ਖ਼ਬਰ ਹੈ ਕਿ ਜੁਲਾਈ 2017 ਤੋਂ ਲਾਗੂ ਹੋਈ ਨਵੀਂ ਕਰ ਪ੍ਰਣਾਲੀ ਜੀ ਐਸ ਟੀ ਵਿੱਚ ਚਾਰ ਮਹੀਨੇ ਬਾਅਦ ਵੀ ਸੋਧ ਕਰਨ ਦਾ ਕੰਮ ਜਾਰੀ ਹੈ। ਜੀ ਐਸ ਟੀ ਕੌਂਸਲ ਨੇ ਬੀਤੇ ਦਿਨੀਂ ਲਗਭਗ 200 ਵਸਤਾਂ ਤੋਂ ਜੀ ਐਸ ਟੀ ਘਟਾਕੇ ਕਾਰੋਬਾਰੀਆਂ, ਲੋਕਾਂ ਨੂੰ ਰਾਹਤ ਦਿੱਤੀ ਹੈ। ਲਾਗੂ ਹੋਣ ਤੋਂ ਬਾਅਦ ਹੀ ਲੋਕ ਕਈ ਖਾਮੀਆਂ ਨੂੰ ਲੈ ਕੇ ਵਿਰੋਧ ਕਰਦੇ ਰਹੇ ਹਨ। ਕੌਂਸਲ ਨੂੰ ਚਾਰ ਮਹੀਨਿਆਂ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ 60 ਸੋਧਾਂ ਕਰਕੇ ਸਰਕਾਰ ਨੂੰ 60 ਨੋਟੀਫਿਕੇਸ਼ਨ ਜਾਰੀ ਕਰਨੇ ਪਏ ਹਨ। ਕੋਂਸਲ ਨੇ ਭਾਵੇਂ ਕਾਫੀ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ ਪਰ ਅਜੇ ਵੀ ਕਾਰੋਬਾਰੀ ਕਈ ਕਾਨੂੰਨਾਂ ਨੂੰ ਕਾਫੀ ਗੁੰਝਲਦਾਰ ਮੰਨ ਰਹੇ ਹਨ। ਕਾਰੋਬਾਰੀਆਂ ਨੂੰ ਵੱਡੀ ਮੁਸ਼ਕਿਲ ਵੈਬਸਾਈਟ ਤੋਂ ਹੈ ਕਿਉਂਕਿ ਉਹਨਾਂ ਨੂੰ ਵੱਡੀ ਗਿਣਤੀ 'ਚ ਰਿਟਰਨਾਂ ਦਾਖਲ ਕਰਨੀਆਂ ਪੈਂਦੀਆਂ ਹਨ।
ਉਹਨੇ ਨਹੀਂ ਵੇਖਣਾ। ਉਹਨੇ ਨਹੀਂ ਸੁਣਨਾ। ਉਹਨੇ ਨਹੀਂ ਬੋਲਣਾ। ਉਹਨੇ ਤਾਂ ਕਰਨੀ ਹੈ ਸਿਰਫ ਆਪਣੇ ਮਨ ਕੀ ਬਾਤ! ਉਹ ਤਾਂ ਭਾਈ ਉਹਨਾ ਦਾ ਵੇਖੂੰ, ਉਹਨਾ ਦਾ ਸੁਣੂੰ, ਉਹਨਾ ਦਾ ਬੋਲੂੰ, ਜਿਹਨਾ ਉਹਨੂੰ "ਚਾਰ ਟੰਗੀ" ਬਖਸ਼ੀ ਆ। ਭਰ ਦਿੱਤੇ ਨਾ ਉਸ ਘੜੇ ਵੱਡਿਆਂ ਦੇ, ਨੋਟਬੰਦੀ ਨਾਲ। ਜਨਤਾ ਦੀ ਗੰਜੀ ਟੋਟਰੀ ਉਤੇ ਪੈ ਗਏ ਨਾ ਔਲੇ! ਬੰਦੇ ਬੈਂਕਾਂ ਸਾਹਮਣੇ ਕਤਾਰਾਂ 'ਚ ਮਰ ਗਏ, ਵਿਚਾਰੀਆਂ ਬੁੱਢੀਆਂ ਦੇ ਬਾਪੂ ਗਾਂਧੀ ਵਾਲੇ ਨੋਟ ਘੁਰਨਿਆਂ 'ਚ ਸੜ ਗਏ, ਪਰ ਵੱਡਿਆਂ ਦੀ ਤਜੌਰੀਆਂ 'ਚ ਦੋ ਹਜ਼ਾਰੀਏ ਉਵੇਂ ਹੀ ਵੜ ਗਏ, ਜਿਵੇਂ ਪਹਿਲਾਂ ਸਨ! ਜੀ ਐਸ ਟੀ ਵੱਡਿਆਂ ਕਾਰਪੋਰੇਟੀਏ ਲਈ ਵਰਦਾਨ ਬਣ ਗਈ, ਛੋਟਿਆਂ ਲਈ ਸ਼ੈਤਾਨ ਬਣ ਗਈ, ਜਿਸ ਹੇਠਲਿਆਂ ਦੇ ਕਾਰੋਬਾਰ ਚੌਪਟ ਕਰ ਤੇ। ਵੱਡਿਆਂ ਦੀਆਂ ਪੌਂ ਬਾਰਾਂ ਜਿਹੜੇ ਪਹਿਲਾਂ ਹੀ ਕੰਪਿਊਟਰਾਂ 'ਤੇ ਖੇਡਦੇ ਸੀ ਤੇ ਵਿਚਾਰੇ ਹੇਠਲੇ ਅਨਪੜ੍ਹ ਤੋਤੇ, ਕਿਥੋਂ ਲੱਭਣ ਇੰਟਰਨੈਟ, ਕੰਪਿਊਟਰ, ਲੈਪਟਾਪ ਉਹ ਵਪਾਰ ਛੱਡ, ਹੱਟ ਛੱਡ, ਛਾਬੜੀਆਂ ਲਾਉਣ ਤੁਰ ਪਏ! ਹੁਣ ਤਾ ਭਾਈ ਰੁਜ਼ਗਾਰ ਵੀ ਵੱਡਿਆਂ ਦਾ। ਹੁਣ ਤਾਂ ਵਪਾਰ ਵੀ ਵੱਡਿਆਂ ਦਾ। ਹੁਣ ਤਾਂ ਆਪਣੇ ਆਹ ਸੁਪਨਿਆਂ ਦੇ ਸੌਦਾਗਰ ਮੋਦੀ ਨੂੰ ਅੱਗੋਂ ਪਤਾ ਨਹੀਂ ਕੀ ਫੁਰਨਾ ਫੁਰਨਾ ਆ, ਹੁਣ ਦੇ ਉਹਦੇ ਕਾਰਨਾਮੇ ਨਾਲ ਤਾਂ "ਵੱਡੇ ਵਪਾਰੀ ਲੋਕਾਂ ਨੂੰ ਹਨ ਚਾਰ ਰਹੇ, ਪਰ ਛੋਟੇ ਬਾਣੀਏ ਮੱਖੀਆਂ ਮਾਰ ਰਹੇ"।
ਆਦਮੀ ਤਾਂ ਆਦਮੀ ਹੈ, ਨੇਰ੍ਹ ਹੈ ਨਾ ਚਾਨਣਾ
ਖ਼ਬਰ ਹੈ ਕਿ ਉਤਰਪ੍ਰਦੇਸ਼ ਦੀਆਂ ਬੱਸਾਂ ਅਤੇ ਮੁੱਖਮੰਤਰੀ ਯੋਗੀ ਅਦਿਤਿਆਨਾਥ ਦੇ ਦਫਤਰ ਮਗਰੋਂ ਹੁਣ ਸੂਬੇ 'ਚ ਸੜਕ ਕਿਨਾਰੇ ਲੱਗੇ ਨੋਟਿਸ ਬੋਰਡਾਂ ਦਾ ਰੰਗ ਵੀ ਭਗਵਾਂ ਕੀਤਾ ਜਾਵੇਗਾ। ਲੋਕ ਨਿਰਮਾਣ ਵਿਭਾਗ ਨੇ ਇਸ ਦੀ ਤਿਆਰੀ ਕਰ ਲਈ ਹੈ ਅਤੇ ਪੀ ਡਵਲਯੂ ਡੀ ਤਹਿਤ ਆੳਣ ਵਾਲੇ ਸਟੇਟ ਹਾਈਵੇ ਨੂੰ ਛੱਡਕੇ ਹੋਰ ਸੜਕਾਂ ਤੇ ਲੱਗੇ ਨੋਟਿਸ ਬੋਰਡ ਭਗਵਾਂ ਰੰਗ ਦੇ ਹੋਣਗੇ। ਇਹਨਾ ਬੋਰਡਾਂ ਉਤੇਮੁੱਖਮੰਤਰੀ ਯੋਗੀ ਅਤੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੀ ਤਸਵੀਰ ਹੋਵੇਗੀ। ਜ਼ਿਕਰਯੋਪਗ ਹੈ ਕਿ ਯੂ.ਪੀ 'ਚ ਭਾਜਪਾ ਸਰਕਾਰ ਬਨਣ ਮਗਰੋਂ ਮੁੱਖਮੰਤਰੀ ਦਫਤਰ ਨੂੰ ਭਗਵਾਂ ਰੰਗ ਕੀਤਾ ਗਿਆ ਹੈ। ਮਾਇਆਵਤੀ ਸਰਕਾਰ ਵੇਲੇ ਇਸ ਇਮਾਰਤ ਸਮੇਤ ਸਾਰੇ ਸ਼ਾਸਤਰੀ ਭਵਨ ਨੂੰ ਸਫੈਦ ਰੰਗ ਕੀਤਾ ਗਿਆ ਸੀ।
ਯੋਗੀ ਹੈ ਭਾਈ ਅੱਜ ਦੇ ਨਾਇਕ ਦਾ ਨਾਇਕ! ਮੋਦੀ ਦੀ ਸੈਲੱਫੀ ਦਾ ਸਰਕਾਰ, ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਵੱਲ ਕਰਕੇ ਪਿੱਠ, ਆਪਣੇ ਨਕਸ਼ਾਂ ਤੋਂ ਬੇ-ਪਰਵਾਹ, ਬੇ-ਖ਼ਬਰ, ਉਹ ਨਿੱਤ ਨਵੇਂ ਸ਼ੀਸ਼ੇ 'ਚ ਆਪਣਾ ਨਕਸ਼ ਉਤਾਰਦਾ ਹੈ। ਮੋਦੀ ਜੀ ਦੇ ਵਿਲਾਇਤੀ ਸੂਟ ਦੀ ਉਹ ਨਕਲ ਤਾਂ ਨਹੀਂ ਕਰਦਾ, ਸਾਦੀ ਧੋਤੀ ਪਹਿਨਦਾ ਹੈ ਤੇ ਨਾਲੋ-ਨਾਲ ਆਕਿਆਂ ਨੂੰ ਖੁਸ਼ ਕਰਨ ਲਈ ਖ਼ੁਦਪ੍ਰਸਤੀ ਦਾ ਸੰਸਾਰ ਸਿਰਜਦਾ ਹੈ।ਤਦੇ ਕਦੇ ਉਹ ਹੈਲੀਕਾਪਟਰ 'ਚੋਂ ਅਯੁਧਿਆ 'ਚ ਰਾਮ, ਲਛਮਣ, ਸੀਤਾ ਨੂੰ ਉਤਾਰਦਾ ਹੈ ਅਕਾਸ਼ੋਂ ਅਤੇ ਕਦੇ ਭਗਵਾਂ-ਭਗਵਾਂ ਸਭੋ ਪਾਸੇ ਕਰਕੇ ਭਗਵੀਂ ਸਰਕਾਰ ਦਾ ਭਰਮ ਸਿਰਜਦਾ ਹੈ। ਭਰਮ ਸਿਰਜੇ ਵੀ ਕਿਉਂ ਨਾ? ਇਸੇ ਭਰਮ ਨੂੰ ਪਾਲਦਾ ਤਾਂ ਉਹ ਕਹਿੰਦਾ ਫਿਰਦਾ ਆ, "ਮੇਰੇ ਰਾਜ 'ਚ ਤਾਂ ਰਾਮ ਰਾਜ ਆ, ਨਾ ਕੋਈ ਲੁੱਚਾ ਨਾ ਲਫੰਗਾ। ਨਾ ਕੋਈ ਬੁਰਾ ਨਾ ਚੰਗਾ। ਨਾ ਕੋਈ ਅਮੀਰ ਨਾ ਗਰੀਬ"! ਕਦੇ ਆਂਹਦਾ ਆ, "ਨਾ ਰਾਜ 'ਚ ਪਾਣੀ ਦੀ ਕਮੀ ਆ, ਨਾ ਸੜਕਾਂ ਦੀ, ਨਾ ਸੜਕਾਂ ਤੇ ਮੌਤ ਦੀ ਕਮੀ ਆ, ਨਾ ਹਸਪਤਾਲਾਂ 'ਚ"! ਜੇਕਰ ਕਮੀ ਹੈ ਤਾਂ ਬੱਸ ਜ਼ਹਾਲਤ ਦੀ, ਪੜ੍ਹਾਈ ਦੀ, ਸਫਾਈ ਦੀ, ਭੁੱਖਮਰੀ, ਬੇਰੁਜ਼ਗਾਰੀ ਦੀ। ਜਿਸ ਉਤੇ ਭਗਵਾਂ ਰੰਗ ਕਰਕੇ ਭਾਈ ਸਾਰੇ ਪਾਪ ਢਕੇ ਜਾਣੇ ਆ। ਯੋਗੀ ਦੇ ਵੀ, ਮੋਦੀ ਦੇ ਵੀ ਅਤੇ ਉਪਰਲੀ-ਹੇਠਲੀ ਸਰਕਾਰ ਦੇ ਵੀ। ਕਿਉਂਕਿ ਭਗਵੀਂ ਸਰਕਾਰ ਦਾ ਮੰਨਣਾ ਹੈ ਕਿ ਆਦਮੀ ਤਾਂ ਆਦਮੀ ਹੈ, ਨੇਰ੍ਹ ਹੈ ਨਾ ਚਾਨਣਾ, ਬੱਸ ਉਹ ਤਾਂ ਇੱਕ ਪੁਰਜਾ ਹੈ, ਜੀਹਦੀ ਸੋਚ ਹੀ ਕੋਈ ਨਹੀਂ ਹੁੰਦੀ!
ਔਹ ਆ ਗਈ ਆ, ਸਥਾਨਕ ਸਰਕਾਰ
ਖ਼ਬਰ ਹੈ ਕਿ ਪੰਜਾਬ ਦੀਆਂ ਤਿੰਨ ਨਿਗਮਾਂ (ਕਾਰਪੋਰੇਸ਼ਨਾਂ) ਅਤੇ 32 ਨਗਰ ਕੌਂਸਲਾਂ (ਮਿਊਂਸਪਲ ਕਮੇਟੀਆਂ) ਦੀਆਂ ਚੋਣਾਂ ਦਸੰਬਰ ਵਿੱਚ ਹੋਣਗੀਆਂ। ਅੰਮ੍ਰਿਤਸਰ, ਜਲੰਧਰ, ਪਟਿਆਲਾ ਕਾਰਪੋਰੇਸ਼ਨਾਂ ਦੀ ਚੋਣ ਤਾਂ ਹੋ ਜਾਏਗੀ, ਪਰ ਲੁਧਿਆਣਾ ਕਾਰਪੋਰੇਸ਼ਨ ਦੀ ਚੋਣ ਹਾਲ ਦੀ ਘੜੀ ਟਾਲ ਦਿੱਤੀ ਗਈ ਹੈ। ਵੋਟਰ ਸੂਚੀਆਂ ਦੀ ਸੁਧਾਈ ਛਪਾਈ 28 ਨਵੰਬਰ ਤੱਕ ਹੋ ਜਾਏਗੀ। ਇਹ ਚੋਣਾਂ ਪੰਜਾਬ ਰਾਜ ਚੋਣ ਕਮਿਸ਼ਨ ਦਸੰਬਰ ਦੇ ਅੱਧ ਵਿਚਕਾਰ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।
ਲਉ ਜੀ, ਹੁਣ ਪੈਣਗੀਆਂ ਸ਼ਹਿਰਾਂ 'ਚ ਵੀ ਵੜਕਾਂ! ਇਹ ਵੜਕਾਂ ਪਿੰਡ ਪੰਚੈਤਾਂ ਵਾਲੀਆਂ ਤਾਂ ਨਹੀਂ ਹੋਣਗੀਆਂ, ਜਿਥੇ ਢੇਰ ਮਾਰਕਾ ਪੀਕੇ ਲੋਕ, ਢੇਰਾਂ 'ਤੇ ਡਿਗੇ ਵੀ ਰੰਗ-ਬਰੰਗੀਆਂ ਗਾਲਾਂ ਕੱਢਦੇ ਆ। ਇਥੇ ਤਾਂ ਮੋਟਰ ਸੈਕਲਾਂ ਦੇ ਹਾਰਨ ਵਜਣਗੇ, ਹੋਟਲਾਂ-ਢਾਬਿਆਂ 'ਤੇ ਪਾਰਟੀਆਂ ਚੱਲਣਗੀਆਂ, ਨੌਕਰੀਆਂ ਦੇ ਲਾਰੇ ਦਿੱਤੇ ਜਾਣਗੇ ਅਤੇ ਕਿਧਰੇ ਕਿਧਰੇ ਮੂੰਹ ਮਿੱਠਾ ਕਰਾਉਣ ਦੇ ਬਹਾਨੇ ਨੋਟਾਂ ਦੀ ਵਰਖਾ ਵੀ ਹੋਏਗੀ। ਚੋਣਾਂ 'ਚ ਲੜਨਗੇ, ਕੁਝ ਮਰਨਗੇ, ਕੁਝ ਕਰਜ਼ਾਈ ਹੋਕੇ, ਹੌਕੇ ਭਰਨਗੇ। ਅਤੇ ਫਿਰ ਚੁਣੇ ਜਾਣਗੇ ਸਥਾਨਕ ਨੇਤਾ। ਸਥਾਨਕ ਨੇਤਾ ਉਹ ਸਥਾਨਕ ਸਰਕਾਰਾਂ ਚਲਾਉਣਗੇ, ਜਿਹਨਾ ਕੋਲ ਚਲਣ-ਚਲਾਉਣ ਲਈ ਤਾਕਤ ਤਾਂ ਕੋਈ ਹੈ ਨਹੀਂ, ਉਹ ਤਾਂ ਸਾਰੀ ਅਫ਼ਸਰਾਂ, ਬਾਬੂਆਂ ਨੇ ਆਪਣੀ ਕਲਮ 'ਚ ਇਵੇਂ ਸਮੇਟੀ ਹੋਈ ਆ ਜਿਵੇਂ ਦਵਾਤ 'ਚ ਸਿਆਹੀ! ਫਿਰ ਵੀ ਨੇਤਾ ਮੀਟਿੰਗਾਂ 'ਚ ਆਉਂਦੇ ਨੇ। ਭਾਸ਼ਨ ਦੇਂਦੇ ਨੇ। ਲੜਾਈਆਂ ਕਰਦੇ ਨੇ। ਇੱਕ ਦੂਜੇ ਨੂੰ ਮੇਹਣੇ-ਤਾਹਨੇ ਦਿੰਦੇ ਨੇ ਜੇਕਰ ਲੋੜ ਪਵੇ ਤਾਂ ਕੁਰਸੀਆਂ ਇੱਕ ਦੂਜੇ ਤੇ ਸੁੱਟਦੇ ਨੇ ਅਤੇ ਟੀ ਏ, ਡੀ ਏ ਅਤੇ ਬਣਦਾ-ਸਰਦਾ ਉਤੋਂ-ਥਲਿਓਂ "ਲੱਭਦਾ ਕੁਝ" ਲੈ ਘਰਾਂ ਨੂੰ ਤੁਰ ਜਾਂਦੇ ਨੇ। ਬੱਸ ਸਮਝੋ ਪੰਜ ਸਾਲ ਦੀ ਨੌਕਰੀ ਪੱਕੀ। ਪਰ ਬਿਨ੍ਹਾਂ ਕਿਸੇ ਕੰਮੋਂ-ਬਿਨਾਂ ਕਿਸੇ ਤਾਕਤੋਂ!
ਇਹ ਆ ਭਾਈ ਆਪਣੀ ਸਥਾਨਕ ਸਰਕਾਰ ਜਿਹਨੂੰ ਸਾਡੀ ਉਪਰਲੀ-ਹੇਠਲੀ ਸਰਕਾਰ ਨੇ ਕਾਗਜੀਂ-ਪੱਤਰੀਂ ਵੱਡੀ ਤਾਕਤ ਬਖ਼ਸ਼ੀ ਆ ਅਤੇ ਅਫ਼ਸਰਾਂ-ਬਾਬੂਆਂ ਆਪਣੀ ਕਲਮ ਨਾਲ, ਆਪਣੇ ਕੋਟ ਦੀ ਜੇਬ ਤੇ ਫੁੱਲ ਵਾਂਗਰ ਟੰਗੀ ਹੋਈ ਆ।
ਕਾਲਾ ਭੂੰਡ ਕਲੀਆਂ ਨੂੰ ਸਕਦਾ ਮਰੋੜ, ਰੰਗ ਆਪਣੇ ਦੀ ਉਹਨੂੰ ਨਾ ਪਛਾਣ ਵੇ
ਖ਼ਬਰ ਹੈ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ 20 ਸਾਲ ਦੀ ਕੈਦ ਸੁਨਾਉਣ ਤੋਂ ਬਾਅਦ 10 ਸਾਲਾ ਬੱਚੀ ਦੇ ਬਲਤਕਾਰੀ ਮਾਮਿਆਂ ਨੂੰ ਮਾਰਨ ਤੱਕ ਦੀ ਉਮਰ ਕੈਦ ਭੇਜਣ, 70 ਸਾਲਾ ਜਬਰ ਜਨਾਹ ਕਰਨ ਦੇ ਦੋਸ਼ ਵਿੱਚ ਦੋਸ਼ੀ ਨੂੰ ਉਮਰ ਕੈਦੀ ਦੀ ਸਜਾ ਸੁਨਾਉਣ, ਮਨੀਮਾਜਰਾ ਦੇ ਮੋਨੂੰ ਕੁੰਡੂ ਨੂੰ ਆਪਣੀ ਦੂਰ ਦੀ ਭੈਣ ਨੂੰ ਆਪਣੀ ਵਾਸਨਾ ਦਾ ਸ਼ਿਕਾਰ ਬਨਾਉਣ ਉਤੇ 20 ਸਾਲ ਦੀ ਕੈਦ ਦੀ ਸਜਾ ਸੁਨਾਉਣਾ, ਭਾਰਤੀ ਨਿਆਂ ਪਾਲਕਾ ਦੇ ਕੁਝ ਇਹਨਾ ਦਿਨਾਂ ਦੇ ਵਰਨਣ ਯੋਗ ਫੈਸਲੇ ਹਨ। ਖੂਬੀ ਇਹ ਹੈ ਕਿ ਇਹਨਾ ਕੇਸਾਂ ਦੇ ਫੈਸਲਾ ਪੂਰੀ ਦ੍ਰਿੜਤਾ ਨਾਲ ਸਮਾਂ-ਬੱਧ, ਅਤੇ ਪਾਰਦਰਸ਼ੀ ਢੰਗ ਨਾਲ ਕੀਤੇ ਗਏ ਹਨ।
ਅਕਲੋਂ-ਖਾਲੀ, ਪਸ਼ੂ-ਵਿਰਤੀ ਵਾਲੇ ਲੋਕ ਪਤਾ ਨਹੀਂ ਕਦੋਂ ਸਮਝਣਗੇ ਭਾਈ ਔਰਤ ਐਸ਼ੋ-ਇਸ਼ਰਤ ਦੀ ਵਸਤੂ ਨਹੀਂ? ਸਮਝਣ ਕਿਵੇਂ ਜਦ ਸਾਡੀ ਮਹਾਨ ਸੰਸਕ੍ਰਿਤੀ ਅਤੇ ਪੁਰਾਤਨ ਗ੍ਰੰਥ ਔਰਤ ਬਾਰੇ ਗਲਤ ਵਿਚਾਰਾਂ ਦਾ ਵਿਖਿਆਣ ਕਰਦੇ ਨਹੀਂ ਥੱਕਦੇ! ਆਂਹਦੇ ਆ, ਔਰਤ ਝੂਠ ਦਾ ਨਮੂਨਾ ਹੈ, ਰਿਗਵੇਦ ਆਂਹਦਾ ਆ "ਨਾਰੀਆਂ ਧਰਤੀ ਤੇ ਸਭ ਤੋਂ ਨੀਚ ਵਸਤੂ ਹਨ ਅਤੇ ਸਭ ਬੁਰਾਈਆਂ ਦੀ ਜੜ੍ਹ"।ਜੰਗਲਾਂ 'ਚ ਫਿਰਦਾ ਜੋਗੀ ਗੋਰਖ ਨਾਥ ਔਰਤ ਨੂੰ ਬਘਿਆੜਨੀ ਕਹਿੰਦਾ ਹੈ। ਇਹ ਤਾਂ ਬਾਬੇ ਨਾਨਕ ਨੇ ਅਲਖ ਜਗਾਈ ਤੇ ਇਹੋ ਜਿਹਿਆਂ ਤੋਂ ਪੁਛਿਆ "ਸੋ ਕਿਉ ਮੰਦਾ ਆਖੀਐ ਜਿਤੂ ਜੰਮੈ ਰਾਜਾਨ"। ਨਾਰੀ ਜਨਣੀ ਹੈ। ਨਾਰੀ ਮਾਂ ਹੈ, ਭੈਣ ਹੈ, ਪਤਨੀ ਹੈ ਅਤੇ ਸਭ ਤੋਂ ਵੱਡੀ ਗੱਲ ਨਾਰੀ ਤਿਆਗ ਅਤੇ ਮਮਤਾ ਦੀ ਮੂਰਤ ਹੈ। ਪਰ ਤਦ ਵੀ ਪੁਰਸ਼ ਨਾਰੀ ਨੂੰ ਮਾਰਦੇ ਹਨ, ਨਾਰੀ ਦਾ ਸ਼ੋਸ਼ਣ ਕਰਦੇ ਹਨ, ਨਾਰੀ ਨਾਲ ਬਦਸਲੂਕੀ ਕਰਦੇ ਹਨ ਕਿਉਂਕਿ ਉਹ ਬੰਦੇ ਨਹੀਂ ਭੇੜੀਏ ਹਨ, ਪੈਸੇ ਦੇ ਪੁੱਤ, ਜਿਹੜੇ ਆਪਣੀ ਔਕਾਤ ਭੁਲ ਕੁਕਰਮ ਕਰਦੇ ਹਨ, ਤਦੇ ਤਾਂ ਕਵੀ ਲਿਖਦਾ ਹੈ, "ਕਾਲਾ ਭੂੰਡ ਕਲੀਆਂ ਨੂੰ ਸਕਦਾ ਮਰੋੜ, ਰੰਗ ਆਪਣੇ ਦੀ ਉਹਨੂੰ ਨਾ ਪਛਾਣ ਵੇ।"
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2015 ਵਿੱਚ 25 ਲੱਖ ਤੋਂ ਜਿਆਦਾ ਲੋਕ ਸਾਡੇ ਦੇਸ਼ ਭਾਰਤ ਵਿੱਚ ਪ੍ਰਦੂਸ਼ਨ ਦੇ ਕਾਰਨ ਮਰੇ। ਇਹ ਗਿਣਤੀ ਦੁਨੀਆਂ ਭਰ ਵਿੱਚ ਸਭ ਤੋਂ ਵੱਧ ਸੀ।
ਇੱਕ ਵਿਚਾਰ
ਸ਼ਬਦ ਅਤੇ ਦ੍ਰਿਸ਼ ਤੋਂ ਪਹਿਲਾਂ ਸਪਰਸ਼ (ਛੋਹਣ) ਦਾ ਜਨਮ ਹੋਇਆ, ਇਹ ਪਹਿਲੀ ਅਤੇ ਆਖ਼ਰੀ ਬੋਲੀ ਹੈ, ਜੋ ਹਮੇਸ਼ਾ ਸੱਚ ਕਹਿੰਦੀ ਹੈ........ ਮਾਗਰਿਟ ਇਟਬੁਡ
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.