ਪਲਟੂ ਦਾ ਨਾਮ ਭਾਰਤ ਦੇ ਮਹਾਨਤਮ ਸੰਤਾਂ ਵਿੱਚ ਸ਼ੁਮਾਰ ਹੁੰਦਾ ਹੈ ਅਤੇ ਇੰਦਰ ਦਾ ਸੱਚੇ- ਸੁੱਚੇ ਆਸ਼ਕਾਂ ਵਿੱਚ।
ਪਲਟੂ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲਦੀ। ਕੁਝ ਕੁ ਘਟਨਾਵਾਂ ਉਸਦੀ ਰਚਨਾ ਵਿੱਚ ਤੇ ਕੁਝ ਕੁ ਖੋਜੀਆਂ ਦੀ ਜਾਣਕਾਰੀ ਅਨੁਸਾਰ ਉਸਦਾ ਜੀਵਨ-ਕਾਲ 1710-1780 ਹੈ। ਕੋਈ ਕਹਿੰਦਾ ਹੈ ਕਿ ਉਹ ਸੰਤ ਭੀਖਾ ਦਾਸ ਦਾ ਚੇਲਾ ਸੀ ਤੇ ਕਿਸੇ ਨੇ ਉਸਦੇ ਗੁਰੂ ਦਾ ਨਾਮ ਗੋਬਿੰਦ ਦਾਸ ਦੱਸਿਆ ਹੈ। ਉਸਦਾ ਜਨਮ ਉੱਤਰ ਪ੍ਰਦੇਸ਼ ਦੇ ਕਿਸੇ ਛੋਟੇ ਜਿਹੇ ਪਿੰਡ ਵਿਚ ਹੋਇਆ ਪਰ ਆਪਣੀ ਆਖ਼ਰੀ ਜ਼ਿੰਦਗੀ ਉਸਨੇ ਅਯੁੱਧਿਆ ਵਿੱਚ ਬਿਤਾਈ। ਉਹ ਗਿਆਨ ਪ੍ਰਾਪਤੀ ਤੋਂ ਬਾਦ ਵੀ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਚਲਾ ਕੇ ਆਪਣੀ ਉਪਜੀਵਕਾ ਕਮਾਉਂਦਾ ਰਿਹਾ ਤੇ ਨਾਲ਼ ਹੀ ਜਗਿਆਸੂਆਂ ਨੂੰ ਸੱਚ ਦਾ ਗਿਆਨ ਵੀ ਵੰਡਦਾ ਰਿਹਾ। ਉਸਦੀ ਕਵਿਤਾ ਵਿਚ ਹੱਟੀ,ਹਟਵਾਣੀਆ,
ਤੱਕੜੀ,ਵੱਟੇ,ਸੌਦਾ,ਗਾਹਕ,ਤੋਲ,ਇੱਥੋਂ ਤੱਕ ਕਿ ਡੰਡੀ ਮਾਰਨ ਵਰਗੇ ਬਿੰਬ ਤੇ ਪ੍ਰਤੀਕ ਅਕਸਰ ਮਿਲ ਜਾਂਦੇ ਹਨ। ਉਹ ਆਪਣੀ ਕਿਸਮ ਦਾ ਵਿਧਵੰਸਕ ਤੇ ਰੂੜ੍ਹ-ਭੰਜਕ ਬੁੱਧਪੁਰਸ਼ ਸੀ। ਪ੍ਰਚੱਲਤ ਰਹੁ-ਰੀਤਾਂ ਅਤੇ ਕਰਮ-ਕਾਂਡਾਂ ਦਾ ਉਸਨੇ ਬੜੀ ਬੇਕਿਰਕੀ ਨਾਲ਼ ਖੰਡਨ ਕੀਤਾ। ਇਸੇ ਕਾਰਨ ਉਸਨੂੰ ਦੂਸਰਾ ਕਬੀਰ ਵੀ ਆਖਿਆ ਗਿਆ ਤੇ ਇਸੇ ਕਾਰਨ ਹੀ ਉਸਨੂੰ ਕੱਟੜ-ਪੰਥੀਆਂ ਵੱਲੋਂ ਜ਼ਿੰਦਾ ਜਲਾ ਦਿੱਤਾ ਗਿਆ। ਉਸਦਾ ਨਾਮ ਸ਼ਮਸ ਤਬਰੇਜ਼,ਮਨਸੂਰ,ਸੁਕਰਾਤ ,
ਸਰਮਦ ਅਤੇ ਗੁਰੂ ਅਰਜਨ ਵਰਗੇ ਸ਼ਹੀਦ ਫ਼ਕੀਰਾਂ ਵਿਚ ਵੀ
ਲੈਣਾ ਬਣਦਾ ਹੈ।
'ਤੂੰ ਮਾਯਾ ਕਯਾ ਮੋਹੇ ਨਚਾਵੇ ਮੈਂ ਹੂੰ ਖੂਬ ਨਚਨੀਆ ਰੇ
ਈਹਾਂ ਤਨਿਕ ਗਲੇ ਨਾ ਤੇਰੀ ਮੈਂ ਹੂੰ ਪਲਟੂ ਬਨੀਆ ਰੇ ।।
(ਐ ਮਾਇਆ!ਤੂੰ ਮੈਨੂੰ ਕੀ ਨਚਾ ਲਵੇਂਗੀ, ਮੈਂ ਤਾਂ ਪਹਿਲਾਂ ਹੀ ਬੜਾ ਸਧਿਆ ਹੋਇਆ ਨਚਾਰ ਹਾਂ। ਮੇਰੇ ਕੋਲ ਤੇਰੀ ਭੋਰਾ ਵੀ ਦਾਲ਼ ਨਹੀਂ ਗਲਣੀ ਕਿਉਂਕਿ ਮੈਂ ਪਲਟੂ ਬਾਣੀਆ ਹਾਂ ਤੇ ਮੈਂ ਤੇਰੀਆਂ ਸਾਰੀਆਂ ਚਾਲਾਂ ਦਾ ਹਿਸਾਬ-ਕਿਤਾਬ ਲਾ ਰੱਖਿਆ ਹੈ। )
ਇੰਦਰ ਦੀ ਕਹਾਣੀ ਵੀ ਬੜੀ ਵਿਲੱਖਣ ਹੈ। ਉਹ ਲਾਹੌਰ ਦਾ ਚੰਗਾ ਰੱਜਿਆ-ਪੁੱਜਿਆ ਖ਼ੁਸ਼ਹਾਲ ਬਾਣੀਆ ਸੀ। ਲਾਹੌਰ ਦੇ ਅਨਾਰਕਲੀ ਬਜ਼ਾਰ ਵਿੱਚ ਉਸਦੀ ਬਜਾਜੀ (ਕੱਪੜੇ)ਦੀ ਦੁਕਾਨ ਸੀ। ਇਕ ਦਿਨ ਨੇੜਲੇ ਕਿਸੇ ਪਿੰਡ ਤੋਂ ਬੇਗੋ ਨਾਂ ਦੀ ਇਕ ਬੇਹੱਦ ਖ਼ੂਬਸੂਰਤ ਔਰਤ ਆਪਣੀਆਂ ਸਹੇਲੀਆਂ ਨਾਲ਼ ਉਸਦੀ ਦੁਕਾਨ ਤੋਂ ਕੱਪੜਾ ਖ੍ਰੀਦਣ ਆ ਗਈ। ਬੇਗੋ ਦੇ ਤਲਿਸਮੀ ਹੁਸਨ ਨੂੰ ਵੇਂਹਦਿਆਂ ਹੀ ਇੰਦਰ ਸੁਧ-ਬੁੱਧ ਗੁਆ ਬੈਠਾ ।ਨਜ਼ਰ ਮਿਲਦਿਆਂ ਹੀ ਬੇਗੋ ਦੀ ਤੱਕਣੀ ਦੇ ਤੀਰ ਉਹਦਾ ਕਾਲ਼ਜਾ ਵਿੰਨ੍ਹ ਗਏ। ਸੈਆਂ ਯਤਨ ਕਰਨ 'ਤੇ ਵੀ ਉਸਦੀ ਨਜ਼ਰ ਬੇਗੋ ਦੇ ਚਿਹਰੇ ' ਤੋਂ ਨਹੀਂ ਸੀ ਹਟ ਰਹੀ। ਇੱਕ ਗੁੱਝਾ ਸੁਨੇਹਾ ਬੇਗੋ ਦੇ ਨੈਣਾਂ ਰਾਹੀਂ ਵੀ ਉਸਦੇ ਦਿਲ ਵਿਚ ਉਤਰ ਗਿਆ ਤੇ ਇਕ ਅਦਭੁਤ ਜਿਹੀ ਕੰਬਣੀ ਉਸਦੇ ਵੀ ਲਹੂ ਥਾਣੀਂ ਲੰਘ ਗਈ। ਸਹੇਲੀਆਂ ਨੇ ਵੀ ਇਸ ਕੌਤਕ ਨੂੰ ਤਾੜ ਲਿਆ ਸੀ। ਉਹਨਾਂ ਨੇ ਧਿਆਨ ਹੋਰਥੇ ਪਾਉਣ ਲਈ ਇੰਦਰ ਨੂੰ ਕੱਪੜਾ ਵਿਖਾਉਣ ਲਈ ਕਿਹਾ ਪਰ ਇੰਦਰ ਨੂੰ ਕਦੋਂ ਕੁਝ ਸੁਣਾਈ ਦਿੰਦਾ ਸੀ। ਉਹ ਤਾਂ ਕਿਸੇ ਹੋਰ ਹੀ ਜਹਾਨ ਵਿੱਚ ਗੁੰਮ ਸੀ। ਕਈ ਵਾਰ ਕੋਸ਼ਿਸ਼ ਕਰਨ 'ਤੇ ਇੰਦਰ ਦੇ ਮੂੰਹੋਂ ਬੱਸ ਏਨਾ ਨਿਕਲਿਆ," ਜੋ ਇਹ ਕਹੇ ਓਹੀ ਵਿਖਾਊਂ। "
ਫੇਰ ਕੀ ਸੀ,ਬੇਗੋ ਜਿੱਧਰ ਇਸ਼ਾਰਾ ਕਰਦੀ,ਇੰਦਰ ਥਾਨਾਂ ਦੇ ਥਾਨ ਲਿਆ ਕੇ ਉਸਦੇ ਪੈਰਾਂ ਵਿਚ ਵਿਛਾ ਦਿੰਦਾ। ਮੁੱਲ ਪੁੱਛਦੀਆਂ ਤਾਂ ਉਹ ਸਿੱਧਾ ਬੇਗੋ ਨੂੰ ਮੁਖ਼ਾਤਿਬ ਹੋ ਕੇ ਸਿਰਫ਼ ਏਨਾ ਕਹਿੰਦਾ, " ਕੱਪੜਾ ਵੀ ਤੇਰਾ,ਹੱਟੀ ਵੀ ਤੇਰੀ ਤੇ ਮੈਂ ਵੀ ਤੇਰਾ।ਸਹੇਲੀਆਂ ਉਲਝਣ ਵਿਚ ਫਸੀਆਂ ਮਹਿਸੂਸ ਕਰਨ ਲੱਗੀਆਂ ਤੇ ਇਸ ਮਰੇ ਸੱਪ ਨੂੰ ਗਲ਼ੋਂ ਲਾਹੁਣ ਲਈ ਕੋਈ ਵਿਉਂਤ ਸੋਚਣ ਲੱਗੀਆਂ।
ਅਖ਼ੀਰ ਇੱਕ ਬੋਲੀ," ਜੇ ਬੇਗੋ ਕਹੇ ਹੱਟੀ ਨੂੰ ਅੱਗ ਲਾ ਦੇ ਤਾਂ ਲਾ ਦੇਂਗਾ?"
ਇੰਦਰ ਫੇਰ ਸਿੱਧਾ ਬੇਗੋ ਨੂੰ ਮੁਖ਼ਾਤਿਬ ਹੋਇਆ," ਕੁਸ਼ ਮੂੰਹੋਂ ਤਾਂ ਕੱਢ। " ਉਹ ਤਾਂ ਉਹਦੇ ਬੁੱਲ੍ਹਾਂ 'ਚੋਂ ਕਿਰਨ ਵਾਲ਼ਾ ਕੋਈ ਵੀ ਲਫ਼ਜ਼ ਬੋਚਣ ਨੂੰ ਤਿਆਰ ਹੋਇਆ ਬੈਠਾ ਸੀ। ਸਹੇਲੀਆਂ 'ਚੋਂ ਇਕ ਨੇ ਚੁੰਨੀ ਦਾ ਪੱਲਾ ਜਿਹਾ ਕਰ ਕੇ ਮਾੜੀ ਜਿਹੀ ਅੱਖ ਦੱਬ ਦਿੱਤੀ। ਉਹਨੂੰ ਭੋਲ਼ੀ ਨੂੰ ਕੀ ਖ਼ਬਰ ਸੀ ਕਿ ਇਸ਼ਕ ਦੀਆਂ ਕਹਾਣੀਆਂ ਵਿਚ ਇਕ ਹੋਰ ਅਹਿਮ ਕਥਾ ਜੁੜਨ ਜਾ ਰਹੀ ਹੈ।
ਸਹੇਲੀਆਂ ਦੀ ਝੇਪ 'ਚ ਆਈ ਬੇਗੋ ਨੇ ਮਲ਼ਮੀ ਜਿਹੀ ਜੀਭ ਨਾਲ਼ ਕਹਿ ਦਿੱਤਾ,"ਚੰਗਾ ਲਾ ਦੇ ਫੇਅਅ।" ਇੰਦਰ ਤਾਂ ਹੁਕਮ ਦੀ ਤਾਮੀਲ ਲਈ ਉਤਾਵਲਾ ਹੋਇਆ ਪਿਆ ਸੀ। ਆਅ ਵੇਖਿਆ ਨਾ ਤਾਅ,ਡੱਬੀ ਚੁੱਕੀ ਤੇ ਸੀਖ ਘਸਾ ਦਿੱਤੀ। ਦੁਕਾਨ 'ਚੋਂ ਲਾਟਾਂ ਨਿਕਲਣ ਲੱਗੀਆਂ। ਘਬਰਾਈਆਂ ਹੋਈਆਂ ਸਹੇਲੀਆਂ ਬੇਗੋ ਦੀ ਬਾਂਹ ਫੜ ਕੇ ਪਿੰਡ ਵੱਲ ਦੌੜ ਪਈਆਂ। ਇੰਦਰ ਵੀ ਪਿੱਛੇ ਪਿੱਛੇ ਕਰਦਾ ਜਾਵੇ,"ਨਾ ਮੈਂ ਰਿਹਾ ਨਾ ਕੁਝ ਮੇਰਾ ਰਿਹਾ,ਹੁਣ ਤਾਂ ਸਿਰਫ਼ ਤੂੰ ਈ ਐਂ। ਜਿੱਥੇ ਜਾਵੇਂਗੀ ਨਾਲ਼ ਈ ਜਾਊਂ ਜੱਟੀਏ। "
ਹੁਣ ਤੱਕ ਬੇਗੋ ਵੀ ਕਾਫ਼ੀ ਬੇਚੈਨ ਹੋ ਗਈਸੀ। ਸਾਰੀਆਂ ਬਾਣੀਏ ਨੂੰ ਮਗਰੋਂ ਲਾਹੁਣ ਬਾਰੇ ਸੋਚਣ ਲਗੀਆਂ। ਉਹਨਾਂ ਨੇ ਬੇਗੋ ਨੂੰ ਮਨਾ ਲਿਆ ਕਿ ਰਾਵੀ ਦੇ ਪੁਲ'ਤੇ ਪਹੁੰਚ ਕੇ ਬੇਗੋ ਉਸਨੂੰ ਦਰਿਆ ਵਿੱਚ ਛਾਲ ਮਾਰਨ ਦਾ ਹੁਕਮ ਦੇਵੇਗੀ। ਉਹਨਾਂ ਨੂੰ ਜਾਪਦਾ ਸੀ ਕਿ ਉਹ ਜਾਨ ਨਹੀਂ ਦੇਵੇਗਾ।
ਬੇਗੋ ਨੇ ਹੁਕਮ ਦਿੱਤਾ। ਇੰਦਰ ਨੇ ਧੋਤੀ ਦਾ ਲਾਂਗੜ ਕੱਸਿਆ ਤੇ.......ਧੜੰਮ।
ਹੁਣ ਤਾਂ ਬੇਗੋ 'ਚ ਵੀ ਫੱਕਾ ਨਹੀਂ ਸੀ ਬਚਿਆ। ਉਸਨੇ ਆਪਣੀ ਗੱਠੜੀ ਨਾਲ਼ ਦੀਆਂ ਨੂੰ ਫੜਾਈ ਤੇ ਸਿਰਫ਼ ਏਨਾ ਕਿਹਾ,"ਮੈਂ ਵੀ ਹੁਣ ਕਿੱਥੇ ਜਾਣੈ?" ਤੇ ਰਾਵੀ ਵਿਚ ਛਾਲ ਮਾਰ ਕੇ ਆਪਣੇ ਆਸ਼ਕ ਨਾਲ਼ ਇੱਕ-ਮਿੱਕ ਹੋ ਗਈ।
ਪਲਟੂ ਦਾ ਵੀ ਪਹਿਲਾਂ ਕੋਈ ਹੋਰ ਨਾਮ ਸੀ। ਪਲਟੂ ਨਾਮ ਉਸਦੇ ਗੁਰੂ ਨੇ ਦਿੱਤਾ ਸੀ ਜਦੋਂ ਉਸਦੀ ਦ੍ਰਿਸ਼ਟੀ ਬਾਹਰੀ ਸੰਸਾਰ ਵੱਲੋਂ ਹਟ ਕੇ ਅੰਦਰਲੇ ਰੂਹਾਨੀ ਸੰਸਾਰ ਵੱਲ ਪਲਟ ਗਈ ਸੀ। ਇੰਦਰ ਵੀ ਆਪਣੀ ਬਾਣੀਆ ਖ਼ਸਲਤ ਤੋਂ ਬਿਲਕੁਲ ਪਲਟ ਗਿਆ ਸੀ। ਉਹ ਦੁਨੀਆ ਦੇ ਹੀ ਨਹੀਂ, ਇਸ਼ਕ ਦੇ ਵੀ ਪ੍ਰਚੱਲਤ ਹਿਸਾਬਾਂ-ਕਿਤਾਬਾਂ ਤੋਂ ਪਾਰ ਚਲਾ ਗਿਆ ਸੀ। ਉਸ ਨੇ ਨਾ ਕੰਨ ਪੜਵਾਏ ਨਾ ਜੋਗ ਲਿਆ। ਨਾ ਪੱਥਰਾਂ ਚੋਂ ਦੁੱਧ ਦੀਆਂ ਨਦੀਆਂ ਕੱਢਣ ਦੇ ਚੱਕਰ ਵਿਚ ਪਿਆ। ਨਾ ਪੱਟ ਦਾ ਮਾਸ ਭੁੰਨ ਕੇ ਮਸ਼ੂਕ ਨੂੰ ਖੁਆਇਆ। ਆਪਣੇ ਇਸ਼ਕ ਦੀ ਕੁਝ ਘੰਟਿਆਂ ਦੀ ਕਥਾ ਨੂੰ ਆਨੰਤਤਾ ਤਕ ਪਹੁੰਚਾਉਣ ਵਾਲਾ ਉਹ ਸੰਸਾਰ ਦਾ ਪਹਿਲਾ ਆਸ਼ਕ ਹੈ। ਉਹ ਦੁਨੀਆ ਦਾ ਪਹਿਲਾ ਆਸ਼ਕ ਹੈ ਜਿਸਨੇ ਮਹਿਬੂਬ ਦੇ ਇਸ਼ਾਰੇ ਮਾਤਰ 'ਤੇ ਆਪਣੇ ਦੋਹਾਂ ਜਹਾਨਾਂ ਦੀ ਬਲੀ ਦੇ ਦਿੱਤੀ। ਉਹ ਦੁਨੀਆ ਦਾ ਪਹਿਲਾ ਆਸ਼ਕ ਹੈ ਜਿਸਨੇ ਐਨ ਮੌਕੇ 'ਤੇ ਮਹਿਬੂਬ ਕੋਲੋਂ ਆਪਣੇ ਸਿਦਕ ਦਾ ਲੋਹਾ ਮਨਵਾਇਆ। ਉਹ ਪਹਿਲਾ ਬਾਣੀਆ ਹੈ ਜਿਸਦੀ ਢਾਈ ਘੰਟਿਆਂ ਦੀ ਕਥਾ ਨੇ ਅਨੇਕਾਂ ਜੱਟਾਂ,ਜ਼ਿਮੀਦਾਰਾਂ, ਸ਼ਾਹੂਕਾਰਾਂ, ਵਪਾਰੀਆਂ, ਵਣਜਾਰਿਆਂ ਤੇ ਰਾਜਿਆਂ,ਨਵਾਬਾਂ ਦੇ ਇਸ਼ਕ ਦੀਆਂ ਸਾਲਾਂ ਲੰਮੀਆਂ ਕਹਾਣੀਆਂ ਨੂੰ ਨੁੱਕਰੇ ਲਾ ਦਿੱਤਾ।
ਇਹਨਾਂ ਦੋਹਾਂ ਬਾਣੀਆਂ ਨੂੰ ਮੇਰਾ ਲੱਖ ਲੱਖ ਸਲਾਮ।
-
ਵਿਜੈ ਵਿਵੇਕ, ਫ਼ਰੀਦਕੋਟ, ਲੇਖਕ
na
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.