ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਦੇਸ਼-ਵਿਦੇਸ਼ ਦੇ ਕਈ ਰਾਜਸੀ ਪੰਡਤ ਇਹ ਆਸ ਲਗਾਈ ਬੈਠੇ ਸਨ ਕਿ ਸ਼ਾਇਦ ਇਸ ਵਾਰ 6ਵੀਂ ਦਫਾ ਗੁਜਰਾਤ ਵਿਚ ਸੱਤਾਧਾਰੀ ਹੋਣ ਨਾਤੇ ਭਾਜਪਾ ਵਿਰੁੱਧ ਰਾਜ ਵਿਚ ਸੱਤਾ ਵਿਰੋਧੀ ਲਹਿਰ ਅਤੇ ਜਾਤੀਵਾਦੀ ਅੰਦੋਲਨਕਾਰੀ ਸਮੀਕਰਨਾਂ ਤੇ ਅਸਵਾਰ ਹੋ ਕੇ ਕਾਂਗਰਸ ਪਾਰਟੀ ਆਪਣੇ ਨਵੇਂ ਨੌਜਵਾਨ ਵੰਸ਼ਵਾਦੀ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਜਪਾ ਦਾ ਚੋਣਾਂ ਜੇਤੂ ਰੱਥ ਠਲ ਦੇਵੇਗੀ। ਪਰ ਗੁਜਰਾਤ ਦੇ ਧਰਤੀ ਪੁੱਤਰਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਭਾਜਪਾ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦੀ ਜੋੜੀ 'ਗੁਜਰਾਤ ਰਹਾ ਪਾਸ, ਹਿਮਾਚਲ ਭੀ ਆਇਆ ਸਾਥ? ਹਿਮਾਚਲ ਪ੍ਰਦੇਸ਼ ਅੰਦਰ ਭਾਜਪਾ ਦੋ-ਤਿਹਾਈ ਬਹੁਮੱਤ ਨਾਲ ਜਿੱਤੀ। ਉਪਰੰਤ ਸਾਨੂੰ ਤਾਂ ਐਸੇ ਰਾਜਨੀਤਕ ਪੰਡਤਾਂ ਦੀ ਅਕਲ ਦੀ ਸਮਝ ਨਹੀਂ ਆਉਂਦੀ ਜਦੋਂ
ਉਹ ਵੱਖ-ਵੱਖ ਤਰਕਾਂ ਦੇ ਅਧਾਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਗੁਜਰਾਤ ਅੰਦਰ ਭਾਜਪਾ ਦੀ ਸੰਨ 2012 ਵਿਚ ਹੋਈ ਜਿੱਤ ਨਾਲੋਂ ਇਸ ਵਾਰ ਘੱਟ ਸੀਟਾਂ ਦੇ ਫ਼ਰਕ ਨਾਲ ਹੋਈ ਜਿੱਤ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਵਿਖਾਈ ਦਿਤੇ। ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਚੋਣਾਂ ਵਿਚ ਸੰਨ 2012 ਦੀਆਂ ਵਿਧਾਨ ਸਭਾ ਚੋਣਾਂ ਮੁਕਾਬਲੇ 1.5 ਪ੍ਰਤੀਸ਼ਤ ਵਧ ਵੋਟਾਂ ਲੈ ਕੇ ਜੇਤੂ ਰਹੀ ਹੈ। ਇਸ ਰਾਜਨੀਤਕ ਲੋਕਪ੍ਰਿਅਤਾ ਵਲ ਕੋਈ ਧਿਆਨ ਨਹੀਂ ਕਰ ਰਿਹਾ ਕਿ ਜਿੱਥੇ ਹਿਮਾਚਲ ਪ੍ਰਦੇਸ਼ ਅੰਦਰ ਸੱਤਾਧਾਰੀ ਕਾਂਗਰਸ ਪਾਰਟੀ ਰਾਜ ਅੰਦਰ ਵੱਡੀ ਜਨਤਕ ਨਰਾਜ਼ਗੀ ਭਰੀ ਲਹਿਰ ਨੂੰ ਠੱਲਣ ਵਿਚ ਨਾਕਾਮ ਹੋਣ ਕਰਕੇ ਭਾਜਪਾ ਤੋਂ ਬੁਰੀ ਤਰ੍ਹਾਂ ਹਾਰੀ ਉੱਥੇ ਭਾਜਪਾ 6ਵੀਂ ਵਾਰ ਲਗਾਤਾਰ ਗੁਜਰਾਤ ਅੰਦਰ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਜੇਤੂ ਰਹਿਣ ਵਿਚ ਸਫਲ ਰਹੀ। ਦੇਸ਼ ਅੰਦਰ ਸੀ.ਪੀ.ਐੱਮ. ਦੀ ਅਗਵਾਈ ਵਿਚ ਖੱਬੇ ਪੱਖੀ ਗਠਜੋੜ ਪੱਛਮੀ ਬੰਗਾਲ ਵਿਚ 7 ਵਾਰ ਲਗਾਤਾਰ ਜੇਤੂ ਰਹਿਣ ਦਾ ਰਿਕਾਰਡ ਰਖਦਾ ਹੈ। ਨਹੀਂ ਤਾਂ ਅਜੋਕੇ ਰਾਜਨੀਤਕ ਸੰਦਰਭ ਵਿਚ ਸੱਤਾਧਾਰੀ ਪਾਰਟੀਆਂ ਜਾਂ ਗਠਜੋੜਾਂ ਵਲੋਂ
ਦੂਸਰੀ ਵਾਰ ਸੱਤਾ ਵਿਚ ਬਣੇ ਰਹਿਣਾ ਬਹੁਤ ਔਖਾ ਹੁੰਦਾ ਹੈ। ਗੁਜਰਾਤ ਅੰਦਰ ਇਸ ਵਾਰ ਕਾਂਗਰਸ ਪਾਰਟੀ ਨੇ ਚੋਣਾਂ ਜਿੱਤਣ ਲਈ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਣਾਈ। ਆਪਣੇ 132 ਸਾਲਾਂ ਤੋਂ ਚਲੇ ਆਏ ਵਿਚਾਰਧਾਰਕ ਅਤੇ ਵਿਵਹਾਰਕ ਸਿਧਾਂਤਾਂ ਦੀ ਬਲੀ ਦੇ ਦਿੱਤੀ। ਰਾਜ ਅੰਦਰ ਜਾਤੀਵਾਦੀ ਰਾਜਨੀਤੀ ਕਰਨ ਵਾਲੇ ਨੌਜਵਾਨਾਂ ਨੂੰ ਗਲੇ ਲਗਾਇਆ ਜਿਵੇਂ ਕਿ 25 ਪ੍ਰਤੀਸ਼ਤ ਕਸ਼ਤਰੀ ਵੋਟ ਬੈਂਕ ਵਾਲੇ ਅਪਲੇਸ਼ ਠਾਕੁਰ, 7 ਪ੍ਰਤੀਸ਼ਤ ਦਲਿਤ ਵੋਟ ਬੈਂਕ ਵਾਲੇ ਵਰਗ ਦੇ ਜਿਗਨੇਸ਼ ਸਿਵਾਨੀ, 22 ਪ੍ਰਤੀਸ਼ਤ ਵੋਟ ਬੈਂਕ ਵਾਲੇ ਪਾਟੀਦਾਰ ਵਰਗ ਦੇ ਅੱਗ ਫੱਕ ਵਾਲੇ ਹਰਮਨ ਪਿਆਰੇ ਆਗੂ
ਹਾਰਦਿਕ ਪਟੇਲ ਆਦਿ।
ਧਰਮ ਨਿਰਪੱਖਤਾ ਦੇ ਸਿੱਧਾਂਤ ਨੂੰ ਜਿਵੇਂ ਰਾਂਝਾ, ਹੀਰ ਨੂੰ ਪ੍ਰਾਪਤ ਕਰਨ ਲਈ ਕੰਨ ਪੜਵਾ ਕੇ ਯੋਗੀ ਹੋ ਗਿਆ ਸੀ, ਸ਼੍ਰੀ ਰਾਹੁਲ ਗਾਂਧੀ ਵੀ ਜਨੇਊ ਪਨਿ ਕੇ ਸੋਮਨਾਥ ਮੰਦਰ ਅਤੇ ਅਜਿਹੇ ਹੋਰ 27 ਮੰਦਰਾਂ ਵਿਚ 'ਹਿੰਦੁਤਵੀ ਕਲੋਨ' ਵਜੋਂ ਨਤਮਸਤਕ ਹੋਇਆ ਪਰ ਹਾਲਤ ਅਖੀਰ ਰਾਂਝੇ ਵਾਲੀ ਹੀ ਹੋਈ; 'ਨਾਲੇ ਰੰਨ ਗਈ ਕਾਲੇ ਕੰਨ ਪਾਟੇ, ਨਫਾ ਏਸ 'ਚੋਂ ਦੱਸ ਕੀ ਖੱਟਿਆ ਸੂ।'' ਇਹ ਸਾਰਾ ਡਰਾਮਾ ਸੀ ਕਿ ਜੇ ਉਹ ਧਾਰਮਿਕ ਹੈ ਤਾਂ ਪ੍ਰਧਾਨ ਬਣਨ ਬਾਅਦ ਦਿੱਲੀ ਅੰਦਰ ਕਿਸੇ ਮੰਦਰ ਵਿਚ ਕਿਉਂ ਨਹੀਂ ਗਿਆ? ਗੁਜਰਾਤ ਚੋਣਾਂ ਦੇ ਦੂਸਰੇ ਗੇੜ ਵਿਚ ਚੋਣ ਪ੍ਰਚਾਰ ਬਹੁਤ ਹੀ ਹੇਠਲੇ ਪੱਧਰ 'ਤੇ ਗਿਰ ਗਿਆ ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੂੰ ਕਾਂਗਰਸ ਪ੍ਰੋਢ ਆਗੂ ਮਨੀਸ਼ੰਕਰ ਅਈਅਰ ਵਲੋਂ 'ਨੀਚ' ਕਹਿਣ ਤੋਂ ਹੋਈ। ਸ਼੍ਰੀ ਰਾਹੁਲ ਨੇ ਵਿਕਾਸਵਾਦੀ ਗੁਜਰਾਤ ਅੰਦਰ 'ਵਿਕਾਸ ਪਾਗਲ ਹੋ ਗਿਆ' ਜਿਹੇ ਬੇਮਾਇਨੇ ਵਾਲੇ ਸ਼ਬਦ ਵਰਤੇ। ਫਿਰ ਬਦਲੇ ਵਿਚ ਗੁਜਰਾਤੀਆਂ ਦੀ ਅਣਖ ਨੂੰ ਵੰਗਾਰਨ ਲਈ ਵੱਖ-ਵੱਖ ਸਮੇਂ ਕਾਂਗਰਸੀਆਂ ਵਲੋਂ ਉਨ੍ਹਾਂ ਨੂੰ ਬਹੁਤ ਹੀ ਤ੍ਰਿਸਕਾਰ ਭਰੇ ਸ਼ਬਦਾਂ ਨੂੰ ਬਾਰ-ਬਾਰ ਦੁਹਰਾਉਣ ਦੀ ਝੜੀ ਲਗਾ ਦਿਤੀ। ਇਸ ਪੈਂਤੜੇ ਨੇ ਗੁਜਰਾਤ ਚੋਣਾਂ ਦੀ ਦਿਸ਼ਾ ਬਦਲ ਦਿਤੀ।
ਸਾਬਕਾ ਪ੍ਰਧਾਨ ਮੰਤਰੀ ਡਾੱ. ਮਨਮੋਹਨ ਸਿੰਘ, ਰਾਹੁਲ ਗਾਂਧੀ ਅਤੇ ਹੋਰਨਾਂ ਵਲੋਂ ਸਨਅਤੀ ਅਤੇ ਕਾਰੋਬਾਰੀ ਗੁਜਰਾਤ ਦੀ ਨਬਜ਼ ਟੋਹਦਿਆਂ ਨੋਟਬੰਦੀ, ਜੀ.ਐੱਸ.ਟੀ. ਅਤੇ ਕਿਸਾਨੀ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ ਪਰ ਭਾਜਪਾ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਅਤੇ ਉਸਦੀ ਟੀਮ ਨੇ ਸੂਰਤ, ਅਹਿਮਦਾਬਾਦ, ਰਾਜਕੋਟ ਆਦਿ ਥਾਵਾਂ 'ਤੇ ਚੋਣ ਇੰਚਾਰਜ ਸ਼੍ਰੀ ਅਰੁਣ ਜੇਤਲੀ ਸਮੇਤ ਜਾਗ੍ਰਿਤ ਕਾਰੋਬਾਰੀ ਅਤੇ ਸਨਅਤੀ ਵਰਗ ਦੇ ਇਨ੍ਹਾਂ ਦਲੇਰਾਨਾ ਆਰਥਿਕ ਸੁਧਾਰਾਂ ਸਬੰਧੀ ਖਦਸ਼ੇ ਨਵਿਰਤ ਕੀਤੇ। ਨਤੀਜੇ ਵਜੋਂ ਕੁਲ ਸ਼ਹਿਰੀ 55 ਹਲਕਿਆਂ ਵਿਚੋਂ ਭਾਜਪਾ ਨੇ 44 ਤੇ ਜਿੱਤ ਪ੍ਰਾਪਤ ਕੀਤੀ।
ਪਾਟੀਦਾਰ ਸਮਾਜ ਵਿਚ ਸੰਗਠਨਾਤਮਿਕ ਸ਼ਕਤੀ ਬਲਬੂਤੇ ਭਾਜਪਾ ਸੰਨ੍ਹ ਲਾਉਣ ਵਿਚ ਸਫਲ ਰਹੀ ਜਿਸ ਤੋਂ ਇਸ ਵਰਗ ਦਾ ਆਗੂ ਹਾਰਦਿਕ ਪਟੇਲ ਦੰਗ ਰਹਿ ਗਿਆ। ਆਪਣੀ ਨਾਕਾਮੀ 'ਤੇ ਪਰਦਾ ਪਾਉਣ ਲਈ ਉਸ ਨੇ ਦੋਸ਼ ਲਗਾਇਆ ਕਿ ਭਾਜਪਾ ਨੇ ਪਾਟੀਦਾਰ ਸਮਾਜ ਨੂੰ ਖਰੀਦਣ ਲਈ ਧੰਨ ਦੀ ਵਰਤੋਂ ਕੀਤੀ ਅਤੇ ਈ.ਵੀ.ਐੱਮ. ਚੋਣ ਮਸ਼ੀਨਾਂ ਵਿਚ ਹੇਰਾ ਫੇਰੀ ਕੀਤੀ।
ਨਵ-ਨਿਯੁਕਤ ਵੰਸ਼ਵਾਦੀ ਕਾਂਗਰਸ ਪ੍ਰਧਾਨ ਨੇ ਇਸ ਵਾਰ ਗੁਜਰਾਤ ਚੋਣਾਂ ਵਿਚ ਬਹੁਤ ਮਿਹਨਤ ਕੀਤੀ। ਇੰਜ ਕਰਕੇ ਉਸ ਨੇ ਆਪਣੀ ਸ਼ਖ਼ਸੀਅਤ ਸਬੰਧੀ 'ਪੱਪੂ' ਹੋਣ ਦਾ ਦਾਗ ਧੋ ਦਿਤਾ ਭਾਵੇਂ ਉਹ 'ਸਿਕੰਦਰ' ਨਾ ਬਣ ਸਕਿਆ। ਆਮ ਆਦਮੀ ਪਾਰਟੀ ਤਾਂ 29 ਵਿਚੋਂ ਕਿ ਸੀਟ ਨਾ ਜਿੱਤ ਸਕੀ। ਪਾਰਟੀ ਸੰਗਠਨ ਅਤੇ ਵਚਨਬੱਧ ਲੀਡਰਸ਼ਿਪ ਦੀ ਵੱਡੀ ਘਾਟ ਕਰਕੇ ਇਸ ਵਾਰ ਕਾਂਗਰਸ ਗੁਜਰਾਤ 'ਚ ਸੱਤਾ ਪਲਟਣ ਵਿਚ ਨਾਕਾਮ ਰਹੀ। ਇਸ ਨੇ ਭਾਜਪਾ ਦੀਆਂ 99 ਸੀਟਾਂ ਮੁਕਾਬਲੇ 77 ਜਦਕਿ ਤਿੰਨ ਇਸ ਦੇ ਸਹਿਯੋਗੀਆਂ ਪ੍ਰਾਪਤ ਕੀਤੀਆਂ। 3 ਸੀਟਾਂ ਅਜ਼ਾਦ ਉਮੀਦਵਾਰਾਂ ਪ੍ਰਾਪਤ ਕੀਤੀਆਂ। ਹਕੀਕਤ ਇਹ ਹੈ ਜੋ ਕਾਂਗਰਸ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਜੇਕਰ ਜਾਤੀਵਾਦੀ ਤਿੰਨ 'ਯੰਗ ਤੁਰਕ' ਹਾਰਦਿਕ ਪਟੇਲ, ਅਪਲੇਸ਼ ਠਾਕੁਰ, ਜਿਗਨੇਸ਼ ਮਿਵਾਨੀ ਇਸ ਨਾਲ ਨਾ ਹੁੰਦੇ ਤਾਂ ਨਿਸ਼ਚਤ ਤੌਰ 'ਤੇ ਭਾਜਪਾ 150 ਸੀਟਾਂ 'ਤੇ
ਜਿੱਤਦੀ ਅਤੇ ਕਾਂਗਰਸ ਪਾਰਟੀ 30 ਸੀਟਾਂ ਤੋਂ ਨਾ ਟੱਪਦੀ। ਖੈਰ! ਸੰਨ 1985 ਤੋਂ ਬਾਅਦ ਇਸ ਵਾਰ ਕਾਂਗਰਸ ਏਨੀਆਂ ਸੀਟਾਂ ਪ੍ਰਾਪਤ ਕਰ ਸਕੀ।
ਹਿਮਾਚਲ ਪ੍ਰਦੇਸ਼ ਅੰਦਰ ਮੁੱਖ ਮੰਤਰੀ ਵੀਰ ਭੱਦਰ ਸਿੰਘ ਕਾਂਗਰਸ ਵਲੋਂ ਹਰੀ ਹੋਈ ਲੜਾਈ ਲੜ ਰਿਹਾ ਸੀ। ਰਾਹੁਲ ਗਾਂਧੀ ਦੀ ਲੀਡਰਸ਼ਿਪ ਅਤੇ ਕਾਂਗਰਸ ਮਹਾਂਰਥੀ ਉਸ ਦੀ ਡੁੱਬਦੀ ਬੇੜੀ ਨੂੰ ਨਾ ਬਚਾ ਸਕੇ। ਰਾਜ ਅੰਦਰ ਕਾਂਗਰਸ ਅੰਦਰੂਨੀ ਫੁੱਟ ਦਾ ਸ਼ਿਕਾਰ ਸੀ, ਭ੍ਰਿਸ਼ਟਾਚਾਰ, ਕੋਟਖਾਈ ਬਲਾਤਕਾਰ ਕੇਸ, ਰੋਜ਼ਗਾਰ, ਵਾਤਾਵਰਨ ਸੰਭਾਲ ਆਦਿ ਐਸੇ ਮੁੱਦੇ ਸਨ ਜਿਨ੍ਹਾਂ ਦੀ ਤਾਬ ਵੀਰਭੱਦਰ ਸਿੰਘ ਸਰਕਾਰ ਨਾ ਝੱਲ ਸਕੀ। ਕਾਂਗੜਾ-ਮੰਡੀ ਖੇਤਰਾਂ ਵਿਚ ਤਾਂ ਬੁਰੀ ਤਰ੍ਹਾਂ ਇਸ ਦੀ ਫੱਟੀ ਪੋਚੀ ਗਈ। ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਸ ਹਾਰ ਦਾ ਠੀਕਰਾ ਇਸ ਗੱਲ 'ਤੇ ਭੰਨਿਆ ਕਿ ਰਾਜ ਅੰਦਰ ਹਰ 5 ਸਾਲ ਬਾਅਦ ਲੋਕਾਂ ਵਲੋਂ ਸਰਕਾਰ ਬਦਲਣ ਦੀ ਰਵਾਇਤ ਚਲੀ ਆ ਰਹੀ ਹੈ। ਅਗਲੀ ਵਾਰ ਕਾਂਗਰਸ ਮੁੜ ਸੱਤਾ ਵਿਚ ਆਏਗੀ।
ਭਾਜਪਾ ਦਾ ਮੁੱਖ ਮੰਤਰੀਸ਼ਿਪ ਉਮੀਦਵਾਰ ਪ੍ਰੇਮ ਕੁਮਾਰ ਧੂਮਲ ਭਾਵੇਂ ਹਾਰ ਗਿਆ, ਰਾਜ ਨੂੰ ਮੁੜ੍ਹ ਤੇਜ਼ ਵਿਕਾਸਗਤੀ ਦੇਣ ਦੀਆਂ ਲੀਹਾਂ 'ਤੇ ਤੋਰਨ ਦੇ ਵਚਨ ਕਰਕੇ ਜਿੱਤੀਆਂ ਚੋਣਾਂ ਵਿਚ ਕੁਲ 68 ਵਿਧਾਨ ਸਭਾ ਹਲਕਿਆਂ ਵਿਚੋਂ ਭਾਜਪਾ ਦੋ-ਤਿਹਾਈ 44 ਸੀਟਾਂ ਲੈ ਕੇ ਜਿੱਤੀ ਜਦਕਿ ਕਾਂਗਰਸ 21 ਸੀਟਾਂ 'ਤੇ ਸਿਮਟ ਕੇ ਰਹਿ ਗਈ। ਤਿੰਨ ਸੀਟਾਂ ਹੋਰਨਾਂ ਨੇ ਪ੍ਰਾਪਤ ਕੀਤੀਆਂ।
ਗੁਜਰਾਤ ਵਿਚ ਸੱਤਾ ਕਾਇਮ ਰਖਣ ਅਤੇ ਹਿਮਾਚਲ ਪ੍ਰਦੇਸ਼ ਵਿਚ ਜਿੱਤ ਪ੍ਰਾਪਤ ਕਰਨ ਵਿਚ ਸਫਲ ਹੋਣ ਬਾਅਦ ਭਾਜਪਾ ਦਾ ਦੇਸ਼ ਦੇ 29 ਰਾਜਾਂ ਵਿਚੋਂ 19 ਤੇ ਪਰਚਮ ਲਹਿਰਾਉਣ ਲਗ ਪਿਆ ਹੈ। ਕਾਂਗਰਸ ਪਾਰਟੀ ਕੋਲ ਪੰਜਾਬ, ਕਰਨਾਟਕ, ਮੇਘਾਲਿਆ, ਮਿਜ਼ੋਰਮ ਰਹਿ ਗਏ ਹਨ। ਅਗਲੇ ਸਾਲ 8 ਰਾਜਾਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿਚੋਂ ਤਿਰੀਪੁਰਾ, ਨਾਗਾਲੈਂਡ, ਮੇਘਾਲਿਆਂ ਵਿਚ ਅਪਰੈਲ, 2018 ਅਤੇ ਬਾਕੀ ਰਾਜਸਥਾਨ, ਕਰਨਾਟਕ, ਛਤੀਸ਼ਗੜ੍ਹ, ਮੱਧ ਪ੍ਰਦੇਸ਼, ਮਿਜ਼ੋਰਮ ਵਿਚ ਬਾਅਦ ਵਿਚ ਹੋਣਗੀਆਂ ਸ਼੍ਰੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਲਿਟਮਸ ਟੈਸਟ ਇਨ੍ਹਾਂ ਵਿਚ ਹੋ ਜਾਵੇਗਾ। ਸੰਨ 1996 ਤੋਂ ਬਾਅਦ ਕਾਂਗਰਸ ਏਨੀ ਹੀਣੀ ਹੋ ਚੁੱਕੀ ਹੈ ਕਿ ਆਪਣੇ ਬਲਬੂਤੇ ਚੋਣਾਂ ਨਹੀਂ ਲੜ ਸਕਦੀ ਇਸਨੂੰ ਰਾਜਨੀਤਕ ਸਹਿਯੋਗੀਆਂ ਦਾ ਸਹਾਰਾ ਲੈਣਾ ਪੈਂਦਾ ਹੈ। ਆਪਣੇ 19 ਸਾਲ ਦੇ ਪ੍ਰਧਾਨਗੀ ਕਾਰਜਕਾਲ ਵਿਚ ਸ਼੍ਰੀਮਤੀ ਸੋਨੀਆ ਗਾਂਧੀ ਇਸ ਦੇ ਸੰਗਠਨ ਨੂੰ ਪੈਰੀਂ ਨਹੀਂ ਸਕੀ। ਦੂਸਰੇ ਪਾਸੇ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਨੂੰ ਨਾ ਸਿਰਫ ਅਗਲੇ ਸਾਲ ਰਾਜ ਵਿਧਾਨ ਸਭਾ ਚੋਣਾਂ ਬਲਕਿ ਸੰਨ 2019 ਵਿਚ ਲੋਕ ਸਭਾ ਚੋਣਾਂ ਵਿਚ ਵੱਡੀ ਚੁਣੌਤੀ ਦਰਪੇਸ਼ ਹੈ। ਜੇਕਰ ਇਸ ਨੇ ਨੌਜਵਾਨਾਂ ਲਈ ਰੋਜ਼ਗਾਰ, ਕਿਸਾਨੀ ਸਬੰਧੀ ਮਸਲੇ ਅਤੇ ਜੀ.ਐੱਸ.ਟੀ. ਅਤੇ ਨੋਟਬੰਦੀ ਪ੍ਰਭਾਵ ਦੂਰ ਨਾ ਕੀਤੇ ਤਾਂ 'ਕਾਂਗਰਸ ਮੁੱਕਤ ਭਾਰਤ' ਦੀ ਥਾਂ ਇਸ ਨੂੰ 'ਜਨਤਕ ਝੱਟਕਾ' ਲਗ ਸਕਦਾ ਹੈ। ਤਿੱਖਾ ਹਿੰਦੂਤਵਵਾਦ ਮਾਰੂ ਸਿੱਧ ਹੋ ਸਕਦਾ। ਭਾਰਤ ਵਿਚ ਵੱਖ-ਵੱਖ ਧਰਮਾਂ, ਜਾਤਾਂ, ਭਾਸ਼ਾਵਾਂ, ਸਭਿਆਚਾਰਾਂ, ਇਲਾਕਿਆਂ,
ਰੰਗਾਂ ਦਾ ਗੁਲਦਸਤਾ ਹੈ। ਇਸ ਨੂੰ ਇਕਰੰਗ ਵਿਚ ਰੰਗਣਾ ਸੰਭਵ ਨਹੀਂ। ਇਸ ਲਈ ਭਾਜਪਾ ਨੂੰ ਸੱਤਾ ਵਿਚ ਕਾਇਮ ਰਹਿਣ ਅਤੇ ਆਪਣਾ ਜੇਤੂ ਹੱਥ ਕਾਇਮ ਰਖਣ ਲਈ ਜਨਤਕ ਆਸ਼ਾਵਾਂ ਅਤੇ ਅਭਿਲਾਸ਼ਾਵਾਂ ਅਨੁਕੂਲ ਨੀਤੀਆਂ ਦਾ ਨਵ-ਨਿਰਮਾਣ ਕਰਨਾ ਪਵੇਗਾ। ਨਿਰੇ ਵਿਕਾਸ ਦੀ ਰੱਟ ਨਾਲ ਜੇਤੂ ਰੱਥ ਚਲਾਉਣਾ ਸੰਭਵ ਨਹੀਂ ਹੋਵੇਗਾ।
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.