ਗੁਰਮੀਤ ਪਲਾਹੀ
ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟਰ ਰਚਨਾ ਖਹਿਰਾ ਨੇ ਇੱਕ ਖੋਜੀ ਪੱਤਰਕਾਰ ਵਜੋਂ ਆਪਣੇ ਫਰਜ਼ ਨਿਭਾਉਂਦਿਆਂ ਤੱਥਾਂ ਅਧਾਰਤ ਖ਼ਬਰ ਲਗਾਈ ਕਿ "ਆਧਾਰ" ਦੇ ਡਾਟਾ ਤੱਕ ਸੌਂਖਿਆਂ ਪਹੁੰਚਿਆ ਜਾ ਸਕਦਾ ਹੈ, ਜਿਸ ਬਾਰੇ ਸਬੰਧਤ ਅਥਾਰਿਟੀ ਯੂ.ਆਈ.ਡੀ.ਏ.ਆਈ. ਦਾਅਵਾ ਕਰਦੀ ਹੈ ਕਿ ਇਹ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਚਨਾ ਖਹਿਰਾ ਖਿਲਾਫ਼ ਧਾਰਾ 419, 420, 468, 268, 471 ਆਈ ਪੀ ਸੀ, ਧਾਰਾ 66 ਆਈ ਟੀ ਐਕਟ ਅਤੇ ਧਾਰਾ 36/37 ਅਧਾਰ ਐਕਟ ਤਹਿਤ ਮਾਮਲਾ ਦਰਜ਼ ਕਰਾ ਦਿੱਤਾ ਗਿਆ ਹੈ। ਕਿਥੇ ਗਈ ਲੋਕਤੰਤਰ ਦੇ ਚੌਥੇ ਥੰਮ ਦੀ ਆਜ਼ਾਦੀ, ਜਿਸ ਦੀ ਚਰਚਾ ਕੁਝ ਲੋਕ ਕਰਦੇ ਨਹੀਂ ਥੱਕਦੇ? ਕਿੱਥੇ ਗਏ ਉਹ ਲੋਕ ਜੋ ਕਹਿੰਦੇ ਫਖ਼ਰ ਮਹਿਸੂਸ ਕਰਦੇ ਹਨ ਕਿ ਭਾਰਤ ਦੀ ਪ੍ਰੈਸ ਸਚਮੁੱਚ ਅਜ਼ਾਦ ਹੈ। ਕਿਥੇ ਗਿਆ ਇਲੈਕਟਰੋਨਿਕ ਮੀਡੀਆ ਜਿਹੜਾ ਛੋਟੀ-ਛੋਟੀ ਖ਼ਬਰ ਨੂੰ ਤਾਂ ਚੀਕ-ਚੀਕ ਕੇ ਆਪਣੇ ਚੈਨਲ ਵਿੱਚ ਪੇਸ਼ ਕਰਦਾ ਹੈ, ਪਰ ਜਿਥੇ ਪੱਤਰਕਾਰਾਂ ਦੀ ਸੰਘੀ ਘੁੱਟੀ ਜਾ ਰਹੀ ਹੋਵੇ, ਜਾਂ ਆਮ ਸਧਾਰਨ ਲੋਕਾਂ ਨਾਲ ਬੇਇਨਸਾਫੀ ਹੋ ਰਹੀ ਹੋਵੇ, ਲੋਕਾਂ ਦੇ ਨਿੱਜਤਾ ਦੇ ਅਧਿਕਾਰ ਉਤੇ ਛਾਪਾ ਪੈ ਰਿਹਾ ਹੋਵੇ ਉਥੇ ਚੁੱਪੀ ਸਾਧ ਬੈਠਾ ਕੁਝ ਮੀਡੀਆ ਆਪਣੇ ਸਰਕਾਰੀ ਆਕਾ ਦਾ ਹੁਕਮ ਉਡੀਕਦਾ ਰਹਿੰਦਾ ਹੈ।
ਦੇਸ਼ ਦੇ ਕੋਨੇ-ਕੋਨੇ ਉਹਨਾ ਪੱਤਰਕਾਰਾਂ ਨਾਲ ਵੱਡੀਆਂ ਜਿਆਦਤੀਆਂ ਹੋਈਆਂ ਵੇਖਣ ਨੂੰ ਮਿਲੀਆਂ ਹਨ, ਜਿਹਨਾ ਨੇ ਜ਼ਮੀਨੀ ਪੱਧਰ ਉਤੇ ਜਾਕੇ ਖੋਜੀ ਪੱਤਰਕਾਰੀ ਕਰਦਿਆਂ ਲੋਕ ਮਸਲਿਆਂ ਨੂੰ ਉਭਾਰਿਆ ਜਾਂ ਫਿਰ ਭ੍ਰਿਸ਼ਟਾਚਾਰ ਦੇ ਕੇਸ਼ਾਂ ਨੂੰ ਨੰਗਿਆ ਕੀਤਾ ਹੈ। ਗੌਰੀ ਲੰਕੇਸ਼ ਵਰਗੀਆਂ ਪੱਤਰਕਾਰਾਂ ਨੂੰ ਤਾਂ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ, ਕਿਉਂਕਿ ਉਹ ਲਗਾਤਾਰ "ਸਿਆਸੀ ਸੱਚ" ਨੂੰ ਲੋਕਾਂ ਸਾਹਮਣੇ ਲਿਆਉਣ ਲਈ ਆਪਣੀ ਕਲਮ ਦੀ ਵਰਤੋਂ ਕਰਨ ਤੋਂ ਗੁਰੇਜ ਨਹੀਂ ਸੀ ਕਰਦੀ। ਵੈਸੇ ਤਾਂ ਸੈਂਕੜੇ ਪੱਤਰਕਾਰਾਂ ਨੂੰ ਆਪਣੇ ਵਲੋਂ ਲਿਖੇ ਸੱਚ ਦੀ ਕੀਮਤ ਤਾਰਨੀ ਪਈ ਹੈ ਅਤੇ ਮਾਨਸਿਕ,ਸਰੀਰਕ ਕਸ਼ਟ ਸਹਿਣੇ ਪਏ ਹਨ, ਪਰ ਜਿਹੜੀ ਰਿਪੋਰਟ ਕਮੇਟੀ ਟੂ ਪ੍ਰੋਟੈਕਟ ਜਨਰਲਿਸਟ ਯੂ.ਐਸ.ਏ. ਨੇ ਭਾਰਤੀ ਪੱਤਰਕਾਰਾਂ ਸਬੰਧੀ ਛਾਪੀ ਹੈ, ਉਹ ਹੈਰਾਨਕੁਨ ਹੈ। ਸਾਲ 1992 ਤੋਂ ਲੈਕੇ 31 ਦਸੰਬਰ 2017 ਤੱਕ 27 ਪੱਤਰਕਾਰ ਮਾਰੇ ਗਏ, ਦੀ ਕੂਐਂਟ ਰਿਪੋਰਟਰ ਦੀਕਸ਼ਾ ਸ਼ਰਮਾ, ਦੀ ਹਿੰਦੂ ਦੇ ਰਿਪੋਰਟਰ ਮੁਹੰਮਦ ਅਲੀ, ਐਨ.ਡੀ.ਟੀ.ਵੀ. ਦੇ ਰਿਪੋਰਟਰ ਮਹਿਰੋਤਰਾ ਨੂੰ ਮਾਰਨ ਦੀਆਂ ਧਮਕੀਆਂ ਮਿਲੀਆਂ। ਗੌਰੀ ਲੰਕੇਸ਼ ਦਾ ਕਤਲ ਇਸ ਕਰਕੇ ਕਰ ਦਿੱਤਾ ਗਿਆ ਕਿਉਂਕਿ ਉਹ ਮੋਦੀ ਸਰਕਾਰ ਦਾ ਸੱਚ ਲੋਕਾਂ ਸਾਹਮਣੇ ਲਿਆ ਰਹੀ ਸੀ ਅਤੇ ਉਸਦੇ ਹਿੰਦੂਤਵ ਅਜੰਡੇ ਦੀ ਛਾਣ ਬੀਣ ਕਰਨ ਲਈ ਲਗਾਤਾਰ ਯਤਨਸ਼ੀਲ ਸੀ।
ਫ੍ਰੀਲਾਂਸਰ ਜਾਗਿੰਦਰਾ ਸਿੰਘ ਨੂੰ ਕਿਸੇ ਪੁਲਿਸ ਅਫ਼ਸਰ ਨੇ ਜੀਊਂਦਿਆਂ ਅੱਗ 'ਚ ਸੁੱਟ ਦਿੱਤਾ ਕਿਉਂਕਿ ਉਹ ਉਸਦੀਆਂ ਕਰਤੂਤਾਂ ਨੂੰ ਨੰਗਿਆਂ ਕਰ ਰਿਹਾ ਸੀ।ਉਸਦੇ ਮਰਨ ਵੇਲੇ ਦੇ ਦਿੱਤੇ ਬਿਆਨਾਂ ਤੋਂ ਬਾਅਦ ਵੀ ਹਾਲੇ ਤੱਕ ਉਸ ਪੁਲਿਸ ਅਫ਼ਸਰ ਵਿਰੁੱਧ ਕੇਸ ਨਹੀਂ ਦਰਜ਼ ਹੋਇਆ। ਉਮੇਸ਼ ਰਾਜਪੂਤ ਜੋ ਹਿੰਦੀ ਅਖ਼ਬਾਰ ਲਈ ਦੁਨੀਆਂ ਦਾ ਰਿਪੋਰਟਰ ਸੀ, ਉਸਨੂੰ 2011 ਜਨਵਰੀ 'ਚ ਮਾਰ ਦਿੱਤਾ ਗਿਆ। ਕਤਲ ਦੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਗਏ। ਉਸਦੇ ਪਰਿਵਾਰਕ ਮੈਂਬਰ ਇਨਸਾਫ ਲਈ ਦਰ-ਦਰ ਭਟਕ ਰਹੇ ਹਨ। ਇੰਡੀਆ ਟੂਡੇ ਦੇ ਖੋਜੀ ਪੱਤਰਕਾਰ ਅਕਸ਼ੈ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਸਕੈਂਡਲ ਛਾਪਣ ਲਈ ਆਪਣੀ ਜਾਨ ਗੁਆਉਣੀ ਪਈ।
ਇੱਕ ਨਹੀਂ ਸੈਂਕੜੇ ਹੋਰ ਰਿਪੋਰਟਾਂ ਮਿਲ ਰਹੀਆਂ ਹਨ, ਜਿਹੜੀਆਂ ਦਰਸਾਉਂਦੀਆਂ ਹਨ ਕਿ ਹਕੂਮਤੀ ਵਿਚਾਰਾਂ ਤੋਂ ਉਲਟ ਵਿਚਾਰ ਰੱਖਣ ਵਾਲੇ ਪੱਤਰਕਾਰਾਂ ਨੂੰ ਤੰਗ ਪ੍ਰੇਸ਼ਾਨ ਹੀ ਨਹੀਂ ਕੀਤਾ ਜਾ ਰਿਹਾ, ਉਹਨਾ ਨੂੰ ਸੋਸ਼ਲ ਮੀਡੀਆ ਰਾਹੀਂ ਡਰਾਇਆ ਧਮਕਾਇਆ ਵੀ ਜਾ ਰਿਹਾ ਹੈ। ਐਨ ਡੀ ਟੀ ਵੀ ਦੇ ਪੱਤਰਕਾਰ ਰਿਵੀਸ਼ ਕੁਮਾਰ ਇਸਦੀ ਉਦਾਹਰਨ ਹਨ, ਜਿਹਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਖੁੱਲ੍ਹਾ ਖ਼ਤ ਲਿਖਕੇ ਦੱਸਿਆ ਕਿ ਸੱਚ ਬੋਲਣ ਕਾਰਨ ਉਸਨੂੰ ਮੋਦੀ ਦੇ ਭਗਤਾਂ ਦੀਆਂ ਗੰਦੀਆਂ ਗਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਪੱਤਰਕਾਰੀ ਅੱਜ ਵੱਡੇ ਜੋਖ਼ਮ ਦਾ ਕੰਮ ਬਣ ਚੁੱਕਾ ਹੈ। ਪੱਤਰਕਾਰਾਂ ਉਤੇ ਥਾਂ-ਥਾਂ ਵੱਡੇ ਹਮਲੇ ਹੋ ਰਹੇ ਹਨ। ਉਹਨਾ ਦੇ ਲਿਖਣ ਦੀ, ਬੋਲਣ ਦੀ ਆਜ਼ਾਦੀ ਉਤੇ ਲਗਾਤਾਰ ਬੰਦਿਸ਼ ਲਗਾਉਣ ਦਾ ਯਤਨ ਹੋ ਰਿਹਾ ਹੈ। ਮੀਡੀਆ ਦਾ ਕੁਝ ਹਿੱਸਾ ਲਾਲਚ ਬੱਸ ਆਪਣੀ ਨੁਕੀਲੀ ਕਲਮ ਵਰਤਣ ਅਤੇ ਜੋਸ਼ੀਲੇ ਬੋਲ ਬੋਲਣ ਤੋਂ ਸਰਕਾਰੀ ਪ੍ਰਭਾਵ ਹੇਠ ਕੰਨੀ ਕਤਰਾਉਣ ਲੱਗ ਪਿਆ ਹੈ। ਲੋਕਾਂ ਦੀ ਗੱਲ ਕਰਨ ਦੀ ਥਾਂ ਉਹ ਸਰਕਾਰੀ ਧੁਤੂ ਬਣਿਆ ਨਜ਼ਰ ਆਉਂਦਾ ਹੈ। ਵੱਡੀ ਗਿਣਤੀ ਭਾਰਤੀ ਅਖ਼ਬਾਰਾਂ, ਚੈਨਲ ਸਿਰਫ ਤੇ ਸਿਰਫ ਸਰਕਾਰ ਦੀ ਬੋਲੀ ਬੋਲਣ 'ਚ ਮਸ਼ਰੂਫ ਹਨ ਅਤੇ ਹਾਕਮ ਧਿਰ ਅਤੇ ਕਾਰਪੋਰੇਟ ਜਗਤ ਉਹਨਾ ਨੂੰ ਆਪਣੇ ਹਿੱਤਾਂ ਲਈ ਵਰਤਣ ਲਈ ਹਰ ਹਰਬਾ ਵਰਤ ਰਿਹਾ ਹੈ। ਇਹੋ ਜਿਹੇ 'ਚ ਖੋਜੀ ਪੱਤਰਕਾਰੀ ਹੋਰ ਵੀ ਔਖੀ ਹੁੰਦੀ ਜਾ ਰਹੀ ਹੈ ਕਿਉਂਕਿ ਸਰਕਾਰੀ ਜਬਾੜੇ ਉਹਨਾ ਬੋਲਾਂ ਨੂੰ ਬੋਲਣ ਤੋਂ ਪਹਿਲਾਂ ਹੀ ਨਿਗਲਣ ਲਈ ਤਿਆਰ ਬੈਠੇ ਹਨ, ਜਿਹੜੇ ਉਹਨਾ ਦੇ ਹਿੱਤਾਂ ਦੀ ਤਰਜਮਾਨੀ ਨਹੀਂ ਕਰਦੇ।
ਸਮੇਂ ਸਮੇਂ ਤੇ ਜਾਗਰੂਕ ਪੱਤਰਕਾਰ ਜਥੇਬੰਦੀਆਂ ਕਲਮ ਦੀ ਆਜ਼ਾਦੀ ਦਾ ਹੋਕਾ ਵੀ ਦਿੰਦੀਆਂ ਹਨ। ਸਾਥ-ਸੁਥਰੀ ਪੱਤਰਕਾਰੀ ਕਰਨ ਵਾਲਿਆਂ ਦੇ ਹੱਕ 'ਚ ਕੁਝ ਲੋਕ ਖੜ੍ਹੇ ਵੀ ਨਜ਼ਰ ਆਉਂਦੇ ਹਨ, ਪਰ ਸਮੁੱਚੇ ਤੌਰ ਤੇ ਦੇਸ਼ ਵਿੱਚ ਪੱਤਰਕਾਰਤਾ ਦੀ ਸੰਘੀ ਘੁੱਟਣ ਦਾ ਜੋ ਹਾਕਮਾਨਾ ਰੁਝਾਣ ਵੇਖਣ ਨੂੰ ਮਿਲ ਰਿਹਾ ਹੈ, ਉਸ ਅੱਗੇ ਇਹ ਮੁੱਠੀ ਭਰ ਜੋਸ਼ੀਲੇ, ਖੋਜੀ, ਲੋਕ ਹਿਤੈਸ਼ੀ ਪੱਤਰਕਾਰ ਬੇਬਸ ਅਤੇ ਆਤੁਰ ਦਿੱਸਦੇ ਹਨ।
ਭਾਰਤੀ ਪ੍ਰੈਸ ਉਤੇ ਕਾਰਪੋਰੇਟ ਜਗਤ ਦਾ ਗਲਬਾ ਅਤੇ ਹਾਕਮਾਂ ਦਾ ਪੱਤਰਕਾਰਾਂ ਪ੍ਰਤੀ ਵਤੀਰਾ ਇਸ ਵੇਲੇ ਨਿਰਪੱਖ ਪੱਤਰਕਾਰੀ ਲਈ ਵੱਡਾ ਚੈਲੰਜ ਬਣ ਚੁੱਕਾ ਹੈ ਅਤੇ ਭਾਰਤ ਦੇ ਲੋਕਤੰਤਰ ਦੇ ਚੌਥੇ ਥੰਮ ਲਈ ਲਗਾਤਾਰ ਖਤਰਾ ਬਣਿਆ ਦਿਸਦਾ ਹੈ।
-ਗੁਰਮੀਤ ਪਲਾਹੀ
-ਫੋਨ ਨੰ: 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.