ਨਛੱਤਰ ਸਿੰਘ ਬਰਾੜ ਨਾਲ ਪਹਿਲੀ ਮੁਲਾਕਾਤ ਤਾਂ ਯਾਦ ਨਹੀਂ ਕਦੋਂ ਹੋਈ, ਪਰ ਇਨਾਂ ਚੇਤੇ ਹੈ ਕਿ ਇਲਾਕੇ ਤੇ ਪਿੰਡਾਂ ਦੀ ਸਾਂਝ ਹੋਣ ਕਾਰਨ ਇਕ ਮੋਹ ਜਿਹੇ ਦਾ ਰਿਸ਼ਤਾ ਆਮੁਹਾਰੇ ਹੀ ਬਣ ਗਿਆ।ਉਹਨਾਂ ਦਾ ਪਿੰਡ ਜਨੇਰ ਸਾਡੇ ਇਲਾਕੇ ਦਾ ਮਸ਼ਹੂਰ ਪਿੰਡ 'ਥੇਹ ਵਾਲਾ ਜਨੇਰ' ਕਰਕੇ ਜਾਣਿਆ ਜਾਂਦਾ ਸੀ ਤੇ ਸਾਡਾ ਪਿੰਡ ਅਸਲੋਂ ਹੀ ਨਿੱਕਾ ਜਿਹਾ ਅਣਗੌਲਿਆ ਪਿੰਡ ਸਨ੍ਹੇਰ ।ਸਮੇਂ ਨਾਲ ਮਿਲਦਿਆਂ ਗਿਲਦਿਆਂ ਉਹਨਾਂ ਦੀ ਏਅਰ ਫੋਰਸ ਦੀ ਨੌਕਰੀ ਬਾਰੇ ਤੇ ਫਿਰ ਮੋਗੇ ਤੇ ਹੋਰ ਥਾਵਾਂ ਆਈ ਟੀ ਆਈ ਵਿਚ ਅਧਿਆਪਨ ਦੇ ਦੌਰ ਬਾਰੇ ਜਾਣਕਾਰੀ ਮਿਲੀ, ਤੇ ਫਿਰ ਕੈਨੇਡਾ ਆ ਕੇ ਇਥੋਂ ਦੇ ਜੀਵਨ ਵਿਚ ਕੰਮ ਕਾਰ ਤੇ ਸਥਾਪਤੀ ਦੀ ਦਾਸਤਾਨ ਦਾ ਪਤਾ ਲਗਿਆ।
ਪਹਿਲੇ ਹੀ ਨਾਵਲ 'ਕਿਹੜੀ ਰੁੱਤੇ ਆਏ' ਨਾਲ ਪੰਜਾਬੀ ਸਾਹਿਤ ਜਗਤ ਵਿਚ ਅਪਣੀ ਵਿਸ਼ੇਸ਼ ਪਛਾਣ ਸਥਾਪਤ ਕਰਨ ਮਗਰੋਂ ਲਗਾਤਾਰ ਉਪਰੋਥਲੀ ਨਾਵਲ, ਯਾਦਾਂ ਤੇ ਫਿਰ ਅਪਣੇ ਪਿੰਡ ਜਨੇਰ ਬਾਰੇ 'ਥੇਹ ਵਾਲਾ ਪਿੰਡ ਜਨੇਰ' ਵਰਗੀ ਵਡ ਆਕਾਰੀ ਖੋਜ ਪੁਸਤਕ ਲਿਖ ਕੇ ਉਹ ਪੰਜਾਬੀ ਵਿਚ ਇਕ ਨਵੇਂ ਨਿਵੇਕਲੇ ਮੁਹਾਂਦਰੇ ਵਾਲੇ ਲੇਖਕ ਵਜੋਂ ਸਥਾਪਤ ਹੋ ਚੁਕੇ ਸਨ।
ਜਿਵੇਂ ਕਿ ਆਮ ਤੌਰ ਤੇ ਹੀ ਲੇਖਕ ਦੀ ਪਹਿਲੀ ਰਚਨਾ ਉਸਦੇ ਅਪਣੇ ਜੀਵਨ ਅਨੁਭਵ ਤੇ ਆਲੇ ਦੁਆਲੇ ਦੇ ਵੇਰਵਿਆਂ ਤੇ ਘਟਨਾਵਾਂ ਦੇ ਇਰਦ ਗਿਰਦ ਘੁੰਮਦੀ ਹੁੰਦੀ ਹੈ ਉਸੇ ਤਰਾਂ ਬਰਾੜ ਦਾ ਪਹਿਲਾ ਨਾਵਲ 'ਕਿਹੜੀ ਰੁਤੇ ਆਏ' ਉਸਦੇ ਏਅਰ ਫੋਰਸ ਦੀ ਨੌਕਰੀ ਸਮੇਂ ਦੇ ਤਜਰਬਿਆਂ ਤੇ ਘਟਨਾਵਾਂ ਦਾ ਹੀ ਗਲਪੀ ਚਿਤਰਣ ਹੈ। ਇਹ ਪਲੇਠਾ ਨਾਵਲ ਫੌਜ ਦੇ ਇਕ ਪੰਜਾਬੀ ਮੁੰਡੇ ਤੇ ਦੱਖਣੀ ਭਾਰਤੀ ਨਰਸ ਦੀ ਪ੍ਰੇਮ ਕਹਾਣੀ ਜੋ ਬਹੁਤ ਸਫਲ ਆਦਰਸ਼ ਪ੍ਰੇਮ ਕਥਾ ਦੇ ਰੂਪ ਵਿਚ ਪਾਠਕਾਂ ਨੂੰ ਪਰਵਾਨ ਹੋਇਆ।
ਫਿਰ 'ਯਾਦਾਂ ਫਾਈਟਰ ਨੈਟ ਦੀਆਂ' ਵੀ ਹਵਾਈ ਸੈਨਾ ਦੇ ਜੀਵਨ ਤੇ ਘਟਨਾਵਾਂ ਦੀਆਂ ਯਾਦਾਂ ਬਾਰੇ ਹੈ । ਇਸਨੂੰ ਪੰਜਾਬੀ ਦੀ ਪਹਿਲੀ ਕਿਤਾਬ ਕਿਹਾ ਜਾ ਸਕਦਾ ਹੈ ਜੋ ਹਵਾਈ ਫੌਜ ਦੀ ਪਿਠ ਭੂਮੀ ਰਖ ਕੇ ਲਿਖੀ ਗਈ ਹੈ। ਇਸ ਵਿਚ ਪਰਮਵੀਰ ਚਕਰ ਵਿਜੇਤਾ ਨਿਰਮਲਜੀਤ ਸਿੰਘ ਸੇਖੋਂ ਨਾਲ ਸਬੰਧਿਤ ਇਕ ਵਿਸ਼ੇਸ਼ ਦਿਲਚਸਪ ਅਧਿਆਏ ਵੀ ਹੈ ਕਿਉਂ ਜੋ ਬਰਾੜ ਤੇ ਸੇਖੋਂ ਇਕੋ ਯੂਨਿਟ ਵਿਚ ਸਨ।ਖੋਜ ਪੁਸਤਕ 'ਥੇਹ ਵਾਲਾ ਪਿੰਡ ਜਨੇਰ' ਵਿਚ ਇਤਹਾਸਕ ਪਿੰਡ ਦੇ ਮੁਢ ਕਾਲ ਤੋਂ ਲੈ ਕੇ ਮੁਗਲਾਂ , ਅੰਗਰੇਜ਼ਾਂ ਦੇ ਸਮੇਂ ਤੇ ਬਾਦ ਦਾ ਪਿੰਡ ਦਾ ਇaਤਹਾਸ ਦੇ ਨਾਲ ਪਿੰਡ ਦੇ ਮੋਹਤਬਰ ਵਿਅਕਤੀ ਵਿਸ਼ੇਸ਼ , ਗਲ ਕੀ ਕੁੱਜੇ ਵਿਚ ਸਮੁੰਦਰ ਬੰਦ ਕਰਨ ਵਾਲਾ ਕੰਮ ਕੀਤਾ ਹੈ ਨਛੱਤਰ ਸਿੰਘ ਬਰਾੜ ਨੇ।ਇਸ ਤੋਂ ਬਾਦ ਦੇ ਨਾਵਲ 'ਚਿੱਠੀਆਂ ਦੀ ਸਜ਼ਾ' , 'ਆਹਲਣੇ ਦੀ ਉਡਾਣ' ਤੇ 'ਪੇਪਰ ਮੈਰਿਜ' ਵੀ ਪੰਜਾਬ ਦੇ ਸੰਕਟ ਕਾਲ ਸਮੇਂ ਦੇ ਫੌਜੀ ਜੀਵਨ ਦੀਆਂ ਉਲਝੀਆਂ ਤੰਦ ਤਾਣੀਆਂ, ਪੰਜਾਬੀਆਂ ਦੀ ਪਰਵਾਸ ਦੀ ਰੁਚੀ ਤੇ ਹਰ ਹੀਲੇ ਪਰਦੇਸ ਜਾਣ ਦੀਆਂ ਕੋਸ਼ਿਸ਼ਾਂ ਤੇ ਇਸ ਵਿਚ ਦਰਪੇਸ਼ ਦੁਸ਼ਵਾਰੀਆਂ ਦੀਆਂ ਕਹਾਣੀਆਂ ਦਿਲਚਸਪ ਤੇ ਰੋਚਕ ਗਲਪ ਰਾਹੀਂ ਬਿਆਨ ਕਰਦੀਆਂ ਹਨ।
ਬਰਾੜ ਦੇ ਨਾਵਲ ਜਗਤ ਤੇ ਲੇਖਣੀ ਦਾ ਇਕ ਵਿਲਖਣ ਤੱਤ ਹੈ ਸਰਲ ਸੌਖੀ ਭਾਸ਼ਾ ਤੇ ਵਾਧੂ ਵਿਸਥਾਰ ਤੋਂ ਮੁਕਤ ਬਿਰਤਾਂਤ। ਲੇਖਣੀ ਵਿਚ ਸੰਜਮੀ ਤਤ ਬਹੁਤ ਅਹਿਮ ਹੈ ਜੋ ਅਕਸਰ ਕਈ ਵਾਰੀ ਅਪਣੀ ਸਵੈ ਲੇਖਣੀ ਦੇ ਮੋਹ ਵਿਚ ਲੇਖਕ ਅਣਗੌਲਿਆ ਕਰ ਦਿੰਦੇ ਹਨ। ਨਾਵਲ ਰੋਮਾਂਚਕ ਹੁੰਦੇ ਹੋਏ ਵੀ ਕਿਤੇ ਵੀ ਅਸ਼ਲੀਲਤਾ ਦਾ ਸਹਾਰਾ ਨਹੀਂ ਲੈਂਦੇ ਜੋ ਆਮ ਤੋਰ ਤੇ ਰੋਮਾਂਚਕ ਲੇਖਣੀ ਵਾਲੇ ਲੇਖਕ ਲੈ ਲੈਂਦੇ ਹਨ।
ਜਿਵੇਂ ਲੇਖਣੀ ਵਿਚ ਸੰਜਮ ਤੇ ਸਹਿਜ ਹੈ ਉਵੇਂ ਬਰਾੜ ਦੀ ਗਲਬਾਤ , ਰਫਤਾਰ, ਗੁਫਤਾਰ ਵਿਚ ਵੀ ਪੂਰਾ ਫੌਜੀ ਡਸਿਪਲਨ ਝਲਕਦਾ ਸੀ। ਹਮੇਸ਼ਾ ਹੀ ਚੁਸਤ ਦਰੁਸਤ ਪਹਿਰਾਵਾ , ਟਾਈ ਕੋਟ ਵਿਚ ਸਜੇ, ਤਿਆਰ ਬਰ ਤਿਆਰ ਫੌਜੀ ਵਾਂਗ ਰਹਿੰਦੇ ਸਨ। ਕਦੇ ਵੀ ਉਹਨਾਂ ਨੂੰ ਢਿੱਲੇ ਟਰੈਕ ਸੂਟ, ਜੈਕਟ , ਹੁਡੀ ਜਾਂ ਝੱਗੇ ਪਜਾਮੇ ਵਿਚ ਨਹੀਂ ਦੇਖਿਆ ਜਿਵੇਂ ਅਕਸਰ ਰਿਟਾਇਰ ਲੋਕ ਰਹਿੰਦੇ ਹਨ। ਗਲਬਾਤ ਵੀ ਸੰਜਮੀ ਤੇ ਗਲਬਾਤ ਦੌਰਾਨ ਕੋਈ ਵਾਧੂ ਯੱਕੜ ਮਾਰਦੇ ਉਹਨਾਂ ਨੂੰ ਕਦੇ ਨਹੀਂ ਸੁਣਿਆ । ਇਵੇਂ ਹੀ ਨਿਜੀ ਜੀਵਨ ਵਿਚ, ਖਾਣ ਪੀਣ ਦਾ ਵੀ ਪੂਰਾ ਡਸਿਪਲਨ । ਕਈ ਸਮਾਗਮਾਂ ਤੇ ਇਕੱਠੇ ਹੋਣ ਮੌਕੇ ੪ ਵਜੇ ਉਹਨਾਂ ਚਾਹ ਦਾ ਕੱਪ ਆਪੇ ਪਾ ਲੈਣਾ, ਕਹਿਣਾ ਮੈਂ ਇਸ ਵੇਲੇ ਚਾਹ ਪੀਂਦਾ ਹੁਂਦਾ ਹਾਂ।ਗਲ ਕੀ ਵਧੀਆ ਲੇਖਣੀ ਦੇ ਨਾਲ ਨਾਲ ਨੇਮ ਬੱਧ ਜੀਵਨ ਜਾਚ ਤੇ ਰਹਿਣੀ ਬਹਿਣੀ, ਇਹ ਸਿਖਣੀ ਹੋਵੇ ਤਾਂ ਕੋਈ ਸਿਖੇ ਨਛੱਤਰ ਸਿੰਘ ਬਰਾੜ ਕੋਲੋਂ। ਪੰਜਾਬੀ ਪੜਨ ਲਿਖਣ ਵਾਲੇ ਖੇਤਰ ਵਿਚ ਅਨੇਕਾਂ ਸ਼ਖਸੀਅਤਾਂ ਨਾਲ ਮਿਲਣ ਦਾ ਮੌਕਾ ਮਿਲਦਾ ਰਿਹਾ ਹੈ , ਇਹੋ ਜਿਹੇ ਬੋਲਚਾਲ, ਗਲਬਾਤ, ਲੇਖਣੀ ਤੇ ਰਹਿਣੀ ਬਹਿਣੀ ਵਿਚ ਇਕਸੁਰਤਾ ਵਾਲੇ ਲੇਖਕ ਬਹੁਤ ਵਿਰਲੇ ਮਿਲਦੇ ਹਨ।
ਇਕ ਹੋਰ ਜ਼ਿਕਰਯੋਗ ਗਲ ਹੈ ਕਿ ਬਰਾੜ ਨੇ ਨਿਜੀ ਜੀਵਨ ਦੇ ਅਨੁਭਵ ਤੋਂ ਲੈ ਕੇ ਜਿਵੇਂ ਜਿਵੇਂ ਜੀਵਨ ਦੀ ਤੋਰ ਤੁਰਦੀ ਗਈ ਉਸੇ ਤਰਾਂ ਹੀ ਉਸਦੇ ਸਿਰਜਣਾ ਸਫਰ ਦੀ ਤੋਰ ਵੀ ਨਾਲ ਨਾਲ ਤੁਰੀ ਗਈ।ਉਸ ਦੇ ਨਾਵਲਾਂ ਦਾ ਇਕ ਹੋਰ ਵਿਲੱਖਣ ਤੇ ਨਿਵੇਕਲਾ ਪੱਖ ਇਹ ਹੈ ਕਿ ਪਹਿਲੇ ਨਾਵਲ ਤੌ ਸ਼ੁਰੂ ਹੋ ਕੇ ਹੁਣ ਤਕ ਦੇ ਨਾਵਲ ਪੜ ਕੇ ਪਾਠਕ ਨੂੰ ਛੇਵੇਂ ਦਹਾਕੇ ਤੋਂ ਲੈ ਕੇ ਹੁਣ ਤਕ ਦੇ ਪੰਜਾਬ ਦੇ ਤਬਦੀਲ ਹੋ ਰਹੇ ਸਮਾਜਕ , ਰਾਜਨੀਤਕ ਦ੍ਰਿਸ਼ ਤੇ ਹਾਲਾਤ ਦਾ ਵੀ ਭਲੀ ਭਾਂਤੀ ਗਿਆਨ ਹੋ ਜਾਂਦਾ ਹੈ ਜੋ ਅਪਣੇ ਆਪ ਵਿਚ ਉਸਦੀ ਰਚਨਾ ਦਾ ਇਕ ਬਹੁਤ ਅਹਿਮ ਪੱਖ ਹੈ।
ਪਿਛਲੇ ਕੁਝ ਸਮੇਂ ਤੋਂ ਉਹ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਪਰ ਇਹ ਗਲ ਉਹਨਾਂ ਨੇ ਬਹੁਤ ਨਜ਼ਦੀਕੀ ਮਿਤਰਾਂ ਨਾਲ ਹੀ ਸਾਂਝੀ ਕੀਤੀ ।ਮੈਨੂੰ ਫੋਨ ਕਰ ਕੇ ਦਸਿਆ ਤੇ ਕਿਹਾ ਕਿ ਹੋਰ ਕਿਸੇ ਕੋਲ ਗਲ ਕਰਨ ਦੀ ਲੋੜ ਨਹੀਂ । ਬਹੁਤ ਹੌਸਲੇ ਤੇ ਚੜਦੀ ਕਲਾ ਨਾਲ ਇਸ ਬੀਮਾਰੀ ਦਾ ਟਾਕਰਾ ਕੀਤਾ।
ਜਦੋਂ ਉਹਨਾਂ ਦੇ ਨਾਵਲ 'ਪੇਪਰ ਮੈਰਿਜ' ਨੂੰ ਢਾਹਾਂ ਸਨਮਾਨ ਮਿਲਿਆ ਤਾਂ ਸਾਨੂੰ ਚਾਅ ਚੜ ਗਿਆ। ਸਾਨੂੰ ਲਗਾ ਇਹ ਸਨਮਾਨ ਸਾਨੂੰ ਮਿਲਿਆ ਹੈ। ਵੈਨਕੂਵਰ ਵਿਚ ਢਾਹਾਂ ਪੁਰਸਕਾਰ ਨਛੱਤਰ ਸਿੰਘ ਬਰਾੜ ਲੈ ਕੇ ਆਏ।ਇਸ ਐਵਾਰਡ ਦੀ ੫੦੦੦ ਡਾਲਰ ਦੀ ਰਾਸ਼ੀ ਵੀ ਉਹਨਾਂ ਅਪਣੇ ਪਿੰਡ ਵਿਚ ਕਮੇਟੀ ਬਣਾ ਕੇ ਕੈਂਸਰ ਦੀ ਰੋਕਥਾਮ ਲਈ ਦਾਨ ਕਰ ਦਿਤੀ।
ਨਛੱਤਰ ਸਿੰਘ ਬਰਾੜ ਦੀ ਜ਼ਿੰਦਗੀ ਸਾਨੂੰ ਡਸਿਪਲਿਨ,ਹੌਸਲੇ , ਚੜਦੀ ਕਲਾ ਤੇ ਹਰ ਸਮੇਂ ਸਮਾਜ ਦੀ ਭਲਾਈ ਦੀ ਸੋਚ ਰਖਣ ਦਾ ਸੁਨੇਹਾ ਦਿੰਦੀ ਹੈ। ਮੈਂ ਸਮੂਹ ਪੰਜਾਬੀ ਲੇਖਕ ਜਗਤ ਵਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।
-
ਜਰਨੈਲ ਸਿੰਘ ਆਰਟਿਸਟ,
jarnailarts@gmail.com
001604 595 5885
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.