ਖ਼ਬਰ ਹੈ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਦੇਸ਼ ਭਰ ਵਿਚ ਪੱਤਰਕਾਰ ਗੌਰੀ ਲੰਕੇਸ਼ ਸਮੇਤ 23 ਪੱਤਰਕਾਰ ਤੇ ਕਈ ਹੋਰ ਬੁਧੀਜੀਵੀ ਮਾਰੇ ਜਾ ਚੁੱਕੇ ਹਨ। ਇਹਨਾ ਸਾਰੀਆਂ ਹੱਤਿਆਵਾਂ ਦੇ ਪਿੱਛੇ ਇੱਕ ਗੱਲ ਸਾਂਝੀ ਜੁੜੀ ਹੋਈ ਦਿਖਾਈ ਦਿੰਦੀ ਹੈ ਕਿ ਇਹ ਸਭ ਮੋਦੀ ਸਰਕਾਰ ਤੇ ਹਿੰਦੂ ਤਵੀ ਸੋਚ ਦੇ ਖ਼ਿਲਾਫ ਲਿਖ-ਬੋਲ ਰਹੇ ਸਨ। ਇਹਨਾ ਮਰਨ ਵਾਲੇ ਬੁਧੀਜੀਵੀਆਂ ਪੱਤਰਕਾਰਾਂ ਵਿਚ ਤਰਕਸ਼ੀਲ ਗੋਬਿੰਦ ਪਾਨਸਰੇ , ਨਰਿੰਦਰ ਦਾਭੋਲਕਾਰ, ਜਤਿੰਦਰਾ ਸਿੰਘ ਸ਼ਾਮਲ ਹਨ। ਉਂਜ ਮੋਦੀ ਰਾਜ ਵਿੱਚ ਫਿਲਮ ਸਾਜਾਂ ,ਕਾਰਟੂਨਿਸਟਾਂ ਅਤੇ ਸਾਹਿਤਕਾਰਾਂ ਸਭਨਾ ਉਤੇ ਨਜ਼ਰ ਰੱਖੀ ਜਾ ਰਹੀ ਹੈ, ਪਰ ਖਾਸ ਕਰਕੇ ਮੀਡੀਆ ਸਚੁਮੱਚ ਇਕ ਬੁਰੇ ਦੌਰ ਵਿਚੋਂ ਲੰਘ ਇਹਾ ਹੈ। ਉਹਨਾ ਉਤੇ ਅਪਰਾਧਿਕ ਦੇ ਕੇਸ ਦਰਜ਼ ਕਰਵਾਕੇ , ਉਹਨਾ ਨੁੰ ਮੁਕੱਦਮਿਆਂ’ਚ ਉਲਝਾਕੇ ਪ੍ਰੇਸ਼ਾਨ ਕਰਨ ਦੀ ਨਵੀ ਪਿਰਤ ਪਾਈ ਜਾ ਰਹੀ ਹੈ।
ਹੋਰ ਬੋਲੋ ਭਾਈ। ਹੋਰ ਭੇਤ ਖੋਲੋ ਭਾਈ। ਬੋਲੋਗੇ , ਭੇਤ ਖੋਲੋਗੇ ਤਾਂ ਮਰੋਗੇ ਜਾਂ ਜੇਲ੍ਹਾਂ ਵਿੱਚ ਸੜੋਗੇ । ਇਹੀ ਅਸੂਲ ਆ ਭਾਈ ਨਵੇਂ ਦੇਸ਼ ਭਗਤਾਂ ਵਲੋਂ ਖੜੇ ਕੀਤੇ ਜਾ ਰਹੇ “ਨਵੇਂ ਭਾਰਤ” ‘ਚ ਜਿਸ ਨਵੇਂ ਭਾਰਤ ਵਿੱਚ ਤੂਤੀ ਬੋਲਦੀ ਆ ਸ਼ਾਹ ਦੀ, ਮੋਦੀ ਦੀ ਜਾਂ ਫਿਰ ਆਹ ਆਪਣੇ ਬਾਬੇ ਰਾਮ ਦੇਵ ਦੀ । ਬਾਬੇ ਰਾਮਦੇਵ ਬਾਰੇ ਕਿਸੇ ਕਿਤਾਬ ਲਿਖੀ, ਅਦਾਲਤ’ਚ “ਅਪਰਾਧਿਕ ਮਾਨਹਾਨੀ” ਦਾ ਕੇਸ ਉਸ ਪ੍ਰਕਾਸ਼ਕ ਸਿਰ ਲਗਾ ਦਿਤਾ ਗਿਆ। ਸ਼ਾਹ ਦੇ ਸਪੁੱਤਰ ਦੀ ਆਮਦਨੀ ਦੀ ਗੱਲ “ਦੀ ਵਾਇਰ” ‘ਚ ਛਪ ਗਈ ਤਾਂ ਕਰੋੜਾਂ ਦਾ ਅਪਰਾਧਿਕ ਮਾਨਹਾਨੀ ਦਾ ਕੇਸ ਅਦਾਲਤ ‘ਚ ਉਹਨਾ ਵਿਰੁੱਧ ਪਾ ਦਿਤਾ ਤੇ ਬਿਨ੍ਹਾਂ ਸੁਣਵਾਈ , ਬਿਨ੍ਹਾਂ ਮੌਕੇ ਦਿਤੇ ਇਕ ਪਾਸੜ ਸਟੇਅ “ਸ਼ਾਹ ਦੇ ਕਾਕੇ” ਅਤੇ “ਮੋਦੀ ਦੇ ਬਾਬੇ” ਨੂੰ ਵੱਡੇ ਵਕੀਲਾਂ ਦੁਆ ਦਿੱਤਾ।ਹੈ ਨਾ ਇਨਸਾਫ ? ਸਿੱਧਾ ਅਤੇ ਸੌਖਾ ਇਨਸਾਫ! ਇਹੋ ਜਿਹਾ ਸੌਖਾ ਇਨਸਾਫ ਭਾਈ ਉਹਨਾ ਵਿਰੁੱਧ ਆਪਣੇ ਇਹ ਦੇਸ਼ ਸੇਵਕ ਕਰਦੇ ਆ, ਜਿਹਨਾ ਵਿਰੁੱਧ ਕੋਈ ਬੋਲੇ , ਸਿੱਧਾ ਉਪਰ ਪਹੁੰਚਾ ਦਿੰਦੇ ਆ। ਗਊ ਮਾਤਾ ਦੇ ਪਵਿੱਤਰ ਨਾਮ ਉੱਤੇ ਕੁਟਾਪਾ ਤੇ ਬੰਦੇ ਦੀ ਸਿਰੀ ਮਿੱਧਣਾ , ਵਿਚਾਰ ਦੇ ਉਲਟ ਬੋਲਣ ਵਾਲੇ ਨੂੰ “ਦੇਸ਼ ਧਰੋਹੀ” ਕਹਿਣਾ , ਸਭਿਆਚਾਰਕ ਧਰੋਹਰਾਂ ਨੁੰ ਕਬਰਸਤਾਨ ਗਰਦਾਨ ਦੇਣਾ , ਇਹਨਾ ਮਹਾਨ “ਦੇਸ਼ ਭਗਤਾਂ” ਦੀ ਵੱਡੀ ਕਾਰਗੁਜ਼ਾਰੀ ਆ ਅਤੇ ਇਸ ਕਾਰਗੁਜਾਰੀ ਉਤੇ ਭਾਈ ਇਹ ਮਾਣ ਕਰਦੇ ਆ।ਤਦੇ ਤਾਂ ਸੰਤ ਰਾਮ ਉਦਾਸੀ ਇਹੋ ਜਿਹੇ ਸਾਧਕਾਂ ਬਾਰੇ ਆਖਦਾ ਆ,”ਏਸ ਧਾੜ ਨੇ ਖਾਧੀਆਂ ਕਈ ਜਿੰਦਾਂ , ਹਲਕ ਏਸ ਦਾ ਜ਼ਰਾ ਵੀ ਝਿੰਮਿਆ ਨਾ”
ਮੈਂ ਮੰਗਤਾ ਥੋੜ੍ਹੇ ਹੀ ਹਾਂ
ਖ਼ਬਰ ਹੈ ਕਿ ਦੇਵਤਿਆਂ ਦੀ ਧਰਤੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਾਂਕਣ ਪੱਤਰ ਵਾਪਿਸੀ ਦੀ ਪ੍ਰੀਕਿਰਿਆ ਪੂਰੀ ਹੋਣ ਉਪਰੰਤ ਸੂਬੇ ਵਿਚ ਚੋਣਾਵੀ ਸ਼ਤਰੰਜ ਦੀ ਬਾਜੀ ਸ਼ੁਰੂ ਹੋ ਗਈ ਹੈ। 68 ਵਿਧਾਨ ਸਭਾ ਖੇਤਰਾਂ’ਚ 340 ਉਮੀਦਵਾਰ ਮੈਦਾਨ ਵਿਚ ਹਨ। ਕਾਂਗਰਸ ,ਭਾਜਪਾ ਤੋਂ ਇਲਾਵਾ ਕਮਿਊਨਿਸਟ ਅਤੇ ਹੋਰ ਪਾਰਟੀਆਂ ਤੋਂ ਬਿਨਾਂ ਆਜਾਦ ਉਮੀਦਵਾਰ ਚੋਣ ਲੜ ਰਹੇ ਹਨ। ਮੁਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਕਾਰ ਹੈ ਗੁਜਰਾਤ ਵਿੱਚ ਵੀ ਚੋਣਾਂ ਦਾ ਐਲਾਨ ਹੋ ਗਿਆ ਹੈ , ਜਿਥੇ ਮੁਕਾਬਲਾ ਤਾਂ ਕਾਂਗਰਸ ਅਤੇ ਭਾਜਪਾ ਵਿਚਕਾਰ ਹੀ ਹੋਏਗਾ ਪਰ ਮੁੱਖ ਚਿਹਰੇ ਮੋਦੀ ਅਤੇ ਰਾਹੁਲ ਹੀ ਹੋਣਗੇ ਜਿਹਨਾਂ ਦਾ ਸਭ ਕੁਝ ਇਸ ਚੋਣ ਦਾਅ ਤੇ ਲੱਗਾ ਹੋਇਆ ਹੈ । ਜਿਥੇ ਮੋਦੀ ਨੂੰ ਨੋਟ ਬੰਦੀ , ਜੀ ਐਸ ਟੀ ਨੇ ਘੇਰਿਆ ਹੋਇਆ ਹੈ, ਉਥੇ ਕਾਂਗਰਸੀਆਂ ਦੀ ਆਪਸੀ ਫੁੱਟ ਅਤੇ ਪਿਛਲੇ ਸਮੇਂ ‘ਚ ਖਿਸਕਿਆ “ਅਧਾਰ” ਉਹਨਾ ਦੇ ਆੜੇ ਆ ਰਿਹਾ ਹੈ। ਉਂਜ ਦੋਹਾਂ ਧਿਰਾਂ ਨੁੰ ਆਸ ਹੈ ਕਿ ਉਹ ਇੱਕ ਦੂਜੇ ਨੁੰ ਪਟਕਣੀ ਦੇ ਦੇਣਗੀਆਂ।
ਮੋਦੀ ਜੀ ਨੁੰ ਆਸ ਹੈ ਕਿ ਉਹਨਾ ਸਿਰੇ ਦੀਆਂ ਗੱਪਾਂ ਮਾਰੀਆਂ ਤੇ ਲੋਕਾਂ ਨੁੰ “ਬੁਧੂ” ਬਨਾਉਣ ਦੀ ਕੋਈ ਕਸਰ ਨਹੀਂ ਛੱਡੀ। ਉਹਨਾ ਭਾਰਤ ਸਵੱਛ ਬਣਾ ਦਿਤਾ। ਨਵਾਂ ਭਾਰਤ ਸਿਰਜ ਦਿਤਾ। ਨਵੀਆਂ ਸਕੀਮਾਂ ਬਣਾ ਦਿਤੀਆਂ। ਲੋਕਾਂ ਦਾ ਮਹਿੰਗਾਈ ਨਾਲ ਲੱਕ ਤੋੜ ਦਿਤਾ। ਲੋਕਾਂ ਨੂੰ ਭੁੱਖੇ ਮਾਰ ਦਿਤਾ। ਜੇਕਰ ਮਾੜੀ ਮੋਟੀ ਨੌਕਰੀ ਰੁਜਗਾਰ ਪੱਲੇ ਸੀ, ਉਹ ਹਟਵਾ ਦਿਤਾ। ਛੋਟੇ-ਮੋਟੇ ਕਾਰੋਬਾਰੀਆਂ ਨੂੰ ਖੂੰਜੇ ਲਾਕੇ ਵੱਡਿਆਂ ਨੁੰ ਸੱਭੋ ਕੁਝ ਸੰਭਾਲ ਦਿਤਾ। ਇਸ ਤੋਂ ਵੱਡੀ ਪ੍ਰਾਪਤੀ ਹੋਰ ਕਿਹੜੀ ਹੋ ਸਕਦੀ ਆ? ਇਹੋ ਜਿਹੀ ਹਾਲਤ ‘ਚ ਵੋਟਾਂ ਮੰਗਣ ਦੀ ਕੀ ਲੋੜੋ , ਵੋਟਾਂ ਤਾਂ ਆਪਣੇ ਆਪ ਹੀ ਡੱਬਿਆਂ ‘ਚ ਡਿਗਣਗੀਆਂ , ਆਪਣੇ ਨਹੀਂ ਤਾਂ ਦੂਜਿਆਂ ਦੇ ਡਬਿਆਂ ‘ਚ ਸਹੀ! ਮੋਦੀ ਜੀ ਮੰਗਤੇ ਥੌੜੇ੍ਹ ਨੇ ਜੋ ਲੋਕਾਂ ਦੀ ਵੋਟਾਂ ਮੰਗਦੇ ਫਿਰਨਗੇ । 56 ਇੰਚੀ ਛਾਤੀ ਵਾਲਾ ਉਂਜ ਵੀ ਵੋਟਾਂ ਮੰਗਦਾ ਚੰਗਾ ਨਹੀਂ ਲਗਦਾ ਭਾਈ , ਉਹਦੇ ਗੁਰਗਿਆਂ ਆਪੇ ਸਭ ਸੰਭਾਲ ਲੈਣਾ। ਹੈ ਕਿ ਨਾ ? ਰਹੀ ਗੱਲ ਰਾਹੁਲ ਦੀ, ਭਾਈ ਉਹਨੂੰ ਵੋਟਾਂ ਦੀ ਲੋੜ ਹੀ ਕੀ ਆ,ਮਾਈ ਬੈਠੀ ਆ,ਆਪੇ ਮੰਗੂ ਵੋਟਾਂ। ਉਹ ਬਾਹਰਲੇ ਦੌਰੇ ਜਾਊ, ਘੁੰਮ ਫਿਰ ਲਊ, ਆਰਾਮ ਫਆਊ ਤੇ ਫਿਰ ਦੇਸ਼ ਪਰਤੂ ਤੇ ਆਖੂ, “ਥੋੜਾ ਆਰਾਮ ਕਰਨਾ ਹੈ। ਵੋਟੋਂ ਕੇ ਬਾਅਦ ਦੇਖੂੰ ਕਿਆ” ਕਰਨਾ ਹੈ” ?
ਬੀਜੀ ਕਣਕ ਸੀ ਵਾਹ ਕੇ ਖੇਤ ਯਾਰੋ
ਉੱਗੀ ਫੇਰ ਕਿਉਂ ਹਰ ਥਾਂ ਜਵੀ ਦਿਸੇ?
ਖ਼ਬਰ ਹੈ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ। ਤਨਖਾਹਾਂ ਅਤੇ ਪੈਨਸ਼ਨ ਦੇਣ ਲਈ ਪੈਸੇ ਦਾ ਜੁਗਾੜ ਮੁਸ਼ਕਲ ਹੀ ਹੋ ਰਿਹਾ ਹੈ। ਮੁਲਾਜ਼ਮ ਅਤੇ ਲਾਭਪਾਤਰੀ ਸੜਕਾਂ ਤੇ ਉਤਰ ਆਏ ਹਨ। ਅਜਿਹੀ ਸੂਰਤ‘ਚ ਪੈਨਸ਼ਨ ਦੀ ਟੈਂਸ਼ਨ‘ਚ ਚਲ ਰਹੀ ਪੰਜਾਬ ਸਰਕਾਰ ਨੂੰ ਕੁਝ ਰਾਹਤ ਮਿਲੀ ਹੈ। ਜਾਂਚ ਪੜਤਾਲ ਤੋਂ ਬਾਅਦ ਖੁਲਾਸਾ ਹੋਇਆ ਹੈ ਕਿ 65793 ਮਿ੍ਰਤਕ [ਮਰੇ ਹੋਏ] ਵੀ ਕਈ ਸਾਲਾਂ ਤੋਂ ਪੈਨਸ਼ਨ ਦਾ ਫਾਇਦਾ ਲੈ ਰਹੇ ਹਨ। 25 ਅਕਤੂਬਰ ਦੀ ਜਾਂਚ ਰਿਪੋਰਟ‘ਚ ਇਹ ਗੱਲ ਸਾਹਮਣੇ ਆਈ ਹੈ ਕਿ 82533 ਲਾਭਪਾਤਰੀ ਅਜਿਹੇ ਨਿਕਲੇ ਜੋ ਘੱਟ ਉਮਰ ਦੇ ਹਨ ਅਤੇ ਬੁਢਾਪਾ ਪੈਨਸ਼ਨ ਲੈ ਰਹੇ ਹਨ। 45128 ਲਾਭਪਾਤਰੀਆਂ ਦੇ ਪਤੇ ਗਲਤ ਹਨ। ਸੂਬੇ‘ਚ ਕੁਲ 19.89 ਲੱਖ ਪੈਨਸ਼ਨਰ ਹਨ, ਜੋ ਘੱਟੋ-ਘੱਟ 500 ਰੁਪਏ ਪ੍ਰਤੀ ਮਾਸਿਕ ਪੈਨਸ਼ਨ ਲੈ ਰਹੇ ਹਨ। ਹਰ ਸਾਲ 49.51 ਕਰੋੜ ਰੁਪਏ ਦੀ ਇਸ ਪੈਨਸ਼ਨ ਵੰਡਣ ਤੇ ਖਰਚ ਹੁੰਦੇ ਹਨ।
ਗੱਲ ਬੁਢਿਆਂ, ਲੋੜਬੰਦਾਂ ਨੂੰ ਦੋ ਟੁੱਕ ਰੋਟੀ ਦੇਣ ਦੀ ਨਹੀਂ ਸੀ ਭਾਈ, ਉਹਨਾ ਦੀਆਂ ਵੋਟਾਂ ਲੈਣ ਦੀ ਸੀ। ਤਦੇ ਤਾਂ ਭਾਈ , ਬੁਢਿਆਂ, ਠੇਰਿਆਂ, ਮਰਿਆਂ, ਜੁਆਨਾਂ ਨੂੰ ਵੀ “ਬਾਦਲਾਂ“ ਪੈਨਸ਼ਨਾਂ ਵਾਲੇ “ਮੁਰੱਬੇ“ ਬਖਸ਼ ਦਿਤੇ। ਇਹ ਗੱਲ ਵੱਖਰੀ ਆ, ਇਹ ਬਖਸ਼ੇ ਮੁਰੱਬੇ ਬਾਦਲਾਂ ਨੂੰ ਰਾਸ ਹੀ ਨਾ ਆਏ! ਬਾਦਲਾਂ, ਵੱਡੇ ਵੱਡੇ ਪ੍ਰਾਈਵੇਟ ਕਾਲਜ ਬੀਜੇ, ਯੂਨੀਵਰਸਿਟੀਆਂ ਬੀਜੀਆਂ, ਪੰਜਾਬ ਦੇ ਲੋਕਾਂ ਪੱਲੇ ਪਈ ਬੇਰੁਜ਼ਗਾਰੀ। ਬਾਦਲਾਂ ਸਿੱਖਿਆ ਵੇਚੀ। ਬਾਦਲਾਂ ਸਿਹਤ ਵੇਚੀ। ਬਾਦਲਾਂ ਖੇਤੀ ਵੇਚੀ। ਲੋਕਾਂ ਪੱਲੇ ਪਏ ਗਜ਼ ਗਜ਼ ਰੱਸੇ, ਜਿਹੜੇ ਗਲਾਂ‘ਚ ਪਾ ਹੁਣ ਲੋਕ ਉਪਰ ਨੂੰ ਤੁਰੇ ਜਾਂਦੇ ਆ। ਬਾਦਲਾਂ ਵੱਡੇ ਪੁਲ ਉਸਾਰੇ, ਬਾਦਲਾਂ ਸੜਕਾਂ ਉਸਾਰੀਆਂ ਬਾਦਲਾ ਸੇਵਾ ਕੇਂਦਰ ਉਸਾਰੇ। ਪਰ ਲੋਕਾਂ ਪੱਲੇ ਵੱਡੇ ਵੱਡੇ ਟੋਲ ਟੈਕਸ ਪਾ ਦਿਤੇ, ਸੇਵਾ ਕੇਂਦਰ‘ਚ ਜੇਬ ਖਾਲੀ ਕਰਨ ਵਾਲੇ ਬਿਠਾਤੇ। ਬਾਦਲਾਂ ਵਿਕਾਸ ਦੇ ਨਾਹਰੇ ਲਾਏ, ਵਿਕਾਸ ਦੇ ਤਵੰਜ ਉਡਾਏ, ਪਰ ਵਿਕਾਸ ਦੇ ਨਾਮ ਉੱਤੇ ਭਿ੍ਰਸ਼ਟਾਚਾਰ ਨਾਲ ਲੋਕਾਂ ਦੀ ਝੋਲੀ ਭਰ ਤੀ! ਜਾਂ ਝੋਲੀ ਭਰ ਤੀ ਮਾਫੀਏ ਦੀ, ਗੁੰਡਿਆਂ ਦੀ,ਜਿਹੜੇ ਹੁਣ ਪਾਲਾ ਬਦਲਕੇ “ਬਾਦਲਕਿਆਂ“ ਨੂੰ ਘੂਰਦੇ ਆ, ਉਹਨਾ ਵੱਲ ਲਪਕਦੇ ਆ। ਚਲੋ ਹਾਰ-ਜਿੱਤ ਤਾਂ ਬਣੀ ਹੋਈ ਆ, ਪਰ ਆਹ ਤਾਂ ਮਾੜੀ ਗੱਲ ਆ ਨਾ ਕਿ ਆਪਣੇ “ਗੁਰਗੇ“ ਹੀ ਘੂਰਨ ਲਗ ਪੈਣ, ਟੰਗਾ ਭੰਨਣ ਲੱਗ ਪੈਣ। ਵਿਚਾਰੇ ਬਾਦਲਾਂ ਨਾਲ ਜੱਗੋ ਬਾਹਰੀ ਹੋਈ ਹਾਰ ਤੇ ਉਹ ਸੋਚਦੇ ਹੋਣਗੇ, “ਬੀਜੀ ਕਣਕ ਸੀ ਵਾਹ ਕੇ ਖੇਤ ਯਾਰੋ, ਉੱਗੀ ਫੇਰ ਕਿਉਂ ਹਰ ਥਾਂ ਜਵੀ ਦਿਸੇ।“
ਸੱਚ ਦਾ ਹੁੰਦਾ ਹਮੇਸ਼ਾ ਸਾਰਾ ਹੀ ਨੰਗਾ ਬਦਨ
ਖ਼ਬਰ ਹੈ ਕਿ ਰਾਸ਼ਟਰੀ ਸਵੈਮ ਸੇਵਕ ਸਿੰਘ (ਆਰ.ਐਸ.ਐਸ) ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਿੰਦੋਸਤਾਨ ਹਿੰਦੂਆਂ ਦਾ ਮੁਲਕ ਹੈ। ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਹਿੰਦੋਸਤਾਨ “ਹੋਰਨਾਂ“ ਦਾ ਨਹੀਂ ਹੈ। ਭਾਗਵਤ ਨੇ ਕਿਹਾ, “ਜਰਮਨੀ ਜਰਮਨਾਂ, ਅਮਰੀਕਾ ਅਮਰੀਕੀਆਂ ਦਾ ਹੈ ਅਤੇ ਇਸੇ ਤਰਜ਼ ਤੇ ਹਿੰਦੋਸਤਾਨ ਹਿੰਦੂਆਂ ਦਾ ਮੁਲਕ ਹੈ। ਉਹਨਾ ਕਿਹਾ ਕਿ ਹਿੰਦੂ ਉਹ ਹਨ ਜੋ ਭਾਰਤ ਮਾਤਾ ਦੇ ਸਪੂਤ ਹਨ, ਜਿਨਾਂ ਦੇ ਪੁਰਖੇ ਭਾਰਤੀ ਸਨ ਅਤੇ ਜੋ ਭਾਰਤੀ ਸਭਿਆਚਾਰ ਅਨੁਸਾਰ ਜੀਵਨ ਬਤੀਤ ਕਰਦੇ ਹਨ। ਉਧਰ ਬੁਧੀਜੀਵੀ ਅਸ਼ੋਕ ਬਾਜਪਾਈ ਨੇ ਕਿਹਾ ਕਿ ਆਰ.ਐਸ.ਐਸ ਨਵਾਂ “ਅੱਤਵਾਦ“ ਹੈ। ਆਰ.ਐਸ.ਅੇਸ ਤੋਂ ਸਭ ਤੋਂ ਵੱਧ ਖ਼ਤਰਾ ਹਿੰਦੂ ਧਰਮ ਨੂੰ ਹੈ। ਆਰ.ਐਸ.ਐਸ ਨੂੰ ਹਿੰਦੂਤਵ ਦੀ ਸਮਝ ਨਾ ਹੋਣ ਕਰਕੇ ਆਰ.ਐਸ.ਐਸ ਹਿੰਦੂ ਵਿਰੋਧੀ ਹੈ।
ਭਾਗਵਤ ਜੀ ਨੇ ਜੇ ਕਦੇ ਦੇਸ਼ ਦਾ ਸੰਵਿਧਾਨ ਪੜ੍ਹਿਆਂ ਹੁੰਦਾ ਉਹ ਕਦੇ ਨਾ ਕਹਿੰਦੇ ਹਿੰਦੋਸਤਾਨ ਹਿੰਦੂਆਂ ਦਾ ਹੈ। ਜੇਕਰ ਭਗਵਤ ਜੀ ਨੇ ਆਪਣੀ ਸਰਕਾਰ ਦਾ ਮਾਨਵ ਵਿਗਿਆਨ ਸਰਵੇਖਣ ਪੜ੍ਹਿਆ ਹੁੰਦਾ ਕਿ ਦੇਸ਼‘ਚ 4,635 ਭਾਈਚਾਰੇ ਵੱਸਦੇ ਹਨ, ਜਿਹੜੇ ਪਹਿਰਾਵੇ, ਖਾਣ ਪੀਣ, ਪੂਜਾ-ਪਾਠ, ਖਿੱਤੇ ਅਤੇ ਹੋਰ ਕਈ ਗੱਲਾਂ ਕਾਰਨ ਵੱਖੋ ਵੱਖਰੇ ਹਨ, ਤਾਂ ਕਦੇ ਨਾ ਕਹਿੰਦੇ ਕਿ ਹਿੰਦੋਸਤਾਨ ਹਿੰਦੂਆਂ ਦਾ ਹੈ। ਭਾਗਵਤ ਜੀ ਨੇ ਜੇਕਰ ਜਾਣਿਆ ਹੁੰਦਾ ਕਿ ਦੇਸ਼ ਨੂੰ 100 ਹੋਰ ਭਾਸ਼ਾਵਾਂ ਅਤੇ ਹਜ਼ਾਰਾਂ ਉਪਭਾਸ਼ਾਵਾਂ ਹਨ ਅਤੇ ਭਾਰਤ ਦੀ ਪਛਾਣ ਬਹੁਲਤਾਵਾਦ ਅਤੇ ਵਿਭਿੰਨਤਾ‘ਚ ਹੈ ਤਾਂ ਉਹ ਕਦੇ ਨਾ ਕਹਿੰਦੇ ਕਿ ਹਿੰਦੋਸਤਾਨ ਹਿੰਦੂਆਂ ਦਾ ਹੈ।
ਇਹ ਗੱਲ ਭਾਗਵਤ ਜੀ ਹੀ ਨਹੀਂ, ਸਗੋਂ ਮੋਦੀ ਜੀ ਵੀ ਤੇ ਉਹਨਾ ਦੀ ਜੁੰਡਲੀ ਵੀ ਨਹੀਂ ਸਮਝ ਰਹੀ। ਸਮਝੇ ਵੀ ਕਿਵੇਂ “ਪੈਰਾਂ ਥੱਲੇ ਆ ਗਿਆ ਆ ਭਾਈ ਉਹਨਾ ਦੇ ਬਟੇਰਾ ਤੇ ਉਹਨਾ ਨੂੰ ਸਭ ਪਾਸੇ ਹਰਾ ਹਰਾ ਹੀ ਦਿਖਾਈ ਦਿੰਦਾ , ਤਦੇ ਉਹ ਅਲਾਪਦੇ ਆ, “ਹਿੰਦੋਸਤਾਨ ਹਿੰਦੂਆਂ ਦਾ ਆ“, ਹਿੰਦੋਸਤਾਨੀਆਂ ਦਾ ਨਹੀਂ“।ਪਤਾ ਨਹੀਂ ਉਹ ਕਦੋਂ ਸਮਝਣਗੇ ਕਿ ਸੱਚ ਦਾ ਹੁੰਦਾ ਹੈ ਹਮੇਸ਼ਾ ਸਾਰਾ ਹੀ ਨੰਗਾ ਬਦਨ। ਸ਼ਾਇਦ ਉਦੋਂ ਹੀ ਇਹ ਗੱਲ ਉਹਨਾ ਦੇ ਖਾਨੇ ਪਊ, ਜਦੋਂ ਦੇਸ਼ ਦਾ ਲੇਖਕ“ਬੋਲ ਕੇ ਲਬ ਆਜ਼ਾਦ ਹੈਂ ਤੇਰੇ“ ਤੇ ਖ਼ਰਾ ਉਤਰਕੇ ਉਹਨਾ ਨੂੰ ਸਮਝਾਉਣ ਦਾ ਹੀਆ ਕਰੂ । ਹੈ ਕਿ ਨਹੀਂ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
. ਭਾਰਤ ਦੇ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਰੋਜ਼ਾਨਾ 80 ਮਿਲੀ ਲਿਟਰ ਦੁੱਧ ਪੀ ਰਹੇ ਹਨ ਜਦਕਿ ਉਹਨਾ ਦੀ ਰੋਜ਼ਾਨਾ ਜ਼ਰੂਰਤ 300 ਮਿਲੀ ਮਿਟਰ ਹੈ।
. ਪੇਂਡੂ ਭਾਰਤੀ 1975-79 ਦੇ ਮੁਕਾਬਲੇ ਪੌਸਤਨ 550 ਕੈਲੋਰੀ ਭੋਜਨ (ਜਿਸ ਵਿੱਚ 13 ਗ੍ਰਾਮ ਪ੍ਰੋਟੀਨ, ਪੰਜ ਮਿਲੀਗ੍ਰਾਮ ਆਇਰਨ, 250 ਮਿਲੀਗ੍ਰਾਮ ਕੈਲਸ਼ੀਅਮ ਅਤੇ 500 ਮਿਲੀਗ੍ਰਾਮ ਵਿਟਾਮਿਨ ਸ਼ਾਮਲ ਹੈ) ਰੋਜ਼ਾਨਾ ਘੱਟ ਲੈ ਰਹੇ ਹਨ। ਭਾਵ ਦੇਸ਼ ਦੀ ਆਬਾਦੀ ਵਿੱਚ 70 ਫੀਸਦੀ ਪੇਂਡੂ ਆਬਾਦੀ ਕੁਪੋਸ਼ਿਤ ਹੈ। ਰੋਜ਼ਾਨਾ ਹਰ ਵਿਅਕਤੀ ਦੇ ਸੰਤੁਲਿਤ ਭੋਜਨ ਵਿੱਚ 2400 ਕਲੋਰੀਆਂ ਜ਼ਰੂਰੀ ਹਨ।
ਇੱਕ ਵਿਚਾਰ
ਆਪਾਂ ਘਟਨਾਵਾਂ ਨੂੰ ਸੱਦਾ ਨਹੀਂ ਦੇ ਸਕਦੇ, ਪਰ ਆਪਾਂ ਉਹਨਾ ਨਾਲ ਕਮਜ਼ੋਰ ਨਾ ਹੋਣ ਦਾ ਫੈਸਲਾ ਕਰ ਸਕਦੇ ਹਾਂ ਮਾਇਆ ਏਂਜੋਲੋ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.