ਅੱਜ ਸਵੇਰੇ ਮੇਰੀ ਸਰਦਾਰਨੀ ਪੁੱਛ ਰਹੀ ਸੀ , ਇਹ ਅਨਮੋਲ ਗਗਨ ਮਾਨ ਕੌਣ ਹੈ, ਜਿਸ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਗੀਤ ਰਾਹੀਂ ਹਲੂਣਿਐਂ?
ਕਿਸੇ ਸੱਜਣ ਨੇ ਇਸ ਗੀਤ ਦਾ ਲਿੰਕ ਮੈਨੂੰ ਵੀ ਘੱਲਿਆ ਸੀ ਪਰ ਸੁਣ ਨਹੀਂ ਸਾਂ ਸਕਿਆ।
ਸੁਣ ਕੇ ਰੂਹ ਡੁੱਬ ਗਈ ਸੰਵੇਦਨਾ ਦੇ ਦਰਿਆ ਵਿੱਚ।
ਆਮ ਪ੍ਰਚੱਲਿਤ ਗੀਤ ਗਾਉਣ ਵਾਲੀ ਪੰਜਾਬ ਦੀ ਧੀ ਨੇ ਸਾਡੀ ਅਣਖ਼ ਨੂੰ ਵੰਗਾਰਿਆ ਹੈ।
ਜੀਵੇਂ ਧੀਏ ਪੰਜਾਬ ਦੀਏ।
ਤੂੰ ਮਾਈ ਭਾਗੋ ਦੀ ਵਾਰਿਸ ਹੋ ਨਿਭੀ ਹੈਂ।
ਪਹਿਲਾ ਚਿਰਾਗ ਬਾਲਿਐ।
ਸ਼ਿਮਲਾ ਤਾਂ ਸਾਰਿਆਂ ਨੇ ਘੁੰਮਿਐਂ
ਦੱਸੋ ਕੌਣ ਕੌਣ ਗਿਐ ਸਰਹੰਦ ਬਈ।
ਲਿਖਣ ਵਾਲੇ ਮੇਰੇ ਨਿੱਕੇ ਵੀਰ ਮੱਟ ਸ਼ੇਰੋਂ ਵਾਲਾ ਨੇ ਵੀ ਗੀਤ ਚ ਅਹਿਸਾਸ ਭਰਦਿਆਂ ਕਸਰ ਨਹੀਂ ਛੱਡੀ। ਰਣਜੀਤ ਮੱਟ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦਾ ਜੰਮਪਲ ਹੈ।
ਉਸੇ ਸੰਗਰੂਰ ਦਾ ,
ਜਿੱਥੋਂ ਦਾ ਅਕਾਲੀ ਫੂਲਾ ਸਿੰਘ ਸੀ, ਰਣਜੀਤ ਸਿੰਘ ਮਹਾਰਾਜੇ ਨੂੰ ਰਾਜਿਆਂ ਵਾਲੀਆਂ ਕਰਤੂਤਾਂ ਬਦਲੇ ਅਕਾਲ ਤਖ਼ਤ ਸਾਹਿਬ ਤੇ ਬੁਲਾ ਕੇ ਕੋਰੜੇ ਮਾਰਨ ਵਾਲਾ।
ਉਸੇ ਸੰਗਰੂਰ ਦਾ,
ਜਿੱਥੇ ਗੁਰੂ ਕੇ ਬਾਗ ਮੋਰਚੇ ਵੇਲੇ ਛੱਲੀਆਂ ਕੁੱਟਣ ਵਾਂਗ ਡਾਂਗਾਂ ਨਾਲ ਸਿੰਘ ਕੁੱਟਣ ਵਾਲਾ ਪੁਲਿਸ ਕਪਤਾਨ ਬੀ ਟੀ ਸੰਗਰੂਰੀਆਂ ਨੇ ਕੁੱਟ ਕੁੱਟ ਮਾਰ ਦਿੱਤਾ ਸੀ,ਯਾਰੀਆਂ ਮਾਣਦਾ ਕਿਸੇ ਤ੍ਰੀਮਤ ਨਾਲ।
ਮੱਟ ਮਿੱਤਰਾ!
ਤੂੰ ਹਨ੍ਹੇਰੇ ਚ ਲਕੀਰ ਵਾਹੀ ਹੈ, ਅਨਮੋਲ ਨੇ ਗੂੜ੍ਹੀ ਕੀਤੀ ਹੈ।
ਸਵਾਲ ਵਕਤ ਦੇ ਸਾਹਮਣੇ ਹੈ ਕਿ ਗੰਦੇ, ਭੜਕੀਲੇ, ਖ਼ਰਚੀਲੇ ਤੇ ਬੇਅਰਥੇ ਗੀਤਾਂ ਦੀ ਥਾਂ ਅਣਖ਼ੀਲੇ ਗੀਤ ਲਿਖਣੇ ਤੇ ਗਾਉਣੇ ਹਨ ਕਿ ਪੰਜਾਬ ਨੂੰ ਤਬਾਹ ਕਰਨਾ ਹੀ ਕਰਨਾ ਹੈ?
ਸਵਾਲ ਪੂਰੀ ਸੰਗੀਤ ਮੰਡੀ ਸਾਹਮਣੇ ਖੜ੍ਹਾ ਹੈ, ਬਰਛੇ ਵਾਂਗ।
ਸਰਹੰਦ ਨੂੰ ਵਜੀਦਿਆਂ ਹੱਥੋਂ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਬਚਾਉਣਾ ਵੀ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੈ।
ਅਨਮੋਲ ਗਗਨ ਮਾਨ ਤੇ ਰਣਜੀਤ ਮੱਟ ਦੇ ਨਾਲ ਨਾਲ ਸੰਗੀਤਕਾਰ ਤੇ ਕੋਰੀਓਗਰਾਫਰ ਨੂੰ ਵੀ ਸੱਜਰੇ ਅੰਦਾਜ਼ ਲਈ ਵਧਾਈਆਂ।
Click link below:
http://https://youtu.be/qn7T5rwbPik
-
ਗੁਰਭਜਨ ਗਿੱਲ,
info.babushahi@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.