ਸਾਬਤ ਸੂਰਤ ਸਿੱਖ ਜਗਮੀਤ ਸਿੰਘ ਦਾ ਕੈਨੇਡੀਅਨ ਰਾਸ਼ਟਰੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਵਜੋਂ ਚੁਣੇ ਜਾਣਾ ਸਿੱਖ ਪੰਥ ਅਤੇ ਭਾਈਚਾਰੇ ਲਈ ਪੂਰੇ ਵਿਸ਼ਵ ਅੰਦਰ ਇਕ ਬਹੁਤ ਵੱਡੇ ਮਾਣ ਅਤੇ ਸਨਮਾਨ ਦੀ ਗੱਲ ਹੈ। ਕੈਨੇਡੀਅਨ ਡੈਮੋਕ੍ਰੈਟਿਕ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਘਟ ਗਿਣਤੀ ਨਾਲ ਸਬੰਧਿਤ ਰਾਜਨੀਤਕ ਆਗੂ ਇਕ ਰਾਸ਼ਟਰੀ ਪੱਧਰ ਦੀ ਰਾਜਨੀਤਕ ਪਾਰਟੀ ਦੀ ਅਗਵਾਈ ਕਰੇਗਾ। ਅਕਤੂਬਰ, 2019 ਨੂੰ ਹੋਣ ਵਾਲੀਆਂ ਕੈਨੇਡੀਅਨ ਪਾਰਲੀਮੈਂਟਰੀ ਚੋਣਾਂ ਵਿਚ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਤਾਧਾਰੀ ਲਿਬਰਲ ਪਾਰਟੀ, ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ, ਗਰੀਨ ਪਾਰਟੀ ਆਦਿ ਨੂੰ ਉਸ ਦੀ ਅਗਵਾਈ ਵਿਚ ਨਿਊ ਡੈਮੋਕ੍ਰੈਟਿਕ ਪਾਰਟੀ ਟੱਕਰ ਦੇਵੇਗੀ। ਇਕ ਸਰਵੇ ਅਨੁਸਾਰ ਕੈਨੇਡਾ ਦੇ 69 ਪ੍ਰਤੀਸ਼ਤ ਲੋਕਾਂ ਨੇ ਧਾਰਮਿਕ, ਸਭਿਆਚਾਰਕ, ਇਲਾਕਾਈ, ਨਸਲੀ, ਭਾਸ਼ਾਈ ਭਾਵਨਾਵਾਂ ਤੋਂ ਉਪਰ ਉਠਦਿਆਂ ਇਕ ਸਾਬਤ ਸੂਰਤ ਸਿੱਖ ਦੇ ਹੱਕ ਵਿਚ ਵੋਟ ਪਾਉਣ ਸੰਬੰਧੀ ਸਹਿਮਤੀ ਪ੍ਰਗਟਾਈ ਹੈ।
ਸ.ਜਗਮੀਤ ਸਿੰਘ ਦੀ ਇਸ ਜਿੱਤ ਨਾਲ ਜਿਥੇ ਉਨ੍ਹਾਂ ਦੀ ਨਿੱਜੀ ਪ੍ਰਤਿਭਾ, ਰਾਜਨੀਤਕ ਦ੍ਰਿਸ਼ਟੀਕੋਣ, ਸਖਸ਼ੀ ਸੂਝ-ਬੂਝ ਤਾਂ ਸਥਾਪਿਤ ਹੋਈ ਹੈ ਪਰ ਇਸ ਦੇ ਨਾਲ ਹੀ ਸਿੱਖ ਅਸੂਲਾਂ ਅਤੇ ਉੱਚੇ-ਸੁੱਚੇ ਮਾਨਵਵਾਦੀ ਸਭਿਆਚਾਰ ਦੀ ਕੈਨੇਡੀਅਨ ਲੋਕਤੰਤਰ ਅਤੇ ਬਹੁ-ਸਭਿਆਚਾਰਕ ਭਾਈਚਾਰੇ ਵਿਚ ਮਾਨਤਾ ਬਹੁਤ ਹੀ ਸ਼ਲਾਘਾਯੋਗ ਪ੍ਰਾਪਤੀ ਹੈ। ਸਿੱਖ ਸਿਧਾਂਤ ਅਤਿ ਮਾਨਵਵਾਦੀ, ਲੋਕਸ਼ਾਹ, ਸਮਾਜਿਕ-ਆਰਥਿਕ ਇਨਸਾਫ, ਮਾਨਵ ਬਰਾਬਰੀ, ਆਪਸੀ ਭਾਈਚਾਰਕ ਸਾਂਝ ਅਤੇ ਰੱਬੀ ਏਕਤਾ ਪ੍ਰਤੀ ਅਡਿੱਗ ਹਨ। ਇਹ ਸਿਧਾਂਤ ਕੈਨੇਡੀਅਨ ਰਾਜਕੀ, ਰਾਜਨੀਤਕ, ਸਮਾਜਿਕ, ਆਰਥਿਕ, ਸਭਿਆਚਾਰਕ ਸਿਸਟਮ ਨਾਲ ਮੇਲ ਖਾਂਦੇ ਹਨ।
ਲੇਖਕ ਸੰਨ 2010 ਵਿਚ ਜਦੋਂ ਪਹਿਲੀ ਵਾਰ ਕੈਨੇਡਾ ਗਿਆ ਤਾਂ ਰਾਜਧਾਨੀ ਓਟਾਵਾ ਵਿਚ ਰਹਿੰਦੇ ਇਕ ਰਿਸ਼ਤੇਦਾਰ ਦਾ ਟੈਲੀਫੋਨ ਆਇਆ, ''ਭਾਜੀ ਮੁਬਾਰਕ ਹੋਵੇ, ਤੁਸੀਂ ਬਾਬੇ ਨਾਨਕ ਦੇ ਦੇਸ਼ ਵਿਚ ਆ ਗਏ ਹੋ।'' ਹੋਰ ਗੱਲਾਂ ਵੀ ਹੋਈਆਂ ਪਰ ਬਾਅਦ ਵਿਚ ਲੇਖਕ ਸੋਚਣ ਲਗਾ ਕਿ ਇਨ੍ਹਾਂ ਕਿਹਾ ਕਿ ਤੁਸੀਂ ਬਾਬੇ ਨਾਨਕ ਦੇ ਦੇਸ਼ ਵਿਚ ਆ ਗਏ ਹੋੋ ਪਰ ਉਹ ਤਾਂ ਅਰਬ ਇਲਾਕੇ ਤੋਂ ਅੱਗੇ ਪੱਛਮ ਵੱਲ ਆਏ ਨਹੀਂ। ਫਿਰ ਉਨ੍ਹਾਂ ਦੀ ਰਮਜ਼ ਸਮਝ ਆਈ ਕਿ ਬਾਬਾ ਜੀ ਦੇ ਮਹਾਨ ਤਿੰਨ ਅਸੂਲਾਂ ਵਿਚੋਂ ਪਹਿਲਾ ਸੀ 'ਕਿਰਤ ਕਰੋ', ਸੋ ਬੇਸੀਕਲੀ ਕੈਨੇਡੀਅਨ ਲੋਕ ਕਿਰਤੀ ਹਨ, ਅਨੁਸਾਸ਼ਤ ਹਨ। ਇਸੇ ਕਰਕੇ ਇਸ ਛੋਟੀ ਜਿਹੀ (ਤਿੰਨ ਕਰੋੜ, 63 ਲੱਖ) ਵਸੋਂ ਵਾਲੇ ਦੇਸ਼ ਦੀ ਆਰਥਿਕ ਏਨੀ ਮਜ਼ਬੂਤ ਹੈ। ਇਵੇਂ ਮੁੱਢਲੇ ਅਤੇ ਅਸੂਲੀ ਤੌਰ 'ਤੇ ਕੈਨੇਡੀਅਨ ਭਾਈਚਾਰਾ ਮਾਨਸਿਕ ਤੌਰ 'ਤੇ ਸਿੱਖ ਭਾਈਚਾਰੇ ਦੇ ਅਸੂਲਾਂ ਅਤੇ ਮਾਨਸਿਕਤਾ ਨਾਲ ਮਿਲਦੇ-ਜੁਲਦੇ ਹਨ।
ਭਾਵੇਂ ਸ਼ੁਰੂ ਵਿਚ ਸਿੱਖ ਭਾਈਚਾਰੇ ਦੀ ਕੈਨੇਡਾ ਅੰਦਰ ਆਂਵਦ ਨੂੰ ਕੈਨੇਡੀਅਨ ਨਸਲਵਾਦੀ ਅਤੇ ਸਰਮਾਏਦਾਰ ਸਾਸ਼ਕਾਂ ਰੋਕਣ ਦੀ ਵੱਡੀ ਪ੍ਰਸਾਸ਼ਨਿਕ ਅਤੇ ਲੀਗਲ ਕੋਸ਼ਿਸ਼ ਕੀਤੀ ਪਰ ਆਮ ਕੈਨੇਡੀਅਨ ਲੋਕ ਸਿੱਖਾਂ ਦੀ ਬਹੁਤ ਕਦਰ ਕਰਦੇ ਸਨ। ਵੈਨਕੋਵਰ (ਬ੍ਰਿਟਿਸ਼ ਕੋਲੰਬੀਆ) ਵਿਖੇ ਸਿੱਖਾਂ ਦੀ ਆਂਵਦ ਨੂੰ ਚੰਗਾ ਨਾ ਸਮਝਿਆ ਗਿਆ। ਸੰਨ 1907 ਵਿਚ ਉਨ੍ਹਾਂ ਨੂੰ ਲੀਗਲ ਅਤੇ ਮੈਡੀਕਲ ਕਿੱਤਿਆਂ ਤੋਂ ਵਰਜਿਤ ਕੀਤਾ ਗਿਆ। ਉਨ੍ਹਾਂ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਰਖਿਆ ਜਿਨ੍ਹਾਂ ਦੇ ਮਾਪੇ ਐਂਗਲੋ-ਸੈਕਸ਼ਨ ਨਹੀਂ ਸਨ। ਪ੍ਰਧਾਨ ਮੰਤਰੀ ਸਰ ਵਿਲਫਰਡ ਲਾਰੀਅਰ ਨੇ ਹਿੰਦੂਆਂ (ਸਿੱਖਾਂ) ਦੀ ਕੈਨੇਡਾ ਵਿਚ ਆਂਵਦ ਨੂੰ ਰੋਕਣ ਨੂੰ ਇਸ ਮਸਲੇ ਦਾ ਸਹੀ ਹੱਲ ਕਿਹਾ।
ਸੰਨ 1911 ਵਿਚ ਭਾਰਤੀ ਸਿੱਖਾਂ ਦੀ ਕੈਨੇਡਾ ਵਿਚ ਸੰਖਿਆ ਸਿਰਫ 2342 ਸੀ। ਸੰਨ 1914 ਵਿਚ ਕਾਮਾਗਾਟਾਮਾਰੂ ਦੇ 376 ਬ੍ਰਿਟਿਸ਼ ਸ਼ਹਿਰੀਆਂ ਨੂੰ ਕੈਨੇਡਾ ਵਿਚ ਉਤਰਨ ਨਾ ਦਿਤਾ ਜਿਨ੍ਹਾਂ ਵਿਚੋਂ 340 ਸਿੱਖ ਸਨ।ਹੁਣ72 ਸਾਲ ਬਾਅਦ ਓਟਾਵਾ ਅੰਦਰ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਰਕਾਰ ਨੇ ਇਸ ਮਹਾਨ ਗਲਤੀ ਦੀ ਪਾਰਲੀਮੈਂਟ ਵਿਚ ਮੁਆਫੀ ਮੰਗਦਿਆਂ ਇਤਿਹਾਸ ਨੂੰ ਸਹੀ ਕੀਤਾ ਹੈ।
ਸੰਨ 1970ਵੇਂ ਦਹਾਕੇ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਕੈਨੇਡਾ ਆਉਣਾ ਸ਼ੁਰੂ ਕੀਤਾ। ਪੰਜਾਬ ਅੰਦਰ 10-12 ਸਾਲ ਅੱਤਵਾਦ ਅਤੇ ਨਵੰਬਰ '84 ਦੇ ਦਿੱਲੀ ਅਤੇ ਹੋਰ ਥਾਵਾਂ 'ਤੇ ਭਾਰਤ ਅੰਦਰ ਸਿੱਖ ਕਤਲ-ਏ-ਆਮ ਬਾਅਦ ਸਿੱਖ ਹੋਰ ਦੇਸ਼ਾਂ ਇਲਾਵਾ ਵੱਡੀ ਗਿਣਤੀ ਵਿਚ ਕੈਨੇਡਾ ਆਏ।
ਇਥੇ ਆਉਣ ਬਾਅਦ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦਾ ਮਸਲਾ ਖੜਾ ਹੋਣਾ ਸ਼ੁਰੂ ਹੋ ਗਿਆ। ਕਰੀਬ 90,00 0 ਕੈਨੇਡੀਅਨ ਲੋਕਾਂ ਨੇ ਦਸਤਖ਼ਤ ਕਰਕੇ ਇਕ ਪਟੀਸ਼ਨ ਦਾਖ਼ਲ ਕੀਤੀ ਕਿ ਪਗੜੀਧਾਰੀ ਸਿੱਖਾਂ ਨੂੰ ਕੈਨੇਡੀਅਨ ਪੁਲਸ (ਆਰ.ਸੀ.ਐੱਮ.ਐੱਸ.) ਵਿਚ ਭਰਤੀ ਨਾ ਕੀਤਾ ਜਾਵੇ। ਲੇਕਿਨ ਸਿੱਖ ਸੰਘਰਸ਼ ਕਰਕੇ ਸੰਨ 1990 ਵਿਚ ਪਹਿਲਾ ਸਿੱਖ ਪੱਗੜੀਧਾਰੀ ਬਲਤੇਜ ਸਿੰਘ ਢਿਲੋਂ ਪੁਲਸ ਵਿਚ ਭਰਤੀ ਹੋਇਆ।
ਕੈਨੇਡੀਅਨ ਪਾਰਲੀਮੈਂਟ ਵਿਚ ਵੀ ਪਗੜੀਧਾਰੀ ਸਾਂਸਦ ਨੂੰ ਬੈਠ ਸਕਣ ਦੀ ਕਾਨੂੰਨੀ ਤੌਰ 'ਤੇ ਕੋਈ ਵਿਵਸਥਾ ਨਹੀਂ ਸੀ। ਕਰੀਬ 25 ਸਾਲ ਪਹਿਲਾਂ ਜਦੋਂ ਪੱਗੜੀਧਾਰੀ ਸਿੱਖ ਸ. ਗੁਰਬਖਸ਼ ਸਿੰਘ ਮੱਲੀ ਕੈਨੇਡੀਅਨ ਪਾਰਲੀਮੈਂਟ ਮੈਂਬਰ ਚੁਣਿਆ ਗਿਆ। ਉਨ੍ਹਾਂ ਦੀ ਸੰਸਦ ਵਿਚ ਹਾਜ਼ਰੀ ਲਈ ਕਾਨੂੰਨ ਬਦਲਿਆ ਗਿਆ। ਉਸ ਤੋਂ ਬਾਅਦ ਤਾਂ ਫਿਰ ਚਲ ਸੋ ਚਲ।
ਸਮਾਜਿਕ ਤੌਰ 'ਤੇ ਕੈਨੇਡੀਅਨ ਲੋਕ ਜੋ ਸਿੱਖ ਭਾਈਚਾਰੇ ਦਾ ਬਹੁਤ ਸਨਮਾਨ ਕਰਦੇ ਸਨ। ਉਨ੍ਹਾਂ ਦੀ ਵਿਸ਼ਵ-ਵਿਆਪੀ ਪੱਧਰ 'ਤੇ ਮੰਨੀ-ਪ੍ਰਮੰਨੀ ਬਹਾਦਰੀ ਅਤੇ ਸ਼ਹਾਦਤ ਨੂੰ ਸੈਲਿਊਟ ਕਰਦੇ ਹਨ। ਲੇਖਕ ਕੈਨੇਡਾ ਵਿਖੇ ਅਕਸਰ ਆਪਣੇ ਪੁੱਤਰ-ਨੂੰਹ ਵਲੋਂ ਚਲਾਏ ਜਾਂਦੇ ਸਟੋਰ ਤੇ ਚਲਾ ਜਾਂਦਾ ਸੀ। ਉਸ ਸਮੇਂ 'ਸਿੰਘ' ਲਿਖੀ ਪਹਿਚਾਣ ਵਾਲੀ ਸ਼ਰਟ ਪਹਿਨ ਲੈਂਦਾ। ਇਕ ਦਿਨ ਹ ੈਵਲਾਕ ਟਾਊਨ ਦੇ ਦੋ ਬਜ਼ੁਰਗ ਅੰਗਰੇਜ਼ ਫ਼ੌਜੀ ਖਰੀਦੋ-ਫਰੋਖਤ ਲਈ ਆਏ ਜੋ ਦੂਸਰੀ ਵੱਡੀ ਜੰਗ ਵੇਲੇ ਬਰਮਾ ਫਰੰਟ 'ਤੇ ਲੜੇ ਸਨ। ਮੇਰੀ ਸ਼ਰਟ 'ਤੇ ਸਿੰਘ ਲਿਖਿਆ ਵੇਖ ਕੇ ਬੜੀ ਉਤਸੁੱਕਤਾ ਨਾ ਪੁੱਛਣ ਲਗੇ ਕਿ ਕੀ ਤੁਸੀਂ ਸਿੰਘ ਹੋ? ਲੇਖਕ ਨੇ ਹੱਸਦਿਆਂ ਕਿਹਾ ਕਿ ਹਾਂ 'ਸਿੰਘ ਇਜ਼ ਆਲ ਵੇਜ਼ ਏ ਕਿੰਗ', ਮੈਂ ਸਿੰਘ ਹਾਂ। ਉਨ੍ਹਾਂ ਬਾਅਦਬ ਸੈਲਿਊਟ ਕਰਦੇ ਹੋ ਕਿਹਾ ਉਹ ਅੱਜ ਵੀ ਮੇਰੇ ਕੰਨਾਂ ਵਿਚ ਗੂੰਜਦਾ ਹੈ। 'ਸਿੱਖਸ ਆਰ ਵੈਰੀ ਬਰੇਵ ਪੀਪਲ।' ਉਹ ਅਕਸਰ ਸਟੋਰ 'ਤੇ ਆਉਂਦੇ ਅਤੇ ਮੇਰੇ ਨਾਲ ਸਿੱਖਾਂ ਦੇ ਮਹਾਨ ਉੱਚੇ-ਸੁੱਚੇ ਕਿਰਦਾਰ, ਬਹਾਦਰੀ, ਵਿਅਕਤੀਤਵ ਬਾਰੇ ਹੋਰ ਵਿਸ਼ਿਆਂ ਤੋਂ ਇਲਾਵਾ ਗੱਲ ਕਰਦੇ। ਉਸ ਟਾਊਨ ਦੇ ਬੱਚੇ, ਨੌਜਵਾਨ, ਬਜ਼ੁਰਗ ਅਤੇ ਪੁਲਸ ਡਿਊਟੀ ਕਰ ਰਹੇ ਨੌਜਵਾਨ ਅਤੇ ਅਧਿਕਾਰੀ ਖ੍ਚੂਬ ਘੁੱਲ ਮਿਲ ਗਏ। ਸਿੱਖ ਧਰਮ, ਸਭਿਆਚਾਰ, ਸਿਧਾਂਤਾਂ ਅਤੇ ਨਿੱਤ ਪ੍ਰਤੀ ਜੀਵਨ ਦੀ ਸੰਖੇਪ ਜਾਣਕਾਰੀ ਤੋਂ ਉਹ ਬਹੁਤ ਕਾਇਲ ਹੋਏ।
ਥੋੜੇ ਜਿਹੇ ਸਮੇਂ ਵਿਚ ਕੈਨੇਡਾ ਵਿਚ ਰਹਿਣ ਵਾਲੇ ਸਿੱਖ ਰਾਜਨੀਤੀਵਾਨਾਂ, ਧਾਰਮਿਕ ਸ਼ਖ਼ਸੀਅਤਾਂ ਪ੍ਰਸਾਸ਼ਨਿਕ, ਕਾਰੋਬਾਰੀ, ਕਿੱਤਾਕਾਰੀ, ਪੱਤਰਕਾਰੀ ਅਤੇ ਟੈਲੀਵਿਜ਼ਨ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਕੈਨੇਡਾਈ ਸਮਾਜ, ਰਾਜਨੀਤੀ, ਕਾਰੋਬਾਰ, ਆਰਥਿਕਤਾ, ਭਾਈਚਾਰਕ ਮਜ਼ਬੂਤੀ ਲਈ ਬਹੁਤ ਵੱਡਾ ਯੋਗਦਾਨ ਪਾਇਆ। ਸਿੱਖ ਸਮਾਜ ਅਤੇ ਧਰਮ ਖੇਤਰ ਵਿਚ ਇਕ ਇਨਕਲਾਬ ਸਿਰਜ ਕੇ ਰਖ ਦਿੱਤਾ ਹੈ।
ਕੈਨੇਡਾ ਵਿਚ 4,68,670 ਸਿੱਖਾਂ ਦੇ ਛੋਟੇ ਜਿਹੇ ਭਾਈਚਾਰੇ ਨੇ ਜੋ ਕੈਨੇਡਾ ਦੀ ਕੁੱਲ ਅਬਾਦੀ ਦਾ 1.4 ਪ੍ਰਤੀਸ਼ਤ ਹੈ, ਦੇਸ਼ ਦੀ ਰਾਜਨੀਤੀ, ਤਰੱਕੀ, ਇਕਜੁੱਟਤਾ ਅਤੇ ਸੇਵਾ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਹਰਬੰਸ ਸਿੰਘ ਧਾਲੀਵਾਲ (ਹਰਬ ਧਾਲੀਵਾਲ) ਫੈਡਰਲ ਮੰਤਰੀ, ਉੱਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਪ੍ਰੀਮੀਅਰ ਅਤੇ ਫੈਡਰਲ ਮੰਤਰੀ, ਗੁਰਬਖਸ਼ ਸਿੰਘ ਮੱਲੀ ਸਾਂਸ (ਫੈਡਰਲ ਮੰਤਰੀ) ਰਹੇ।
ਅਜ 41 ਦੱਖਣੀ ਏਸ਼ੀਆ ਮੈਂਬਰ ਪਾਰਲੀਮੈਂਟ ਅਤੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ (ਰਾਜ ਵਿਧਾਨ ਸਭਾ) ਵਿਚੋਂ 30 ਸਿੱਖ ਭਾਈਚਾਰੇ ਨਾਲ ਸਬੰਧਿਤ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿਚ ਚਾਰਸਿੱਖ ਕੈਬਨਿਟ ਮੰਤਰੀ ਹਨ ਜਿਵੇਂ ਸ.ਹਰਜੀਤ ਸਿੰਘ ਸੱਜਣ (ਰੱਖਿਆ ਮੰਤਰੀ) ਸ.ਨਵਦੀਪ ਸਿੰਘ ਬੈਂਸ, ਸ.ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਚੱਗਰ। ਪੱਗੜੀ ਧਾਰੀ ਸਾਬੀ ਮਰਵਾਹਾ ਨੋਵਾਸ਼ਕੋਸ਼ੀਆ ਬੈਂਕ ਦਾ ਚੀਫ ਆਰਗੇਨਾਈਜਿੰਗ ਅਫਸਰ ਬਣਿਆ ਹੈ ਜਿਸ ਨੂੰ ਟਰੂਡੋ ਸਰਕਾਰ ਵੱਲੋਂ ਸੈਨੇਟਰ ਵਜੋਂ ਪਾਰਲੀਮੈਂਟ 'ਚ ਨਾਮਜ਼ਦ ਕੀਤਾ ਹੈ। ਇਵੇਂ ਹੀ ਹੋਰ ਅਨੇਕ ਖੇਤਰਾਂ ਵਿਚ ਸਿੱਖ ਭਾਈਚਾਰੇ ਨੇ ਬਹੁਤ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ।
ਭਾਰਤ ਜਿੱਥੋਂ ਦੇ ਸਿੱਖ ਜੰਮਪਲ ਹਨ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਸ ਮਹਾਨ ਭਾਈਚਾਰੇ ਦਾ ਬੂਟਾ ਲਾਇਆ ਵਿਚ ਸੰਨ 2011 ਦੀ ਜਨਗਣਨਾ ਅਨੁਸਾਰ ਸਿੱਖਾਂ ਦੀ ਆਬਾਦੀ 1.7 ਪ੍ਰਤੀਸ਼ਤ ਹੈ। ਜਿਸ ਦੇਸ਼ ਦੇ ਹਿੰਦੂ ਧਰਮ ਦੀ ਰਾਖੀ ਲਈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਨੇ ਕੁਰਬਾਨੀ ਦਿਤੀ, ਜੁਲਮ-ਜਬਰ ਦੀ ਰਾਖੀ, ਸਮਾਜਿਕ ਅਤੇ ਆਰਥਿਕ ਇਨਸਾਫ਼, ਮਾਨਵ ਅਜ਼ਾਦੀਆਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰਿਆ, ਜਿਸ ਦੇਸ਼ ਦੀ ਅੰਗਰੇਜ਼ ਤੋਂ ਅਜ਼ਾਦੀ ਲਈ 80 ਪ੍ਰਤੀਸ਼ਤ ਸਿੱਖਾਂ ਨੇ ਕੁਰਬਾਨੀਆਂ ਦਿਤੀਆਂ, ਫਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਦੇਸ਼ ਦੀ ਵੰਡ ਵੇਲੇ ਭਾਰਤ ਵਿਚ ਵੱਸਣ ਦਾ ਇਤਿਹਾਸਕ ਫੈਸਲਾ ਲਿਆ, ਜਿਨ੍ਹਾਂ ਦੇਸ਼ ਦੀ ਰਾਖੀ ਲਈ ਚੀਨ ਅਤੇ ਭਾਰਤ ਪਾਕਿਸਤਾਨ ਜੰਗਾਂ ਵਿਚ ਕੁਰਬਾਨੀਆਂ ਭਰਿਆ ਰੋਲ ਅਦਾ ਕੀਤਾ, ਉਨ੍ਹਾਂ ਦੇ ਮੁਕਦੱਸ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਹੋਰ ਗੁਰਧਾਮਾਂ ਤੇ ਜੂਨ, 1984 ਵਿਚ ਭਾਰਤੀ ਸਾਸ਼ਕਾਂ ਫ਼ੌਜੀ ਹਮਲਾ ਕੀਤਾ, 10-12 ਸਾਲਾ ਅੱਤਵਾਦੀ ਤ੍ਰਾਸਦੀ ਵੇਲੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੌਜਵਾਨਾਂ ਦਾ ਨਸਲਘਾਤ ਕੀਤਾ, ਨਵੰਬਰ, '84 ਵਿਚ ਦਿੱਲੀ ਅਤੇ ਹੋਰ ਅਨੇਕ ਥਾਵਾਂ 'ਤੇ ਸਿੱਖ ਕਤਲ-ਏ-ਆਮ ਕਰਕੇ ਨਸਲਘਾਤ ਰਾਹੀਂ ਸਿੱਖ ਭਾਈਚਾਰੇ ਵਿਚ ਭਾਰਤ ਅੰਦਰ ਸਦੀਵੀ ਅਸੁਰੱਖਿਅਤਾਂ ਦਾ ਮਾਹੌਲ ਪੈਦਾ ਕੀਤਾ। ਇਸ ਦੇਸ਼ ਦਾ ਸਿੱਖ ਪ੍ਰਧਾਨ ਮੰਤਰੀ, ਆਰਮੀ ਚੀਫ, ਕੇਂਦਰੀ ਮੰਤਰੀ ਜਾਂ ਮੁੱਖ ਮੰਤਰੀ ਹੋਣ ਦੇ ਬਾਵਜੂਦ ਸਿੱਖਾਂ ਵਿਚ ਅਸੁਰਖਿਅਤਾਂ, ਧਾਰਮਿਕ, ਸਭਿਆਚਾਰਕ ਖੁੱਲਾਂ ਅਤੇ ਅਜ਼ਾਦੀਆਂ ਦੀ ਕਮੀ ਬਾਦਸਤੂਰ ਜਾਰੀ ਹੈ। ਸਿੱਖ ਅਤੇ ਸਿੱਖੀ ਵੱਕਾਰ ਅਜ਼ਾਦਾਨਾ ਅਤੇ ਮੁਨਸਫਾਨਾ ਤੌਰ 'ਤੇ ਸਥਾਪਿਤ ਨਹੀਂ ਹੈ। ਵੱਖ-ਵੱਖ ਰਾਜਨੀਤਕ ਪਾਰਟੀਆਂ, ਫਿਰਕਿਆਂ, ਡੇਰੇਦਾਰਾਂ, ਜਾਤਾਂ, ਧਾਰਮਿਕ ਧੜਿਆਂ ਵਿਚ ਵੰਡੇ ਸਿੱਖ ਇਸ ਸਮਰਥ ਨਹੀਂ ਕਿ ਉਹ ਇਸ ਦੇਸ਼ ਵਿਚ ਆਪਣਾ ਸਨਮਾਨਿਤ ਵਕਾਰ ਬਹਾਲ ਕਰ ਸਕਣ।
ਦੂਸਰੇ ਪਾਸੇ ਕੈਨੇਡਾ ਰਾਸ਼ਟਰ ਜਿਸਦਾ 20ਵੀਂ ਸਦੀ ਤੋਂ ਪਹਿਲਾਂ ਸਿੱਖ ਅਤੇ ਸਿੱਖੀ ਨਾਲ ਕੋਈ ਵਾਅ-ਵਾਸਤਾ ਵੀ ਨਹੀਂ ਸੀ ਉਸਦੇ ਉੱਚੇ-ਸੁੱਚੇ ਸਿਧਾਂਤਾਂ, ਕਿਰਦਾਰ, ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਉਸ ਦੇਸ਼ ਮੁੱਖ ਧਾਰਾ ਵਿਚ ਜਜ਼ਬ ਕਰਦੇ ਅਹਿਮ ਵਕਾਰੀ ਅਹੁਦਿਆਂ, ਜੁਮੇਂਵਾਰੀਆਂ ਅਤੇ ਭਰੋਸੇਯੋਗ ਸੰਸਥਾਵਾਂ 'ਤੇ ਤਾਇਨਾਤ ਕਰ ਰਿਹਾ ਹੈ। ਇਸੇ ਕੜੀ ਵਿਚ ਸ. ਜਗਮੀਤ ਸਿੰਘ ਦਾ ਨਿਊ ਡੈਮੋਕ੍ਰੇਟਿਕ ਪਾਰਟੀ ਵਰਗੇ ਰਾਸ਼ਟਰੀ ਰਾਜਨੀਤਕ ਦਲ ਦਾ ਪ੍ਰਧਾਨ ਚੁਣਿਆ ਜਾਣਾ ਕਿਸੇ ਇਨਕਲਾਬੀ ਘਟਨਾ ਅਤੇ ਪ੍ਰਾਪਤੀ ਤੋਂ ਘਟ ਨਹੀਂ।
ਸ.ਜਗਮੀਤ ਸਿੰਘ ਦਾ ਨਿਤਨੇਮ, ਸਿੱਖੀ ਵਿਅਕਤੀਤਵ ਅਤੇ ਅਗਵਾਈ ਕੈਨੇਡਾ ਸਭਿਆਚਾਰ ਅੰਦਰ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ, ਮਰਿਯਾਦਾਵਾਂ ਦੀ ਨਿਸ਼ਚਿਤ ਤੌਰ 'ਤੇ ਵੱਡੀ ਛਾਪ ਛੱਡਣ ਵਿਚ ਸਹਾਈ ਹੋਵੇਗੀ। ਸਿੱਖ ਘਟ ਗਿਣਤੀ ਦੀ ਨਿਵੇਕਲੀ ਪਹਿਚਾਣ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਜਾਣਕਾਰੀ ਅਤੇ ਜਾਗ੍ਰਿਤੀ ਪ੍ਰਦਾਨ ਕਰੇਗੀ। ਔਰਤਾਂ ਦੀ ਸਮਾਜਿਕ ਅਤੇ ਆਰਥਿਕ ਬਰਾਬਰੀ, ਸਰਬੱਤ ਦੇ ਭਲੇ, ਮੁਫ਼ਤ ਅਤੇ ਸੇਵਾ ਭਾਵ ਭਰੀ ਲੰਗਰ ਅਤੇ ਸੰਗਤ ਪ੍ਰਥਾ, ਸਭ ਧਰਮਾਂ ਦੇ ਧਾਰਮਿਕ ਅਕੀਦਿਆਂ ਅਤੇ ਚਿਨ੍ਹਾਂ ਦਾ ਸਨਮਾਨ, ਰੱਬੀ ਅਤੇ ਮਨੁੱਖੀ ਏਕਤਾ, ਭਾਈਚਾਰਕ ਸਾਂਝ, ਧਾਰਮਿਕ ਸਹਿਨਸ਼ੀਲਤਾ ਆਦਿ ਰਾਹੀਂ ਧਰਮ ਨਿਰਪੱਖ ਕੈਨੇਡਾਈ ਸਮਾਜ ਸਿਰਜਣ, ਧਾਰਮਿਕ ਕੱਟੜਵਾਦ ਅਤੇ ਨਸਲਵਾਦ ਦੀਆਂ ਭਾਵਨਾਵਾਂ ਨੂੰ ਸਮਾਪਤ ਕਰਨ, ਸਿੱਖ ਮਾਰਸ਼ਲ ਆਰਟ ਮਾਨਸਿਕਤਾ ਰਾਹੀਂ ਕੈਨੇਡਾ ਦੀ ਸੁਰੱਖਿਆ ਵਿਵਸਥਾ ਪ੍ਰਪੱਕ ਕਰਨ ਵਿਚ ਅਹਿਮ ਰੋਲ ਅਦਾ ਕਰੇਗੀ। ਰਾਜ ਅਤੇ ਰਾਜਕੀ ਵਿਵਸਥਾ ਵਿਚ ਕਾਰਪੋਰੇਟ ਘਰਾਣਿਆਂ ਅਤੇ ਸਰਮਾਏਦਰਾਨਾ ਚੌਧਰ ਨੂੰ ਲਗਾਮ ਲਗਾਏਗੀ। ਕੀ ਭਵਿੱਖ ਵਿਚ ਕੈਨੇਡਾ ਦਾ ਸਾਸ਼ਨ ਬ੍ਰਿਟਿਸ਼ ਰਾਣੀ ਜਾਂ ਰਾਜੇ ਦੇ ਨਾਂਅ ਜਾਂ ਪ੍ਰਤੀਨਿਧਾਂ ਜਾਂ ਪ੍ਰਤੀਨਿਧ ਸੰਸਥਾਵਾਂ ਰਾਹੀਂ ਚਾਲੂ ਰੱਖਣਾ ਹੈ ਜਾਂ ਸਮੁੱਚਾ ਪ੍ਰੱਭੂਤਵ ਕੈਨੇਡਾਈ ਨਾਗਰਿਕਾਂ ਨੂੰ ਸੌਂਪਣਾ ਹੈ ਤਹਿ ਕਰਨ ਦੀ ਦਿਸ਼ਾ ਪ੍ਰਦਾਨ ਕਰੇਗੀ। ਸਭ ਤੋਂ ਜ਼ਰੂਰੀ ਕੈਨੇਡਾਈ ਮੂਲ ਵਾਸੀਆਂ (1bor}{}na&s) ਨੂੰ ਸਨਮਾਨਜਨਕ ਢੰਗ ਨਾਲ ਰਾਸ਼ਟਰੀ ਮੁੱਖ ਧਾਰਾ ਵਿਚ ਸ਼ਾਮਲ ਕਰੇਗੀ।
-ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
94170-94034
-
ਦਰਬਾਰਾ ਸਿੰਘ ਕਾਹਲੋਂ, ਲੇਖਕ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.