ਲਹੌਰ ਵਿੱਚ ਸਦੀਆਂ ਤੋਂ ਚੱਲ ਰਹੀ ਹੈ ਬਸੰਤ ਮਨਾਉਣ ਦੀ ਪ੍ਰੰਪਰਾ
ਮਹਾਰਾਜਾ ਰਣਜੀਤ ਸਿੰਘ ਵੀ ਲਹੌਰ ਵਿੱਚ ਮਨਾਉਂਦੇ ਸਨ ਬਸੰਤ
ਪਾਕਿਸਤਾਨ ਵਿੱਚ ਜਾਨੀ ਨੁਕਸਾਨ ਹੋਣ ਕਾਰਨ ਸਰਕਾਰ ਨੇ ਲਗਾਈ ਬਸੰਤ ਤੇ ਪਾਬੰਦੀ
ਗੁਰੂ ਹਰਸਹਾਏ / ਫਿਰੋਜ਼ਪੁਰ ਬਹਾਰਾਂ ਦੇ ਮੌਸਮ ਨੂੰ ਚਾਅ ਮਲਾਰ ਨਾਲ ਖੁਸ਼ ਆਮਦੀਦ ਕਹਿਣ ਲਈ ਸਦੀਆਂ ਤੋਂ ਮਨਾਇਆ ਜਾ ਰਿਹਾ ਬਸੰਤ ਪੰਜਾਬ ਦੀ ਧਰਤੀ ਤੇ ਵੱਸਦੇ ਲੋਕਾਂ ਦੇ ਜੀਵਨ ਅਤੇ ਇਥੇ ਪ੍ਰਫੁੱਲਿਤ ਹੋਏ ਪੰਜਾਬੀ ਸੱਭਿਆਚਾਰ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਕੇਂਦਰੀ ਖੇਤਰ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ, ਲਹੌਰ ਅਤੇ ਮਾਲਵਾ ਦੇ ਫਿਰੋਜ਼ਪੁਰ , ਸੰਗਰੂਰ, ਪਟਿਆਲਾ ਦੇ ਨਾਲ ਹੀ ਇਤਿਹਾਸਕ ਸ਼ਹਿਰ ਕਸੂਰ, ਸਿਆਲਕੋਟ, ਗੁਜਰਾਂ ਵਾਲਾ ਅਤੇ ਭਾਰਤੀ ਗੁਰਦਾਸਪੁਰ ਵਿੱਚ ਉਤਸ਼ਾਹ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸ ਮੌਕੇ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ। ਸੰਗੀਤ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਭੰਗੜਾ ਪਾਇਆ ਜਾਂਦਾ ਹੈ। ਪਤੰਗਾਂ ਉਡਾਣ ਤਾਂ ਤਕਰੀਬਨ ਪਹਿਲਾਂ ਵਾਂਗ ਹੀ ਹੈ ਪਰ ਸਮੇਂ ਦੇ ਨਾਲ ਹੀ ਬਸੰਤ ਮਨਾਉਣ ਦੇ ਢੰਗ ਤਰੀਕੇ ਬਦਲ ਰਹੇ ਹਨ। ਚੜ੍ਹਦੇ ਪੰਜਾਬ ਦੇ ਕਾਲਜਾਂ ਵਿੱਚ ਇਸ ਮਨਾਉਣ ਦਾ ਤਰੀਕਾ ਜਦੋਂ ਜਾਬਤੇ ਭਰਿਆ ਹੁੰਦਾ ਹੈ ਤਾਂ ਸ਼ਹਿਰਾਂ ( ਖਾਸਕਰ ) ਫਿਰੋਜ਼ਪੁਰ ਸ਼ਹਿਰ ਵਿੱਚ ਇਸ ਦਿਨ ਅਲੱਗ ਹੀ ਨਜ਼ਾਰੇ ਦਿਖਾਈ ਦਿੰਦੇ ਹਨ। ਬਾਹਰਲੇ ਸ਼ਹਿਰਾਂ ਤੋਂ ਦੋਸਤ ਅਤੇ ਰਿਸ਼ਤੇਦਾਰ ਇਥੇ ਪੁੱਜੇ ਹੁੰਦੇ ਹਨ। ਜਿੰਨਾ ਲਈ ਘਰਾਂ ਦੀਆਂ ਛੱਤਾਂ ਉੱਪਰ ਪਤੰਗਬਾਜ਼ੀ ਦਾ ਪ੍ਰਬੰਧ ਕਰਨ ਦੇ ਨਾਲ ਹੀ ਸੰਗੀਤ ਲਈ ਡੀ. ਜੇ. ਲਲਕਾਰੇ ਮਾਰਣ ਲਈ ਮਾਇਕ ਅਤੇ ਖਾਣ - - ਪੀਣ ਲਈ ਦਾਰੂ ਸਿੱਕੇ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਪੇਚੇ ਲਗਾਉਂਦੇ ਪਤੰਗਬਾਜ਼ ਗੁੱਡੇ ਕੱਟਦੇ ਅਤੇ ਕੱਟੇ ਪਤੰਗ ਲੁੱਟਣ ਮੌਕੇ ਉੱਚੀ ਰੌਲਾ ਪਾਉੰਦੇ ਹਨ ਪਰ ਪਤੰਗ ਗੁਆ ਚੁੱਕੀ ਧਿਰ ਇਸ ਉੱਪਰ ਨਰਾਜ਼ਗੀ ਨਹੀਂ ਪ੍ਰਗਟ ਕਰਦੀ ਬਲਕਿ ਹੁਣ ਸਾਹਮਣੇ ਵਾਲੇ ਦੀ ਪਤੰਗ ਕੱਟਣ ਲਈ ਨਵੀਂ ਪਤੰਗ ਉਡਾ ਲਈ ਜਾਂਦੀ ਹੈ। ਇਸ ਮੌਕੇ ਕਈ ਸੰਸਥਾਵਾਂ ਵੱਲੋਂ ਸਮੂਹਿਕ ਤੌਰ ਤੇ ਤਿਉਹਾਰ ਮਨਾਉਣ ਲਈ ਐੱਮ ਐਲ ਐਮ ਸਕੂਲ ਦੀ ਗਰਾਉਂਡ ਵਿੱਚ ਵੀ ਪ੍ਰਬੰਧ ਕੀਤਾ ਜਾਂਦਾ ਹੈ। ਤਿੱਖੀ ਧਾਰ ਵਾਲੀ ਚਾਇਨਾ ਡੋਰ ਬਜਾਰ ਵਿੱਚ ਆਉਣ ਬਾਅਦ ਲੋਕਾਂ ਦੇ ਹੱਥ ਜਖਮੀ ਹੋਣ ਦੇ ਨਾਲ ਹੀ ਕੱਟੀ ਹੋਈ ਡੋਰ ਰਾਹਗੀਰਾਂ ਦੇ ਗਲ ਵਿੱਚ ਪੈਣ ਨਾਲ ਲੋਕ ਫੱਟੜ ਹੋਣ ਬਿਆਨ ਪ੍ਰਸ਼ਾਸਨ ਵੱਲੋਂ ਚਾਇਨਾ ਡੋਰ ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾ ਦਿੱਤੀ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਲੋਕ ਇਹ ਡੋਰ ਵੇਚਦੇ ਵੀ ਹਨ ਅਤੇ ਖਰੀਦ ਵੀ ਕੀਤੀ ਜਾਂਦੀ ਹੈ।
ਮਹਾਰਾਜਾ ਰਣਜੀਤ ਸਿੰਘ ਵੀ ਲਹੌਰ ਵਿੱਚ ਮਨਾਉਂਦੇ ਸਨ ਬਸੰਤ : ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਲਹੌਰ ਵਿੱਚ ਸਲਾਨਾ ਬਸੰਤ ਮੋਲੇ ਕਰਵਾਏ। 19 ਵੀਂ ਸਦੀ ਵਿੱਚ ਆਯੋਜਿਤ ਕੀਤੇ ਮੇਲਿਆਂ ਦੀ ਨਿਯਮਤ ਵਿਸ਼ੇਸ਼ਤਾ ਦੇ ਤੌਰ ਤੇ ਪਤੰਗ ਉਡਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਸੂਫੀ ਅਤੇ ਗੁਰਦੁਆਰਿਆਂ ਨੂੰ ਤੇ ਮੇਲਿਆਂ ਨੂੰ ਸ਼ਾਮਲ ਕਰਨਾ ਸੀ। ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੀ ਰਾਣੀ ਪੀਲੇ ਅਤੇ ਕੇਸਰੀ ਵਸਤਰ ਪਹਣਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਵਿੱਚ ਬਸੰਤ ਮੌਕੇ ਇੱਕ ਦਰਬਾਰ ਲਗਾਇਆ ਜੋ ਦਸ ਦਿਨ ਤੱਕ ਚੱਲਿਆ। ਇਸ ਸਮੇਂ ਫੌਜੀਆਂ ਨੇ ਪੀਲੇ ਪਹਿਣ ਕੇ ਅਤੇ ਫੌਜੀ ਸ਼ਕਤੀ ਵੀ ਦਿਖਾਈ। ਔਰਤਾਂ ਨੇ ਵੀ ਇਸ ਵਿੱਚ ਆਪਣੇ ਢੰਗ ਨਾਲ ਸ਼ਮੂਲੀਅਤ ਕੀਤੀ ਅਤੇ ਇਸ ਮੌਕੇ ਝੰਡਾ ਵਿਸ਼ੇਸ਼ ਤੌਰ ਤੇ ਲਹਿਰਾਇਆ ਗਿਆ। ਪੰਜਾਬ ਦਾ ਕੇਂਦਰ ਲਹੌਰ ਹੋਣ ਕਾਰਨ ਉੱਡ ਰਹੇ ਪਤੰਗ ਦੀ ਸੰਗਤ ਇਕ ਪੰਜਾਬੀ ਪਰੰਪਰਾ ਬਣ ਗਈ।
ਲਹੌਰ ਵਿੱਚ ਅਜੋਕੇ ਸਮੇਂ ਘਾਤਕ ਢੰਗ ਨਾਲ ਬਸੰਤ ਮਨਾਉਣ ਕਾਰਨ ਪਾਕਿਸਤਾਨ ਵਿੱਚ ਜਾਨੀ ਨੁਕਸਾਨ ਹੋਣ ਕਾਰਨ ਸਰਕਾਰ ਨੇ ਲਗਾਈ ਬਸੰਤ ਤੇ ਪਾਬੰਦੀ : ਲਹੌਰ, ਪਾਕਿਸਤਾਨ ਦਾ ਸਭ ਤੋਂ ਅਮੀਰ ਸੱਭਿਆਚਾਰਕ ਸ਼ਹਿਰ ਹੋਣ ਦੇ ਨਾਤੇ ਇਥੇ ਕਈ ਤਿਉਹਾਰ ਮਨਾਏ ਜਾਂਦੇ ਹਨ ਪਰ ਇਹ ਬਸੰਤ ਤੇ ਪਤੰਗ ਮੇਲਾ ( ਜਸ਼ਨ - ਏ- ਬਹਾਰਾਂ ) ਖਾਸ ਤਿਆਰੀ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸ ਪੱਤਰਕਾਰ ਨੇ ਇੰਡੋ - ਫਰੈਂਡਸ਼ਿਪ ਐਸੋਸੀਏਸ਼ਨ ਦੇ ਵਫਦ ਰਾਹੀਂ ਆਪਣੀ ਪਾਕਿਸਤਾਨ ਫੇਰੀ ਦੌਰਾਨ 2007 ਦੇ ਵਿੱਚ ਲਹੌਰ ਵਿੱਚ ਬਸੰਤ ਦਾ ਜਸ਼ਨ ਦੇਖਿਆ ਤਾਂ ਦੇਖ ਕੇ ਦੰਗ ਰਹਿ ਗਿਆ। ਛੱਤਾਂ ਉੱਤੇ ਲਾਊਡ ਸਪੀਕਰ ਲਗਾ ਕੇ ਲੋਕ ਜਿੱਥੇ ਪਤੰਗ ਉਡਾਣ ਦੇ ਨਾਲ ਹੀ ਸ਼ੋਰ ਸ਼ਰਾਬਾ ਕਰ ਰਹੇ ਸਨ ਉੱਥੇ ਜਾਇਜ - ਨਜਾਇਜ ਆਟੋਮੈਟਿਕ ਹਥਿਆਰਾਂ ਨਾਲ ਫਾਇਰਿੰਗ ਕੀਤੀ ਜਾ ਰਹੀ ਸੀ। ਕੱਚ ਦੀ ਪਰਤ ਵਾਲੀ ਤਿੱਖੀ ਸਖਤ ਡੋਰ ਜਦੋਂ ਟੁੱਟ ਕੇ ਡਿੱਗਦੀ ਹੈ ਤਾਂ ਕਰੰਟ ਵਾਲੀਆਂ ਤਾਰਾਂ ਤੇ ਡਿੱਗਣ ਬਾਅਦ ਧਮਾਕਿਆਂ ਨਾਲ ਬਿਜਲੀ ਦੇ ਟਰਾਂਸਫਾਰਮਰ ਧਮਾਕੇ ਨਾਲ ਸੜ ਕੇ ਸੁਆਹ ਹੋ ਜਾਂਦੇ ਹਨ। ਇਹ ਡੋਰ ਲੋਕਾਂ ਦੇ ਗਲ ਵਿੱਚ ਪੈਣ ਨਾਲ ਅਨੇਕਾਂ ਲੋਕ ਜਾਨ ਗੁਆ ਬੈਠਦੇ ਹਨ ਜਾਂ ਫਿਰ ਅੰਗਹੀਣ ਹੋ ਜਾਂਦੇ ਹਨ। ਸ਼ਰੀਅਤ ਨਿਯਮਾਂ ਅਨੁਸਾਰ ਚਾਹੇ ਇਸਲਾਮ ਨਾਲ ਸਬੰਧਤ ਲੋਕਾਂ ਨੂੰ ਸ਼ਰਾਬ ਪੀਣ ਦੀ ਮਨਾਹੀ ਹੈ ਪਰ ਇਥੇ ਵੱਡਾ ਹਿੱਸਾ ਲੋਕ ਸਥਾਨਕ ਡਿਸਟਿਲਰੀ ਤੇ ਬਣੀ, ਵਿਦੇਸ਼ੀ, ਭਾਰਤ ਤੋਂ ਪੁੱਜੀ ਅਤੇ ਦੇਸੀ ਸ਼ਰਾਬ ਪੀਂਦੇ ਹਨ । ਮਜਹੱਬੀ ( ਕੱਟੜ ਧਾਰਮਿਕ ) ਸੰਗਠਨਾਂ ਵੱਲੋਂ ਪਹਿਲਾਂ ਹੀ ਬਸੰਤ ਅਤੇ ਵੈਲੇਨਟਾਈਨ ਡੇ ਨੂੰ ਮਨਾਉਣ ਦੀ ਵਿਰੋਧਤਾ ਕੀਤੀ ਜਾਂਦੀ ਰਹੀ ਹੈ। ਕਿਹਾ ਜਾਂਦਾ ਰਿਹਾ ਹੈ ਕਿ ਇਹ ਹਿੰਦੂ ਅਤੇ ਇਸਾਈ ਮਤ ਦੇ ਲੋਕਾਂ ਨਾਲ ਸਬੰਧਤ ਤਿਉਹਾਰ ਹਨ ਪਰ ਆਮ ਲੋਕਾਂ ਤੇ ਅਜਿਹੇ ਪ੍ਰਚਾਰ ਦਾ ਕੋਈ ਖਾਸ ਪ੍ਰਭਾਵ ਨਹੀਂ ਸੀ ਪਰ ਘਾਤਕ ਢੰਗ ਤਰੀਕੇ ਨਾਲ ਬਸੰਤ ਮਨਾਉਣ ਨਾਲ 2007 ਵਿੱਚ ਇਸ ਨੂੰ ਮਨਾਉਣ ਤੇ ਸਰਕਾਰੀ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਸਾਲ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਪਰ ਫਿਰ ਵੀ ਮਨੁੱਖੀ ਫਿਤਰਤ ਅਨੁਸਾਰ ਲੋਕ ਪਤੰਗਾਂ ਉਡਾਉਂਦੇ ਹਨ। ਪਿਛਲੇ ਸਾਲ ਪੁਲਸ ਨੇ ਅਜਿਹਾ ਕਰ ਰਹੇ ਲੋਕਾਂ ਦੀ ਪਹਿਚਾਣ ਲਈ ਡ੍ਰੋਨ ਕੈਮਰਿਆਂ ਦੀ ਵਰਤੋਂ ਕੀਤੀ ਗਈ। ਪਰ ਚੜ੍ਹਦੇ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਅੰਦਰ ਹੁਣ ਵੀ ਕੱਟੀਆਂ ਹੋਈਆਂ ਪਤੰਗਾਂ ਪਾਕਿਸਤਾਨੀ ਖੇਤਰ ਤੋਂ ਭਾਰਤੀ ਖੇਤਰ ਵਿੱਚ ਆ ਕੇ ਡਿਗਦੀਆਂ ਹਨ। ਮਤਲਬ ਹੈ ਕਿ ਅੱਜ ਵੀ ਲਹਿੰਦੇ ਪੰਜਾਬ ਦੇ ਲੋਕ ਪਤੰਗ ਉਡਾਉਣ ਦਾ ਅਪਣਾ ਚਾਅ ਪੂਰਾ ਕਰਦੇ ਹੀ ਹੋਣਗੇ ।
-
ਜਗਦੀਸ਼ ਥਿੰਦ,
jthindfzr@gmail.com
9814808944
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.