ਭਾਰਤੀ ਲੋਕਤੰਤਰੀ ਵਿਵਸਥਾ ਵਿਚ ਭਾਰਤੀ ਪ੍ਰੰਪਰਾਵਾਦੀ ਰਾਸ਼ਟਰੀ ਅਤੇ ਇਲਾਕਾਈ ਪਾਰਟੀਆਂ ਮੁਕਾਬਲੇ ਰਾਸ਼ਟਰੀ ਅਤੇ ਇਲਾਕਾਈ ਪੱਧਰ 'ਤੇ ਨਵੀਂ ਰਾਜਨੀਤਕ ਪਾਰਟੀ ਨੂੰ ਖੜ•ਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਭਾਰਤੀ ਛੋਟਾ ਜਿਹਾ ਲੋਕਤੰਤਰੀ ਇਤਿਹਾਸ ਇਹ ਸਾਬਤ ਕਰ ਚੁੱਕਾ ਹੈ। ਦੇਸ਼ ਅਜ਼ਾਦੀ ਬਾਅਦ ਖੁੰਬਾਂ ਵਾਂਗ ਸੈਂਕੜੇ ਰਾਜਨੀਤਕ ਪਾਰਟੀਆਂ ਸਮੇਂ-ਸਮੇਂ ਸਿਰ ਰਾਸ਼ਟਰੀ ਅਤੇ ਇਲਾਕਾਈ ਪੱਧਰ 'ਤੇ ਗਠਨ ਕੀਤੀਆਂ ਗਈਆਂ ਸਿਵਾਏ ਇੱਕਾ-ਦੁੱਕਾ ਦੇ ਬਾਕੀਆਂ ਨੂੰ ਵੱਡੀਆਂ ਮੱਛੀਆਂ ਵਜੋਂ ਵਿਚਰ ਰਹੀਆਂ ਰਾਜਨੀਤਕ ਪਾਰਟੀਆਂ ਨਿਗਲ ਜਾਂਦੀਆਂ ਰਹੀਆਂ।
ਦਿੱਲੀ ਰਾਜ ਦੀ ਸੱਤਾ ਤੇ ਕਾਬਜ਼ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਅਰਵਿੰਦ ਕੇਜਰੀਵਾਲ ਜੋ ਦਿੱਲੀ ਦੇ ਮੁੱਖ ਮੰਤਰੀ ਵੀ ਹਨ, ਦੇ ਲਗਾਤਾਰ ਨਿਰਕੁੰਸ਼, ਬਦਲਫ਼ਜ਼ੀ, ਦੋਹਰੇ ਮਖੌਟੇ ਭਰੇ ਵਰਤਾਰੇ, ਪਾਰਟੀ ਵਲੋਂ ਸਿਧਾਂਤਾਂ ਤੋਂ ਲਗਾਤਾਰ ਥਿੜਕਣ, ਕਾਡਰ ਅਧਾਰਤ ਵਿਚਾਰਧਾਰਕ ਸੰਗਠਨ ਨਾ ਹੋਣ, ਪਾਰਟੀ ਵਿਚੋਂ ਰਾਸ਼ਟਰੀ ਅਤੇ ਇਲਾਕਾਈ ਪ੍ਰਸਿਧੀ ਵਾਲੇ ਆਗੂਆਂ ਨੂੰ ਚੁਣ-ਚੁਣ ਪਾਰਟੀ ਵਿਚੋਂ ਬਾਹਰ ਦਾ ਰਸਤਾ ਵਿਖਾਉਣ, ਪਾਰਟੀ ਅੰਦਰ ਬਦਨਾਮ ਜੁੰਡਲੀਬਾਜ਼ ਆਗੂਆਂ ਨੂੰ ਪ੍ਰੋੜਤਾ ਦੇਣ, ਭਾਰਤੀ ਰਾਜਨੀਤਕ ਅੰਦਰ ਆਮ ਆਦਮੀ ਦੇ ਭਵਿੱਖ ਨੂੰ ਸਮਰਪਿਤ ਪਾਰਟੀ ਵਜੋਂ ਆਪਣੀ ਅਲੱਗ ਪਹਿਚਾਣ ਗੁਆਉਣ ਅਤੇ ਅਲੱਗ ਤਰ•ਾਂ ਦਾ ਜਨ ਹਿਤੂ ਸਾਸ਼ਨ ਪ੍ਰਦਾਨ ਕਰਨੋ ਬੁਰੀ ਤਰ•ਾਂ ਨਾਕਾਮ ਰਹਿਣ ਕਰਕੇ ਇਸ ਹੋਂਦ ਕਾਇਮ ਰਹਿਣ 'ਤੇ ਪ੍ਰਸ਼ਨ ਚਿੰਨ ਖੜੇ ਹੋ ਚੁੱਕੇ ਹਨ।
ਪਰ ਜਿਵੇਂ ਆਪਣੀ ਹੋਂਦ ਤੋਂ ਬਾਅਦ ਪਹਿਲੀ ਵਾਰ ਰਾਜ ਸਭਾ ਅੰਦਰ ਦਿੱਲੀ ਰਾਜ ਦੇ ਖਾਤੇ ਵਿਚੋਂ ਤਿੰਨ ਉਮੀਦਵਾਰ ਚੁਣਕੇ ਭੇਜਣ ਦੇ ਸੰਦਰਭ ਵਿਚ ਪਾਰਟੀ ਸੁਪਰੀਮੋ ਨੇ ਆਪਣੇ ਹਿਟਲਰਾਨਾ ਅੰਦਾਜ਼ ਨਾਲ ਗੈਰ ਆਮ ਆਦਮੀਆਂ ਦੀ ਚੋਣ ਪਾਰਟੀ 'ਤੇ ਥੋਪੀ ਹੈ ਇਸ ਪ੍ਰਕ੍ਰਿਆ ਨੇ ਇਸ ਰਾਜਨੀਤਕ ਪਾਰਟੀ ਦੀ ਭਵਿੱਖ ਵਿਚ ਹੋਂਦ ਬਣੇ ਰਹਿਣ ਤੇ ਬਹੁਤ ਹੀ ਸੰਜੀਦਾ ਅਤੇ ਅਰਥ-ਭਰਪੂਰ ਪ੍ਰਸ਼ਨ ਚਿੰਨ ਖੜ•ੇ ਕਰ ਸੁੱਟੇ ਹਨ। ਇਸ ਪਾਰਟੀ ਦੇ ਆਮ ਆਦਮੀ ਸਮਰਥਕਾਂ, ਪ੍ਰਬੁੱਧ ਬੁੱਧੀ ਜੀਵੀ ਅਤੇ ਚਿੰਤਕ ਸਮਰਥਕਾਂ ਵਿਚ ਬਹੁਤ ਵੱਡੀ ਨਿਰਾਸ਼ਾ ਪੈਦਾ ਕਰਕੇ ਰਖ ਦਿਤੀ ਹੈ।
ਆਮ ਆਦਮੀ ਪਾਰਟੀ ਸੁਪਰੀਮੋ ਨੇ ਦਿੱਲੀ ਅੰਦਰ 70 ਮੈਂਬਰੀ ਸਦਨ ਵਿਚ ਆਪਣੇ 66 ਮੈਂਬਰੀ ਵਿਧਾਇਕ ਦਲ ਅਤੇ ਪਾਰਟੀ ਕੋਰ ਕਮੇਟੀ ਸੱਦ ਕੇ ਲੋਕਤੰਤਰੀ ਢੰਗ ਨਾਲ ਰਾਜ ਸਭਾ ਲਈ ਪਾਰਟੀ ਉਮੀਦਵਾਰਾਂ ਦੀ ਚੋਣ ਕਰਨ ਸਿਰਫ ਵਿਖਾਵਾ ਕੀਤਾ। ਉਲਟ ਆਦਮੀ ਮਨਮਰਜ਼ੀ ਦੇ ਤਿੰਨ ਵਿਅਕਤੀ ਪਾਰਟੀ ਤੇ ਥੋਪ ਦਿੱਤੇ। ਇਹ ਤਿੰਨ ਉਮੀਦਵਾਰ ਸਨ ਸੰਜੈ ਸਿੰਘ, ਸੁਸ਼ੀਲ ਗੁਪਤਾ ਅਤੇ ਨਰਾਇਣ ਦਾਸ ਗੁਪਤਾ।
ਆਮ ਆਦਮੀ ਪਾਰਟੀ ਜੋ 2 ਅਕਤੂਬਰ, 2012 ਨੂੰ ਹੋਂਦ ਵਿਚ ਆਈ ਸੀ, ਸੰਜੈ ਸਿੰਘ ਉਸ ਵੇਲੇ ਤੋਂ ਇਸ ਦੇ ਸੰਸਥਾਪਕ ਵਜੋਂ ਇਸ ਪਾਰਟੀ ਨਾਲ ਜੁੜਿਆ ਚਲਾ ਆ ਰਿਹਾ ਹੈ। ਬਾਹੂਬਲੀ ਕਿਸਮ ਦਾ ਅਤੇ ਗਿਰਗਟ ਵਾਂਗ ਰੰਗ ਬਦਲਣ ਵਾਲਾ ਲੇਕਿਨ ਇਹ ਵਧੀਆ ਬੁਲਾਰੇ ਵਜੋਂ ਸਥਾਪਿਤ ਇਸ ਵਿਅਕਤੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਇੰਜਾਰਜ ਹੋਣ ਵੇਲੇ ਜਿਵੇਂ ਆਪਣੇ 4-5 ਮੈਂਬਰੀ ਗੈਰ-ਪੰਜਾਬੀ ਜੁੰਡਲੀ ਨਾਲ ਸਾਮ, ਦਾਮ, ਦੰਡ, ਭੇਦ ਅਤੇ ਬਦਇਖ਼ਲਾਕ ਗਤੀਵਿਧਿਆਂ ਰਾਹੀਂ ਰਾਜ ਅੰਦਰ ਨਾ ਸਿਰਫ ਆਮ ਆਦਮੀ ਪਾਰਟੀ ਦੀ ਸੱਤਾ ਪ੍ਰਾਪਤੀ ਦਾ ਖੇਲ ਵਿਗਾੜਿਆ ਬਲਕਿ ਆਮ ਅਤੇ ਵਿਦੇਸ਼ ਰਹਿੰਦੇ ਹਜ਼ਾਰਾਂ ਪੰਜਾਬੀਆਂ ਦੀ ਪੰਜਾਬ ਅੰਦਰ ਤੀਸਰੇ ਰਾਜਨੀਤਕ ਬਦਲ ਨੂੰ ਸੱਤਾ ਵਿਚ ਲਿਆਉਣ ਦੀਆਂ ਅਭਿਲਾਸ਼ਾਵਾਂ ਦਾ ਘਾਣ ਕੀਤਾ, ਇਸ ਨੁਕਤਾ ਨਿਗਾਹ ਤੋਂ ਇਹ ਪਾਰਟੀ ਵਲੋਂ ਰਾਜ ਸਭਾ ਉਮੀਦਵਾਰ ਬਣਨ ਦਾ ਹੱਕਦਾਰ ਨਹੀਂ ਸੀ। ਪਰ ਜਿਵੇਂ ਕੇਜਰੀਵਾਲ ਨੇ ਇਸ ਨੂੰ ਇਸ ਚੋਣ ਸਮੇਂ ਪ੍ਰੋੜਤਾ ਦਿਤੀ ਹੈ, ਇਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਅੰਦਰ ਇਸ ਵਿਅਕਤੀ ਨੇ ਜੋ ਵੀ ਰਾਜਨੀਤਕ, ਆਚਰਣਕ ਅਤੇ ਸੰਗਠਨਾਤਮਿਕ ਖਰੂਦਬਾਜ਼ੀਆਂ ਅਤੇ ਬਾਹੂਬਲੀ ਵਾਂਗ ਕੀਤੀਆਂ, ਉਨ•ਾਂ ਸਭ ਨੂੰ ਸ਼੍ਰੀ ਕੇਜਰੀਵਾਲ ਦਾ ਸਮਰਥਨ ਅਤੇ ਆਸ਼ੀਰਵਾਦ ਪ੍ਰਾਪਤ ਸੀ।
ਦੂਸਰੇ ਦੋ ਗੈਰ ਆਮ ਆਦਮੀ ਵਿਅਕਤੀ ਸੁਸ਼ੀਲ ਗੁਪਤਾ ਜੋ ਇਕ ਵੱਡਾ ਸਰਮਾਏਦਾਰ ਦਲ ਬਦਲ ਹੈ ਅਤੇ ਨਰਾਇਣ ਦਾਸ ਗੁਪਤਾ ਜੋ ਸਰਮਾਏਦਾਰਾਂ ਦਾ ਚਾਰਟਿਡ ਅਕਾਊਂਟੈਂਟ ਵਜੋਂ ਪਿੱਠੂ ਹੈ ਅਤੇ ਜੋ ਆਮ ਆਦਮੀ ਪਾਰਟੀ ਦੇ ਫੰਡਾਂ ਦੀ ਦੇਖ-ਰੇਖ ਕਰਦਾ ਹੈ, ਜਿਹੇ ਵਿਅਕਤੀ ਰਾਜਸਭਾ ਉਮੀਦਵਾਰੀ ਲਈ ਚੁਣਨ ਕਰਕੇ ਸ਼੍ਰੀ ਕੇਜਰੀਵਾਲ ਨੇ ਪ੍ਰਮਾਣਿਤ ਕਰ ਦਿਤਾ ਹੈ ਕਿ ਇਹ ਪਾਰਟੀ ਹੁਣ ਆਮ ਆਦਮੀ ਪਾਰਟੀ ਨਹੀਂ ਰਹੀ ਅਤੇ ਇਹ ਵੀ ਭਾਰਤੀ ਪ੍ਰੰਪਰਾਵਾਦੀ ਰਾਜਨੀਤਕ ਪਾਰਟੀਆਂ ਦੀ ਲਾਈਨ ਵਿਚ ਖੜ•ੀ ਹੋ ਸਕੀ ਹੈ ਜੋ ਸੱਤਾ ਹਥਿਆਉਣ, ਚੋਣਾਂ ਜਿੱਤਣ ਲਈ ਕੁਝ ਵੀ ਕਰ ਸਕਦੀਆਂ ਹਨ।
ਦਿੱਲੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼੍ਰੀ ਅਜੈ ਮਾਕਨ ਨੇ ਇੰਕਸਾਫ਼ ਕੀਤਾ ਹੈ ਕਿ ਜਦੋਂ ਕੁਝ ਸਮਾਂ ਪਹਿਲਾਂ ਸੁਸ਼ੀਲ ਗੁਪਤਾ ਪਾਰਟੀ ਤੋਂ ਆਪਣਾ ਅਸਤੀਫਾ ਦੇਣ ਲਈ ਆਏ ਤਾਂ ਉਨ•ਾਂ ਇਸਦਾ ਕਾਰਨ ਪੁੱਛਿਆ। ਗੁਪਤਾ ਜੀ ਦਾ ਕਹਿਣਾ ਸੀ ਕਿ ਉਸ ਨੂੰ ਸ਼੍ਰੀ ਕੇਜਰੀਵਾਲ ਨੇ ਰਾਜਸਭਾ ਟਿਕਟ ਦੇਣ ਦਾ ਵਾਅਦਾ ਕੀਤਾ ਹੈ। ਇਸ ਵਿਅਕਤੀ ਨੇ ਸੰਨ 2013 ਵਿਚ ਕਾਂਗਰਸ ਉਮੀਦਵਾਰ ਵਜੋਂ ਦਿੱਲੀ ਵਿਧਾਨ ਸਭਾ ਚੋਣ ਲੜੀ ਸੀ ਜਿਸ ਵਿਚ ਉਹ ਹਾਰ ਗਏ ਸਨ। ਕੇਜਰੀਵਾਲ ਨੇ ਐਸੇ ਵਿਅਕਤੀ ਨੂੰ ਟਿਕਟ ਦੇ ਕੇ ਆਮ ਆਦਮੀ ਅਤੇ ਆਮ ਆਦਮੀ ਸ਼੍ਰੀ ਨਰਾਇਣ ਦਾਸ ਗੁਪਤਾ ਦੀ ਚੋਣ ਸ਼੍ਰੀ ਕੇਜਰੀਵਾਲ ਦੀ ਇਸ ਅਵਸਰਵਾਦੀ ਨੀਤੀ ਤੇ ਮੁਹਰ ਲਗਾਉਂਦੀ ਹੈ। ਇਸ ਦੋਸ਼ ਨੂੰ ਪੱਕਾ ਕਰਦੀ ਹੈ ਕਿ ਪਾਰਟੀ ਵਫਾਦਾਰੀ ਨਾਲੋਂ ਧੰਨ ਨੂੰ ਪਹਿਲ ਦਿਤੀ ਗਈ ਹੈ।
ਬਹੁਤ ਹੀ ਸ਼ਾਤਰਾਨਾ, ਤੇਜ਼-ਤਰਾਰ, ਅਵਸਰਵਾਦੀ ਰਾਜਨੀਤਕ ਸ਼ਤਰੰਜ ਦੇ ਮਾਹਿਰ ਸ਼੍ਰੀ ਕੇਜਰੀਵਾਲ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਗਠਨ ਵੇਲੇ ਦੇਸ਼ ਦੇ ਨਾਮਵਰ ਰਾਜਨੀਤੀਵਾਨਾਂ, ਅਫਸਰਸ਼ਾਹਾਂ, ਕਾਨੂੰਨ ਮਾਹਿਰਾਂ, ਸਮਾਜ ਸੇਵੀਆਂ, ਜਿਨ•ਾਂ ਵਿਚ ਜਨਤਾ ਪਾਰਟੀ ਰਾਜ ਦੇ ਸਾਬਕਾ ਕਾਨੂੰਨ ਮੰਤਰੀ ਸ਼ਾਤੀ ਭੂਸ਼ਨ, ਕਾਨੂੰਨੀ ਮਾਹਿਰ ਪ੍ਰਸ਼ਾਂਤ ਭੂਸ਼ਨ, ਸੈਫਾਲੋਜਿਸਟ ਯੋਗਿੰਦਰ ਯਾਦਵ, ਅਫਸਰਸ਼ਾਹ ਕਿਰਨ ਬੇਦੀ, ਸਮਾਜ ਸੇਵੀ ਆਨੰਦ ਕੁਮਾਰ, ਅੰਜੁਲੀ ਦਮਾਨੀਆ, ਮਯੰਕ ਗਾਂਧੀ, ਸਾਜ਼ੀਆ ਇਲਮੀ ਆਦਿ ਨੂੰ ਨਾਲ ਜੋੜਿਆ ਸੀ, ਉਵੇਂ ਹੀ ਰਾਜ ਸਭਾ ਉਮੀਦਵਾਰਾਂ ਦੀ ਆੜ ਵਿਚ ਭਾਰਤ ਦੇ ਪ੍ਰਸਿੱਧ ਵਿਅਕਤੀਆਂ ਨੂੰ ਆਮ ਆਦਮੀ ਪਾਰਟੀ ਨਾਲ ਆਪਣੀ ਨਿਰਕੁੰਸ਼ ਛੱਤਰ-ਛਾਇਆ ਹੇਠ ਜੋੜਨ ਦਾ ਅਤਿ ਸ਼ਾਤਰਾਨਾ ਪੱਤਾ ਖੇਡਿਆ। ਉਸ ਰਾਜਨੀਤਕ ਪਰਦੇ ਪਿੱਛੇ ਭਾਰਤ ਦੇ ਸਾਬਕਾ ਚੀਫ ਜਸਟਿਸ ਟੀ.ਐੱਸ.ਠਾਕੁਰ, ਸਾਬਕਾ ਭਾਜਪਾ ਮੰਤਰੀ ਜੋ ਹੁਣ ਨਰਾਜ਼ ਹਨ ਸ਼੍ਰੀ ਅਰੁਣ ਸ਼ੋਰੀ ਅਤੇ ਯਸ਼ਵੰਤ ਸਿਨਹਾ, ਸਾਬਕਾ ਗਵਰਨਰ ਰਿਜ਼ਰਵ ਬੈਂਕ ਆਫ ਇੰਡੀਆ ਸ਼੍ਰੀ ਰਘੁਰਾਮ ਰਾਜਨ ਆਦਿ 18 ਦੇ ਕਰੀਬ ਵਿਅਕਤੀਆਂ ਤਕ ਪਹੁੰਚ ਕੀਤੀ। ਪਰ ਰਾਜਨੀਤੀ ਅਤੇ ਆਪੋ-ਆਪਣੇ ਕਿੱਤੇ ਦੇ ਮਾਹਿਰ ਇਹ ਸਾਰੇ ਨਾਮਵਰ ਵਿਅਕਤੀ ਜਾਣਦੇ ਹਨ ਕਿ ਕਿਵੇਂ ਕੇਜਰੀਵਾਲ ਉਨ•ਾਂ ਸਭ ਆਗੂਆਂ ਅਤੇ ਵਿਅਕਤੀਆਂ ਰਾਜਨੀਤਕ ਤੌਰ 'ਤੇ ਮਾਰਨ ਦਾ ਮਾਹਿਰ ਹੈ ਜੋ ਉਸ ਦੀ ਡਿਕਟੇਸ਼ਨ ਦਾ ਪਾਲਣ ਨਹੀਂ ਕਰਦੇ। ਸੋ ਇਨ•ਾਂ ਸਾਰਿਆਂ ਨੇ ਉਸ ਦੇ ਪੇਸ਼ਕਸ਼ ਤੋਂ ਕੋਰੀ ਨਾਂਹ ਕਰ ਦਿਤੀ।
ਸ਼੍ਰੀ ਕੇਜਰੀਵਾਲ ਦੀ ਗੈਰ-ਮੁਨਸਫਾਨਾ, ਗੈਰ ਦੂਰਅੰਦੇਸ਼ੀ ਭਰੀ ਅਤੇ ਆਪ ਹੁੱਦਰੀ ਰਾਜਸਭਾ ਉਮੀਦਵਾਰਾਂ ਦੀ ਚੋਣ ਨੇ ਪਾਰਟੀ ਅੰਦਰ ਘਮਸਾਨ ਪੈਦਾ ਕਰ ਦਿੱਤਾ। ਕੁਝ ਲੋਕ ਖੁੱਲ ਕੇ ਬਾਹਰ ਆ ਰਹੇ ਹਨ ਅਤੇ ਕੁਝ ਅੰਦਰੋ-ਅੰਦਰ ਕੰਡੇ-ਲੂਹ ਰਹੇ ਹਨ। ਕੁਮਾਰ ਵਿਸ਼ਵਾਸ ਅਤੇ ਆਸ਼ੂਤੋਸ਼ (ਸਾਬਕਾ ਟੀ.ਵੀ. ਪੱਤਰਕਾਰ) ਅਤੇ ਕੁਝ ਹੋਰ ਰਾਜਸਭਾ ਦੀ ਉਮੀਦਵਾਰੀ ਨੂੰ ਪੱਕੀ ਸਮਝੀ ਬੈਠੇ ਸਨ। ਇਨ•ਾਂ ਵਿਚੋਂ ਕੁਮਾਰ ਵਿਸ਼ਵਾਸ ਖੁੱਲ• ਕੇ ਬਾਹਰ ਆਗਿਆ ਹੈ ਜਿਸ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਦਿੱਲੀ ਅੰਦਰ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਕੇਂਦਰ ਬਿੰਦੂ ਹੋਣ ਅਤੇ ਪਾਰਟੀ ਦੀ ਸਰਕਾਰ ਤੋੜਨ ਦੇ ਦੋਸ਼ ਲਗਾਉਂਦੇ ਹਮਲਾ ਕੀਤਾ ਹੈ।
ਦੂਸਰੇ ਪਾਸੇ ਕੁਮਾਰ ਵਿਸ਼ਵਾਸ ਨੇ ਸ਼੍ਰੀ ਕੇਜਰੀਵਾਲ 'ਤੇ ਸਿੱਧਾ ਧਾਵਾ ਬੋਲ ਦਿਤਾ ਹੈ ਜਿਨ•ਾਂ ਉਸ ਨੂੰ ਚੈਲੰਜ ਕੀਤਾ ਸੀ। ਬੜੇ ਮਿੱਠੇ ਬੋਲਾਂ ਰਾਹੀਂ ਕਿ ਉਹ ਉਸ ਨੂੰ ਮਾਰਨਗੇ ਜ਼ਰੂਰ ਪਰ ਸ਼ਹੀਦ ਨਹੀਂ ਹੋਣ ਦੇਣਗੇ। ਸ਼੍ਰੀ ਆਸ਼ੂਤੋਸ਼ ਹਾਲ ਦੀ ਘੜੀ ਚੁੱਪ ਕਰਕੇ ਬੈਠ ਗਿਆ ਹੈ ਆਪਣੇ ਰਾਜਨੀਤਕ ਬਾਸ ਦਾ ਫੈਸਲਾ ਸਿਰ-ਮੱਥੇ ਕਬੂਲ ਕਰਨ ਦਾ ਪ੍ਰਗਟਾਵਾ ਕਰਦੇ।
ਯੋਗਿੰਦਵ ਯਾਦਵ ਜੋ ਪਿੱਛੇ ਤਿੰਨ ਸਾਲਾਂ ਤੋਂ ਪਾਰਟੀ ਤੋਂ ਬਾਹਰ ਸਵਰਾਜ ਲਹਿਰ ਨਾਲ ਜੁੜ ਕੇ ਵੀ ਕਹਿ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਵਿਚ ਜਿੰਨੇ ਮਰਜ਼ੀ ਦੋਸ਼ ਹੋਣ ਪਰ ਉਹ ਖਰੀਦਿਆ ਨਹੀਂ ਜਾ ਸਕਦਾ ਜਿਵੇਂ ਸਾਬਕਾ ਮੰਤਰੀ ਕਪਿਲ ਮਿਸ਼ਰਾ ਦੋਸ਼ ਲਗਾਉਂਦਾ ਹੈ। ਪਰ ਹੁਣ ਉਹ ਨਿਰਾਸ਼ ਅਤੇ ਸਰਮਸ਼ਾਰ ਮਹਿਸੂਸ ਕਰ ਰਿਹਾ ਹੈ ਕਿ ਕੇਜਰੀਵਾਲ ਖਰੀਦਿਆ ਗਿਆ ਹੈ। ਪ੍ਰਸ਼ਾਤ ਭੂਸ਼ਣ ਦੋਸ਼ ਲਗਾਉਂਦਾ ਹੈ ਕਿ ਰਾਜਸਭਾ ਲਈ ਬਣਾਏ ਉਮੀਦਵਾਰ ਕੋਈ ਵਿਸ਼ੇਸ਼ ਯੋਗਤਾ ਨਹੀਂ ਰਖਦੇ।
ਸ਼੍ਰੀ ਕੇਜਰੀਵਾਲ ਨੇ ਜਿਵੇਂ ਅੰਨਾ ਹਜ਼ਾਰੇ ਦੀ ਲੋਕਪਾਲ ਲਹਿਰ ਵਿਚੋਂ ਭ੍ਰਿਸ਼ਟਾਚਾਰ ਵਿਰੋਧੀ, ਸਮਾਜਿਕ ਵਿਕਾਸ ਪੱਖੀ, ਭਾਰਤ ਦੇ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਲਈ ਇਕ ਸਾਫ-ਸੁਥਰੀ, ਸਿਧਾਂਤਵਾਦੀ, ਉੱਚ ਰਾਜਨੀਤਕ ਕਦਰਾਂ ਕੀਮਤਾਂ ਪ੍ਰਤੀ ਵਚਨਬੱਧਤਾ ਲਈ ਨਿਕਲੀ ਆਮ ਆਦਮੀ ਪਾਰਟੀ ਨੂੰ ਆਪਣੇ ਏਕਾਧਿਕਾਰ, ਮੌਕਾ ਪ੍ਰਸਤੀ, ਸਰਮਾਏਦਾਰ ਪੱਖੀ ਅਮਲ ਅਤੇ ਅਰਾਜਕਤਾਵਾਦੀ ਵਿਉਂਤਬੰਦੀ ਰਾਹੀਂ ਕਮਜ਼ੋਰ ਕਰ ਦਿਤਾ ਹੈ ਇਸ ਤੋਂ ਇਸ ਦੀ ਪੰਜਾਬ ਇਕਾਈ ਨੂੰ ਸਬਕ ਸਿਖਦਿਆਂ ਆਪਣੀ ਰਾਜ ਅੰਦਰ ਤੀਸਰੇ ਬਦਲ ਵਜੋਂ ਹੋਂਦ ਕਾਇਮ ਰਖਣ ਲਈ ਅਜ਼ਾਦ ਹੋਂਦ ਮਜ਼ਬੂਤ ਕਰਨ ਲਈ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ।
ਜਿਵੇਂ ਸ਼੍ਰੀ ਕੇਜਰੀਵਾਲ ਨੇ ਆਪਣੇ ਨਿਰਕੁੰਸ਼ ਏਕਾਧਿਕਾਰ ਕਰਕੇ ਆਮ ਆਦਮੀ ਪਾਰਟੀ ਆਗੂਆਂ ਜਿਵੇਂ ਸ਼ਾਂਤੀ ਭੂਸ਼ਨ, ਪ੍ਰਸ਼ਾਂਤ ਭੂਸ਼ਨ, ਯੋਗਿੰਦਰ ਯਾਦਵ, ਅਨੰਦ ਕੁਮਾਰ, ਕਿਰਨ ਬੇਦੀ, ਅੰਜੁਲੀ ਦਮਾਨੀਆ, ਮਯੰਕ ਗਾਂਧੀ, ਪੰਜਾਬ ਅੰਦਰ ਪਾਰਟੀ ਖੜੀ ਕਰਨ ਵਾਲੇ ਸੁੱਚਾ ਸਿੰਘ ਛੋਟੇ ਪੁਰ, ਸਾਬਕਾ ਕਨਵੀਨਰ ਗੁਰਪ੍ਰੀਤ ਘੁੱਗੀ ਆਦਿ ਨੂੰ ਪਾਰਟੀ ਅਤੇ ਸੰਗਠਨ ਤੋਂ ਲਾਂਭੇ ਕੀਤਾ, ਹੁਣ ਕੁਮਾਰ ਵਿਸ਼ਵਾਸ ਵਰਗਿਆਂ ਦੀ ਬਲੀ ਲਈ ਨਿਸ਼ਚਿਤ ਤੌਰ 'ਤੇ ਇਨ•ਾਂ ਕਾਰਵਾਈਆਂ ਨੇ ਇਸ ਦੇ ਲੱਖਾਂ ਸਮਰਥਕਾਂ ਅਤੇ ਮੈਂਬਰਾਂ ਰਾਜਨੀਤਕ ਨਿਰਾਸ਼ਾ ਦੇ ਆਲਮ ਵਲ ਧਕੇਲ ਦਿਤਾ ਹੈ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.