਂ ਸ੍ਰੀ ਗੁਰੁ ਸਿੰਘ ਸਭਾ ਬੜਾ ਸਿੱਖ ਸੰਗਤ, ਕਲਕੱਤਾ ਵਿਖੇ ਬੁਲਾਇਆ ਗਿਆ। ਟੌਹੜਾ ਸਾਹਿਬ ਨੇ ਸਿੱਖ ਸੰਗਤਾਂ ਦਾ ਇਸ ਕਰਕੇ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਕ ਪੜ੍ਹੇ-ਲਿਖੇ ਨੌਜਵਾਨ ਨੂੰ ਇਤਿਹਾਸਕ ਗੁਰੁ-ਘਰ ਦੇ ਪ੍ਰਬੰਧ ਦਾ ਮੁੱਖ ਪ੍ਰਬੰਧਕ ਬਣਾਇਆ ਹੈ। ਟੌਹੜਾ ਸਾਹਿਬ ਨਾਲ ਇਹ ਪਹਿਲੀ ਮੁਲਾਕਾਤ ਅੰਤਿਮ ਸਾਹਾਂ ਤੀਕ ਨਿਭ ਗਈ। ੧੯੭੫ ਈ. ਵਿਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ੩੦੦ ਸਾਲਾ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮਾਂ ਨੂੰ ਉਲੀਕਣ ਦੇ ਰੂਹੇ-ਰਵਾਂ ਕਲਕੱਤਾ ਜੀ ਹੀ ਸਨ। ਕਲਕੱਤੇ ਵਿਚ ਸਰਬ ਹਿੰਦ ਵਿਦਿਅਕ ਕਾਨਫਰੰਸ ਲਈ ਕਲਕੱਤਾ ਜੀ ਹੀ ਪ੍ਰਮੁੱਖ ਪ੍ਰਬੰਧਕ ਸਨ। ੧੯੭੭-੭੯ ਈ. ਵਿਚ ਕਲਕੱਤਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਜਨਰਲ ਸਕੱਤਰ ਦੇ ਅਹੁਦੇ 'ਤੇ ਬਿਰਾਜਮਾਨ ਹੋਏ। ਇਹ ਇਨ੍ਹਾਂ ਦੇ ਮਿੱਠ-ਬੋਲੜੇ ਮਿਲਾਪੜੇ ਤੇ ਗੁਰਮੁੱਖ ਸੁਭਾਅ ਦੀ ਪ੍ਰਤੱਖ ਉਦਾਹਰਣ ਹੈ ਕਿ ਕਲਕੱਤੇ ਤੋਂ ਦਿੱਲੀ 'ਚ ਨੌਕਰੀ ਵਾਸਤੇ ਆਉਣਾ ਤੇ ਮੈਂਬਰ/ ਜਨਰਲ ਸਕੱਤਰ ਚੁਣੇ ਜਾਣਾ। ਦਿੱਲੀ ਕਮੇਟੀ ਵੱਲੋਂ ਗੁਰਬਾਣੀ ਇਸੁ ਜਗ ਮਹਿ ਚਾਨਣੁ... ਦੇ ਸਿਧਾਂਤ ਨੂੰ ਪ੍ਰਚਾਰਣ-ਪ੍ਰਸਾਰਨ ਤੇ ਵਿਦਿਆ ਦੇ ਪ੍ਰਸਾਰ ਲਈ ਸ੍ਰ. ਕਲਕੱਤਾ ਦੀ ਦੇਖ-ਰੇਖ ਹੇਠ ਸ੍ਰੀ ਗੁਰੁ ਹਰਿਕ੍ਰਸ਼ਨ ਪਬਲਿਕ ਸਕੂਲ ਸ਼ੁਰੂ ਕੀਤੇ ਗਏ ਜੋ ਅੱਜ ਸਿਖਿਆ ਦੇ ਖੇਤਰ ਵਿਚ ਬੁਲੰਦੀਆਂ ਨੂੰ ਛੂਹ ਰਹੇ ਹਨ। ਪੰਜਾਬ ਐਂਡ ਸਿੰਧ ਬੈਂਕ ਦੇ ਕੌਮੀਕਰਨ ਦਾ ਵਿਰੋਧ ਸਭ ਤੋਂ ਪਹਿਲਾਂ ਦਿੱਲੀ ਕਮੇਟੀ ਵੱਲੋਂ ਕਲਕੱਤਾ ਜੀ ਦੀ ਅਗਵਾਈ ਵਿਚ ਕੀਤਾ ਗਿਆ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀ ਗ੍ਰਿਫਤਾਰੀ ਵਿਰੁੱਧ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਨਿਵਾਸ ਦਾ ਘਿਰਾਉ ਤੇ ਰੋਸ ਮੁਜ਼ਾਹਰਾ ਵੀ ਸ੍ਰ. ਕਲਕੱਤਾ ਦੀ ਅਗਵਾਈ ਵਿਚ ਹੋਇਆ।
ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਸਮੇਂ ਦਿੱਲੀ ਦੇ ਬਜ਼ਾਰਾਂ 'ਚ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਜਲੂਸ ਕੱਢੇ ਗਏ। ਨੌਵੀਆਂ ਏਸ਼ੀਆਈ ਖੇਡਾਂ ਸਮੇਂ ਸਿੱਖਾਂ ਨਾਲ ਦੇਸ਼ ਭਰ ਵਿਚ ਬਹੁਤ ਵਧੀਕੀ ਕੀਤੀ ਗਈ, ਜਿਸ ਦਾ ਵਿਰੋਧ ਕਰਨ 'ਤੇ ਸ੍ਰ. ਮਨਜੀਤ ਸਿੰਘ ਕਲਕੱਤਾ ਨੂੰ ਦਿੱਲੀ 'ਚ ਸਭ ਤੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ। ਧਰਮ ਯੁੱਧ ਮੋਰਚੇ ਦੌਰਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਆਪਣੇ ਪ੍ਰਤੀਨਿੱਧ ਵਜੋਂ ਸ੍ਰ. ਮਨਜੀਤ ਸਿੰਘ ਕਲਕੱਤਾ ਨੂੰ ਪ੍ਰਚਾਰ ਲਈ ਭੇਜਿਆ। ਲਗਭਗ ੯ ਮਹੀਨੇ ਇਨ੍ਹਾਂ ਨੇ ਅਮਰੀਕਾ, ਕਨੇਡਾ 'ਚ ਰੇਡੀਓ, ਟੀ. ਵੀ ਤੇ ਗੁਰੁ ਘਰਾਂ ਵਿਚ ਸਿੱਖ ਸਿਧਾਂਤਾਂ ਦਾ ਪ੍ਰਚਾਰ-ਪ੍ਰਸਾਰ ਕੀਤਾ। ਪੰਜਾਬੀ, ਹਿੰਦੀ, ਬੰਗਲਾ ਤੇ ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਹੋਣ ਸਦਕਾ ਕਲਕੱਤਾ ਜੀ ਦੇਸ਼-ਵਿਦੇਸ਼ 'ਚ ਸਫਲ ਬੁਲਾਰੇ ਵਜੋਂ ਸਫਲਤਾ ਦੀਆਂ ਸਰਬੁਲੰਦੀਆਂ ਤੇ ਪਹੁੰਚੇ। ਵਿਦੇਸ਼ ਤੋਂ ਵਾਪਸੀ ਸਮੇਂ ਦਿੱਲੀ ਹਵਾਈ ਅੱਡੇ 'ਤੇ ਸ੍ਰ. ਕਲਕੱਤਾ ਨੂੰ ਟਾਡਾ, ਟਰੀਜ਼ਨ, ਐਨ. ਐਸ. ਏ. ਆਦਿ ਕਾਲੇ ਕਾਨੂੰਨਾਂ ਅਧੀਨ ਗ੍ਰਿਫਤਾਰ ਕਰ ਲਿਆ ਗਿਆ। ਧਰਮ ਯੁੱਧ ਮੋਰਚੇ ਦੌਰਾਨ ਸ੍ਰ. ਕਲਕੱਤਾ ਇਕੋ-ਇਕ ਅਕਾਲੀ ਨੇਤਾ ਸਨ ਜਿਨ੍ਹਾਂ ਦੇ ਘਰ ਦੀ ਕੁਰਕੀ ਹੋਈ।
੧੯ ਅਗਸਤ, ੧੯੮੮ ਈ. ਨੂੰ ਇਨ੍ਹਾਂ ਦੇ ਮਿਤਰ-ਪਿਆਰੇ ਸ੍ਰ. ਭਾਨ ਸਿੰਘ ਸਕੱਤਰ, ਸ਼੍ਰੋਮਣੀ ਕਮੇਟੀ ਦੇ ਕਤਲ ਉਪਰੰਤ ਇਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੱਤਰ ਦੀ ਸੇਵਾ ਸੌਂਪੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਮੇਂ ਬਿਖਮ ਹਾਲਾਤਾਂ 'ਚੋਂ ਲੰਘ ਰਹੀ ਸੀ। ਰਾਜਸੀ ਖਲਾਅ, ਆਰਥਿਕ ਮੰਦਹਾਲੀ ਸਿੱਖ ਨਸਲਕੁਸ਼ੀ ਤੇ ਸਰਕਾਰੀ ਜ਼ੁਲਮਾਂ ਕਾਰਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਵਿੱਖ ਵੀ ਬਹੁਤ ਧੁੰਦਲਾ ਸੀ। ਸਰਕਾਰ ਦੀਆਂ ਨਜ਼ਰਾਂ ਵਿਚ ਇਹ ਸ਼੍ਰੋਮਣੀ ਸੰਸਥਾ ਰੜਕਦੀ ਸੀ। ਸ੍ਰ. ਮਨਜੀਤ ਸਿੰਘ ਕਲਕੱਤਾ ਦੀ ਦੂਰ-ਅੰਦੇਸ਼ੀ, ਦਲੇਰੀ, ਦ੍ਰਿੜਤਾ, ਮਿਲਾਪੜੇ ਸੁਭਾਅ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਵਿਚ ਸਫਲ ਹੋਈ। ਸ੍ਰ. ਕਲਕੱਤਾ ਨੇ ਆਪਣੀ ਸੂਝ-ਸਮਝ ਨਾਲ ਅਮਰੀਕੀ ਸੈਨੇਟਰ ਕਲਾਰਕ ਸਟੀਫਨ ਤੇ ਅਮਰੀਕੀ ਸਫੀਰ ਨੂੰ ਅੰਮ੍ਰਿਤਸਰ ਬੁਲਾਇਆ ਅਤੇ ਸਿੱਖਾਂ 'ਤੇ ਹੋਏ ਜ਼ੁਲਮੋ ਤਸ਼ੱਦਦ ਬਾਰੇ ਜਾਣੂ ਕਰਵਾਇਆ। ਅੰਤਰਰਾਸ਼ਟਰੀ ਦਬਾਅ ਪੈਦਾ ਕਰਕੇ, ਨਜ਼ਰਬੰਦ ਸਿੱਖ ਨੇਤਾਵਾਂ ਦੀ ਰਿਹਾਈ ਲਈ ਯਤਨ ਆਰੰਭੇ ਗਏ। ੧੯੮੪ ਈ. ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਵਾਪਰੇ ਤੀਸਰੇ ਘੱਲੂਘਾਰੇ ਸਮੇਂ ਸਰਕਾਰੀ ਪਾਬੰਦੀਆਂ ਦੀ ਦਹਿਸ਼ਤ ਸਦਕਾ ਸ੍ਰੀ ਹਰਿਮੰਦਰ ਸਾਹਿਬ 'ਚ ਸਿੱਖ ਸੰਗਤਾਂ ਦੀ ਆਮਦ ਵੀ ਬਹੁਤ ਘਟ ਗਈ ਸੀ। ਕਲਕੱਤਾ ਜੀ ਨੇ ਦੂਰ ਦ੍ਰਿਸ਼ਟੀ ਸਦਕਾ ਦਰਸ਼ਨ ਇਸ਼ਨਾਨ ਪੰਦਰਵਾੜੇ ਸ਼ੁਰੂ ਕੀਤੇ, ਜਿਸ ਨਾਲ ਸੰਗਤਾਂ ਗੁਰੁ-ਘਰ ਵੱਲ ਪ੍ਰੇਰਿਤ ਹੋਈਆਂ। ੧੯੯੫ ਈ. ਵਿਚ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਵਿਸ਼ਵ ਸਿੱਖ ਸੰਮੇਲਨ ਕਰਾਉਣ ਦਾ ਸੁਭਾਗ ਸ. ਕਲਕੱਤਾ ਦੀ ਸੋਚ ਸਮਝ ਤੇ ਸਮਰੱਥਾ ਸਦਕਾ ਹੀ ਬਣਿਆ। ੧੯੯੬ ਈ. ਵਿਚ ਸ. ਕਲਕੱਤਾ ਦੇ ਸਕੱਤਰ ਸ਼੍ਰੋਮਣੀ ਗੁ: ਪ੍ਰ: ਕਮੇਟੀ ਸਮੇਂ ਤੇ ਹੀ ਇੰਗਲੈਂਡ ਦੀ ਮਹਾਰਾਣੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾ ਵਾਸਤੇ ਸ੍ਰੀ ਅੰਮ੍ਰਿਤਸਰ ਆਈ। ਸਿੱਖਾਂ ਦੀ ਸ਼੍ਰੋਮਣੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਵਿਸ਼ਵ-ਵਿਆਪੀ ਪ੍ਰਵਾਨਗੀ ਤੇ ਸਥਾਪਤੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨਗੀ ਕਾਲ ਤੇ ਸ੍ਰ. ਮਨਜੀਤ ਸਿੰਘ ਕਲਕੱਤਾ ਦੇ ਮੁੱਖ ਸਕੱਤਰ ਹੋਣ ਸਮੇਂ ਹੀ ਨਸੀਬ ਹੋ ਸਕੀ। ਸ੍ਰ. ਮਨਜੀਤ ਸਿੰਘ ਕਲਕੱਤਾ ਦੇ ਜੀਵਨ ਤੇ ਝਾਤ ਪਾਉਂਦਿਆਂ ਹੈਰਾਨੀ ਹੁੰਦੀ ਹੈ ਕਿ ਇਕ ਸਧਾਰਨ ਗੁਰਸਿੱਖ ਪਰਿਵਾਰ ਵਿਚ ਕਲਕੱਤਾ ਵਰਗੀ ਮਹਾਂਨਗਰੀ ਵਿਚ ਪੈਦਾ ਹੋ ਕੇ, ਦੇਸ਼ ਦੀ ਰਾਜਧਾਨੀ ਤੇ ਰਾਜਸੀ ਗਤੀਵਿਧੀਆਂ ਦੇ ਕੇਂਦਰ ਦਿੱਲੀ ਦੇ ਰਾਜਨੀਤਿਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਅ, ਅੰਮ੍ਰਿਤਸਰ ਦੇ ਪਵਿੱਤਰ ਇਤਿਹਾਸਕ ਸ਼ਹਿਰ ਵਿਚ ਸੇਵਾ ਕਰਕੇ ਆਪਣੀ ਪਹਿਚਾਣ ਵਿਸ਼ਵ ਭਰ 'ਚ ਸਥਾਪਤ ਕਰ ਸਕੇ। ਕਲਕੱਤਾ ਜੀ ਸਿੱਖਾਂ ਦੀ ਸਿਰਮੌਰ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਤੇ ਪ੍ਰਧਾਨ, ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਵੀ ਰਹੇ ਪਰ ਕਲਕੱਤਾ ਜੀ ਕਿਸੇ ਅਹੁਦੇ ਦੇ ਮੁਹਤਾਜ ਨਹੀਂ ਸਨ, ਬਲਕਿ ਉਨ੍ਹਾਂ ਦੀ ਪਹਿਚਾਣ ਸਿੱਖੀ ਨੂੰ ਸਮਰਪਿਤ ਹੋਣ ਕਰਕੇ ਵਿਸ਼ਵ ਵਿਚ ਸਥਾਪਿਤ ਹੋਈ। ਸਮੁੱਚੇ ਜੀਵਨ 'ਤੇ ਜੇਕਰ ਝਾਤ ਪਾਈ ਜਾਵੇ ਤਾਂ ਕਲਕੱਤਾ ਜੀ ਸਫਲ ਪ੍ਰਬੰਧਕ ਵਿਦਵਾਨ-ਬੇਬਾਕ ਲੇਖਕ ਤੇ ਬੁਲਾਰੇ, ਗੁਰਮਤਿ ਗਿਆਨ ਦੀ ਅਮੁੱਕ ਜਗਿਆਸਾ ਰੱਖਣ ਵਾਲੇ ਗੁਰਮੁੱਖ ਸ਼ਖ਼ਸੀਅਤ, ਨਿਮਰਤਾ-ਹਲੀਮੀ ਆਦਿ ਗੁਣਾਂ ਦੇ ਵਹਿੰਦੇ ਦਰਿਆ ਸਨ। ਸਰੀਰ ਕਰਕੇ ਸਦੀਵੀ ਵਿਛੋੜਾ ਦੇ ਗਏ ਪਰ ਉਨ੍ਹਾਂ ਵੱਲੋਂ ਮਿਲੀ ਪ੍ਰੇਰਣਾ ਹਮੇਸ਼ਾਂ ਸਾਡਾ ਮਾਰਗ ਦਰਸ਼ਨ ਕਰਦੀ ਰਹੇਗੀ।
ਮੈਨੂੰ ਇਹ ਲਿਖਣ ਵਿਚ ਵੀ ਕੋਈ ਝਿਜਕ ਨਹੀਂ ਕਿ ਜੋ ਕੁਝ ਮੈਂ ਅੱਜ ਹਾਂ ਉਹ ਗੁਰੁ ਰਾਮਦਾਸ ਜੀ ਦੀ ਬਖਸ਼ਿਸ ਤੇ ਸ੍ਰ. ਕਲਕੱਤਾ ਦੀ ਪ੍ਰੇਰਨਾ-ਉਤਸ਼ਾਹ ਸਦਕਾ ਹੀ ਹਾਂ। ਸਾਝ ਕਰੀਜੈ ਗੁਣਹ ਕੇਰੀ..... ਦੇ ਧਾਰਨੀ ਕਲਕੱਤਾ ਜੀ ਦੇ ਜਾਣਕਾਰ ਸੱਜਣ ਸਨੇਹੀ ਇਸ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਉਹ ਸਭ ਤੋਂ ਵੱਧ ਮੈਨੂੰ ਪਿਆਰ ਕਰਦੇ ਸਨ। ਕੰਮ ਕਰਵਾਉਣ ਦੀ ਸਮਰੱਥਾ ਜੋ ਕਰਤਾ ਪੁਰਖ ਨੇ ਕਲਕੱਤਾ ਜੀ ਨੂੰ ਬਖਸ਼ੀ ਸੀ, ਉਸ ਦੀ ਦੂਸਰੀ ਮਿਸਾਲ ਮਿਲਣੀ ਮੁਸ਼ਕਿਲ ਹੈ। ਗੁਰਮਤਿ ਵਿਚਾਰਾਂ ਕਰਨ ਵਾਸਤੇ ਉਨ੍ਹਾਂ ਪਾਸ ਹਮੇਸ਼ਾ ਸਮਾਂ ਹੁੰਦਾ ਸੀ, ਪਰ ਕਿਸੇ ਦੇ ਛਿਦਰ ਭਾਲਣ ਲਈ ਉਨ੍ਹਾਂ ਪਾਸ ਕਦੇ ਸਮਾਂ ਨਹੀਂ ਸੀ।
ਗੁਰਬਾਣੀ, ਗੁਰਮਤਿ ਵਿਚਾਰਧਾਰਾ, ਸਿੱਖ ਇਤਿਹਾਸ ਦੀ ਵਿਚਾਰ ਚਰਚਾ ਕਰਦਿਆਂ ਉਹ ਕਦੇ ਅੱਕਦੇ-ਥੱਕਦੇ ਨਹੀਂ ਸਨ। ਦਫ਼ਤਰੀ ਕੰਮਾਂ ਨਾਲੋਂ ਵੀ ਹਮੇਸ਼ਾ ਉਹ ਵਿਦਵਾਨ ਲੇਖਕਾਂ ਬੁਲਾਰਿਆਂ ਨਾਲ ਸਮਾਂ ਸਫਲਾ ਕਰਕੇ ਖੜਾਉ 'ਚ ਵਿਚਰਦਿਆਂ ਅਗੰਮੀ ਖੁਸ਼ੀ ਮਹਿਸੂਸ ਕਰਦੇ ਸਨ। ਬੋਲਹੁ ਸਚੁ ਨਾਮੁ ਕਰਤਾਰ॥ ਫੁਨਿ ਬਹੁੜਿ ਨ ਆਵਣ ਵਾਰ॥ ਦੇ ਧਾਰਨੀ ਕਲਕੱਤਾ ਜੀ ਆਪਣੀ ਜੀਵਨ ਯਾਤਰਾ ਸਫਲੀ ਕਰਕੇ ਜਨਮ-ਮਰਨ ਸੁਆਰ ਗਏ ਹਨ।
ਉਨ੍ਹਾਂ ਦਾ ਨਿਰਮਲ ਦਾੜਾ, ਗੁਰਮੁੱਖ ਚਿਹਰਾ ਹਰ ਸਮੇਂ ਗੁਰਮਤਿ ਦੀ ਬਾਤ ਪਾਉਂਦਾ ਪ੍ਰਤੀਤ ਹੁੰਦਾ, ਪ੍ਰੇਰਨਾ ਦਾ ਵਹਿੰਦਾ ਦਰਿਆ ਸਨ ਸ੍ਰ. ਕਲਕੱਤਾ। ਮੇਰੇ ਵਰਗੇ ਅਲਪੱਗ ਨੂੰ ਗੁਰਮਤਿ ਗਾਡੀ ਰਾਹ ਦਾ ਪਾਂਧੀ ਬਣਾਉਣਾ, ਹਰ ਸਮੇਂ ਮਾਣ ਪਿਆਰ ਦੇਣਾ ਗੁਰਮਤਿ ਦੇ ਉੱਚ ਦੁਮਾਲੜੇ ਕਲਕੱਤਾ ਜੀ ਹੀ ਸਮਰੱਥ ਸਨ। ੧੯੮੯ ਈ. ਤੋਂ ਮੈਨੂੰ ਆਖਰੀ ਸਾਹਾਂ ਤੀਕ ਕਲਕੱਤਾ ਜੀ ਦੀ ਗੁਰਮਤਿ ਰੰਗ-ਰੱਤੜੀ ਸੰਗਤ ਦੀ ਘਣੀ-ਸੰਗਣੀ ਛਾਂ ਮਾਨਣ ਦਾ ਮੌਕਾ ਨਸੀਬ ਹੋਇਆ। ਗੁਰਮਤਿ ਦੀ ਵਡਿਆਈ ਤਾਂ ਹਰ ਸਮੇਂ ਕਰਦੇ ਪਰ ਮੈਂ ਕਦੇ ਵੀ ਉਨ੍ਹਾਂ ਨੂੰ ਆਪਣੇ ਪਰਿਵਾਰ-ਵਿਉਪਾਰ ਦੀ ਵਡਿਆਈ ਕਰਦਿਆਂ ਨਹੀਂ ਸੁਣਿਆ। ਦਫ਼ਤਰੀ ਸਮੇਂ ਵੀ ਕਦੇ ਕਿਸੇ ਮੁਲਾਜ਼ਮ ਦੀ ਚੁਗਲੀ ਨਿੰਦਾ ਸੁਣਨ ਨੂੰ ਤਿਆਰ ਨਹੀਂ ਸਨ ਹੁੰਦੇ ਪਰ, ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ॥ ਸੁਣ ਸੁਣਾ ਕੇ ਕਦੇ ਅੱਕਦੇ-ਥੱਕਦੇ ਨਹੀਂ ਸਨ। ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਵਿਸਮਾਦਿਤ ਹੋ ਸਮਾਂ-ਸਥਾਨ ਵੀ ਭੁੱਲ ਜਾਂਦੇ। ਕਲਕੱਤਾ ਜੀ ਦੇ ਸਦੀਵੀ ਵਿਛੋੜੇ ਨਾਲ ਅਖੌਤੀ ਸਿੱਖ ਸ਼ਖ਼ਸੀਅਤਾਂ ਦੀ ਬਹੁਤਾਤ ਦੇ ਸਮੇਂ ਸਿੱਖ ਸ਼ਖ਼ਸੀਅਤਾਂ ਦੀ ਘਾਟ ਸ਼ਿੱਦਤ ਨਾਲ ਮਹਿਸੂਸ ਕੀਤੀ ਜਾਵੇਗੀ। ਸ. ਕਲਕੱਤਾ ਨੂੰ ਬੁਝਦਿਲੀ ਨਾਲ ਨਫ਼ਰਤ ਸੀ ਉਹ ਪੰਥ ਦੇ ਸਦਜਾਗਦ ਪਹਿਰੇਦਾਰ ਸਨ ਜਿਨ੍ਹਾਂ ਪੰਥਕ ਪਹਿਰੇਦਾਰੀ ਤੋਂ ਕਦੇ ਸਮਾਂ ਨਹੀ ਖੁੰਝਾਇਆ। ਢੇਰੀ ਢਾਹ ਕੇ ਬੈਠਣਾ ਉਹਨਾਂ ਦਾ ਸੁਭਾਅ ਨਹੀਂ ਸੀ ਉਨ੍ਹਾਂ ਦੇ ਬਹੁਤੇ ਵਿਰੋਧੀ ਆਪਣੀ ਹੀਨ ਭਾਵਨਾ ਨੂੰ ਲੁਕਾਉਣ ਲਈ ਵਿਰੋਧ ਕਰਦੇ ਸਨ। ਕਲਕੱਤਾ ਦੇ ਦੋਸਤਾਂ ਨੂੰ ਉਨ੍ਹਾਂ ਦੀ ਦੋਸਤੀ 'ਤੇ ਅਤੁੱਟ ਭਰੋਸਾ ਸੀ ਤੇ ਰਾਜਨਿਤਕ ਦੁਸ਼ਮਣਾਂ ਨੂੰ ਡਾਢਾ ਭੈਅ। ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਮੁਕੰਮਲ ਰੂਪ ਵਿਚ ਬਿਆਨ ਕਰਨਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਲ ਜਰੂਰ ਹੈ। ਲਿਖਣ ਬੋਲਣ ਵਿਚ ਮੁਹਾਰਤ ਦਾ ਕਾਰਨ ਸ. ਕਲਕੱਤਾ ਪਾਸ ਸਿੱਖ ਸ਼ਬਦਾਵਲੀ, ਭਾਸ਼ਾ ਸ਼ੈਲੀ ਦਾ ਸਮੁੰਦਰ ਨੁਮਾ ਭੰਡਾਰ ਹੋਣਾ ਸੀ। ਆਪਣੇ ਆਖਰੀ ਸਮੇਂ ਵਿਚ ਧਾਰਮਿਕ-ਰਾਜਨਿਤਕ ਨੇਤਾਵਾਂ ਦੇ ਨਿਜ਼ਵਾਦ ਤੇ ਰੁੱਖੇਪਨ ਤੋਂ ਉਦਾਸ ਸਨ ਸ. ਕਲਕੱਤਾ। ਕਾਰਨ ਸੀ ਸਿੱਖ ਸੋਚ-ਵਿਲੱਖਣ ਹੋਂਦ ਹਸਤੀ ਤੇ ਖ਼ਾਲਸੇ ਦੇ ਬੋਲਿਆਂ ਨੂੰ ਸਥਾਪਤ ਕਰਨ ਵਾਸਤੇ ਉਨ੍ਹਾਂ ਪਾਸ ਜੋ ਸ਼ਕਤੀ ਤੇ ਸਮਰੱਥਾ ਸੀ ਨੂੰ ਦਰਕਿਨਾਰ ਕਰ ਕੇ ਉਨ੍ਹਾਂ ਨੂੰ ਘਰ ਤੀਕ ਸੀਮਤ ਕਰ ਦੇਣਾ।
ਸ੍ਰ. ਮਨਜੀਤ ਸਿੰਘ ਕਲਕੱਤਾ ਨਾਲ ਪੰਥਕ ਪੀੜਾਂ-ਵੇਦਨਾਂ ਦੀ ਗੱਲ ਕੀਤੀ ਜਾ ਸਕਦੀ ਸੀ। ਉਨ੍ਹਾਂ ਪਾਸ ਸਿੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਮਾਂ ਤੇ ਸਮਰੱਥਾ ਸੀ, ਪਰ ਅਸੀਂ ਉਸਦਾ ਸਦ-ਉਪਯੋਗ ਨਹੀਂ ਕਰ ਸਕੇ। ਕਲਕੱਤਾ ਜੀ ਦਾ ਨਾਂ ਵੀ ਉਨ੍ਹਾਂ ਗੁਰੂ ਗ੍ਰੰਥ-ਗੁਰੂ ਪੰਥ ਨੂੰ ਪ੍ਰਣਾਈਆਂ ਗੁਰਮੁੱੱਖ ਸ਼ਖ਼ਸੀਅਤਾਂ 'ਚ ਸ਼ਾਮਿਲ ਹੋ ਗਿਆ ਹੈ, ਜਿਨ੍ਹਾਂ ਦਾ ਸਿੱਖ ਸਮਾਜ ਨੇ ਜੀਉਂਦੇ ਜੀਅ ਉਹ ਮਾਣ-ਸਨਮਾਨ ਨਹੀਂ ਕੀਤਾ ਜਿਸਦੇ ਉਹ ਦਿਲ-ਦਿਮਾਗ ਤੋਂ ਹੱਕਦਾਰ ਸਨ।
---------------------------------
ਸ੍ਰ. ਮਨਜੀਤ ਸਿੰਘ ਕਲਕੱਤਾ ਬਾਰੇ ਸਮਕਾਲੀ ਲਿਖਦੇ ਹਨ:
ਗੁਰਮਤਿ ਵਿਚਾਰਧਾਰਾ, ਸਿੱਖ ਸਿਧਾਂਤਾਂ ਤੇ ਸਿੱਖ ਇਤਿਹਾਸ ਦੀ ਜੋ ਜਾਣਕਾਰੀ-ਪਕੜ ਕਲਕੱਤਾ ਜੀ ਨੂੰ ਹੈ, ਉਹ ਗੁਰੂ ਬਖਸ਼ਿਸ਼ ਨਾਲ ਹੀ ਕਿਸੇ ਨੂੰ ਪ੍ਰਾਪਤ ਹੋ ਸਕਦੀ ਹੈ। ਧਾਰਮਿਕ, ਸਮਾਜਿਕ, ਰਾਜਨੀਤਿਕ ਜੀਵਨ ਦੇ ਹਰ ਪਹਿਲੂ ਤੋਂ ਵੱਡਮੁੱਲੇ ਗਹਿਣੇ ਹਨ ਸ੍ਰ. ਕਲਕੱਤਾ।
(ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਕਮੇਟੀ)
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਨਾਤੇ ਬਿਖੜੇ ਸਮੇਂ ਪੰਥ ਦੇ ਸੰਕਟ 'ਚ ਜੋ ਸੇਵਾ ਇਨ੍ਹਾਂ ਵੱਲੋਂ ਨਿਭਾਈ ਗਈ, ਉਹ ਨਾ ਸਿਰਫ ਸਲਾਹਣਯੋਗ ਹੈ ਸਗੋਂ ਆਦਰ ਹਿੱਤ ਸਨਮਾਨਯੋਗ ਵੀ ਹੈ। (ਪ੍ਰਕਾਸ਼ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ)
ਸਿੱਖ ਧਰਮ ਫਲਸਫੇ, ਇਤਿਹਾਸ ਤੇ ਵਰਤਮਾਨ ਸਿਆਸੀ ਵਿਦਿਆ ਦੇ ਧਾਰਨੀ, ਖੋਜੀ ਚਿੰਤਕ ਤੇ ਪ੍ਰਥਮ ਬੁਲਾਰੇ ਹਨ ਮਨਜੀਤ ਸਿੰਘ ਕਲਕੱਤਾ। (ਡਾ. ਇੰਦਰਜੀਤ ਸਿੰਘ ਚੇਅਰਮੈਨ, ਪੀ.ਐਸ.ਬੀ)
ਅਕਾਲੀਆਂ 'ਚ ਮੈਂ ਜਿਨ੍ਹਾਂ ਕੁਝ ਵਿਅਕਤੀਆਂ ਨੂੰ ਦਲੀਲ ਤੇ ਸਿਆਣਪ ਨਾਲ ਗੱਲ ਕਰਨ ਵਾਲਾ ਸਮਝਦਾ ਹਾਂ, ਸ੍ਰ. ਮਨਜੀਤ ਸਿੰਘ ਕਲਕੱਤਾ ਉਨ੍ਹਾਂ 'ਚੋਂ ਇਕ ਹਨ। ਸ੍ਰ. ਕਲਕੱਤਾ ਦੀ ਬੇਖੌਫ ਆਵਾਜ਼ ਉਸ ਸਮੇਂ ਵੀ ਗੂੰਜਦੀ ਰਹੀ ਜਿਸ ਸਮੇਂ ਬਹੁਤੇ ਅਕਾਲੀ ਆਗੂ ਭੈ ਅਧੀਨ ਘਰਾਂ 'ਚ ਵੜ ਗਏ ਸਨ। (ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ ਅਜੀਤ)
ਨਾਸਿਰਫ ਪੰਥਕ ਜਜ਼ਬਾ ਇਨ੍ਹਾਂ ਦੀ ਰਗ-ਰਗ 'ਚ ਹੈ ਸਗੋਂ ਸੂਝ ਵੀ ਵਾਹਿਗੁਰੂ ਨੇ ਐਸੀ ਬਖਸ਼ੀ ਕਿ ਨਿਰਣੇ ਲੈਂਦਿਆਂ ਢਿੱਲ ਨਹੀਂ ਕਰਦੇ। (ਪ੍ਰਿੰ. ਸਤਿਬੀਰ ਸਿੰਘ)
ਸ੍ਰ. ਮਨਜੀਤ ਸਿੰਘ ਕਲਕੱਤਾ, ਸਿੱਖ ਜਗਤ 'ਚ ਆਪਣੀ ਸੂਖਮ ਬੁੱਧੀ ਸਿਆਸੀ ਦੂਰ ਦ੍ਰਿਸ਼ਟੀ, ਸਵੱਛ ਪ੍ਰਬੰਧਕੀ ਸੂਝਬੂਝ ਅਤੇ ਨਿਸ਼ਕਾਮਤਾ ਭਰਪੂਰ ਕਾਰਜਾਂ ਕਰਕੇ ਜਾਣੀਮਾਣੀ ਸ਼ਖ਼ਸੀਅਤ ਹਨ। (ਪ੍ਰਿੰ. ਜਗਦੀਸ਼ ਸਿੰਘ, ਅੰਮ੍ਰਿਤਸਰ)
ਸ੍ਰ. ਕਲਕੱਤਾ ਥੋੜ੍ਹੇ ਜਿਹੇ ਉਨ੍ਹਾਂ ਪੜ੍ਹੇ-ਲਿਖੇ ਅਕਾਲੀ ਲੀਡਰਾਂ 'ਚੋਂ ਹਨ, ਜੋ ਹਰ ਗੱਲ ਨੂੰ ਹਰ ਪੱਖ ਨੂੰ ਦਲੀਲ ਨਾਲ ਪੇਸ਼ ਕਰਦੇ ਹਨ। ਆਪਣੇ ਸਟੈਂਡ 'ਤੇ ਧੜੱਲੇ ਨਾਲ ਕਾਇਮ ਰਹਿੰਦੇ ਹਨ। ਉਹ ਧੜੱਲੇਦਾਰ ਲੀਡਰ ਹਨ। ਜਿੱਥੇ ਉਹ ਸਰਕਾਰੀ ਦਹਿਸ਼ਤ ਵਿਰੁੱਧ ਬੋਲਦੇ ਉੱਥੇ ਖਾੜਕੂਆਂ ਦੀਆਂ ਗਲਤ ਕਾਰਵਾਈਆਂ ਦੀ ਨੁਕਤਾਚੀਨੀ ਵੀ ਕਰਦੇ। (ਹਰਬੀਰ ਸਿੰਘ ਭਵਰ, ਪ੍ਰਸਿੱਧ ਪੱਤਰਕਾਰ)
________________________________________
-
ਡਾ. ਰੂਪ ਸਿੰਘ , ਮੁੱਖ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ।
roopsz@yahoo.com
11111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.