ਖ਼ਬਰ ਹੈ ਕਿ ਆਪਣੇ ਪਹਿਲਾਂ ਵਾਲੇ ਵਿਭਾਗ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਗੁਜਰਾਤ ਦੇ ਡਿਪਟੀ ਮੁੱਖਮੰਤਰੀ ਨਿਤਿਨ ਪਟੇਲ ਬਹੁਤ ਨਾਰਾਜ਼ ਹਨ। ਉਹਨਾ ਨੇ ਹਾਲੇ ਤੱਕ ਆਪਣੇ ਅਹੁਦੇ ਦਾ ਕਾਰਜ ਭਾਰ ਨਹੀਂ ਸੰਭਾਲਿਆ। ਨਿਤਿਨ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਉਹਨਾ ਨੂੰ ਉਹੀ ਮੰਤਰਾਲੇ ਦਿਤੇ ਜਾਣ ਜਿਹੜੇ ਪਿਛਲੀ ਸਰਕਾਰ ਦੌਰਾਨ ਉਹਨਾ ਕੋਲ ਸਨ। ਗੁਜਰਾਤ ਦੇ ਨੌਜਵਾਨ ਨੇਤਾ ਹਾਰਦਿਕ ਪਟੇਲ ਨੇ ਕਿਹਾ ਹੈ ਕਿ ਜੇ ਉਹ ਆਪਣੇ ਨਾਲ 10 ਵਿਧਾਇਕ ਲੈਕੇ ਕਾਂਗਰਸ 'ਚ ਸ਼ਾਮਲ ਹੋ ਜਾਣ ਤਾਂ ਕਾਂਗਰਸ ਸਰਕਾਰ ਬਨਣ 'ਤੇ ਉਹਨਾ ਨੂੰ ਅਨਚਾਹਿਆ ਵਿਭਾਗ ਦਿੱਤਾ ਜਾਵੇਗਾ।
ਛੱਡੋ ਜੀ, ਛੱਡੋ ਗੱਲਾਂ! ਬਥੇਰਾ ਕੁਝ ਅਖ਼ਬਾਰਾਂ 'ਚ ਛਪਦਾ ਆ। ਅਖ਼ਬਾਰਾਂ ਤਾਂ ਹਵਾਈ ਕਿਲੇ ਉਸਾਰਦੀਆ ਆਂ। ਉਂਜ ਵੀ ਭਾਈ ਅੱਜ ਖ਼ਬਰ ਛੱਪਦੀ ਤੇ ਕੱਲ ਨੂੰ ਬੇਹੀ ਹੋ ਜਾਂਦੀ ਆ, ਅੱਜ ਆਈ ਕੱਲ ਗਈ ਗੱਲ ਵਾਂਗਰ! ਅਖ਼ਬਾਰਾਂ ਆਖ ਦਿੰਦੀਆਂ ਦੇਸ਼ 'ਚੋਂ ਮਹਿੰਗਾਈ ਖਤਮ ਹੋ ਗਈ, ਪਿਆਜ ਥੋਕ ਦੇ ਭਾਅ ਵੀਹ ਰੁਪੱਈਏ ਕਿਲੋ ਵਿਕਦੇ ਆ, ਬਜ਼ਾਰ ਜਾਓ ਬੈਗਾਨੇ ਪੁੱਤ ਕਿਲੋ ਪਿਆਜਾਂ ਦੇ ਪੰਜਾਹ ਰੁਪੱਈਏ ਕਢਾ ਲੈਂਦੇ ਆ। ਅਖ਼ਬਾਰਾਂ ਦਾਲਾਂ ਸਸਤੀਆਂ ਹੋਈਆਂ ਲਿਖ ਦਿੰਦੀਆਂ ਆਂ, ਤੇ ਵਪਾਰੀ ਭਾਅ ਦੂਣਾ ਚੁੱਕ ਦੇਂਦੇ ਆ। ਆਹ ਵੇਖੋ ਨਾ ਅਖ਼ਬਾਰਾਂ ਤਾਂ ਰਾਹੁਲ ਦੇ ਗਲੇ 'ਚ ਗੁਜਰਾਤ ਦੀ ਜਿੱਤ ਦਾ ਸਿਹਰਾ ਪਾਈ ਬੈਠੀਆਂ ਸਨ, ਬੇਚਾਰਾ "ਮੋਦੀ-ਸ਼ਾਹ" ਦੇ ਬਾਣਾਂ ਨਾਲ ਜ਼ਖਮੀ ਹੋਕੇ, ਮਾਂ ਸੋਨੀਆਂ ਤੋਂ ਮਿਲੀ ਪ੍ਰਧਾਨਗੀ ਨਾਲ ਹੀ ਸਬਰ ਕਰਕੇ ਬਹਿ ਗਿਆ। ਆਹ ਆਪਣਾ ਪੰਜਾਬ ਦਾ ਖਜ਼ਾਨਚੀ ਮਨਪ੍ਰੀਤ ਬਾਦਲ ਅਖ਼ਬਾਰਾਂ ਦੇ ਆਖੇ ਲੱਗ ਮੋਦੀ ਦੇ ਜੀ ਐਸ ਟੀ ਦੇ ਗੱਫੇ ਉਡੀਕਦਾ ਰਿਹਾ, ਪਰ ਜੋ ਪੱਲੇ 'ਚ ਸੀ ਉਹ ਵੀ ਕਿਰਨ-ਕਿਰਨ ਹੋਕੇ ਉਹਦੇ ਹੱਥੋਂ ਕਿਰਦਾ ਗਿਆ। ਅਖ਼ਬਾਰਾਂ ਜੋ ਮਰਜ਼ੀ ਪਈਆਂ ਆਖਣ ਪਟੇਲ ਬਾਰੇ, ਉਹ ਤਾਂ ਭਾਈ ਉਹੀ ਕੁਝ ਕਰੂ ਜੋ ਮੋਦੀ-ਸ਼ਾਹ ਆਖੂ। ਜੇਕਰ ਮੋਦੀ ਆਖੂ ਦਿਨ ਆ, ਪਟੇਲ ਆਖੂ ਵਾਹਵਾ ਚਾਨਣ ਹੋਇਆ ਪਿਆ, ਜੇ ਸ਼ਾਹ ਆਖੂ ਰਾਤ ਆ, ਤਾਂ ਭਾਈ ਪਟੇਲ ਆਖੂ ਘੁੱਪ ਹਨੇਰਾ ਹੋਇਆ ਪਿਆ। ਬਾਕੀ ਸਭ ਕੁਝ ਭਰਮ ਆ, "ਜਿਹੜੇ ਵਿੱਚ ਅਖ਼ਬਾਰਾਂ ਬਿਆਨ ਛੱਪਦੇ ਕੀ ਉਹਨਾ 'ਚੋਂ ਕੱਢਣ ਤੇ ਪਾਉਣ ਜੋਗਾ"?
ਨਵਾਂ ਸਾਲ ਮੁਬਾਰਕ! ਨਯਾ ਸਾਲ ਮੁਬਾਰਕ!! ਹੈਪੀ ਨੀਊ ਯੀਅਰ?
ਖ਼ਬਰ ਹੈ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੇ ਦੌਰਾਨ ਪੁਲਿਸ ਵਲੋਂ ਦਰਜ਼ ਕੀਤੇ ਗਏ ਝੂਠੇ ਕੇਸਾਂ ਦੇ ਨਿਪਟਾਰੇ ਦਾ ਕੰਮ ਸ਼ੁਰੂ ਹੋ ਗਿਆ ਹੈ। ਜਸਟਿਸ ਮਹਿਤਾਬ ਸਿੰਘ ਗਿੱਲ ਵੱਲੋ ਸੂਬਾ ਸਰਕਾਰ ਨੂੰ ਸੋਂਪੀਆਂ ਗਈਆਂ ਚਾਰ ਅੰਤਰਿਮ ਰਿਪੋਰਟਾਂ ਵਿੱਚ ਜਿਹੜੇ ਕੇਸਾਂ ਨੂੰ ਝੂਠੇ ਦੱਸਿਆ ਗਿਆ ਸੀ, ਸੂਬਾ ਸਰਕਾਰ ਨੇ ਉਹਨਾ ਵਿਚੋਂ 80 ਫੀਸਦੀ ਐਫ ਆਈ ਆਰ ਨੂੰ ਖਾਰਜ ਕਰ ਦਿੱਤਾ ਹੈ। ਇਸਤੋਂ ਬਿਨਾਂ ਬਾਕੀ 20 ਫੀਸਦੀ ਐਫ ਆਈ ਆਰ ਜੋ ਅਦਾਲਤਾਂ ਵਿੱਚ ਹਨ ਉਹਨਾ ਸਬੰਧੀ ਵੀ ਸਰਕਾਰ ਨੇ ਸਟੇਟਸ ਦਾਖਲ ਕਰਕੇ ਮਾਮਲੇ ਖਾਰਜ ਕਰਨ ਲਈ ਕਿਹਾ ਹੈ। ਜਿਹਨਾ ਅਫ਼ਸਰਾਂ ਇਹ ਝੂਠੇ ਕੇਸ ਦਰਜ਼ ਕਰਵਾਏ ਸਨ, ਅਤੇ ਜਿਹਨਾ ਖਿਲਾਫ ਜਸਟਿਸ ਗਿੱਲ ਨੇ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਉਹਨਾ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਨੂੰ ਵੀ ਪ੍ਰਵਾਨ ਕਰ ਲਿਆ ਗਿਆ ਹੈ।
ਲਉ ਜੀ ਹੋ ਗਈਆਂ ਮੁਬਾਰਕਾਂ! ਨਵੇਂ ਸਾਲ ਦੀਆਂ! ਹੈਪੀ ਨੀਊ ਯੀਅਰ ਵਰਗੀਆਂ। ਪਰ ਆਹ ਕਿਸਾਨ ਕੀਹਨੂੰ ਮੁਬਾਰਕਾਂ ਦੇਣ ਜਿਹਨਾ ਦੇ ਹਿੱਸੇ ਲਾਰੇ-ਲੱਪੇ ਆਏ। ਆਹ ਨੌਜਵਾਨ ਕੀਹਨੂੰ ਮੁਬਾਰਕ ਦੇਣ ਜਿਹੜੇ ਨੌਕਰੀਆਂ ਉਡੀਕਦੇ ਹਾਲ 'ਚ ਹੀ ਬੁੱਢੇ ਦਿਸਣ ਲੱਗ ਗਏ। ਆਹਬੁੱਢੇ ਕੀਹਨੂੰ ਮੁਬਾਰਕਾਂ ਦੇਣ ਜਿਹਨਾਂ ਦੀਆਂ ਅੱਖਾਂ 500 ਰੁੱਪਈਏ ਪੈਨਸ਼ਨ ਮਿਲਣ ਨੂੰ ਪੱਕ ਗਈਆਂ। ਆਹ ਆਪਣੀਆਂ ਮਾਵਾਂ ਜਿਹੜੀਆਂ ਆਪਣੇ ਪੁੱਤ ਨਸ਼ੱਈਏ ਦੇ ਨਸ਼ੇ ਛਡਾਉਣ ਦੀਆਂ ਖ਼ਬਰਾਂ ਨੂੰ ਤਰਸ ਗਈਆਂ, ਕਿਹੜੇ ਮੂੰਹ ਨਾਲ ਤੇ ਕੀਹਨੂੰ ਮੁਬਾਰਕਾਂ ਦੇਣ! ਹਾਂ ਭਾਈ ਆਹ, ਆਪਣੇ ਅਮਲੀ ਪਟਿਆਲੇ ਵਾਲੇ ਡਾ: ਧਰਮਵੀਰ ਨੂੰ ਨਵਾਂ ਸਾਲ ਮੁਬਾਰਕ ਦੇਣ ਜਾਂ ਨਯਾ ਸਾਲ ਮੁਬਾਰਕ ਆਖਣ ਜਾਂ ਲੋਰ 'ਚ ਆਏ ਹੈਪੀ ਨੀਊ ਯੀਅਰ ਆਖ ਭੰਗੜੇ ਪਾਉਣ, ਜਿਸ ਉਹਨਾ ਦੇ ਹੱਕ 'ਚ ਇਹ ਗੱਲ ਸ਼ਰੇਆਮ ਆਖੀ ਆ ਕਿ ਪੰਜਾਬ ਅਫੀਮ ਦੀ ਖੇਤੀ ਸ਼ੁਰੂ ਕਰੇ! ਭਾਈ ਆਹ ਆਪਣਾ ਪਟਿਆਲੇ ਵਾਲੇ ਮਹਾਰਾਜੇ ਨੂੰ ਤਾਂ ਹੋਰ ਕਿਸੇ ਦਾ ਫਿਕਰ ਹੀ ਨਹੀਂ ਉਹ ਤਾਂ ਪੈਗ ਲਾਕੇ ਬਸ ਆਪਣਿਆਂ ਨੂੰ ਹੀ ਆਖੂ, "ਹੈਪੀ ਨੀਊ ਯੀਅਰ ਮਾਈ ਡੀਅਰ ਫਰਿੰਡ------- ਹੈਪੀ ਨੀਊ ਯੀਅਰ"?
ਰਾਂਝੇ ਖਾਣ ਧੱਕੇ ਹੁਣ ਕਿਉਂ ਬੇਲਿਆਂ ਦੇ?
ਖ਼ਬਰ ਹੈ ਕਿ ਤਾਜਮਹਿਲ ਵਿੱਚ ਵੱਧਦੀ ਹੋਈ ਭੀੜਾਂ ਦੇ ਦਬਾਅ ਨੂੰ ਘੱਟ ਕਰਨ ਦੇ ਲਈ ਪ੍ਰਾਸਾਸ਼ਨ ਨੇ ਦਿਨ ਵਿੱਚ 25000 ਲੋਕਾਂ ਨੂੰ ਦੀਦਾਰ ਕਰਨ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਸਰਦੀਆਂ ਦੀਆਂ ਛੁਟੀਆਂ ਕਾਰਨ ਇਥੇ ਯਾਤਰੀਆਂ ਦੀ ਭੀੜ ਲੱਗੀ ਹੋਈ ਹੈ ਅਤੇ ਕਈ ਯਾਤਰੀਆਂ ਨੂੰ ਤਾਜਮਹਿਲ ਦਾ ਬਿਨਾ ਦਰਸ਼ਨ ਕੀਤੇ ਹੀ ਵਾਪਿਸ ਹੋਣਾ ਪੈ ਰਿਹਾ ਹੈ। ਕਈ ਯਾਤਰੂਆਂ ਨੂੰ ਤਾਂ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਵੀ ਹੋਣਾ ਪਿਆ। ਇਸ ਸਭ ਕੁਝ ਕਾਰਨ ਵਿਦੇਸ਼ੀ ਯਾਤਰੂਆਂ ਉਤੇ ਵੀ ਭੈੜਾ ਪ੍ਰਭਾਵ ਗਿਆ ਹੈ।
ਜਦ ਲਵ-ਜਿਹਾਦ ਦੇ ਨਾਮ 'ਤੇ ਪਾਰਕਾਂ 'ਚ ਬੈਠੇ ਬੀਬੀਆਂ-ਬੀਬਿਆਂ ਦੀ ਖੁੰਭ ਠੱਪੀ ਜਾ ਰਹੀ ਆ। ਜਦ ਪਿਆਰ-ਮੁੱਹਬਤ ਕਰਦੇ ਜੋੜਿਆਂ ਦੀ ਭੁਗਤ ਸੁਆਰੀ ਜਾ ਰਹੀ ਆ। ਜਦ ਜੀਨਾਂ-ਟਾਪ, ਸਕਰਟਾਂ ਪਾਉਣ ਵਾਲੀਆਂ ਬੱਚੀਆਂ ਨੂੰ ਰੋਕਾਂ-ਟੋਕਾਂ ਹੋ ਰਹੀਆਂ ਆ। ਤਾਂ ਪੁਰਾਣੇ ਪ੍ਰੇਮੀ-ਪ੍ਰੇਮਕਾਵਾਂ ਭਲਾ ਮਕਬਰਿਆਂ 'ਚ ਕਿਵੇਂ ਖੁਲ੍ਹੇ ਫਿਰਨ ਦਿੱਤੇ ਜਾਣ? ਕੀ ਪਤਾ ਉਹਨਾ ਦੀ ਰੂਹ ਅੱਜ ਦੇ ਸੱਸੀ-ਪੁਨੂ, ਹੀਰ-ਰਾਂਝਾਂ, ਦੀਆਂ ਰੂਹਾਂ 'ਚ ਆ ਵਿਰਾਜੇ ਤੇ ਵਿਚਾਰਾ ਸੂਬੇ ਦਾ ਹਾਕਮ "ਜੋਗੀ" ਇਸ ਵੱਗ ਨੂੰ ਫੜਨ ਲਈ "ਨਵੀਂ ਫੋਰਸ" ਕਾਇਮ ਕਰਨ ਤੇ ਮਜ਼ਬੂਰ ਹੋ ਜਾਏ।
ਲੋਕ ਤਾਂ ਵਿਹਲੇ ਆ। ਉਠ ਤੁਰਦੇ ਆ ਸੈਰਾਂ ਕਰਨ ਤਾਜਮਹਿਲ ਦੀਆਂ। ਉਠ ਤੁਰਦੇ ਆ ਮਕਬਰੇ-ਯਾਦਗਾਰਾਂ ਵੇਖਣ! ਮਕਬਰੇ-ਯਾਦਗਾਰਾਂ ਵੇਖਣੀਆਂ ਆ ਤਾਂ ਡਾਂਗਾਂ ਖਾਣ। ਯਾਦਗਾਰਾਂ, ਮਕਬਰਿਆਂ 'ਚ ਭਾਈ ਹੁਣ ਕੈਦੋਂ ਦੀ ਰੂਹ ਬੈਠੀ ਆ, ਉਥੇ ਤਾਂ ਉਹਦੇ ਹੀ ਦਰਸ਼ਨ ਹੋਣੇ ਆ। ਰਾਂਝੇ-ਹੀਰਾਂ ਦੀਆਂ ਰੂਹਾਂ ਤਾਂ "ਮੋਦੀਆਂ-ਸ਼ਾਹਾਂ-ਜੋਗੀਆਂ" ਦੀ ਕੈਦ 'ਚ ਹਉਕੇ ਭਰ ਰਹੀਆਂ ਆਂ। ਹੁਣ ਹੀਰਾਂ ਡੇਰਿਆਂ 'ਚ ਚਲ-ਚਲ ਨਹੀਂ ਆਉਂਦੀਆਂ, ਤਾਂ ਫਿਰ ਰਾਂਝੇ-ਬੇਲਿਆਂ 'ਚ ਧੱਕੇ ਖਾਣ ਕਿਉਂ ਜਾਣ? ਵਿਚਾਰੀ ਮੁਮਤਾਜ ਵੀ ਹੁਣ ਤਾਂ ਬਹੁਤੇ ਬੰਦਿਆਂ ਨੂੰ ਵੇਖ-ਵੇਖ ਅੱਕ ਗਈ ਹੋਊ ਤਦੇ ਭਾਈ ਲਵ-ਜਹਾਦ ਰੋਕਾਂ ਵਾਂਗਰ ਮੁਮਤਾਜ ਨੂੰ ਵੇਖਣ ਦੀਆਂ ਰੋਕਾਂ ਲਾਉਣਾ ਸੋਚਿਆ ਹੋਊ ਆਪਣੇ ਜੋਗੀ ਨੇ, ਜਾਪਦਾ ਇਸ ਜੋਗੀ ਨੇ ਰਾਂਝੇ ਜੋਗੀ ਦਾ ਕਿੱਸਾ ਕਦੇ ਕੰਠ ਨਹੀਂ ਕੀਤਾ।
ਚੋਰਾਂ ਦੀਆਂ ਪੰਡਾਂ ਲਾਠੀਆਂ ਦੇ ਗਜ਼
ਖ਼ਬਰ ਹੈ ਕਿ ਅਮਰੀਕਾ ਦੀ ਲਗਾਤਾਰ ਚਿਤਾਵਨੀ ਦੇ ਬਾਵਜੂਦ ਹਕਾਮੀ ਨੈਟਵਰਕ, ਲਸ਼ਕਰੇ-ਤੋਇਬਾ ਜਿਹੇ ਆਤੰਕੀ ਸੰਗਠਨਾਂ ਦੇ ਖਿਲਾਫ ਕਾਰਵਾਈ ਨਾ ਕਰਨਾ ਪਾਕਿਸਤਾਨ ਨੂੰ ਮਹਿੰਗਾ ਪੈ ਸਕਦਾ ਹੈ। ਆਤੰਕੀਆਂ ਅਤੇ ਉਹਨਾ ਦੇ ਸੰਗਠਨਾਂ ਖਿਲਾਫ ਪਾਕਿਸਤਾਨ ਦੇ ਨਰਮ ਰਵੱਈਏ ਤੋਂ ਨਾਰਾਜ਼ ਅਮਰੀਕਾ ਉਸਨੂੰ 25-5 ਕਰੋੜ ਡਾਲਰ (ਲਗਭਗ 16 ਅਰਬ ਰੁੱਪਏ) ਦੀ ਸਹਾਇਤਾ ਉਤੇ ਰੋਕ ਲਗਾ ਸਕਦਾ ਹੈ। ਸਾਲ 2002 ਤੋਂ ਹੁਣ ਤੱਕ ਪਾਕਿਸਤਾਨ ਨੂੰ 33 ਅਰਬ ਡਾਲਰ (ਲਗਾਤਾਰ 1300 ਅਰਬ ਰੁਪਏ ਦੀ ਅਮਰੀਕਾ ਵਲੋਂ ਦਿੱਤੀ ਜਾ ਚੁੱਕੀ ਹੈ।
ਅਮਰੀਕੀ ਠਾਣੇਦਾਰ ਟਰੰਪ ਅੱਗੇ ਜਿਹੜਾ ਬੋਲੂ, ਭਾਈ ਉਹਨੂੰ ਥਰਡ ਡਿਗਰੀ ਢੰਗਾਂ ਦਾ ਤਜ਼ਰਬਾ ਤਾਂ ਸਹਿਣਾ ਹੀ ਪਊ। ਠਾਣੇਦਾਰਾਂ ਵਾਲਾ ਘੋਟਣਾ ਤਾਂ ਉਹਦੇ ਅੜਾਟ ਵੀ ਕੱਢੂ, ਨਾਨੀ ਵੀ ਉਹਨੂੰ ਚੇਤੇ ਕਰਾਊ, ਅਤੇ ਚੀਕਾਂ ਵੀ ਕਢਾਊ। ਤਦੇ ਭਾਈ ਰੁਪੱਈਏ ਰੋਕ ਦਿਤੇ ਅਤੇ ਦੱਬਕੇ ਧਮਕੀਆਂ ਵੀ ਮਾਰ ਦਿੱਤੀਆਂ
ਉਂਜ ਤਾਂ ਕੀ ਹੋਇਆ ਪਾਕਿਸਤਾਨ ਨੇ ਟਰੰਪ ਦੀ ਝੋਲੀ ਲੁੱਟੀ ਆ। ਤਾਂ ਕੀ ਹੋਇਆ ਪਾਕਿਸਤਾਨ ਨੇ ਅਮਰੀਕੀਆਂ ਵਲੋਂ ਕੀਤੀ ਲੁੱਟ 'ਚੋਂ ਰਤਾ-ਮਾਸਾ ਠੂੰਗਾ ਮਾਰਿਆ ਆ। ਤਾਂ ਕੀ ਹੋਇਆ ਪਾਕਿਸਤਾਨ ਨੇ ਅਮਰੀਕੀਆਂ ਦੀ ਜੇਬ ਕਤਰੀ ਆ। ਭਾਈ ਉਹ ਤਾਂ "ਚੋਰਾਂ ਦੀਆਂ ਪੰਡਾਂ ਤੇ ਲਾਠੀਆਂ ਦੇ ਗਜ਼ ਵਾਲੀ ਗੱਲ ਆ। ਜਿਹਨੇ, ਜਿਹੜੇ ਵੀ ਢੰਗ ਨਾਲ ਹਥਿਆ ਲਈ, ਉਹਦੀ ਮਾਲਕੀ ਹੋ ਗਈ। ਹੈ ਕਿ ਨਾ?
ਨਹੀਂ ਰੀਸਾਂ ਦੇਸ਼ ਪੰਜਾਬ ਦੀਆਂ!
· ਭਾਰਤ ਦੀਆਂ ਸਰਕਾਰੀ ਬੈਂਕਾਂ ਦਾ ਡੁਬਿਆ ਕਰਜ਼ਾ (ਐਨ ਪੀ ਏ) ਜੂਨ 2017 ਤੱਕ 7.33 ਲੱਖ ਕਰੋੜ ਰੁਪਏ ਹੋ ਚੁੱਕਾ ਹੈ ਜੋ ਮਾਰਚ 2015 ਤੱਕ 2.75 ਲੱਖ ਕਰੋੜ ਸੀ। ਜੇਕਰ ਨਿੱਜੀ ਬੈਂਕ ਦਾ ਡੁੱਬਿਆ ਕਰਜ਼ਾ ਵੀ ਇਸ ਵਿੱਚ ਜੋੜ ਦਿੱਤਾ ਜਾਵੇ ਤਾਂ ਇਹ 10 ਲੱਖ ਕਰੋੜ ਰੁਪਏ ਨੂੰ ਵੀ ਪਾਰ ਕਰ ਜਾਏਗਾ।
ਇੱਕ ਵਿਵਾਰ
ਇੱਕ ਨਵਾਂ ਸ਼ਬਦ ਇੱਕ ਤਾਜੇ ਬੀਜ ਦੇ ਬਰਾਬਰ ਹੁੰਦਾ ਹੈ, ਜੋ ਵਿਚਾਰ-ਚਰਚਾ ਦੀ ਜ਼ਮੀਨ ਉਤੇ ਬੀਜਿਆ ਜਾਂਦਾ ਹੈ----------- ਲੁਡਵਿਗ ਵਿਟਮੇਂਸਟਾਈਨ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.