ਪੰਜਾਬੀ ਸਾਹਿਤ ਚ ਕਹਾਣੀ ਨੂੰ ਬੁਲੰਦੀਆਂ ਬਖ਼ਸ਼ਣ ਵਾਲਾ ਵੀਰ ਗੁਰਪਾਲ ਸਿੰਘ ਲਿੱਟ ਬੀਤੀ ਰਾਤ ਸਾਨੂੰ ਭਾਦਸੋਂ ਵਿਖੇ ਸਦੀਵੀ ਅਲਵਿਦਾ ਕਹਿ ਗਿਐ।
ਮੁੱਠੀ ਚੋਂ ਕਿਰਦਾ ਮਾਰੂਥਲ ਤੋਂ ਸ਼ੁਰੂ ਹੋਇਆ ਸਫ਼ਰ ਇਕਬਾਲਨਾਮਾ ਤੇ ਮੁੱਕ ਗਿਆ।
ਜਥੇਦਾਰ ਬੁੱਧ ਸਿੰਘ ਬਿਜਲੀਪੁਰ(ਲੁਧਿਆਣਾ) ਦਾ ਜੰਮਪਲ ਵੀਰ ਗੁਰਪਾਲ ਮਾਲਵਾ ਕਾਲਿਜ ਸਮਰਾਲਾ ਤੇ ਲਾਜਪਤ ਰਾਏ ਕਾਲਿਜ ਢੁਡੀਕੇ ਪੜ੍ਹਿਆ।
ਨਾਟਕ ਚੇਟਕ ਤੇ ਚੰਗੀ ਕਵਿਤਾ ਦੇ ਪੇਸ਼ਕਾਰ ਵਜੋਂ ਕਮਾਲ ਸੀ ਗੁਰਪਾਲ।
ਕਲਕੱਤਾ ਚ ਪਰਿਵਾਰ ਦੇ ਟਰਾਂਸਪੋਰਟ ਕਾਰੋਬਾਰ ਲਈ ਗਿਆ। ਨਾਟਕ ਖੇਡੇ। ਬਾਦਲ ਸਿਰਕਾਰ ਵਰਗੇ ਬੰਗਾਲੀ ਨਾਟਕਕਾਰ ਨਾਲ ਮੁਲਾਕਾਤਾਂ ਉਸ ਦੇ ਹਿੱਸੇ ਆਈਆਂ।
ਅਨੂਰੂਪ ਮਿੰਨੀ ਪਾਕਿਟ ਸਾਈਜ਼ ਮੈਗਜ਼ੀਨ ਕਲਕੱਤਿਓ ਂ ਸੁਰਿੰਦਰ ਕੈਲੇ ਨਾਲ ਮਿਲ ਕੇ ਆਰੰਭਿਆ।
ਪੰਜਾਬ ਪਰਤ ਆਇਆ ਤੇਆ ਕੇ ਗੁਰਪਾਲ ਕੌਰ ਨਾਲ ਖੰਨਾ ਚ ਵਿਆਹਿਆ ਗਿਆ। ਦੋਵੇਂ ਰਲ ਕੇ ਲੰਮਾ ਸਮਾਂ ਨਾਟਕ ਖੇਡਦੇ ਰਹੇ। ਬੰਗਾਲੀ ਨਾਟਕਾਂ ਦੇ ਅਨੇਕਾਂ ਪੰਜਾਬੀ ਰੂਪ ਕਰਕੇ ਪੰਜਾਬ ਚ ਖੇਡੇ। ਬਾਗੀ ਸਰਦਾਰ ਸਿਖਰ ਸੀ ਇਨ੍ਹਾਂ ਚੋਂ।
ਕਹਾਣੀਆਂ ਲਿਖੀਆਂ ਤਾਂ ਕਮਾਲ। ਨਾਵਲਿਟ ਵੀ ਲਿਖੇ। ਖੰਨਾ ਚ ਅਦਬੀ ਲਹਿਰ ਖੜ੍ਹੀ ਕੀਤੀ। ਏਥੇ ਹੀ ਰਹਿਣ ਲੱਗ ਪਿਆ। ਸੁਰਖ਼ਾਬ ਪਬਲਿਕ ਸਕੂਲ
ਆਰੰਭਿਆ ਖੂਬ ਚਲਾਇਆ। ਗੁਰਪਾਲ ਕੌਰ ਬੀਮਾਰ ਹੋਣ ਕਾਰਨ ਬੰਦ ਹੀ ਕਰਨਾ ਪਿਆ।
ਪਹਿਲਾਂ ਜਵਾਨ ਉਮਰੇ ਪੁੱਤਰ ਚਲਾ ਗਿਆ, ਫਿਰ ਪਤਨੀ ਗੁਰਪਾਲ ਤੇ ਹੁਣ ਆਪ।
ਬੇਟੀ ਤੇ ਦਾਮਾਦ ਨੇ ਹਰ ਸੁਖ ਦਿੱਤਾ , ਪਰ ਗੁਰਪਾਲ ਦੇ ਅੰਦਰਲਾ ਦਰਦਾਂ ਦਾ ਕੰਡਿਆਲਾ ਬੂਟਾ ਜਾਨ ਲੇਵਾ ਬਣ ਗਿਆ।
ਉਹ ਜਿੰਨਾ ਜੀਵਿਆ, ਖੂਬ ਜੀਵਿਆ। ਕਿਸੇ ਦੂਸਰੇ ਦਾ ਚਾਅ ਲੈਣਾ ਗੁਰਪਾਲ ਦੰਪਤੀ ਦੇ ਹਿੱਸੇ ਹੀ ਆਇਆ ਸੀ।
ਯਾਦਾਂ ਦੇ ਪੰਖੇਰੂ ਬਹੁਤ ਪਿੱਛੇ ਪਹੁੰਚ ਗਏ ਨੇ 1972-73 ਚ।
ਪ੍ਰੋ: ਮੋਹਨ ਸਿੰਘ ਨੇ ਠੀਕ ਕਿਹਾ ਸੀ।
ਫੁੱਲ ਹਿੱਕ ਵਿੱਚ ਜੰਮੀ ਪਲੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਅੱਜ ਸਵੇਰੇ ਇਹ ਖ਼ਬਰ ਪੜ੍ਹਦਿਆਂ ਏਦਾਂ ਹੀ ਮਹਿਸੂਸ ਕਰ ਰਿਹਾਂ।
ਅਲਵਿਦਾ ਭਰਾਵਾ!
ਤੇਰੇ ਬਗੈਰ
ਖੰਨਾ ਹੁਣ ਮੇਰੇ ਲਈ
ਖੰਨਾ ਨਹੀਂ ਰਹਿਣਾ।
-
ਗੁਰਭਜਨ ਗਿੱਲ,
info.babushahi@gmail.com
11111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.