ਕੋਈ ਵੀ ਕੌਮ ਆਪਣੀ ਵਿਰਾਸਤ ਤੋਂ ਭੱਜ ਨਹੀਂ ਸਕਦੀ ਅਤੇ ਆਪਣੇ ਇਤਿਹਾਸ ਨੂੰ ਨਕਾਰ ਨਹੀਂ ਸਕਦੀ। ਆਪਣੀ ਵਿਰਾਸਤ ਜਾਂ ਇਸ ਦੇ ਮੌਜੂਦਾ ਅੰਸ਼ਾਂ ਨੂੰ ਕੋਸ਼ਿਸ਼ ਕਰ ਕੇ ਵੀ ਬਦਲਿਆ ਨਹੀਂ ਜਾ ਸਕਦਾ। ਅਸੀਂ ਆਪਣੇ ਅੱਜ ਨੂੰ ਤਾਂ ਆਪਣੀ ਮਰਜ਼ੀ ਮੁਤਾਬਕ ਢਾਲ ਸਕਦੇ ਹਾਂ ਅਤੇ ਆਪਣੇ ਆਉਣ ਵਾਲੇ ਕੱਲ ਨੂੰ ਵੀ ਆਪਣੀ ਸਮਝ ਮੁਤਾਬਕ ਵਿਉਂਤ ਸਕਦੇ ਹਾਂ ਪਰ ਆਪਣੇ ਬੀਤੇ ਹੋਏ ਕੱਲ ਤੋਂ ਮੁਨਕਰ ਨਹੀਂ ਹੋ ਸਕਦੇ। ਮਿਸਾਲ ਵਜੋਂ ਸਾਡਾ ਇਤਿਹਾਸ ਕਹਿੰਦਾ ਹੈ ਕਿ ਭਾਰਤ ਦੇ ਉੱਤਰ-ਪੱਛਮ ਵੱਲੋਂ ਜਰਵਾਣੇ ਚੜ੍ਹ ਕੇ ਆਉਂਦੇ ਰਹੇ ਅਤੇ ਇਸ ਧਰਤੀ ਨੂੰ ਲੁੱਟ-ਪੁੱਟ ਕੇ ਵਾਪਸ ਮੁੜਦੇ ਰਹੇ। ਸਾਡੇ ਦੇਸ਼ ਦੀਆਂ ਨੂੰਹਾਂ-ਧੀਆਂ ਉਹਨਾਂ ਜਰਵਾਣਿਆਂ ਹੱਥ ਆ ਕੇ, ਗਜ਼ਨੀ ਦੇ ਬਾਜ਼ਾਰਾਂ ਵਿੱਚ ਟਕੇ-ਟਕੇ ਨੂੰ ਵਿਕਦੀਆਂ ਰਹੀਆਂ। ਇਹ ਸਚਾਈਆਂ ਸਾਨੂੰ ਪਰੇਸ਼ਾਨ ਤਾਂ ਕਰ ਸਕਦੀਆਂ ਹਨ ਪਰ ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ। ਸਾਨੂੰ ਆਪਣੇ ਅਤੀਤ ਦੀਆਂ ਠੋਕਰਾਂ ਅਤੇ ਜ਼ਖਮਾਂ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਉਹਨਾਂ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣਾ ਬੰਦ ਕਰਕੇ ਉਹਨਾਂ ਤੋਂ ਨਵੀਂ ਤਰਾਂ ਦੀ ਤਾਕਤ ਪ੍ਰਾਪਤ ਕਰੀਏ। ਆਪਣੀ ਵਿਰਾਸਤ ਤੋਂ ਇਨਕਾਰੀ ਹੋ ਕੇ ਕੋਈ ਕੌਮ ਅੱਗੇ ਨਹੀਂ ਵਧ ਸਕਦੀ।
ਭਾਰਤ ਉੱਤੇ ਉੱਤੇ ਤਕਰੀਬਨ ਪੰਜ ਸਦੀਆਂ ਤੁਰਕਾਂ ਅਤੇ ਮੁਗਲਾਂ ਨੇ ਅਤੇ ਫਿਰ ਦੋ ਸਦੀਆਂ ਅੰਗਰੇਜ਼ਾਂ ਨੇ ਰਾਜ ਕੀਤਾ। ਤਾਜ ਮਹਿਲ ਅਤੇ ਲਾਲ ਕਿਲੇ ਵਰਗੀਆਂ ਇਮਾਰਤਾਂ ਮੁਗਲ ਹਾਕਮਾਂ ਨੇ ਅਤੇ ਸੰਸਦ ਭਵਨ ਅਤੇ ਰਾਸ਼ਟਰਪਤੀ ਭਵਨ ਅੰਗਰੇਜ਼ਾਂ ਨੇ ਬਣਵਾਏ। ਪਰ ਕੀ ਅੱਜ ਅਸੀਂ ਇਸ ਸਚਾਈ ਨੂੰ ਬਦਲ ਸਕਦੇ ਹਾਂ ? ਕੀ ਅੱਜ ਇਹ ਇਮਾਰਤਾਂ ਸਾਡੇ ਲਈ ਗ਼ੁਲਾਮੀ ਦੀ ਨਿਸ਼ਾਨੀ ਹੋ ਗਈਆਂ ? ਨਾਲੇ ਤਾਜ ਮਹਿਲ ਅਤੇ ਲਾਲ ਕਿਲਾ ਬਣਵਾਏ ਤਾਂ ਭਾਵੇਂ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਹੀ ਸਨ ਪਰ ਅਸਲ ਵਿੱਚ ਇਹ ਇਮਾਰਤਾਂ ਸਾਡੇ ਦੇਸ਼ ਦੇ ਮਜ਼ਦੂਰਾਂ ਅਤੇ ਕਿਸਾਨਾਂ ਦੇ ਖੂਨ-ਪਸੀਨੇ ਨਾਲ ਤਿਆਰ ਹੋਈਆਂ ਹੋਣਗੀਆਂ। ਦੇਸ਼ ਦੇ ਕਿਸਾਨਾਂ ਤੋਂ ਵਸੂਲਿਆ ਜਾਂਦਾ ਜ਼ਮੀਨੀ ਮਾਲੀਆ ਹੀ ਇਹਨਾਂ ਇਮਾਰਤਾਂ ਲਈ ਆਰਥਿਕ ਆਧਾਰ ਬਣਿਆ ਹੋਏਗਾ। ਤਾਜ ਮਹਿਲ ਨੂੰ ਬਣਾਉਣ ਵਾਲੇ ਵੀਹ ਹਜ਼ਾਰ ਮਜ਼ਦੂਰਾਂ ਵਿੱਚ ਹਿੰਦੂ ਵੀ ਹੋਣਗੇ ਅਤੇ ਮੁਸਲਮਾਨ ਵੀ ਹੋਣਗੇ ਪਰ ਕੁਝ ਵੀ ਹੋਣ ਤੋਂ ਪਹਿਲਾਂ ਉਹ ਸਾਡੇ ਵੱਡ-ਵਡੇਰੇ ਹੋਣਗੇ। ਉਹਨਾਂ ਵਿੱਚੋਂ ਕੁਝ ਲੋਕਾਂ ਨੂੰ ਤਾਂ ਆਪਣੀ ਕਲਾ ਦਾ ਜ਼ੌਹਰ ਵਿਖਾਉਣ ਦਾ ਮੌਕਾ ਮਿਲਿਆ ਹੋਏਗਾ ਪਰ ਕੁਝ ਲੋਕ ਮਜ਼ਬੂਰੀਆਂ ਦੇ ਬੰਨ੍ਹੇ ਹੋਏ ਇੱਟਾਂ ਅਤੇ ਪੱਥਰ ਚਿਣਦੇ ਰਹੇ ਹੋਣਗੇ। ਉਹਨਾਂ ਦੀ ਸਖਤ ਮਿਹਨਤ ਅਤੇ ਕਲਾਕਾਰੀ ਦਾ ਹੀ ਕਮਾਲ ਹੈ ਕਿ ਅੱਜ ਦੇਸ਼-ਵਿਦੇਸ਼ ਤੋਂ ਕੋਈ 70-80 ਲੱਖ ਸੈਲਾਨੀ ਹਰ ਸਾਲ ਇਸ ਨੂੰ ਵੇਖਣ ਪਹੁੰਚਦੇ ਹਨ।
ਤਾਜ ਮਹਿਲ ਬਣਨ ਤੋਂ ਪਹਿਲਾਂ ਉਸ ਥਾਂ ਵਾਲੀ ਜ਼ਮੀਨ ਜੈਪੁਰ ਦੇ ਹਿੰਦੂ ਮਹਾਰਾਜੇ ਜੈ ਸਿੰਘ ਦੀ ਮਲਕੀਅਤ ਸੀ ਜਿਸ ਤੋਂ ਸ਼ਾਹਜਹਾਨ ਨੇ ਇਹ ਮੰਗ ਕੇ ਲਈ ਸੀ। ਸ਼ਾਹਜਹਾਨ ਨੇ ‘ਬਾਦਸ਼ਾਹਨਾਮਾ’ ਵਿੱਚ ਇਸਦਾ ਜ਼ਿਕਰ ਵੀ ਕੀਤਾ ਹੈ। ਜੇਕਰ ਇਸ ਥਾਂ ਉੱਤੇ ਕੋਈ ਹਿੰਦੂ ਮੰਦਿਰ ਹੁੰਦਾ ਤਾਂ ਇੱਕ ਹਿੰਦੂ ਰਾਜਾ ਕਦੇ ਵੀ ਇੱਕ ਮੁਸਲਿਮ ਔਰਤ ਨੂੰ ਦਫਨਾਉਣ ਵਾਸਤੇ ਉਹ ਥਾਂ ਨਾ ਵੇਚਦਾ ਕਿਉਂਕਿ ਉਸ ਨੂੰ ਪਤਾ ਸੀ ਕਿ ਉੱਥੇ ਮੁਮਤਾਜ ਦਾ ਮਕਬਰਾ ਬਣਾਇਆ ਜਾਣਾ ਸੀ। ਉਸ ਜ਼ਮਾਨੇ ਵਿੱਚ ਇਸ ਦੇ ਆਲੇ-ਦੁਆਲੇ ਜਗਾਹ ਦੀ ਕੋਈ ਕਮੀ ਨਹੀਂ ਹੋਏਗੀ ਅਤੇ ਤਾਜ ਮਹਿਲ ਥੋੜਾ ਹਟ ਕੇ ਵੀ ਬਣਾਇਆ ਜਾ ਸਕਦਾ ਸੀ। ਇਸ ਲਈ ਇਹ ਕਹਿਣਾ ਤਰਕਸੰਗਤ ਨਹੀਂ ਲੱਗਦਾ ਕਿ ਤਾਜ ਮਹਿਲ ਬਣਾਉਣ ਵਾਸਤੇ ਕਿਸੇ ਮੰਦਿਰ ਨੂੰ ਢਾਹਿਆ ਗਿਆ ਹੋਏਗਾ। ਇਤਿਹਾਸ ਨੂੰ ਬੇਵਜਾਹ ਹੀ ਬਦਲਣ ਦੀ ਕੋਈ ਵੀ ਕੋਸ਼ਿਸ਼ ਸਾਨੂੰ ਵਿਸ਼ਵ ਭਾਈਚਾਰੇ ਦੇ ਸਾਹਮਣੇ ਮਜ਼ਾਕ ਦੇ ਪਾਤਰ ਹੀ ਬਣਾਏਗੀ।
ਪਾਕਿਸਤਾਨ ਵਿੱਚ ਵੀ ਕੁਝ ਕੱਟੜ ਲੋਕ ਆਪਣੇ ਇਤਿਹਾਸ ਨੂੰ ਆਮ ਕਰਕੇ ਮਹਿਮੂਦ ਗਜ਼ਨਵੀ ਤੋਂ ਹੀ ਸ਼ੁਰੂ ਕਰ ਕੇ ਪੜ੍ਹਾਉਣਾ ਚਾਹੁੰਦੇ ਹਨ। ਪਰ ਉਥੋਂ ਦੀ ਨਵੀਂ ਪੀੜ੍ਹੀ ਨੂੰ ਸੋਚਣਾ ਤਾਂ ਪਏਗਾ ਕਿ ਗਜ਼ਨਵੀ ਦੇ ਆਉਣ ਤੋਂ ਪਹਿਲਾਂ ਉੱਥੇ ਕੌਣ ਲੋਕ ਰਹਿੰਦੇ ਸਨ। ਉਹ ਕਿਵੇਂ ਮੁਨਕਰ ਹੋ ਸਕਣਗੇ ਕਿ ਗਜ਼ਨਵੀ, ਗੌਰੀ, ਖਿਲਜੀ, ਮੰਗੋਲ, ਤੁਰਕ, ਪਠਾਣ ਅਤੇ ਮੁਗਲ ਆਦਿ ਸਾਰੇ ਬਾਹਰਲੀਆਂ ਧਰਤੀਆਂ ਉੱਤੋਂ ਆ ਕੇ ਹੀ ਇੱਥੇ ਵਸੇ ਸਨ। ਉਹਨਾਂ ਤੋਂ ਪਹਿਲਾਂ ਇੱਥੇ ਰਾਜਪੂਤ, ਵਰਧਨ, ਗੁਪਤ ਅਤੇ ਮੌਰੀਆ ਅਤੇ ਵੱਖ-ਵੱਖ ਕਬੀਲਿਆਂ ਦਾ ਹੀ ਵਾਸਾ ਰਿਹਾ ਹੈ। ਸਿਕੰਦਰ ਨਾਲ ਟੱਕਰ ਲੈਣ ਵਾਲੇ ਮਹਾਨ ਪੋਰਸ ਦੀ ਬਹਾਦਰੀ ਅਤੇ ਜ਼ਿੰਦਾਦਿਲੀ ਤੋਂ ਮੁਨਕਰ ਹੋ ਕੇ ਸਾਡੇ ਕੋਲ ਬਚਦਾ ਹੀ ਕੀ ਹੈ ? ਹੜੱਪਾ ਸੱਭਿਅਤਾ ਦੇ 5000 ਸਾਲ ਪੁਰਾਣੇ ਬਹੁਤੇ ਸਥਾਨ ਤਾਂ ਮਿਲੇ ਹੀ ਪਾਕਿਸਤਾਨ ਵਿੱਚੋਂ ਹਨ। ਉਸ ਇਲਾਕੇ ਵਿੱਚ ਹਲ ਵਾਹੁੰਦੇ ਕਿਸਾਨਾਂ ਦੇ ਪੈਰਾਂ ਨਾਲ, ਜਦੋਂ ਸਿੰਧੂ ਘਾਟੀ ਦੇ ਜ਼ਮਾਨੇ ਦੀਆਂ ਕੋਈ ਨਿਸ਼ਾਨੀਆਂ ਟਕਰਾ ਜਾਂਦੀਆਂ ਹੋਣਗੀਆਂ ਤਾਂ ਫਿਰ ਉਹ ਪਾਕਿਸਤਾਨੀ ਕਿਸਾਨ ਉਹਨਾਂ ਤੋਂ ਕਿਵੇਂ ਇਨਕਾਰੀ ਹੋ ਸਕਦੇ ਹੋਣਗੇ ? ਅਫਗਾਨਿਸਤਾਨ ਦੀ ਕਿਸੇ ਪਹਾੜੀ ਉੱਤੇ ਅਜੋਕੇ ਤਾਲਿਬਾਨਾਂ ਦਾ ਟਾਕਰਾ ਜਦੋਂ ਮਹਾਤਮਾ ਬੁੱਧ ਦੀ ਕਿਸੇ ਟੁੱਟੀ ਹੋਈ ਮੂਰਤੀ ਨਾਲ ਹੁੰਦਾ ਹੋਏਗਾ ਤਾਂ ਉਹ ਆਪਣੀ ਧਰਤੀ ਦੇ ਬੀਤ ਚੁੱਕੇ ਕੱਲ ਤੋਂ ਕਿਵੇਂ ਮੁਨਕਰ ਹੁੰਦੇ ਹੋਣਗੇ ? ਭਾਵੇਂ ਕਿ ਅੱਜ ਮੁਸਲਿਮ ਧਰਮ ਵਾਲਿਆਂ ਦੇ ਵਿਚਾਰ ਹੜੱਪਾ ਸੱਭਿਅਤਾ ਜਾਂ ਆਰੀਅਨ ਸੱਭਿਅਤਾ ਵਾਲਿਆਂ ਨਾਲ ਨਹੀਂ ਵੀ ਮਿਲਦੇ, ਪਰ ਉਹ ਆਪਣੀ ਜਨਮ ਭੂਮੀ ਦੀ ਵਿਰਾਸਤ ਤੋਂ ਇਨਕਾਰੀ ਕਿਵੇਂ ਹੋ ਸਕਦੇ ਹਨ ?
ਇਹ ਸਮਝ ਲੈਣ ਦੀ ਲੋੜ ਹੈ ਕਿ ਵਿਚਾਰਾਂ ਦੇ ਫਰਕ ਕਾਰਨ ਕੋਈ ਦੁਸ਼ਮਣ ਨਹੀਂ ਬਣ ਜਾਂਦਾ। ਮਿਸਾਲ ਵਜੋਂ ਸਾਡੇ ਵੱਡ-ਵਡੇਰਿਆਂ ਨਾਲ ਆਮ ਕਰਕੇ ਸਾਡੀਆਂ ਆਦਤਾਂ ਅਤੇ ਵਿਚਾਰ ਨਹੀਂ ਮਿਲਦੇ ਹੁੰਦੇ। ਕੀ ਏਨੀ ਗੱਲ ਕਾਰਨ ਹੀ ਅਸੀਂ ਉਹਨਾਂ ਨੂੰ ਆਪਣੇ ਪੁਰਖੇ ਮੰਨਣ ਤੋਂ ਇਨਕਾਰੀ ਹੋ ਜਾਈਏ ? ਪਰ ਸਾਡੀ ਮਨੁੱਖੀ ਪ੍ਰ੍ਜਾਤੀ ਦੇ ਸਭ ਤੋਂ ਪਹਿਲੇ ਵਡੇਰੇ ਤਾਂ ਉਹ ਆਦਿ-ਮਾਨਵ (ਹੋਮੋਸੇਪੀਅਨਜ਼) ਹੀ ਸਨ ਜਿਹੜੇ ਜੰਗਲਾਂ ਵਿਚ ਰਹਿੰਦੇ ਸਨ ਅਤੇ ਕੱਚਾ ਮਾਸ ਖਾਂਦੇ ਸਨ। ਅੱਜ ਦੇ ਜ਼ਮਾਨੇ ਵਿੱਚ ਤਾਂ ਅਸੀਂ ਕੱਚਾ ਮਾਸ ਨਹੀਂ ਖਾਂਦੇ। ਫਿਰ ਕੀ ਅਸੀਂ ਉਹਨਾਂ ਦੀ ਔਲਾਦ ਹੋਣ ਤੋਂ ਇਨਕਾਰੀ ਹੋ ਸਕਦੇ ਹਾਂ ? ਸਾਡੇ ਪੰਜਾਬੀਆਂ ਦੇ ਵੱਡ-ਵਡੇਰੇ ਵੀ ਜਾਂ ਤਾਂ ਹੜੱਪਾ ਸੱਭਿਅਤਾ ਨਾਲ ਸੰਬੰਧ ਰੱਖਦੇ ਹੋਣਗੇ ਤੇ ਜਾਂ ਆਰੀਅਨ ਸੱਭਿਅਤਾ ਨਾਲ। ਹੜੱਪਾ ਵਾਲੇ ਲੋਕ ਬਲਦ (ਪਸ਼ੂਪਤੀ) ਦੀ ਪੂਜਾ ਕਰਦੇ ਸਨ ਅਤੇ ਆਰੀਅਨ ਤਾਂ ਪੂਰੀ ਕੁਦਰਤ ਨੂੰ ਹੀ ਪੂਜਦੇ ਸਨ। ਜੇਕਰ ਅੱਜ ਦੇ ਸਮੇਂ ਸਾਨੂੰ ਉਹ ਸਭ ਕੁਝ ਅੰਧਵਿਸ਼ਵਾਸ ਵੀ ਲੱਗਦਾ ਹੈ ਤਾਂ ਫਿਰ ਵੀ, ਕੀ ਅਸੀਂ ਉਸ ਵਿਰਾਸਤ ਅਤੇ ਇਤਿਹਾਸ ਨੂੰ ਬਦਲ ਸਕਦੇ ਹਾਂ ? ਕੌਮਾਂ ਦੇ ਸੁਭਾਅ ਬਣਨ ਵਿੱਚ ਕਈ ਸਦੀਆਂ ਲੱਗ ਜਾਂਦੀਆਂ ਹਨ ਅਤੇ ਉਹ ਭਾਵਨਾ ਅੱਗੇ ਸਦੀਆਂ ਤੱਕ ਹੀ ਕਾਇਮ ਰਹਿੰਦੀ ਹੈ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਇਤਿਹਾਸਕ ਯਾਦਗਾਰਾਂ ਅਤੇ ਵਿਰਾਸਤੀ ਨਿਸ਼ਾਨੀਆਂ ਸਾਨੂੰ ਸਾਡੇ ਬੀਤੇ ਦੀ ਯਾਦ ਦਿਵਾਉਣ ਵਾਸਤੇ ਹੁੰਦੀਆਂ ਹਨ ਤਾਂ ਕਿ ਅਸੀਂ ਆਪਣੇ ਅਤੀਤ ਤੋਂ ਸੇਧ ਲੈ ਕੇ ਆਪਣਾ ਭਵਿੱਖ ਉਸਾਰ ਸਕੀਏ। ਭਾਵੇਂ ਅਸੀਂ ਕੋਈ ਜੰਗ ਜਿੱਤੇ ਹੋਈਏ ਜਾਂ ਹਾਰੇ ਹੋਈਏ, ਉਸ ਜੰਗ ਦੀ ਯਾਦਗਾਰ ਸਾਨੂੰ ਮੁਸੀਬਤਾਂ ਨਾਲ ਮੱਥਾ ਡਾਹੁਣ ਦੀ ਸਿੱਖਿਆ ਦਿੰਦੀ ਹੈ। ਜਿਵੇਂ ਕਿ ਚਮਕੌਰ ਦੀ ਗੜ੍ਹੀ ਅਤੇ ਸਰਹਿੰਦ ਦੀ ਕੰਧ ਵਰਗੀਆਂ ਯਾਦਗਾਰਾਂ ਸਾਨੂੰ ਜ਼ੁਲਮ ਅੱਗੇ ਦਲੇਰੀ ਨਾਲ ਖੜ੍ਹ ਕੇ ਟਾਕਰਾ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਆਪਣੇ ਅਤੀਤ ਦਾ ਚੰਗਾ ਜਾਂ ਮਾੜਾ ਇਤਿਹਾਸ ਸਾਡੇ ਸਬਕ ਲੈਣ ਲਈ ਹੁੰਦਾ ਹੈ ਨਾ ਕਿ ਕਿਸੇ ਮਾਨਸਿਕ ਗਿਲਾਨੀ ਨੂੰ ਪਾਲਣ ਵਾਸਤੇ ਹੁੰਦਾ ਹੈ। ਤਾਜ ਮਹਿਲ ਪੂਰੀ ਦੁਨੀਆ ਵਿੱਚ ਇੱਕ ਪ੍ਰੇਮ ਕਹਾਣੀ ਦੀ ਯਾਦਗਾਰ ਵਜੋਂ ਪ੍ਰਵਾਨਤ ਹੈ। ਵੇਖਿਉ ਕਿਤੇ ਅਸੀਂ ਆਪਣੇ ਹੱਠ ਅਤੇ ਕੱਟੜਪੁਣੇ ਕਾਰਨ ਇਸ ਪ੍ਰੇਮ ਕਹਾਣੀ ਨੂੰ ਨਫ਼ਰਤ ਦੀ ਕਹਾਣੀ ਨਾ ਬਣਾ ਕੇ ਰੱਖ ਦੇਈਏ। ਤਾਜ ਕਿਸੇ ਖਾਸ ਵਰਗ ਦੇ ਬਾਦਸ਼ਾਹ ਦਾ ਨਾ ਹੋ ਕੇ, ਸਾਡਾ ਸੀ, ਸਾਡਾ ਹੈ ਅਤੇ ਸਾਡਾ ਹੀ ਰਹੇਗਾ।
ਸਕੱਤਰ
ਪੰਜਾਬੀ ਕਾਲਮਨਵੀਸ ਮੰਚ (ਰਜਿ.)
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
94171 93193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.