ਖ਼ਬਰ ਹੈ ਕਿ ਗੁਜਰਾਤ ਵਿਧਾਨ ਸਭਾ ਵਿੱਚ ਹਾਕਮ ਪਾਰਟੀ ਭਾਜਪਾ ਨੂੰ ਟੱਕਰ ਦੇਣ ਦੇ ਲਈ ਕਾਂਗਰਸ ਪਾਟੀਦਾਰ ਸੁਮਦਾਏ ਦੇ ਨੇਤਾ ਹਾਰਦਿਕ ਪਟੇਲ, ਠਾਕੌਰ ਸੁਮਦਾਏ ਦੇ ਨੇਤਾ ਅਖਲੇਸ਼ ਠਾਕੌਰ, ਅਤੇ ਦਲਿਤ ਨੇਤਾ ਜਿਨੇਸ਼ ਮੇਵਾਨੀ ਨੂੰ ਰਲਕੇ ਚੋਣ ਲੜਨ ਦਾ ਸੱਦਾ ਦਿੱਤਾ ਹੈ। ਅਖਲੇਸ਼ ਠਾਕੌਰ ਨੇ ਤਾਂ ਕਾਂਗਰਸ ਦੀ ਗੱਲ ਮੰਨ ਲਈ ਹੈ, ਪਰ ਹਾਰਦਿਕ ਪਟੇਲ ਅਤੇ ਜਿਨੇਸ਼ ਮੇਵਾਨੀ ਨੇ ਭਾਜਪਾ ਨੂੰ ਹਰਾਉਣ ਲਈ ਕੁਝ ਸ਼ਰਤਾਂ ਤਹਿ ਕੀਤੀਆਂ ਹਨ। ਉਹਨਾ ਕਿਹਾ ਕਿ ਭਾਜਪਾ ਨੂੰ ਹਰਾਉਣਾ ਉਹਨਾ ਦੀ ਪਹਿਲ ਹੈ ਕਿਉਂਕਿ ਭਾਜਪਾ ਕਿਸਾਨ,ਗਰੀਬ ਅਤੇ ਸੰਵਿਧਾਨ ਵਿਰੋਧੀ ਹੈ।ਫਿਰ ਵੀ ਪਟੇਲ ਨੇ ਕਾਂਗਰਸ਼ 'ਚ ਸ਼ਾਮਲ ਹੋਣਾ ਠੁਕਰਾ ਦਿਤਾ ਹੈ। ਉਹਨਾ ਕਿਹਾ ਕਿ ਮੈਂ ਚੋਣ ਨਹੀਂ ਲੜਨੀ। ਚੋਣ ਲੜਨੀ ਸਾਡਾ ਸੁਆਰਥ ਨਹੀਂ ਹੈ। ਅਸੀਂ ਹੰਕਾਰ ਸਾਹਮਣੇ ਲੜ ਰਹੇ ਹਾਂ ਅਤੇ ਜਿੱਤ ਸਾਡੀ ਹੀ ਹੋਏਗੀ।
ਹਾਰਦਿਕ ਪਟੇਲ ਨੂੰ ਮੋਦੀ ਨੇ ਭਾਈ ਪੂਰੀ ਤਰ੍ਹਾਂ ਝੰਬਿਆ। ਕੈਦੀਂ ਡੱਕਿਆ। ਭਲਾ ਕਾਹਤੋਂ? ਪਟੇਲ ਸੱਚ ਬੋਲਦਾ ਸੀ। ਪਟੇਲ ਨੂੰ ਦੇਸ਼ ਵਿਰੋਧੀ ਗਰਦਾਨਿਆ। ਭਲਾ ਕਾਹਤੋਂ? ਪਟੇਲ ਮੋਦੀ ਦੇ ਨਿੱਤ ਦੇ ਚਮਤਕਾਰਾਂ ਦੇ ਵਖੀਏ ਉਧੇਰਦਾ ਸੀ। ਅਲੂਏ, ਨਰਮ ਜਿਹੇ, ਪਰ ਲੋਕਾਂ ਦੇ ਦਰਦ ਨਾਲ ਭਰੇ ਪਟੇਲ ਨੂੰ ਮੋਦੀ ਦੀਆਂ ਫੌਜਾਂ ਨੇ ਬਦਨਾਮ ਕੀਤਾ, ਤ੍ਰਿਸਕਾਰਿਆ। ਭਲਾ ਕਾਹਤੋਂ! ਪਟੇਲ ਆਪਣੇ ਲੋਕਾਂ ਦੇ ਦਰਦ ਨੂੰ ਸਮਝਦਾ ਸੀ, ਉਹਨਾ 'ਚ ਹਰਮਨ ਪਿਆਰਾ ਸੀ, ਉਹਨਾ ਦੀ ਗੱਲ ਕਰਦਾ ਸੀ! ਤੁਸੀਂ ਦੱਸੋ ਭਲਾ ਮੋਦੀ ਨੂੰ ਇਹ ਗੱਲ ਕਿਵੇਂ ਸੁਖਾਵੀਂ ਲੱਗੇ ਕਿ ਉਹਦੇ ਨਾਲੋਂ ਵੱਧ ਗੁਜਰਾਤ 'ਚ ਕੋਈ ਹੋਰ ਹਰਮਨ ਪਿਆਰਾ ਹੋਵੇ ਪਰ ਪਟੇਲ ਹਰਮਨ ਪਿਆਰਾ ਹੋਇਆ। ਪਟੇਲ ਲੋਕਾਂ ਸੰਗ ਖੜਿਆ। ਪਟੇਲ ਲੋਕਾਂ ਦੀਆਂ ਮੰਗਾਂ ਲਈ ਅੜਿਆ।
ਅਤੇ ਹੁਣ ਜਦੋਂ "ਨੱਕ ਦੀ ਸੀਂਢ ਮੂੰਹ 'ਚ ਪੈਂਦੀ ਦਿਸੀ" ਮੋਦੀ ਨੇ ਭਾਈ ਪਟੇਲ ਅਜ਼ਾਦ ਕਰ ਤਾ ਤੇ ਕਾਂਗਰਸੀਆਂ ਦੁਸ਼ਮਣ ਦਾ ਦੁਸ਼ਮਣ ਆਪਣਾ ਮਿੱਤਰ ਆਖ ਉਹਦੇ ਨਾਲ ਭਾਈ ਵਾਲੀ ਪਾਉਣ ਦੀ ਸੋਚੀ ਆ ਪਰ ਭਾਈ ਲੋਕਾਂ ਸੰਗ ਤੁਰਨ ਵਾਲੇ "ਲਾਲਚੀ ਸ਼ਹਿਰਾਂ" ਦੇ ਵਾਸੀ ਨਹੀਂ ਹੁੰਦੇ! ਉਹਨਾ ਲਈ ਤਾਂ ਨਾ ਮੋਦੀ ਚੰਗਾ, ਨਾ ਕਾਕਾ ਰਾਹੁਲ! ਉਹਨਾ ਲਈ ਤਾਂ ਲੋਕ ਚੰਗੇ ਆ, ਜਿਹਨਾ ਖਾਤਰ ਉਹ ਹਾਸ਼ਮ ਨੂੰ ਯਾਦ ਕਰਦਿਆਂ ਬੱਸ ਤੁਰੇ ਜਾਂਦੇ ਆ, "ਤੁਰਸਾਂ ਮੂਲ ਨਾ ਮੁੜਸਾਂ ਰਾਹੋਂ, ਜਾਨ ਤਲੀ ਪਰ ਧਰਸਾਂ"।
ਇਥੇ ਕਾਣਾ ਹੈ ਕਨੂੰਨ ਸੰਵਿਧਾਨ ਲੰਙਾ ਹੈ ਵੈਸੇ ਬਾਬਾ ਦੇਸ਼ ਤੇਰਾ ਬੜਾ ਚੰਗਾ ਹੈ।
ਖ਼ਬਰ ਹੈ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਕਾਲੀ ਸਾਸ਼ਨ ਦੌਰਾਨ ਦਰਜ਼ ਕੀਤੇ ਗਏ ਕੇਸ 'ਚ ਜਸਟਿਸ ਮਹਿਤਾਬ ਸਿੰਘ ਗਿੱਲ ਕਮਿਸ਼ਨ ਤੋਂ ਵੱਡੀ ਰਾਹਤ ਮਿਲੀ ਹੈ। ਕਮਿਸ਼ਨ ਨੇ ਸਿਆਸੀ ਬਦਲਾਖੋਰੀ ਦਾ ਮਾਮਲਾ ਕਰਾਰ ਦਿੰਦਿਆ ਸ਼੍ਰੀ ਬੈਂਸ ਖਿਲਾਫ ਦਰਜ਼ ਐਫ ਆਈ ਆਰ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਇੰਜ ਜਾਪਦਾ ਹੈ ਕਿ ਸਾਬਕਾ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ਹਿ ਤੇ ਸ਼੍ਰੀ ਬੈਂਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਤਸੀਹੇ ਦਿਤੇ ਗਏ। ਸ਼੍ਰੀ ਬੈਂਸ ਅਤੇ ਉਹਨਾ ਵਲੋਂ ਪੇਸ਼ ਕੀਤੇ ਗਏ ਦੋ ਗਵਾਹਾਂ ਦੇ ਬਿਆਨਾਂ ਮਗਰੋਂ ਕਮਿਸ਼ਨ ਨੇ ਇਹ ਵਿਚਾਰ ਪ੍ਰਗਟਾਏ।
ਵੇਖੋ ਨਾ ਸਾਡੇ ਕਾਨੂੰਨ ਦੀਆਂ ਕਾਢਾਂ! ਉਪਰਲੀ, ਸਿਖਰਲੀ ਅਦਾਲਤ ਦੁਹਾਈ ਦਿੰਦੀ ਰਹੀ ਬਈ "ਮਹੈਣਾ ਪਟਾਖ਼ੇ ਨਾ ਵਜਾਉ, ਮਰ ਜਾਉਗੇ ਪ੍ਰਦੂਸ਼ਣ ਨਾਲ"! ਕਿਸੇ ਉਹਨਾ ਦੀ ਗੱਲ ਸੁਣੀ! ਅਦਾਲਤ ਬੋਲਦੀ ਰਹੀ, ਲੋਕ ਤਮਾਸ਼ਾ ਕਰਦੇ ਰਹੇ, ਕਾਨੂੰਨ ਲਾਗੂ ਕਰਨ ਵਾਲਾ ਲੰਮੀਆਂ ਤਾਣ ਸੁੱਤਾ ਰਿਹਾ ਕੁੰਭਕਰਨੀ ਨੀਂਦ! 1984 'ਚ ਲੋਕ ਹਥਿਆਰ ਲੈ ਘੁੰਮਦੇ, ਇਕੋ ਫਿਰਕੇ ਦੇ ਲੋਕਾਂ ਦਾ ਕਤਲੇਆਮ ਕਰਦੇ ਰਹੇ, ਕਿਧਰੇ ਗੱਲਾਂ 'ਚ ਟਾਇਰ ਪਾ ਘਸੀਟਦੇ ਰਹੇ, ਅੱਗਾਂ ਲਾਉਂਦੇ ਰਹੇ, ਲੋਕ ਚੀਖਦੇ ਰਹੇ। ਨਾ ਕਨੂੰਨ ਬੋਲਿਆ, ਨਾ ਕਾਨੂੰਨ ਲਾਗੂ ਕਰਨ ਵਾਲਾ ਬੋਲਿਆ, ਨਾ ਬੋਲਿਆ ਹਾਕਮ! ਤੇਤੀ ਵਰ੍ਹਿਆਂ ਬਾਅਦ ਵੀ ਲੋਕ ਇਨਸਾਫ ਲਈ ਝਾਕਦੇ ਆ, ਤਿਲ ਤਿਲ ਮਰਦੇ ਆ, ਅਤੇ ਆਹ ਤਾਂ ਭਾਈ ਬੈਂਸਾਂ ਵਾਲੀਆਂ ਤਾਂ ਬਰੋ-ਬੋਰਬਰ ਦੀਆਂ ਟਕਰਾਂ ਨੇ। ਇਨਸਾਫ ਲੈਣ ਲਈ ਬੰਦੇ ਨੂੰ ਇਨਸਾਫ ਜਿੱਡੇ ਹੋਣਾ ਪੈਂਦਾ ਆ। ਨਹੀਂ ਤਾਂ ਨਿੱਤ ਮਰਨਾ ਪੈਂਦਾ ਆ। ਉਂਜ ਵੀ ਬੋਝੇ 'ਚ ਧੇਲਾ ਨਾ ਹਊ ਤਾਂ ਇਨਸਾਫ ਕਾਹਦਾ?
ਚਾਰਾ ਘੁਟਾਲਾ ਕਰੋ, ਰੇਤਾ ਬਜਰੀ ਘੁਟਾਲਾ ਕਰੋ, ਹੇਰਾ ਫੇਰੀ ਕਰੋ, ਕਾਨੂੰਨ ਦਾ ਆਸਰਾ ਲਊ! ਹਾਕਮ ਬਣੋ, ਧੱਕਾ ਕਰੋ, ਕਾਨੂੰਨ ਦਾ ਆਸਰਾ ਲਉ। ਵੱਡੇ ਵੱਡੇ ਕਾਨੂੰਨ ਨੇ, ਕਿਧਰੋਂ ਤਾਂ ਚੋਰ ਮੋਰੀ ਮਿਲ ਹੀ ਜਾਊ। ਕਾਨੂੰਨ ਦੇ ਅੱਖਾਂ 'ਚ ਘੱਟਾ ਪਾਉਣ ਵਾਲੀ। ਤਦੇ ਤਾਂ ਭਾਈ ਕਹਿੰਦੇ ਆ, "ਇਥੇ ਕਾਣਾ ਹੈ ਕਨੂੰਨ ਸੰਵਿਧਾਨ ਲੰਙਾ ਹੈ, ਵੈਸੇ ਬਾਬਾ ਦੇਸ਼ ਤੇਰਾ ਬੜਾ ਚੰਗਾ ਹੈ।
ਮਿਰੇ ਹੁਣ ਸ਼ਹਿਰ ਵਿੱਚ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ
ਖ਼ਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਦੇ-ਪੁੱਜਦੇ ਕਿਸਾਨਾਂ ਨੂੰ ਮੁਫਤ ਬਿਜਲੀ ਸਹੂਲਤ ਨਾ ਲੈਣ ਦੀ ਕੀਤੀ ਅਪੀਲ ਨੂੰ ਉਹਨਾ ਦੇ ਹੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਣਸੁਣੀ ਕਰ ਦਿੱਤਾ ਹੈ। ਸ਼੍ਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਪਿੰਡ ਦੋ ਟਿਊਬਵੈਲਾਂ ਉਤੇ ਮੁਫਤ ਬਿਜਲੀ ਲੈ ਰਹੇ ਹਨ। ਇਸ ਤੋਂ ਇਲਾਵਾ ਉਹਨਾ ਦੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੇ ਨਾਮ ਉਤੇ ਵੀ ਟਿਊਬਵੈਲਾਂ ਦੇ ਕੁਨੈਕਸ਼ਨ ਚੱਲਦੇ ਹਨ। ਪਾਵਰਕਾਮ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਬਾਦਲ ਵਿੱਚ 225 ਟਿਊਬਵੈਲ ਹਨ ਅਤੇ ਹਾਲੇ ਤੱਕ ਕਿਸੇ ਨੇ ਵੀ ਮੁਫਤ ਬਿਜਲੀ ਨਹੀਂ ਛੱਡੀ।
ਵਿੱਤ ਮੰਤਰੀ ਨੇ ਚਾਹ ਪੀਣੀ ਪਿਆਉਣੀ ਛੱਡ ਦਿੱਤੀ, ਸਰਕਾਰੀ ਕਾਰ ਵਰਤਣੀ ਤਾਂ ਉਹਦੀ ਮਜ਼ਬੂਰੀ ਆ। ਵਿੱਤ ਮੰਤਰੀ ਨੇ ਆਪਣੇ ਮੁਲਾਜ਼ਮਾਂ ਨੂੰ ਟੀ.ਏ.ਡੀ.ਏ. ਦੀ ਕਿਸ਼ਤ ਦੇਣੀ ਛੱਡ ਦਿੱਤੀ ਆ, ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣੀ ਤਾਂ ਉਹਨਾ ਦੀ ਮਜ਼ਬੂਰੀ ਆ। ਵਿੱਤ ਮੰਤਰੀ ਨੇ ਆਪਣੇ ਸੂਬੇ ਦੇ ਲੋਕਾਂ ਦੀ ਆਰਥਿਕ ਹਾਲਤ ਵੇਖਣੀ ਛੱਡ ਦਿੱਤੀ ਆ, ਭਾਸ਼ਨ ਦੇਣਾ ਤਾਂ ਭਾਈ ਉਹਦੀ ਮਜ਼ਬੂਰੀ ਆ। ਵਿੱਤ ਮੰਤਰੀ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਪੜ੍ਹਿਆ-ਲਿਖਿਆਂ ਨੂੰ ਲੈਪਟਾਪ ਦੇਣ ਦੀ ਗੱਲ ਅਗਲੀ ਵੇਰ ਤੇ ਛੱਡ ਦਿੱਤੀ ਆ, ਵੱਡੇ ਵੱਡੇ ਸਲਾਹਕਾਰਾਂ ਦੀ ਭਰਤੀ ਤੇ ਭੱਤੇ ਦੇਣਾ ਤਾਂ ਉਸਦੀ ਮਜ਼ਬੂਰੀ ਆ। ਵਿੱਤ ਮੰਤਰੀ ਨੇ ਪੰਜਾਬ ਦੇ 800 ਸਰਕਾਰੀ ਸਕੂਲਾਂ ਦੀ ਅੱਧੀ-ਛੁੱਟੀ ਸਾਰੀ ਕਰ ਦਿੱਤੀ ਹੈ, ਜਿੰਨੇ ਕੁ ਸਕੂਲ ਚਲਦੇ ਆ, ਅਤੇ ਜਿੱਦਾਂ ਵੀ ਚਲਦੇ, ਇਹ ਚਲਾਉਣਾ ਤਾਂ ਉਹਨਾ ਦੀ ਮਜ਼ਬੂਰੀ ਆ। ਬਾਕੀ ਭਾਈ ਨੇਤਾ ਸਾਰੇ ਇਕੋ ਜਿਹੇ ਆ। ਕੁਰਸੀ ਹੈ ਨਹੀਂ ਕੋਲ ਤਾਂ ਆਂਹਦੇ ਆ, "ਆਹ ਕਰਾਂਗੇ, ਉਹ ਕਰਾਂਗੇ"। ਕੁਰਸੀ ਹੱਥ ਆਈ ਨਹੀਂ ਕਿ ਨੀਤ ਵਿਗੜੀ ਨਹੀਂ। ਨੇਤਾਵਾਂ ਦਾ "ਸੈਂਚਾਂ" ਤਾਂ ਇਕੋ ਜਿਹਾ ਆ, ਜਿਹੜੇ ਸਿਰਫ ਵਾਇਦੇ ਕਰਦਾ ਹੈ, ਅਤੇ ਮੁਕਰਦਾ ਆ। ਜਿਹੜਾ ਹਿੱਕ ਥਾਪੜਕੇ ਲੋਕਾਂ ਨਾਲ ਖੜਦਾ ਆ, ਪਰ ਫਿਰ ਲੋੜ ਪੈਣ ਤੇ ਫੋਕੇ "ਪਟਾਖੇ" ਵਾਂਗਰ ਠੁਸਕ ਹੋ ਜਾਂਦਾ ਆ। ਤਦੇ ਤਾਂ ਕਵੀ ਐਸ ਤਰਸੇਮ ਆਂਹਦਾ ਆ, "ਨਾ ਰੋਸ਼ਨਦਾਨ, ਨਾ ਬੂਹਾ ਤੇ ਨਾ ਖਿੜਕੀ ਬਣਾਉਂਦਾ ਹੈ, ਮਿਰੇ ਹੁਣ ਸ਼ਹਿਰ ਦਾ ਹਰ ਮਿਸਤਰੀ ਕੁਰਸੀ ਬਣਾਉਂਦਾ ਹੈ"।
ਕੀ ਪਤਾ ਸੀ ਇਸ ਤਰ੍ਹਾਂ ਵੀ ਆਦਮੀ ਬਣ ਜਾਏਗਾ
ਖ਼ਬਰ ਹੈ ਕਿ ਤਾਜਮਹਿਲ ਨੂੰ ਲੈ ਕੇ ਰਾਸ਼ਟਰੀ ਪੱਧਰ ਉਤੇ ਛਿੜੀ ਬਹਿਸ ਖਤਮ ਨਹੀਂ ਹੋ ਰਹੀ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਤਾਜਮਹਿਲ ਇੱਕ ਖੂਬਸੂਰਤ ਕਬਰਸਤਾਨ ਹੈ। ਉਤਰਪ੍ਰਦੇਸ਼ ਦੇ ਇੱਕ ਭਾਜਪਾ ਐਮ.ਪੀ. ਵਿਨੈ ਕਟਿਆਰ ਨੇ ਤਾਜਮਹਿਲ ਨੂੰ ਸ਼ਿਵ ਮੰਦਰ ਕਿਹਾ ਹੈ। ਉਤਰਪ੍ਰਦੇਸ਼ ਦੇ ਵਿਧਾਨ ਸਭਾ ਦੇ ਭਾਜਪਾ ਮੈਂਬਰ ਸੋਮ ਨੇ ਕਿਹਾ ਕਿ ਤਾਜਮਹਿਲ ਗੁਲਾਮੀ ਦਾ ਪ੍ਰਤੀਕ ਹੈ, ਪਿਆਰ ਦਾ ਪ੍ਰਤੀਕ ਨਹੀਂ। ਕੇਂਦਰ ਸਰਕਾਰ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਤਾਮਹਲ ਇੱਕ ਮੁਸਲਮਾਨ ਮਕਬਰਾ ਹੈ, ਹਿੰਦੂ ਮੰਦਿਰ ਨਹੀਂ ਹੈ।
ਪਤਾ ਨਹੀਂ ਕਿਉਂ ਇਹ "ਬੀਬੇ" ਹਾਕਮ ਤਰਸ਼ੂਲ, ਖੰਜ਼ਰ ਹੱਥ ਫੜੀ, ਧਰਤੀ ਨੂੰ ਲਹੂ ਲੁਹਾਣ ਕਰਨ ਤੇ ਤੁਲੇ ਹੋਏ ਆ? ਪਤਾ ਨਹੀਂ ਕਿਉਂ ਇਹ ਬੀਬੇ ਹਾਕਮ ਸਮਝ ਹੀ ਨਹੀਂ ਰਹੇ ਕਿ ਬੰਦੇ 'ਚ ਖੂਨ ਤਾਂ ਲਾਲ ਹੀ ਆ, ਇਕੋ ਕਿਸਮ ਦਾ? ਪਤਾ ਨਹੀਂ ਕਿਉਂ ਮਸਜਿਦ ਮੰਦਰ, ਗਿਰਜ਼ਾ ਲੜਾਈ ਦਾ ਮੈਦਾਨ ਕਿਉਂ ਬਣਾ ਦਿੱਤਾ ਜਾਂਦਾ ਤੇ ਪਿਆਰ ਦਾ ਹੋਕਾ ਦਿੰਦਾ ਧਰਮ "ਕਿਰਚਾਂ, ਬੰਦੂਕਾਂ, ਟਕੂਏ, ਹਥੋੜਿਆਂ" ਦਾ ਹੋਕਾ ਦੇਣ ਲੱਗਦਾ!
ਉਹ ਭਾਈ ਜੇਕਰ ਤਾਜਮਹਿਲ ਮਕਬਰਾ ਆ ਤਾਂ ਲਾਲ ਕਿਲਾ ਕੀ ਆ? ਉਥੇ ਦੇਸ਼ ਦਾ ਹਾਕਮ ਝੰਡਾ ਝੁਲਾਉਣ ਕਿਉਂ ਤੁਰਿਆ ਜਾਂਦਾ? ਜੇਕਰ ਤਾਜਮਹਿਲ ਕਬਰਿਸਤਾਨ ਆ ਤਾਂ ਦੇਸ਼ ਦਾ ਹਰ ਕਿਲਾ ਹੀ ਭਾਈ ਕਬਰਾਂ, ਲਾਸ਼ਾਂ, ਮੁਰਦਾ ਸਰੀਰ ਦੀਆਂ ਹੱਡੀਆਂ ਦੀ ਗਵਾਹੀ ਦਿੰਦਾ ਆ।
ਦੇਸ਼ ਭਾਰਤ ਭਾਈ ਸੁਣਿਐ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਆ। ਦੇਸ਼ ਭਾਰਤ ਤਾਂ ਭਾਈ ਸ਼ਾਂਤੀ ਦਾ ਪੈਗਾਮ ਦਿੰਦਾ ਆ, ਮੈਂ ਤਾਂ ਇਹੀ ਸੁਣਿਐ! ਉਂਜ ਵੀ ਇਹ ਵੀ ਜਾਣਿਆ ਕਿ ਇਥੇ 47 ਜਾਂ 84 ਦੇ ਦੰਗੇ ਵੀ ਸ਼ਾਇਦ ਤਦੇ ਹੁੰਦੇ ਆ ਕਿਉਂਕਿ ਕਬਰਿਸਤਾਨ 'ਚੋਂ ਲਾਸ਼ਾਂ ਪੁੱਟਣ ਵਾਲਿਆਂ ਦੀ ਇਥੇ ਕਮੀ ਨਹੀਂ। ਤਦੇ ਤਾਂ ਮੇਰੇ ਵਰਗੀ ਸੋਚ ਵਾਲਾ ਆਦਮੀ, ਇਹੋ ਜਿਹੇ ਬੰਦਿਆਂ ਬਾਰੇ ਇਹ ਗੱਲ ਕਹਿਣੋਂ ਨਹੀਂ ਹੱਟਦਾ, " ਕੀ ਪਤਾ ਸੀ ਇਸ ਤਰ੍ਹਾਂ ਵੀ ਆਦਮੀ ਬਣ ਜਏਗਾ, ਪਾਣੀ ਜਿਸਦੀ ਅੱਖ ਦਾ ਸੰਗਮਰਮਰੀ ਹੋ ਜਾਏਗਾ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਭਾਰਤ 'ਚ ਸਾਲ 2015 ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪ੍ਰਦੂਸ਼ਨ ਨਾਲ 25 ਲੱਖ ਮੌਤਾਂ ਹੋਈਆਂ ਹਨ, ਜਦਕਿ ਬਾਕੀ ਸਾਰੀ ਦੁਨੀਆ 'ਚ ਪ੍ਰਦੂਸ਼ਨ ਨਾਲ ਮਰਨ ਵਾਲੇ 65 ਲੱਖ ਲੋਕ ਸਨ।
ਇੱਕ ਵਿਚਾਰ
ਜਾਤੀ ਕੋਈ ਕੰਧ ਨਹੀਂ ਹੈ, ਜਿਹੜੀ ਹਿੰਦੂਆਂ ਨੂੰ ਮੇਲ ਜੋਲ ਤੋਂ ਰੋਕਦੀ ਹੈ। ਇਹ ਇੱਕ ਮਾਨਸਿਕ ਸਥਿਤੀ ਹੈ...........ਬੀ.ਆਰ.ਅੰਬੇਦਕਰ
ਫੋਨ ਨੰ:- 9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.