ਇੱਕ ਸੁਰੀਲੀ ਆਵਾਜ਼ ਆਲੇ-ਦੁਆਲੇ ਗੂੰਜਦੀ ਹੈ, ਪੰਛੀਆਂ ਦੀ ਚਹਿਚਹਾਟ ਵਰਗੀ, ਸੋਜ਼ ਮਈ, ਦਰਦ-ਭਰੀ ਅਤੇ ਕਿਧਰੇ ਕਿਧਰੇ ਕਿਸੇ ਨੱਢੀ ਦੀਆਂ ਸ਼ੋਖ ਅਦਾਵਾਂ ਵਰਗੀ। ਲੈਅ, ਸੁਰਤਾਲ ਨਾਲ ਉਤਪੋਤ ਇਹ ਪੁਖਤਾ ਆਵਾਜ਼ ਜਿਸ ਵੀ ਦਿਲ ਵਿੱਚ ਖੁੱਭਦੀ ਹੈ, ਝਰਨਾਹਟ ਪੈਦਾ ਕਰਦੀ ਹੈ, ਤੇ ਮਨੁੱਖੀ ਦਿਲ ਨਸ਼ਿਆਇਆ ਹੀ ਤਾਂ ਜਾਂਦਾ ਹੈ। ਜਾਪਦਾ ਹੈ ਕਿ ਇਸ ਆਵਾਜ਼ ਨੇ ਨੌਂ ਪੜਾਅ ਪਾਰ ਕਰਕੇ, ਨੌਂ ਰਤਨ ਪ੍ਰਾਪਤ ਕਰ ਲਏ ਹਨ। ਇਸ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਨੇ ਮਾਖਿਓਂ ਮਿੱਠੀ ਪੰਜਾਬੀ ਦੇ ਫ਼ਕੀਰ ਸੂਫੀ ਸ਼ਾਇਰ ਬੁਲ੍ਹੇ ਸ਼ਾਹ ਦੀਆਂ ਰੁਬਾਈਆਂ ਗਾਕੇ ਬਾਬਾ ਬੁਲ੍ਹੇ ਸ਼ਾਹ ਨੂੰ ਸ਼ਰਧਾ ਦੇ ਫੁੱਲ ਤਾਂ ਭੇਂਟ ਕੀਤੇ ਹੀ ਹਨ, ਉਸਦੀ ਜ਼ਿੰਦਗੀ ਦੇ ਫਲਸਫੇ ਅਤੇ ਸਵਾ ਤਿੰਨ ਸੌ ਸਾਲਾ ਪਹਿਲਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਪੇਸ਼ ਕਰਦੇ ਭਾਵਾਂ, ਸਚਾਈਆਂ ਨੂੰ ਤਰੋ-ਤਾਜ਼ਾ ਕੀਤਾ ਹੈ। "ਕਸੁੰਭੜਾ" ਸੰਗੀਤ ਐਲਬਮ ਪੇਸ਼ ਕਰਕੇ ਡਾ:' ਹਮਦਰਦ ਨੇ ਉਸ ਬਾਬਾ ਬੁਲ੍ਹੇ ਸ਼ਾਹ ਨੂੰ ਮੁੜ ਜੀਉਂਦਾ ਕਰ ਦਿੱਤਾ, ਜਿਹੜਾ ਪੰਜਾਬੀਆਂ ਦੇ ਜੀਵਨ ਵਿਚੋਂ ਅਛੋਪਲੇ ਜਿਹੇ ਪੱਲਾ ਛੁਡਾ ਕੇ ਕਿਧਰੇ ਲੁਕਿਆ-ਛੁਪਿਆ ਬੈਠਾ ਹੋਇਆ ਸੀ।
ਬਾਬਾ ਬੁਲ੍ਹੇ ਸ਼ਾਹ ਪੰਜਾਬੀਆਂ ਦਾ ਨਾਇਕ ਹੈ। ਇੱਕ ਉਹ ਸ਼ਾਇਰ, ਜਿਸ ਮੌਕੇ ਦੇ ਲੋਕਾਂ ਦੇ ਦਰਦ ਨੂੰ ਪਛਾਣਿਆ। ਸਮੇਂ ਦੇ ਸੱਚ ਨੂੰ ਪਿੰਡੇ ਹੰਡਾਇਆ ਤੇ ਸੱਚੋ-ਸੱਚ ਕਹਿਣ ਦੀ ਕੀਮਤ ਤਾਰੀ। "ਬੁਲ੍ਹਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ" ਵਰਗੀਆਂ ਗੱਲਾਂ ਕਰਨ ਵਾਲਾ "ਫੱਕਰ ਸ਼ਾਇਰ" ਕਿਸੇ ਗਾਇਕ ਦੀਆਂ ਬਾਹਵਾਂ ਦੇ ਕਲਾਵੇ 'ਚ ਤਾਂ ਤਦੇ ਆ ਸਕਦਾ ਹੈ, ਜੇ ਗਾਇਕ ਵੀ ਉਹਦੇ ਵਰਗਾ ਹੋਵੇ, ਸੱਚ ਦੀ ਧੂਣੀ ਬਾਲੇ, ਉਹਦੀ ਰੂਹ 'ਚ ਝਾਕੇ, ਉਹਦੇ ਬੋਲਾਂ ਨਾਲ ਬੋਲ ਸਾਂਝੇ ਕਰੇ ਤੇ ਆਖੇ "ਲੈ ਬੁਲ੍ਹਿਆ, ਮੈਂ ਬਣਦਾ ਹਾਂ ਤੇਰੀ ਆਵਾਜ਼"। ਡਾ: ਬਰਜਿੰਦਰ ਸਿੰਘ ਹਮਦਰਦ ਨੇ ਆਪ "ਕਸੁੰਭੜਾ" ਬਣ, ਫੁੱਲਾਂ ਦੇ ਦੁਆਲਿਉਂ ਕੰਡੇ ਚੁਣੇ, ਬੁਲ੍ਹੇ ਸ਼ਾਹ ਵਾਂਗਰ ਯਾਰਾਂ ਦੀ ਮਹਿਫਲ ਸਜਾਈ ਤੇ ਉਹਦੇ ਵਰਗਾ ਹੋ "ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ" ਗਾਇਆ। ਇੰਜ ਕਰਕੇ ਉਸ ਅੱਜ ਦੀ ਪੰਜਾਬੀ ਗਾਇਕੀ, ਜੋ ਸੂਫ਼ੀ ਰੰਗ ਨੂੰ ਭੁਲਾ ਬੈਠੀ ਹੈ, ਨੂੰ ਸਾਫ-ਸੁਥਰੀ ਗਾਇਕੀ ਦਾ ਪਾਠ ਪੜ੍ਹਾਉਂਦਿਆਂ ਪੰਜਾਬੀ ਵਿਰਸੇ, ਪੰਜਾਬੀ ਸਭਿਆਚਾਰ, ਪੰਜਾਬੀ ਲੋਕਾਂ ਦੇ ਸਮਾਜਿਕ ਸਰੋਕਾਰਾਂ ਨਾਲ ਜੁੜਨ ਦਾ ਸੱਚਾ ਸੁੱਚਾ ਸੁਨੇਹਾ ਵੀ ਦਿੱਤਾ ਹੈ!
ਮੇਰੇ ਸਾਹਮਣੇ ਡਾ: ਹਮਦਰਦ ਦੀਆਂ ਪਹਿਲੀਆਂ ਅੱਠੋਂ ਸੰਗੀਤ ਐਲਬਮਾਂ ਪਈਆਂ ਹਨ, (ਜਿਹਨਾਂ ਨੂੰ ਮੈਂ ਗਾਹੇ-ਬਗਾਹੇ ਉਦੋਂ ਸੁਣਦਾ-ਮਾਣਦਾ ਹਾਂ, ਜਦੋਂ ਮੈਂ ਝੂਠੇ ਫਰੇਬੀ, ਅੰਨੀ ਤਾਕਤ ਵਾਲੇ ਲੋਕਾਂ ਨੂੰ ਜਿੱਤਦੇ ਵੇਖ ਨਿਰਾਸ਼ ਹੁੰਦਾ ਹਾਂ ਅਤੇ ਇਹ ਐਲਬਮਾਂ ਸੁਣਕੇ ਮੁੜ ਸੰਘਰਸ਼ ਦੇ ਰਾਹ ਪੈਂਦਾ ਹਾਂ, ਮੇਰੇ ਲਈ ਇਹ ਪ੍ਰੇਰਨਾ ਸ੍ਰੋਤ ਹਨ।)ਬਾਪੂ ਡਾ: ਸਾਧੂ ਸਿੰਘ ਹਮਦਰਦ ਨੂੰ "ਸ਼ਰਧਾਂਜਲੀ", ਊਰਦੂ ਤੇ ਪੰਜਾਬੀ ਸ਼ਾਇਰਾਂ ਦੀ ਸ਼ਾਇਰੀ ਦਾ ਰੰਗ "ਜਜ਼ਬਾਤ", ਪੰਜਾਬੀ ਸ਼ਾਇਰਾਂ ਨੂੰ "ਸਿਜਦਾ" ਫੈਜ਼, ਅਖਤਰ, ਫਾਜ਼ਲੀ, ਸ਼ਾਕਿਰ ਦੀ "ਆਹਟ", ਖੁਸ਼ਬੂ", "ਮੇਰੀ ਪਸੰਦ" ਅਤੇ "ਲੋਕ ਗੀਤ" ਪਰ ਜਿਹੜਾ ਰੰਗ ਡਾ: ਬਰਜਿੰਦਰ ਸਿੰਘ ਹਮਦਰਦ ਨੇ "ਕਸੁੰਭੜਾ" ਵਿੱਚ ਵਖੇਰਿਆ ਹੈ, ਉਹ ਪੰਜਾਬੀ ਗਾਇਕੀ ਦਾ ਮੀਲ ਪੱਥਰ ਹੋ ਨਿਬੜਿਆ ਹੈ। ਬਾਹਵਲਪੁਰ (ਪੱਛਮੀ ਪੰਜਾਬ) ਦੇ ਪਿੰਡ ਉਚ 'ਚ ਜੰਮੇ ਸੂਫ਼ੀ ਸ਼ਾਇਰ ਬੁਲ੍ਹੇ ਸ਼ਾਹ ਦੀਆਂ ਰੁਬਾਈਆਂ "ਮੱਕੇ ਗਿਆ ਗੱਲ ਮੁੱਕਦੀ ਨਾਂਹੀ", "ਬੁਲ੍ਹਿਆ ਕੀ ਜਾਣਾ ਮੈਂ ਕੌਣ", "ਮੈਂ ਜਾਣਾ ਜੋਗੀ ਦੇ ਨਾਲ", "ਆ ਮਿਲ ਯਾਰ", "ਉੱਠ ਗਏ ਗੁਆਢੋਂ ਯਾਰ", "ਬੱਸ ਕਰ ਜੀ ਹੁਣ ਬਸ ਕਰ ਜੀ", "ਤੇਰੇ ਇਸ਼ਕ ਨਚਾਇਆ ਥੱਈਆ ਥੱਈਆ", "ਇਸ਼ਕ ਦੀ ਨਵੀਓਂ ਨਵੀਂ ਬਹਾਰ", "ਘੁੰਗਟ ਉਹਲੇ ਨਾ ਲੁਕ ਸੱਜਣਾ", "ਮੇਰੀ ਬੁਕਲ ਦੇ ਵਿੱਚ ਚੋਰ", "ਇੱਕ ਨੁਕਤੇ ਵਿੱਚ ਗੱਲ ਮੁਕਦੀ ਏ", "ਇੱਕ ਨੁਕਤਾ ਯਾਰ ਪੜ੍ਹਾਇਆ ਏ", ਜ਼ਿੰਦਗੀ ਦੀ ਸਚਾਈ ਤਾਂ ਬਿਆਨ ਕਰਦੀਆਂ ਹੀ ਹਨ, ਸੂਫ਼ੀਮਤ ਦੇ ਚਾਰ ਪੜ੍ਹਾਵਾਂ ਸ਼ਰੀਅਤ (ਪਾਠ) ਤਰੀਕਤ (ਵਾਚਣਾ) ਹਕੀਕਤ (ਸਚਾਈ) ਅਤੇ ਮਾਰਫਤ (ਇੱਕਠ) ਦਾ ਤੱਤ ਸਾਰ ਵੀ ਹਨ। ਇਹਨਾਂ ਰੁਬਾਈਆਂ ਦਾ ਹੋਕਾ ਗਲੀਓ-ਗਲੀ ਘੁੰਮਦੇ ਮਿੱਠੀ ਆਵਾਜ਼ ਵਾਲੇ ਗਾਇਕਾਂ ਨੇ ਵੀ ਦਿੱਤਾ ਅਤੇ ਪੂਰਬੀ-ਪੱਛਮੀ ਪੰਜਾਬ ਦੇ ਨਾਮਵਰ ਗਾਇਕਾਂ ਨੇ ਵੀ ਇਹਨਾ ਨੂੰ ਆਪਣੇ ਅੰਦਾਜ਼ ਵਿੱਚ ਗਾਇਆ। ਪਰ ਜਿਸ ਅੰਦਾਜ਼ ਵਿੱਚ ਗਾਇਕ ਡਾ: ਹਮਦਰਦ ਨੇ ਬੁਲ੍ਹੇ ਸ਼ਾਹ ਦੀਆਂ ਅੱਠ ਰੁਬਾਈਆਂ , "ਮੈਂ ਉਡੀਕਾਂ ਕਰ ਰਹੀ", " ਇਸ ਨਿਹੁੰ ਦੀ ਉਲਟੀ ਚਾਲੀ", "ਵੇਖੋ ਨੀ ਕੀ ਕਰ ਗਿਆ ਮਾਹੀ", "ਇਸ਼ਕ ਦੀ ਨਵੀਓਂ ਨਵੀਂ ਬਹਾਰ", "ਅੱਜ ਪੀਆ ਘਰ ਆਇਆ", " ਮੈਂ ਕਸੁੰਭੜਾ ਚੁਣ-ਚੁਣ ਹਾਰੀ, "ਘੁੰਗਟ ਚੁੱਕ ਓ ਸੱਜਣਾ", ਅਤੇ "ਥੱਈਆ ਥੱਈਆ" ਦੀ ਪੇਸ਼ਕਾਰੀ ਕੀਤੀ ਹੈ, ਉਸਦਾ ਰੰਗ ਵੀ ਨਿਰਾਲਾ ਹੈ ਅਤੇ ਅੰਦਾਜ਼ ਵੀ ਨਿਵੇਕਲਾ ਹੈ। ਸੰਗੀਤਕਾਰ ਗੁਰਦੀਪ ਸਿੰਘ ਦੇ ਸੰਗੀਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ ਹੈ। ਉਧਰੋਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੋਰੀਉਗ੍ਰਾਫੀ ਨੇ ਜੋ ਰੰਗ ਬਖੇਰੇ ਹਨ, ਉਹਨਾ ਦੀ ਸ਼ਲਾਘਾ ਤਾਂ ਕਰਨੀ ਹੀ ਬਣਦੀ ਹੈ। ਪਰ ਇਕ ਹੋਰ ਗੱਲ ਲਈ ਡਾ: ਹਮਦਰਦ ਸ਼ਾਬਾਸ਼ ਦਾ ਹੱਕਦਾਰ ਹੈ। ਉਹ ਇਹ ਹੈ ਕਿ ਉਹਨਾ ਨੇ ਉਹਨਾ ਲੋਕਾਂ ਨੂੰ ਵੀ "ਫੁਰਸਤ ਦੇ ਕੁਝ ਪਲਾਂ" 'ਚ ਸੰਗੀਤ ਰਾਹੀਂ ਸੱਚ ਨਾਲ ਜੋੜਨ ਦਾ ਯਤਨ ਕੀਤਾ ਹੈ ਜਿਹੜੇ ਪੰਜਾਬ ਨੂੰ ਭੁਲ ਸਿਰਫ਼ "ਆਪਣੀ ਸਿਆਸਤ" ਦਾ ਰੰਗ ਹੀ ਹਰ ਮਹਿਫ਼ਲ 'ਚ ਵਿਖੇਰਣ ਲਈ ਤਤਪਰ ਦਿਸਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਇਹਨਾ ਸੰਗੀਤ ਮਹਿਫ਼ਲਾਂ 'ਚ ਪੰਜਾਬੀ ਦੇ ਉਘੇ ਲੇਖਕਾਂ, ਬੁੱਧੀਜੀਵੀਆਂ ਦੀ ਸ਼ਮੂਲੀਅਤ ਵੀ ਯਕੀਨੀ ਬਣਾਈ ਜਾਵੇ ਤਾਂ ਕਿ ਦਾਇਰਾ ਹੋਰ ਮੋਕਲਾ ਹੋਵੇ ਅਤੇ ਗਾਇਕ ਡਾ: ਹਮਦਰਦ ਦੀ ਆਵਾਜ਼ ਚਹੁੰ-ਕੂੰਟਾਂ 'ਚ ਫੈਲੇ। ਡਾ: ਹਮਦਰਦ ਦੇ 14 ਸਾਲਾਂ ਦਾ ਸੰਗੀਤਕ ਸਫਰ ਵੀ ਉਤਨਾ ਹੀ ਸਫ਼ਲ ਹੈ, ਜਿਤਨੀ ਸਫਲ ਉਸਦੀ ਪੱਤਰਕਾਰੀ ਅਤੇ ਲੇਖਨ ਕਲਾ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.