ਨਿਊਯਾਰਕ ਅਧਾਰਤ ਅੰਤਰਰਾਸ਼ਟਰੀ ਪੱਤਰਕਾਰ ਸੁਰੱਖਿਆ ਕਮੇਟੀ ਨੇ ਅੰਤਰਰਾਸ਼ਟਰੀ ਪੱਧਰ ਤੇ ਹੌਂਸਲੇ ਵਾਲੇ ਪੱਤਰਕਾਰਾਂ ਨੂੰ 27ਵੇਂ ਸਲਾਨਾ ਇੰਟਰਨੈਸ਼ਨਲ ਪ੍ਰੈਸ ਫਰੀਡਮ ਐਵਾਰਡ ਦੇਕੇ ਇਸੇ ਵਰ੍ਹੇ ਨਿਊਯਾਰਕ ਵਿਖੇ ਸਨਮਾਨਿਆ ਹੈ। ਇਸ ਵਰ੍ਹੇ ਦੇ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਕੈਮਰੂਨ, ਮੈਕਸੀਕੋ, ਥਾਈਲੈਂਡ ਅਤੇ ਯਮਨ ਦੇ ਉਹ ਪੱਤਰਕਾਰ ਸ਼ਾਮਲ ਹਨ, ਜਿਹੜੇ ਆਪਣੇ ਹੌਂਸਲੇ ਵਾਲੇ ਕੀਤੇ ਕੰਮਾਂ ਕਾਰਨ ਜੇਲ੍ਹਾਂ ਵਿੱਚ ਬੈਠੇ ਹਨ, ਦੇਸ਼ਾਂ ਤੋਂ ਬਾਹਰ ਕੱਢ ਦਿਤੇ ਗਏ ਹਨ ਜਾਂ ਜਿਹਨਾ ਨੂੰ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲਦੀਆਂ ਹਨ। ਐਵਾਰਡ ਸਨਮਾਨ, ਜੋ 15 ਨਵੰਬਰ 2017 ਦੀ ਅੱਧੀ ਰਾਤ ਨੂੰ ਸੰਪਨ ਹੋਇਆ ਵਿੱਚ 1000 ਤੋਂ ਵੱਧ ਲੋਕ ਸ਼ਾਮਲ ਹਨ, ਜਿਹਨਾ ਵਿੱਚ ਉਹਨਾ ਦੋ ਪੱਤਰਕਾਰਾਂ ਦੇ ਪਰਿਵਾਰ ਵੀ ਸ਼ਾਮਲ ਸਨ, ਜਿਹਨਾ ਨੂੰ ਇਹ ਐਵਾਰਡ ਪਹਿਲਾਂ ਹੀ ਮਿਲ ਚੁੱਕੇ ਸਨ। ਇਹਨਾ, ਯੂਕਰੇਨ ਦੇ ਪਾਵੇਲ ਸ਼ਰਮੇਟ ਅਤੇ ਮੈਕਸੀਕੋ ਦੇ ਜਾਨਵੇਰ ਵਾਲਡੇਜ ਕਾਰਡੀਨਾਸ ਦੋਹਾਂ ਪੱਤਰਕਾਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮੌਕੇ ਇਹਨਾ ਦੋਹਾਂ ਪੱਤਰਕਾਰਾਂ ਦੇ ਮਾਹਰਕੇ ਵਾਲੇ ਕੀਤੇ ਕੰਮਾਂ ਨੂੰ ਦਰਸਾਉਂਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਥਾਈਲੈਂਡ ਦੇ ਰਿਪੋਰਟਰ ਪਰਾਵਿਟ ਰਿਜਾਨਫਰੁਕ, ਕੈਮਰੂਨ ਦੇ ਅਹਿਮਦ ਅੱਬਾ, ਯਮਨ ਦੇ ਅਫਰਾਜ ਨਾਸੀਰ ਅਤੇ ਮੈਕਸੀਕੋ ਦੀ ਪੱਤਰਕਾਰ ਪੈਟਰੀਸੀਆ ਮਾਇੳਰਗਾ ਨੂੰ ਇਹ ਐਵਾਰਡ ਸੀ ਪੀ ਜੇ ਵਲੋਂ ਪ੍ਰਦਾਨ ਕੀਤਾ ਗਿਆ। ਜੂੜੀ ਵੁਡਟੁਫ ਨੂੰ ਇਸ ਸਮੇਂ ਗਵੀਨ ਆਈਫਲ ਪ੍ਰੈਸ ਫਰੀਡਮ ਐਵਾਰਡ ਨਾਲ ਸਨਮਾਨਿਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਗੇਵਿਸ ਰਿਡਿਸ ਪ੍ਰਧਾਨ ਸੀ ਬੀ ਐਸ ਨਿਊਜ਼ ਨੇ ਕਿਹਾ ਕਿ ਅਸੀਂ ਉਹਨਾ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਇੱਕਠੇ ਹੋਏ ਹਾਂ ਜਿਹਨਾ ਸਾਡੇ ਲਈ ਔਖਿਆਈਆਂ ਅਤੇ ਖਤਰਿਆਂ ਨੂੰ ਝੱਲਕੇ ਕੰਮ ਕੀਤਾ ਹੈ। ਅਸੀਂ ਕੰਧ ਵਾਂਗਰ ਉਹਨਾ ਪੱਤਰਕਾਰਾਂ ਨਾਲ ਖੜੇ ਹਾਂ ਜਿਹਨਾ ਪਾਠਕਾਂ, ਸਰੋਤਿਆਂ, ਦਰਸ਼ਕਾਂ ਨੂੰ ਸਾਫ ਸੁਥਰੀ ਪੱਤਰਕਾਰੀ ਦੇਣ ਲਈ ਸੱਭੋ ਕੁਝ ਦਾਅ ਉਤੇ ਲਾਇਆ ਹੈ। ਵਿਸ਼ਵ ਵਿਆਪੀ ਪੱਤਰਕਾਰ ਸੁਰੱਖਿਆ ਕਮੇਟੀ (ਸੀ ਪੀ ਜੇ) ਵਿਸ਼ਵ ਭਰ ਦੇ ਪੱਤਰਕਾਰਾਂ ਨਾਲ ਉਹਨਾ ਨੂੰ ਹੌਂਸਲਾ ਦੇਣ ਲਈ ਹਰ ਵੇਲੇ ਖੜੀ ਦਿਸਦੀ ਹੈ। ਇਸ ਸੰਸਥਾ ਨੇ 1.9 ਮਿਲੀਅਨ ਡਾਲਰ ਦੀ ਰਾਸ਼ੀ ਪੱਤਰਕਾਰਾਂ ਜਾਂ ਜਾਂ ਮ੍ਰਿਤਕ ਪੱਤਰਕਾਰਾਂ ਦੇ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰਨ ਲਈ ਇੱਕਤਰ ਕੀਤੀ ਹੈ।
ਪੰਜਾਬੀ ਕਾਲਮ ਨਵੀਸ ਮੰਚ (ਰਜਿ:), ਪੱਤਰਕਾਰ ਸੁਰੱਖਿਆ ਕਮੇਟੀ ਸੀ ਪੀ ਜੇ ਵਲੋਂ ਕੀਤੇ ਕੰਮਾਂ ਦੀ ਸਰਾਹੁਣਾ ਕਰਦਾ ਹੈ ਅਤੇ ਇਹ ਵਿਸ਼ਵਾਸ਼ ਪ੍ਰਗਟਾਉਣ 'ਚ ਕੋਈ ਹਿਚਕਚਾਹਟ ਮਹਿਸੂਸ ਨਹੀਂ ਕਰਦਾ ਕਿ ਸਾਡੀ ਸੰਸਥਾ ਵੀ ਪੱਤਰਕਾਰਾਂ ਦੀ ਲਿਖਣ ਦੀ ਆਜ਼ਾਦੀ ਲਈ ਸੰਘਰਸ਼ਸ਼ੀਲ ਰਹੇਗੀ ਕਿਉਂਕਿ ਦੇਸ਼ ਭਾਰਤ ਵਿੱਚ ਪੱਤਰਕਾਰਾਂ ਨੂੰ ਗੰਭੀਰ ਸਥਿਤੀਆਂ ਵਿਚੋਂ ਗੁਜਰਨਾ ਪੈ ਰਿਹਾ ਹੈ ਅਤੇ ਆਜ਼ਾਦਾਨਾ ਕੰਮ ਕਰਦਿਆਂ "ਗੌਰੀ ਲੰਕੇਸ਼" ਵਰਗੀਆਂ ਹੌਂਸਲੇ ਵਾਲੀਆਂ ਪੱਤਰਕਾਰਾਂ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਹਨ।
-
ਗੁਰਮੀਤ ਸਿੰਘ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.