ਕਿਸੇ ਦਿਨ ਇਹ ਪੁਰਾਤਨ ਵਸਤਾਂ ( ਐਂਟੀਕਸ ) ਵਿਚ ਸ਼ਾਮਲ ਹੋ ਜਾਣਗੇ
18 ਨਵੰਬਰ ਸ਼ਨੀਵਾਰ ਨੂੰ 22 ਸੈਕਟਰ ਵਿਚੋਂ ਵਾਪਸ ਆ ਰਹੇ ਸਨ . ਮੇਰੀ ਕਾਰ ਚਲਾ ਰਹੇ ਮੇਰੇ ਸਹਾਇਕ ਸੁਰਜੀਤ ਸਿੰਘ ਨੇ ਗੱਲ ਛੇੜੀ , " ਰਿਕਸ਼ੇ ਤਾਂ ਚੰਡੀਗੜ੍ਹ ਵਿਚੋਂ ਖ਼ਤਮ ਹੀ ਹੋ ਰਹੇ ਨੇ . ਕੋਈ-ਕੋਈ ਰਿਕਸ਼ਾ ਦਿਸਦਾ ਐ ਹੁਣ ਸੜਕਾਂ 'ਤੇ ."
ਉਹ ਰਵਾਇਤੀ ਸਾਈਕਲ -ਰਿਕਸ਼ੇ ਦੀ ਗੱਲ ਕਰ ਰਿਹਾ ਸੀ .
ਮੈਂ ਕਿਹਾ, " ਅੱਛਾ ". ਥੋੜ੍ਹਾ ਜਿਹਾ ਸੋਚ ਕੇ ਅਤੇ ਆਲ਼ੇ--ਦੁਆਲ਼ੇ ਸੜਕਾਂ ਤੇ ਨਜ਼ਰ ਮਰਦਿਆਂ , ਹੈਰਾਨੀ ਜਿਹੀ ਨਾਲ ਹੁੰਗਾਰਾ ਭਰਿਆ ਤੇ ਮੈਂ ਕਿਹਾ , "ਵਾਕਿਆ ਹੀ ਹੁਣ ਸੜਕਾਂ 'ਤੇ ਰਿਕਸ਼ੇ ਦੇਖੇ ਨਹੀਂ . ਬੱਸ ਅੱਡੇ 22 ਸੈਕਟਰ ਵਿਚ ਪਹਿਲਾਂ ਤਾਂ ਰਿਕਸ਼ੇ ਹੀ ਰਿਕਸ਼ੇ ਹੁੰਦੇ ਸੀ . ਇਹ ਕਿ ਬੰਦ ਹੋਗੇ ? " ਮੈਂ ਸੁਰਜੀਤ ਨੂੰ ਸਵਾਲ ਕੀਤਾ .
ਉਹ ਦੱਸਣ ਲੱਗਾ , " 17 ਸੈਕਟਰ ਜਿਸ ਦਿਨ ਧਰਨਾ ਸੀ ਪੰਜਾਬੀ ਵਾਲਾ , ਉਸ ਦਿਨ ਇੱਕ ਰਿਕਸ਼ੇ ਵਾਲਾ ਦੱਸ ਰਿਹਾ ਸੀ ਕਿ ਪਹਿਲਾਂ ਤਾਂ 200-400 ਦਿਹਾੜੀ ਬਣ ਜਾਂਦੀ ਸੀ , ਹੁਣ ਤਾਂ 100 ਵੀ ਮਸਾਂ ਬਣਦੈ . ਲੋਕ ਆਟੋ ਅਤੇ ਕੈਬ ਜ਼ਾਦੇ ਵਰਤਣ ਲੱਗ ਪਏ ਨੇ . ਹੁਣ ਈ-ਰਿਕਸ਼ਾ ਵੀ ਚੱਲ ਪਏ ਨੇ "
ਮੇਰਾ ਧਿਆਨ ਅੱਜ ਤੋਂ 30 -35 ਵਰ੍ਹੇ ਪਿੱਛੇ ਚਲਾ ਗਿਆ ਜਦੋਂ ਮੈਂ ਚੰਡੀਗੜ੍ਹ ਆ ਕੇ ਰਹਿਣ ਲੱਗਾ ਸਾਂ . ਉਦੋਂ ਆਉਣ ਜਾਣ ਦਾ ਵੱਡਾ ਸਾਧਨ ਸਾਈਕਲ ਜਾਂ ਰਿਕਸ਼ੇ ਹੀ ਸਨ . ਮੈਂ ਅਤੇ ਮੇਰੀ ਬੀਵੀ ਨੇ ਰਾਮਪੁਰੇ , ਬਠਿੰਡੇ ,ਯਮੁਨਾ ਨਗਰ ਅਤੇ ਚੰਡੀਗੜ੍ਹ ਵਿਚ ਰਿਕਸ਼ੇ ਦੀ ਸਵਾਰੀ ਕਾਫ਼ੀ ਕੀਤੀ ਹੈ . ਕਈ ਵਾਰ ਚੜ੍ਹਾਈ ਚੜ੍ਹਨ ਵੇਲੇ ਜਾਂ ਉਂਜ ਵੀ ਵਿੱਤੋਂ ਬਹੁਤ ਭਾਰ ਖਿੱਚ ਰਹੇ ਰਿਕਸ਼ਾ ਚਾਲਕ ਤੇ ਤਰਸ ਵੀ ਆਉਂਦਾ ਸੀ ਤੇ ਆਦਰਸ਼ਵਾਦੀ ਸੋਚ ਹਾਵੀ ਹੋ ਜਾਂਦੀ ਸੀ ਪਰ ਨਾਲ ਹੀ ਇਹ ਖ਼ਿਆਲ ਆ ਜਾਂਦਾ ਸੀ ਕਿ ਇਸ ਦਾ ਗੁਜ਼ਾਰਾ ਵੀ ਇਸੇ ਕੰਮ ਨਾਲ ਹੋ ਰਿਹੈ . ਅਜੇ ਵੀ ਆਮ ਸ਼ਹਿਰਾਂ ਵਿਚ ਰਿਕਸ਼ਾ ਉਨ੍ਹਾਂ ਲੋਕਾਂ ਲਈ ਆਵਾਜਾਈ ਦਾ ਇੱਕ ਅਹਿਮ ਸਾਧਨ ਜਿਨ੍ਹਾਂ ਕੋਲ ਆਪਣਾ ਕੋਈ ਸਾਧਨ ਨਹੀਂ ਜਾਂ ਮੋਟਰ -ਗੱਡੀ ਤੇ ਜਾਣ ਲਈ ਪੈਸੇ ਨਹੀਂ .
ਜਦੋਂ ਵੀ ਖ਼ੁਦ ਮੈਂ ਰਿਕਸ਼ੇ ਤੇ ਬੈਠਦਾ ਜਾਂ ਕਿਸੇ ਹੋਰ ਨੂੰ ਬੈਠਦੇ ਹੋਏ ਦੇਖਦਾ ਸੀ ਤਾਂ ਮੈਨੂੰ ਹਮੇਸ਼ਾ ਹੀ ਸਵਰਗੀ ਨਕਸਲੀ ਨੇਤਾ ਪ੍ਰੋ ਹਰਭਜਨ ਸੋਹੀ ਦੀ ਇੱਕ ਲੰਮੀ ਕਵਿਤਾ ਦਾ ਛੋਟਾ ਜਿਹਾ ਹਿੱਸਾ ਯਾਦ ਆ ਜਾਂਦਾ ਸੀ ਜੋ ਕਿ ਇਸ ਤਰ੍ਹਾਂ ਹੈ ,
ਇੱਕ ਲੋਹੇ ਦੀ ਬੱਘੀ ਅੱਗੇ ,ਆਦਮ ਘੋੜਾ ਹਿਣਕੇ, ਸੱਦੇ ,
ਮਾਰ ਪਲਾਕੀ ਬੈਠਣ ਰੱਜੇ , ਤੁਣਕੇ ਮਾਰਨ ਦਾਮ ਦੇ .
ਖ਼ੈਰ , ਜਿਸ ਹਿਸਾਬ ਨਾਲ ਰਵਾਇਤੀ ਰਿਕਸ਼ੇ ਅਲੋਪ ਹੋ ਰਹੇ ਨੇ , ਕਿਸੇ ਦਿਨ ਇਹ ਪੁਰਾਤਨ ਵਸਤਾਂ ( ਐਂਟੀਕਸ ) ਵਿਚ ਸ਼ਾਮਲ ਹੋ ਜਾਣਗੇ .
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.