ਕਵਿਤਰੀ ਹਰਸ਼ਰਨ ਕੌਰ ਦੀ ਦੂਜੀ ਪੁਸਤਕ ਆਬਸ਼ਾਰ ਦੀਆਂ ਕਵਿਤਾਵਾਂ ਬ੍ਰਿਹਾ, ਭਾਵਨਾਵਾਂ, ਰਹੱਸਵਾਦ ਅਤੇ ਵਿਸਮਾਦ ਦਾ ਪ੍ਰਤੀਕ ਹਨ। ਹਰਸ਼ਰਨ ਕੌਰ ਵਿਗਿਆਨ ਦੀ ਵਿਦਿਆਰਥਣ ਅਤੇ ਅਧਿਆਪਕਾ ਹੋਣ ਦੇ ਬਾਵਜੂਦ ਵੀ ਭਾਵਨਾਵਾਂ ਵਿਚ ਪਰੁਚੀਆਂ ਕਵਿਤਾਵਾਂ ਲਿਖਦੀ ਹੈ, ਜਿਸ ਕਰਕੇ ਹੀ ਉਸਦੀਆਂ ਕਵਿਤਾਵਾਂ ਰਹੱਸਵਾਦ ਅਤੇ ਵਿਸਮਾਦ ਵਿਚ ਪਰੁਤੀਆਂ ਹੁੰਦੀਆਂ ਹਨ। ਹਾਲਾਂ ਕਿ ਵਿਗਿਆਨ ਅਤੇ ਭਾਵਨਾਵਾਂ ਦਾ ਕੋਈ ਬਹੁਤਾ ਨਜ਼ਦੀਕੀ ਸੰਬੰਧ ਨਹੀਂ ਹੁੰਦਾ। ਵਿਗਿਆਨ ਤਾਂ ਨਾਪ ਤੋਲ ਕੇ ਨਿਸਚਤ ਨਿਯਮਾ ਅਨੁਸਾਰ ਗੱਲ ਕਰਦਾ ਹੈ, ਜਦੋਂ ਕਿ ਕਵਿਤਾਵਾਂ ਮਨ ਦੀ ਤਰੰਗ ਵਿਚੋਂ ਨਿਕਲੀਆਂ ਭਾਵਨਾਵਾਂ ਦਾ ਪੁਲੰਦਾ ਹੁੰਦੀਆਂ ਹਨ। ਹਰਸ਼ਰਨ ਕੌਰ ਨੇ ਆਪਣੀ ਸਾਰੀ ਨੌਕਰੀ ਦੌਰਾਨ ਭਾਵੇਂ ਵਿਗਿਆਨ ਦੇ ਵਿਸ਼ੇ ਨੂੰ ਪੜ੍ਹਾਇਆ ਹੈ ਪ੍ਰੰਤੂ ਉਸਨੇ ਐਮ.ਏ.ਪੰਜਾਬੀ ਦੀ ਪੜ੍ਹਾਈ ਵੀ ਕੀਤੀ ਹੋਈ ਹੈ, ਜਿਸ ਕਰਕੇ ਉਸਨੂੰ ਕਵਿਤਾਵਾਂ ਲਿਖਣ ਦੀ ਉਣਸ ਲੱਗ ਗਈ। ਹਰਸ਼ਰਨ ਕੌਰ ਦੀਆਂ ਕਵਿਤਾਵਾਂ ਅਤੇ ਗੀਤ ਬ੍ਰਿਹਾ ਦੀ ਬਾਤ ਪਾਉਂਦੇ ਹੋਏ ਬਿੰਬਾਤਮਕ ਢੰਗ ਨਾਲ ਆਪਣੀ ਗੱਲ ਕਹਿੰਦੇ ਹਨ। ਉਸ ਦੀਆਂ ਕਵਿਤਾਵਾਂ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ ਕਿ ਉਸ ਕੋਲੋਂ ਕੋਈ ਚੀਜ ਖੁਸ ਗਈ ਹੈ, ਉਸ ਦੀ ਪ੍ਰਾਪਤੀ ਲਈ ਉਹ ਭਾਵਨਾਵਾਂ ਵਿਚ ਬਹਿਕੇ ਆਪਣੀ ਅੰਤਰ ਆਤਮਾ ਨਾਲ ਵਿਸਮਾਦੀ, ਰੁਮਾਂਸਵਾਦੀ ਅਤੇ ਰਹੱਸਵਾਦੀ ਗੱਲਾਂ ਕਰਦੀ ਰਹਿੰਦੀ ਹੈ। ਇੰਜ ਉਹ ਇਸ ਲਈ ਕਰਦੀ ਹੈ ਕਿਉਂਕਿ ਉਸ ਦੀ ਜਨਮ ਭੂਮੀ ਦੀ ਵਿਰਾਸਤ ਭਾਈ ਕਾਹਨ ਸਿੰਘ ਨਾਭਾ ਦੀ ਵਰੋਸੋਈ ਨਾਭਾ ਰਿਆਸਤ ਹੈ ਜੋ ਕਿ ਸਭਿਆਚਾਰਕ ਤੌਰ ਤੇ ਬੜੀ ਅਮੀਰ ਹੈ, ਜਿਸ ਕਰਕੇ ਸਾਹਿਤਕ ਗੁੜ੍ਹਤੀ ਉਸਨੂੰ ਵਿਰਸੇ ਵਿਚੋਂ ਹੀ ਮਿਲ ਗਈ ਸੀ। ਇਸੇ ਲਈ ਉਸਦੀ ਕਵਿਤਾ ਨਿਰੀ ਪ੍ਰੇਮ ਪਿਆਰ ਦੇ ਆਲੇ ਦੁਆਲੇ ਨਹੀਂ ਘੁੰਮਦੀ ਪ੍ਰੰਤੂ ਜਿਸ ਚੀਜ ਦੀ ਪ੍ਰਾਪਤੀ ਲਈ ਉਹ ਆਪਣੀ ਅੰਤਰ ਆਤਮਾ ਨਾਲ ਕਸ਼ਮਕਸ ਵਿਚ ਰੁਝੀ ਰਹਿੰਦੀ ਹੈ, ਉਸਤੋਂ ਇਉਂ ਲੱਗਦਾ ਹੈ ਕਿ ਉਹ ਆਪਣੀ ਅਤਿ੍ਰਿਪਤ ਮਾਨਸਿਕਤਾ ਦੀ ਤ੍ਰਿਪਤੀ ਲਈ ਜਦੋਜਹਿਦ ਕਰ ਰਹੀ ਹੈ ਪ੍ਰੰਤੂ ਉਸਦਾ ਪ੍ਰਗਟਾਵਾ ਕਰਨ ਤੋਂ ਝਿਜਕਦੀ ਹੈ। ਜਦੋਂ ਕਿਸੇ ਚੀਜ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਉਸਨੂੰ ਹੀ ਰੁਮਾਂਸਵਾਦ ਕਿਹਾ ਜਾਂਦਾ ਹੈ। ਰੁਮਾਂਸਵਾਦ ਅਸਲੀਅਤ ਤੋਂ ਦੂਰ ਦੀ ਗੱਲ ਹੁੰਦਾ ਹੈ। ਇਸ ਲਈ ਉਸਨੂੰ ਰੁਮਾਂਸਵਾਦੀ ਕਵਿਤਰੀ ਵੀ ਕਿਹਾ ਜਾ ਸਕਦਾ ਹੈ। ਆਬਸ਼ਾਰ ਪੁਸਤਕ ਪ੍ਰਤੀਕ ਪ੍ਰਕਾਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਇਸ ਪੁਸਤਕ ਦੇ 88 ਪੰਨਿਆਂ ਵਿਚ 56 ਕਵਿਤਾਵਾਂ ਅਤੇ ਇੱਕਾ ਦੁਕਾ ਗੀਤ ਸ਼ਾਮਲ ਹਨ। ਹਰਸ਼ਰਨ ਕੌਰ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਅਤੇ ਲਗਪਗ 30 ਸਾਲ ਪੜ੍ਹਾਉਣ ਤੋਂ ਬਾਅਦ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਹਨ ਕਿਉਂਕਿ ਉਸਦੀ ਕਵਿਤਾਵਾਂ ਦੀ ਪਹਿਲੀ ਪੁਸਤਕ 2013 ਵਿਚ ਪ੍ਰਕਾਸ਼ਤ ਹੋਈ ਹੈ। ਇਸ ਪੁਸਤਕ ਵਿਚ ਇੱਕ ਕਵਿਤਾ ਆਬਸ਼ਾਰ ਹੈ ਜਿਸਦੇ ਨਾਂ ਤੇ ਇਸ ਪੁਸਤਕ ਦਾ ਨਾਮਕਰਨ ਕੀਤਾ ਗਿਆ ਹੈ। ਆਬਸ਼ਾਰ ਕੁਦਰਤੀ ਲਹਿਰਾਂ ਦਾ ਵਹਾਆ ਹੁੰਦਾ ਹੈ ਜਿਹੜਾ ਮਨੁੱਖੀ ਮਨ ਵਿਚ ਆਪ ਮੁਹਾਰੇ ਫੁੱਟਦਾ ਹੋਇਆ ਵਹਿਣ ਲੱਗ ਜਾਂਦਾ ਹੈ। ਕਵਿਤਰੀ ਦਾ ਮੰਨਣਾ ਲੱਗਦਾ ਹੈ ਕਿ ਇਸ ਪੁਸਤਕ ਦੀਆਂ ਕਵਿਤਾਵਾਂ ਉਸ ਲਈ ਇੱਕ ਆਬਸ਼ਾਰ ਦੀ ਤਰ੍ਰਾ ਫੁੱਟਦੀਆਂ ਹੋਈਆਂ ਉਸਦੇ ਮਨ ਨੂੰ ਸਦਾਬਹਾਰ ਬਣਾਕੇ ਸਰਸਾਰ ਕਰ ਜਾਂਦੀਆਂ ਹਨ। ਇਸ ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਨਦੀ, ਇਸ਼ਕ, ਮੁਹੱਬਤ, ਬਿਰਹਾ ਅਤੇ ਮਨੁੱਖੀ ਮਨ ਦੀ ਕਸ਼ਮਕਸ਼ ਦਾ ਪ੍ਰਗਟਾਵਾ ਕਰਦੀਆਂ ਹਨ। ਕਵਿਤਰੀ ਭਾਵੇਂ ਸਿੱਧੇ ਰੂਪ ਵਿਚ ਪ੍ਰੇਮ ਪਿਆਰ ਦਾ ਬਹੁਤਾ ਇਜ਼ਹਾਰ ਨਹੀਂ ਕਰਦੀ ਪ੍ਰੰਤੂ ਉਸਦੀਆਂ ਕਵਿਤਾਵਾਂ ਇਸ਼ਕ, ਮੁਸ਼ਕ ਅਤੇ ਮੁਹੱਬਤ ਦੀਆਂ ਤਰੰਗਾਂ ਛੇੜਦੀਆਂ ਹੋਈਆਂ ਅਸਿਧੇ ਤੌਰ ਤੇ ਬਿਰਹਾ ਦੇ ਗੀਤ ਗਾਉਂਦੀਆਂ ਹਨ। ਨਦੀਆਂ, ਪਰਬਤਾਂ, ਝਰਨਿਆਂ, ਲਹਿਰਾਂ, ਵਹਿਣਾ ਅਤੇ ਮਾਨਸਿਕ ਤਰੰਗਾਂ ਦਾ ਜ਼ਿਕਰ ਆਉਣਾ ਕਵਿਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਭਾਵੇਂ ਕਵਿਤਰੀ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ਕਰਕੇ ਅਜਿਹੀਆਂ ਕਵਿਤਾਵਾਂ ਲਿਖਦੀ ਹੋਵੇ ਪ੍ਰੰਤੂ ਉਹ ਇਨ੍ਹਾਂ ਕਵਿਤਾਵਾਂ ਨੂੰ ਸਮੁੱਚੀ ਇਸਤਰੀ ਜਾਤੀ ਦੀ ਮਾਨਸਿਕਤਾ ਨੂੰ ਦਰਸਾ ਰਹੀ ਲਗਦੀ ਹੈ। ਜਿਸ ਕਰਕੇ ਉਸਨੂੰ ਲੋਕਾਈ ਦੀ ਕਵਿਤਰੀ ਕਿਹਾ ਜਾ ਸਕਦਾ ਹੈ। ਇਹੋ ਕਵਿਤਰੀ ਦੀ ਕਰਾਮਾਤ ਹੈ ਕਿ ਉਹ ਆਮ ਲੋਕਾਂ ਦੇ ਦੁੱਖਾਂ ਅਤੇ ਦਰਦਾਂ ਨੂੰ ਲੋਕਾਈ ਦਾ ਦਰਦ ਬਣਾਉਣ ਵਿਚ ਸਫਲ ਹੋਈ ਹੈ। ਮੁਹੱਬਤ ਦਾ ਇੰਤਜ਼ਾਰ ਸਿਰਲੇਖ ਵਾਲੀ ਕਵਿਤਾ ਵਿਚ ਉਹ ਇਸਤਰੀ ਦੀ ਮੁਹੱਬਤ ਦੀ ਅਤਿਰਿਪਤੀ ਦਾ ਪ੍ਰਗਟਾਵਾ ਬਿੰਬਾਤਮਿਕ ਢੰਗ ਨਾਲ ਕਰਦੀ ਹੋਈ ਬ੍ਰਿਹਾ ਅਤੇ ਮੁਹੱਬਤ ਬਾਰੇ ਲਿਖਦੀ ਹੈ-
ਉਦਾਸ ਜਿਹੀ ਕੁੜੀ, ਰੋਜ਼ ਸ਼ਾਮ ਨੂੰ ਬੱਤੀ ਵੱਟਦੀ।
ਤੇਲ ਦੀਵੇ 'ਚ ਪਾ, ਤ੍ਰਿਕਾਲਾਂ ਪੈਂਦਿਆਂ ਹੀ।
ਖਿੜਕੀ ਓਹਲੇ ਦੀਵਾ ਜਗਾ ਧਰਦੀ,
ਉਸ ਦੀਵੇ 'ਚੋਂ, ਉਠਦਾ ਧੂੰਆਂ।
ਉਸਦੇ ਬ੍ਰਿਹਾ ਦੀ ਕਹਾਣੀ ਕਹਿੰਦਾ ਵੀ।
ਨਜ਼ਰ ਦੀ ਟਿਕਟਿਕੀ, ਤਨਹਾਈ ਦੀ ਖਿੜਕੀ।
'ਚੋਂ ਰਾਹ ਤੱਕਦੀ, ਹੌਲੀ ਹੌਲੀ ਹਿਜ਼ਰ ਦੀ,
ਭੱਠੀ 'ਚੋਂ ਸੁਲਗਦੀ ਆਪਣੀ ਮੁਹੱਬਤ ਦਾ ਇੰਤਜ਼ਾਰ ਕਰਦੀ।
ਬ੍ਰਿਹਾ ਦੀਆਂ ਭਾਵਨਾਵਾਂ ਨੂੰ ਕਵਿਤਰੀ ਨੇ ਸ਼ਬਦਾਂ ਦਾ ਰੂਪ ਦਿੱਤਾ ਹੈ। ਉਹ ਹਮੇਸ਼ਾ ਆਪਣੇ ਆਪ ਨਾਲ ਗੱਲਾਂ ਕਰਦੀ ਰਹਿੰਦੀ ਹੈ ਕਿਉਂਕਿ ਉਸਦੀਆਂ ਭਾਵਨਾਵਾਂ ਦੀ ਤ੍ਰਿਪਤੀ ਨਹੀਂ ਹੁੰਦੀ। ਕਵਿਤਰੀ ਇਸਤਰੀ ਜਾਤੀ ਦੇ ਮਨਾਂ ਵਿਚ ਉਠ ਰਹੇ ਜਵਾਰ ਭਾਟਿਆਂ, ਖਾਮੋਸ਼ ਭਾਵਨਾਵਾਂ, ਉਸਲਵੱਟਿਆਂ, ਹਨ੍ਹੇਰਿਆਂ, ਅਚੇਤ ਅਤੇ ਸੁਚੇਤ ਮਨਾਂ ਦੀਆਂ ਰੰਗ ਵਿਰੰਗੀਆਂ ਤਸਵੀਰਾਂ ਬਾਰੇ ਕਿੰਤੂ ਪ੍ਰੰਤੂ ਕਰਦੀ ਰਹਿੰਦੀ ਹੈ। ਹਰਸ਼ਰਨ ਕੌਰ ਦੀ ਹਰ ਕਵਿਤਾ ਅਰਥ ਭਰਪੂਰ ਹੈ, ਜਿਸ ਰਾਹੀਂ ਉਸਨੇ ਸਮੁੱਚੀ ਇਸਤਰੀ ਜਾਤੀ ਨੂੰ ਸਰਵਜਨਿਕ ਜੀਵਨ ਵਿਚ ਆਉਣ ਵਾਲੀਆਂ ਕਠਨਾਈਆਂ ਅਤੇ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਦਰਸਾਉਣ ਦਾ ਯਤਨ ਕੀਤਾ ਹੈ। ਉਹ ਆਪਣੀਆਂ ਕਵਿਤਾਵਾਂ ਦੀ ਸ਼ਬਦਾਵਲੀ ਵਿਚ ਪੰਜਾਬੀ ਸਭਿਆਚਾਰ ਨਾਲ ਸੰਬੰਧਤ ਸ਼ਬਦਾਂ ਦੀ ਵਰਤੋਂ ਵਧੇਰੇ ਕਰਦੀ ਹੈ। ਉਸਦੀਆਂ ਕਵਿਤਾਵਾਂ ਵਿਚ ਦਹਿਲੀਜ਼, ਧਾਗੇ, ਫੁੱਲ ਪ੍ਰੋਂਦੀ ਇਸਤਰੀ, ਤ੍ਰਿਕਾਲਾਂ, ਅਨਹਦ ਨਾਦ, ਚੋਗਾ ਚੁਗਣ, ਹੰਝੂ, ਆਲ੍ਹਣੇ, ਵਤਰ, ਛਹਿਬਰ ਅਤੇ ਕਰੂੰਬਲਾਂ ਆਦਿ ਦਾ ਜ਼ਿਕਰ ਮਿਲਦਾ ਹੈ। ਕਵਿਤਰੀ ਆਪਣੀਆਂ ਕਵਿਤਾਵਾਂ ਰਾਹੀਂ ਅਸਿੱਧੇ ਢੰਗ ਨਾਲ ਭਾਵੇਂ ਉਹ ਰੁੱਖਾਂ, ਫੁੱਲ ਪੱਤਿਆਂ, ਘੜੀ ਦੀ ਟਿਕਟਿਕ, ਕਾਂ, ਗੁਲਹਿਰੀ, ਪਰਛਾਵੇਂ, ਸਵੇਰ ਦੀ ਲਾਲੀ, ਸ਼ਾਮ ਦਾ ਹਨ੍ਹੇਰਾ, ਜ਼ੰਜ਼ੀਰਾਂ, ਬੇੜੀਆਂ, ਕੈਲੰਡਰ ਬਦਲਣਾ, ਮੁਹੱਬਤ ਤੇ ਤਹਿਜ਼ੀਬ ਅਨੇਕਾਂ ਅਜਿਹੀਆਂ ਉਦਾਹਰਣਾ ਰਾਹੀਂ ਇਸਤਰੀ ਦੇ ਦਰਦਾਂ, ਤਨਹਾਈ ਅਤੇ ਵਿਛੋੜੇ ਦਾ ਰੁਦਨ ਕਰਦੀ ਹੈ। ਉਸਦੀਆਂ ਕਵਿਤਾਵਾਂ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਸਮੁੱਚੀ ਇਸਤਰੀ ਜਾਤੀ ਦੀਆਂ ਨਿੱਜੀ ਅਤੇ ਸਮੂਹਕ ਭਾਵਨਾਵਾਂ ਨੂੰ ਸਮਝਦੀ ਹੋਈ ਲੋਕਾਈ ਦੀਆਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਸ ਦਾ ਇਸਤਰੀਆਂ ਬਾਰੇ ਅਤੇ ਪ੍ਰੇਮੀਆਂ ਬਾਰੇ ਇਸ ਪ੍ਰਕਾਰ ਸੋਚਣ ਅਤੇ ਲਿਖਣ ਦਾ ਆਧਾਰ ਉਸਦੀ ਜ਼ਿੰਦਗੀ ਦੇ ਤਜਰਬੇ ਉਪਰ ਅਧਾਰਤ ਹੈ। ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਹਰਸ਼ਰਨ ਕੌਰ ਮਨੋਵਿਗਿਆਨੀ ਹੋਵੇ ਜੋ ਇਸਤਰੀਆਂ ਦੇ ਮਨਾਂ ਨੂੰ ਪੜ੍ਹਕੇ ਉਨ੍ਹਾਂ ਦਾ ਪ੍ਰਗਟਾਵਾ ਕਵਿਤਾਵਾਂ ਵਿਚ ਕਰਦੀ ਹੋਵੇ। ਕਿਤੇ ਕਿਤੇ ਸਮਾਜਿਕ ਸਰੋਕਾਰਾਂ ਦੀ ਵੀ ਗੱਲ ਕਰਦੀ ਹੈ ਕਿਉਂਕਿ ਇਨਸਾਨ ਜਿਸ ਸਮਾਜ ਵਿਚ ਵਿਚਰਦਾ ਹੈ, ਕੁਦਰਤੀ ਹੈ ਉਸ ਉਪਰ ਉਸਦਾ ਪ੍ਰਭਾਵ ਪਵੇ। ਬਹੁਤ ਦਿਨਾਂ ਤੋਂ ਸਿਰਲੇਖ ਵਾਲੀ ਕਵਿਤਾ ਵਿਚ ਉਹ ਸੌੜੀ ਰਾਜਨੀਤੀ, ਮਨੁੱਖੀ ਕਦਰਾਂ ਕੀਮਤਾਂ ਦੇ ਤ੍ਰਿਸਕਾਰ, ਨਾਬਾਲਗਾਂ ਦੇ ਬਲਾਤਕਾਰ, ਆਤਮ ਹੱਤਿਆਵਾਂ, ਝੂਠ ਫਰੇਬ, ਦੁਰਘਟਨਾਵਾਂ ਅਤੇ ਅਖ਼ਬਾਰਾਂ ਦੀ ਭੂਮਿਕਾ ਦਾ ਜ਼ਿਕਰ ਕਰਦੀ ਹੈ। ਹਰਸ਼ਰਨ ਕੌਰ ਭਾਵੇਂ ਪਰਵਾਸ ਵਿਚ ਆਪਣਾ ਜੀਵਨ ਬਸਰ ਕਰ ਰਹੀ ਹੈ ਪ੍ਰੰਤੂ ਉਹ ਆਪਣੀ ਵਿਰਾਸਤ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਜਿਸ ਕਰਕੇ ਉਹ ਪੰਜਾਬੀ ਔਰਤਾਂ ਦੇ ਦਿਲਾਂ ਦੀ ਆਵਾਜ਼ ਬਣਕੇ ਸਾਹਮਣੇ ਆ ਰਹੀ ਹੈ। ਇਕ ਕਿਸਮ ਨਾਲ ਉਹ ਪੰਜਾਬਣਾ ਦੀ ਤਰਜਮਾਨੀ ਕਰਦੀ ਹੈ। ਜਦੋਂ ਉਹ ਆਪਣੀ ਪਹਾੜਨ ਦੀ ਯਾਦ ਸਿਰਲੇਖ ਵਾਲੀ ਕਵਿਤਾ ਵਿਚ ਇੱਕ ਔਰਤ ਦੀ ਤਰਾਸਦੀ ਦਾ ਜ਼ਿਕਰ ਕਰਦੀ ਲਿਖਦੀ ਹੈ ਕਿ ਉਸਨੂੰ ਆਪਣਾ ਪਰਿਵਾਰ ਪਾਲਣ ਲਈ ਅਨੇਕਾਂ ਵੇਲਣ ਵੇਲਣੇ ਪੈਂਦੇ ਹਨ-
ਦੂਰੋਂ ਇੱਕ ਪਹਾੜਨ ਕੁੜੀ, ਘਾਹ ਦੀ ਪੰਡ ਚੁੱਕੀ।
ਕੁਝ ਕੁ ਲੱਕੜਾਂ ਮੋਢਿਆਂ ਉਤੇ, ਨਾਲੇ ਬੁਚਕੀ ਵੀ ਲਟਕਾਈ।
ਸੱਤੇ ਸਵੇਰੇ ਉਠੀ ਹੋਣੀ, ਘਰ ਦੇ ਕੰਮ ਵਿਚ ਰੁੱਝੀ ਹੋਣੀ।
ਵਾਹੋ ਦਾਹੀ ਭੱਜੀ ਹੋਣੀ, ਲੱਕੜਾਂ ਘਾਹ ਚੁਣ ਲਿਆਵਾਂ।
ਖਾਣ ਨੂੰ ਵੀ ਕੁਝ ਲਿਆਵਾਂ, ਤਾਂ ਕਿ ਉਸਦੇ ਬਾਲ ਨਿਆਣੇ।
ਭੁੱਖੇ ਭਾਣੇ ਰਾਹ ਤੱਕਣਗੇ, ਰੁੱਖਾ ਮਿੱਸਾ ਵੀ ਮੰਗਣਗੇ।
ਭਾਵੇਂ ਅੱਜ ਦੇ ਆਧੁਨਿਕ ਯੁਗ ਵਿਚ ਇਸਤਰੀ ਦੀ ਹਾਲਤ ਸੁਧਰ ਗਈ ਹੈ, ਉਸਨੂੰ ਬਹੁਤ ਸਾਰੀਆਂ ਖੁਲ੍ਹਾਂ ਮਿਲ ਗਈਆਂ ਹਨ ਪ੍ਰੰਤੂ ਫਿਰ ਵੀ ਕਵਿਤਰੀ ਮਹਿਸੂਸ ਕਰਦੀ ਹੈ ਕਿ ਮਰਦ ਦੇ ਸਾਥ ਤੋਂ ਬਿਨਾ ਔਰਤ ਅਧੂਰੀ ਹੈ। ਹਰ ਮੋੜ ਉਪਰ ਉਸਨੂੰ ਮਰਦ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਇਸ ਕਰਕੇ ਉਹ ਆਪਣੀਆਂ ਕਵਿਤਾਵਾਂ ਵਿਚ ਪ੍ਰੇਮੀ ਦੀ ਲੋੜ ਭਾਲਦੀ ਹੈ। ਸੱਜਣ ਜੀ ਗੀਤ ਵਿਚ ਮਰਦ ਨੂੰ ਸੰਘਣੀ ਛਾਂ ਦੇਣ ਵਾਲਾ ਰੁੱਖ ਕਹਿੰਦੀ ਹੈ। ਇਸੇ ਕਰਕੇ ਉਹ ਲਿਖਦੀ ਹੈ-
ਸੱਜਣ ਜੀ ਤੁਸੀਂ ਸਾਗਰ-ਕਿਸ਼ਤੀ, ਜਲਾਂ ਤੇ ਅਜੇ ਅਸਾਂ ਤਰਨਾਂ ਏ।
ਚੱਪੂ ਆਪਣੇ ਹੱਥ ਹੀ ਰੱਖਣਾ, ਪਾਰ ਸਾਗਰ ਅਸਾਂ ਕਰਨਾਂ ਏ।
ਪਾਰਕਿੰਗ ਨਾਂ ਦੀ ਕਵਿਤਾ ਵਿਚ ਕਵਿਤਰੀ ਔਰਤ ਦੇ ਮਨ ਦੀ ਗੱਲ ਕਰਦੀ ਹੋਈ ਲਿਖਦੀ ਹੈ ਕਿ ਇਸਤਰੀ ਦਾ ਜੀਵਨ ਇਕ ਪਾਰਕਿੰਗ ਦੀ ਤਰ੍ਹਾਂ ਹੈ ਜਿਸਨੂੰ ਹਮੇਸ਼ਾ ਅਜਿਹੀ ਸ਼ਾਂਤਮਈ ਖਾਲੀ ਥਾਂ ਦੀ ਲੋੜ ਹੁੰਦੀ ਹੈ ਜਿਥੋਂ ਉਸਦੀ ਜ਼ਿੰਦਗੀ ਨੂੰ ਸਕੂਨ ਮਿਲ ਸਕੇ। ਆਪਣੀ ਆਤਮਾ ਨੂੰ ਵਿਗਸਣ ਦਾ ਮੌਕਾ ਮਿਲ ਸਕੇ ਜਿਵੇਂ ਮੋਟਰ ਗੱਡੀਆਂ ਨੂੰ ਖਾਲੀ ਥਾਂ ਪਾਰਕਿੰਗ ਲਈ ਮਿਲ ਜਾਂਦੀ ਹੈ। ਇਸ ਕਵਿਤਾ ਵਿਚ ਉਹ ਲਿਖਦੀ ਹੈ-
ਠੀਕ ਪਾਰਕਿੰਗ ਜਦ ਮਿਲਦੀ ਹੈ, ਸ਼ੁਕਰਾਨੇ ਦੀ, ਸਕੂਨ ਦੀ।
ਆਹ ਨੂੰ ਫਿਰ ਸੋਚ ਘੇਰਦੀ ਹੈ, ਇਨਸਾਨ ਨੂੰ ਵੀ,
ਠੀਕ ਪਾਰਕਿੰਗ ਦਾ ਮਿਲਣਾ ਬਹੁਤ ਜ਼ਰੂਰੀ ਹੈ।
ਇਹ ਵਜੂਦ ਦੀ ਆਰਾਮਗਾਹ, ਕੁਝ ਕੁ ਪਿਆਰ ਤੱਕਣੀਆਂ।
ਮੁਸਕਰਾਉਂਦੇ, ਹਿਲਦੇ ਹੱਥ, ਆਪਣੇ ਆਪ ਨੂੰ ਸੇਧ ਦੇਣਾ।
ਹਮਸਫਰ ਲਈ ਸੋਚ, ਉਸ ਦੀ ਮਕਬੂਲੀਅਤ।
ਉਸ ਦੀ ਮਹਿਬੂਬੀਅਤ, ਸਭ ਸੋਚ ਇਸੇ ਪਾਰਕਿੰਗ ਵਿਚ ਹੀ।
ਉਗਮਦੀ, ਵਿਗਸਦੀ ਹੈ, ਠੀਕ ਜਗ੍ਹਾ ਮਿਲ ਜਾਏ
ਇਸ ਦੀ ਜ਼ਰੂਰਤ ਹੈ...........।
ਕਈ ਵਾਰੀ ਕਵਿਤਰੀ ਬੜੀਆਂ ਵਿਸਮਾਦੀ ਅਤੇ ਰਹੱਸਵਾਦੀ ਗੱਲਾਂ ਕਰਦੀ ਹੈ। ਸੋਚਾਂ ਦਾ ਰਸਤਾ ਕਵਿਤਾ ਵਿਚ ਉਹ ਲਿਖਦੀ ਹੈ ਕਿ ਬਾਜ਼ਾਰ ਵਿਚ ਘਰ ਬਣਾਉਣ ਵਾਲਾ ਸਾਮਾਨ ਵਿਕਦਾ ਹੈ, ਲੋਕ ਖ੍ਰੀਦ ਵੀ ਰਹੇ ਹਨ, ਘਰ ਨਹੀਂ ਮਕਾਨ ਬਣ ਵੀ ਰਹੇ ਹਨ ਪ੍ਰੰਤੂ ਸਹੀ ਮਾਅਨਿਆਂ ਵਿਚ ਘਰ ਨਹੀਂ ਬਣ ਰਹੇ ਅਰਥਾਤ ਘਰ ਟੁੱਟ ਰਹੇ ਹਨ, ਜ਼ਮਾਨਾ ਪਦਾਰਥਵਾਦੀ ਬਣ ਗਿਆ ਹੈ, ਰੂਹ ਦੇ ਪਿਆਰ ਦੀ ਲੋੜ ਨਹੀਂ ਸਰੀਰਕ ਸੁੰਦਰਤਾ ਦੀ ਲੋੜ ਹੈ, ਇਸੇ ਕਰਕੇ ਉਹ ਲਿਖਦੀ ਹੈ-
ਮੇਰਾ ਘਰ ਹੁਣ , ਪਰਿੰਦਿਆਂ ਦਾ ਘਰ ਬਣ ਗਿਆ ਹੈ।
ਜੋ ਉਡ ਉਡ ਜਾਂਦੇ ਨੇ, ਸ਼ਾਮ ਪਈ ਵਾਪਸ ਮੁੜ ਆਉਂਦੇ ਨੇ।
ਪਰ ਮੈਂ ਅਜੇ ਮੁੜੀ ਨਹੀਂ, ਸੜਕਾਂ ਅਜੇ ਵੀ ਚਲ ਰਹੀਆਂ ਨੇ।
ਭੀੜ ਹੋਰ ਵਧ ਗਈ ਹੈ, ਮਜ਼ਦੂਰ ਹੋਰ ਘਰ ਬਣਾ ਰਹੇ ਨੇ।
ਰੇਤ, ਸੀਮਿੰਟ, ਬਜਰੀ ਤੇ ਲੋਹਾ, ਬਾਜ਼ਾਰ 'ਚੋਂ ਖ਼ੂਬ ਵਿਕ ਰਿਹਾ ਹੈ।
ਮਕਾਨਾ ਦੀ ਉਸਾਰੀ ਜਾਰੀ ਹੈ, ਘਰਾਂ ਦਾ ਇੰਤਜ਼ਾਰ ਹੈ?
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਹਰਸ਼ਰਨ ਕੌਰ ਨੂੰ ਪਦਾਰਥਵਾਦੀ ਯੁਗ ਵਿਚ ਰੂਹਾਂ ਦੇ ਆਤਮਿਕ ਮੇਲ ਦੀ ਉਮੀਦ ਅਜੇ ਬਾਕੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.