ਜੇ ਕਾਂਗਰਸ ਪਾਰਟੀ ਦੇ ਕੁਝ ਸਥਾਨਿਕ ਅਤੇ ਰਾਸ਼ਟਰੀ ਪੱਧਰ ਦੇ ਆਗੂ ਪੰਜਾਬ ਅੰਦਰ ਗੁਰਦਾਸਪੁਰ ਲੋਕਸਭਾ ਹਲਕੇ ਅੰਦਰ ਅਕਾਲੀ-ਭਾਜਪਾ ਗਠਜੋੜ ਤੋਂ ਵੱਡੇ ਫਰੱਕ (ਇਕ ਲੱਖ, 93 ਹਜ਼ਾਰ, ਦੋ ਸੌ ਉੱਨੀ) ਨਾਲ ਚੋਣ ਜਿੱਤਣ ਤੋਂ ਉਤਸ਼ਾਹਿਤ ਹੋ ਕੇ ਇਸ ਦੀ ਚਿਕੋਮਗਲੂਰ (ਕਰਨਾਟਕ) ਦੀ ਜਿੱਤ ਨਾਲ ਤੁਲਨਾ ਕਰਦੇ ਦਿੱਲੀ ਸੱਤਾ ਤੇ ਕਾਬਜ਼ ਹੋਣ ਦੀ ਸ਼ੁਰੂਆਤ ਦਰਸਾ ਰਹੇ ਹਨ, ਤਾਂ ਸੱਚ-ਮੁੱਚ ਉਹ ਸ਼ੇਖ ਚਿਲੀ ਸੁਪਨੇ ਲੈ ਰਹੇ ਹਨ। ਚਿੱਕ ਮਗਲੂਰ ਉਪ ਚੋਣ ਸੰਨ 1978 ਵਿਚ ਸ਼੍ਰੀਮਤੀ ਇੰਦਰਾ ਗਾਂਧੀ ਨੇ 19 ਮਹੀਨੇ ਦੇਸ਼ ਅੰਦਰ ਲਗਾਈ ਐਮਰਜੈਂਸੀ ਦੇ ਕਾਲੇ ਦੌਰ ਉਪਰੰਤ ਸੰਨ 1977 ਦੀਆਂ ਆਮ ਚੋਣਾਂ ਵਿਚ ਜੰਤਾ ਪਾਰਟੀ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਜਿਸ ਵਿਚ ਉਹ ਆਪ ਅਤੇ ਪੁੱਤਰ ਸੰਜੈ ਗਾਂਧੀ ਵੀ ਹਾਰ ਗਏ ਸਨ, ਜਿੱਤੀ ਸੀ। ਫਲਸਰੂਪ ਸੰਨ 1980 ਦੀਆਂ ਮੱਧਕਾਲੀ ਆਮ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਮੁੜ ਸੱਤਾ ਵਿਚ ਆ ਗਈ ਸੀ।
ਸ਼੍ਰੀਮਤੀ ਇੰਦਰਾ ਗਾਂਧੀ, ਬ੍ਰਿਟੇਨ ਦੀ 'ਲੋਹ ਔਰਤ' ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵਾਂਗ ਵਿਸ਼ਵ ਪ੍ਰਸਿੱਧ 'ਲੋਹ ਔਰਤ' ਰਾਜਨੀਤੀਵਾਨ, ਡਿਪਲੋਮੈਟ ਅਤੇ ਮੁਦੱਬਰ ਨੀਤੀਵਾਨ ਵਜੋਂ ਜਾਣੀ ਜਾਂਦੀ ਹੈ। ਪੰਡਿਤ ਜਵਾਹਰ ਲਾਲ ਨਹਿਰੂ ਬਾਅਦ ਕਾਂਗਰਸ ਪਾਰਟੀ ਉਸ ਵਰਗਾ ਤਾਕਤਵਰ ਆਗੂ ਪੈਦਾ ਨਹੀਂ ਕਰ ਸਕੀ। ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਸਦੀ ਦਿਉਕੱਦ ਰਾਜਨੀਤਕ ਸ਼ਖ਼ਸੀਅਤ ਅੱਗੇ ਬਹੁਤ ਹੀ ਹੇਠਲੇ ਪੱਧਰ ਦੇ ਬੌਣੇ ਲਗਦੇ ਹਨ। ਸ੍ਰੀ ਬ੍ਰਹਮ ਮਹਿੰਦਰਾ ਅਤੇ ਦੂਸਰੇ ਕਾਂਗਰਸ ਆਗੂਆਂ ਨੂੰ ਐਸੇ ਬੌਣੇ ਆਕਾਵਾਂ ਨੂੰ ਖੁਸ਼ ਕਰਨ ਲਈ ਐਸੀ ਬਿਆਨਬਾਜ਼ੀ ਅੱਛੀ ਲਗਦੀ ਹੋਵੇਗੀ। ਹਕੀਕਤ ਵਿਚ ਐਸੀ ਅਗਵਾਈ ਤੋਂ ਸ਼੍ਰੀ ਨਰਿੰਦਰ ਮੋਦੀ ਵਰਗੇ ਤਾਕਤਵਰ ਆਗੂ ਅਤੇ ਮਜ਼ਬੂਤ ਕਾਡਰ ਅਧਾਰਿਤ ਭਾਰਤੀ ਜਨਤਾ ਪਾਰਟੀ ਦਾ ਤਖ਼ਤਾ ਪਲਟਣਾ ਸੰਭਵ ਨਹੀਂ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਦੀ ਹਕੀਕਤ ਅਤੇ ਇਸਦੇ ਨਾਇਕ ਦੇ ਚੋਣ ਚੱਕਰਵਿਊ ਕਰਨ ਦੀ ਸਮਝ ਬਹੁਤ ਹੀ ਘੱਟ ਲੋਕ ਰਖਦੇ ਹਨ। ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਅਸਲ ਸਥਾਪਿਤ ਨਾਇਕ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਿੰਨਾਂ ਨੇ ਇਸ ਸਬੰਧੀ ਜ਼ਬਰਦਸਤ ਰਾਜਨੀਤਕ ਅਤੇ ਪਾਪੂਲਿਸਟ ਚੱਕਰਵਿਊ ਰਚਨਾ 15 ਅਗਸਤ, 2017 ਨੂੰ ਇਕ ਜ਼ਿਲ੍ਹੇ ਅੰਦਰ 71ਵੇਂ ਅਜ਼ਾਦੀ ਦਿਵਸ ਦੇ ਸੁਭਾਗੇ ਮੌਕੇ ਝੰਡਾ ਝੁਲਾਉਣ ਦੀ ਰਸਮ ਵੇਲੇ ਪਠਾਨਕੋਟ ਜ਼ਿਲ੍ਹੇ ਸਮੇਤ ਇਸ ਜ਼ਿਲ੍ਹੇ ਨੂੰ ਦਿਤੇ ਵਿਕਾਸ ਪੈਕੇਜ਼ ਨਾਲ ਕਰ ਦਿਤੀ ਸੀ।
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਜਿੱਤ ਦੀ ਹਕੀਕਤ ਅਤੇ ਇਸਦੇ ਨਾਇਕ ਦੇ ਚੋਣ ਚੱਕਰਵਿਊ ਕਰਨ ਦੀ ਸਮਝ ਬਹੁਤ ਹੀ ਘੱਟ ਲੋਕ ਰਖਦੇ ਹਨ। ਗੁਰਦਾਸਪੁਰ ਲੋਕ ਸਭਾ ਉਪ ਚੋਣ ਦੇ ਅਸਲ ਸਥਾਪਿਤ ਨਾਇਕ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ ਜਿੰਨਾਂ ਨੇ ਇਸ ਸਬੰਧੀ ਜ਼ਬਰਦਸਤ ਰਾਜਨੀਤਕ ਅਤੇ ਪਾਪੂਲਿਸਟ ਚੱਕਰਵਿਊ ਰਚਨਾ 15 ਅਗਸਤ, 2017 ਨੂੰ ਇਸ ਜ਼ਿਲ੍ਹੇ ਅੰਦਰ 71ਵੇਂ ਅਜ਼ਾਦੀ ਦਿਵਸ ਦੇ ਸੁਭਾਗੇ ਮੌਕੇ ਝੰਡਾ ਝੁਲਾਉਣ ਦੀ ਰਸਮ ਵੇਲੇ ਪਠਾਨਕੋਟ ਜ਼ਿਲ੍ਹੇ ਸਮੇਤ ਇਸ ਜ਼ਿਲ੍ਹੇ ਨੂੰ ਦਿਤੇ ਵਿਕਾਸ ਪੈਕੇਜ਼ ਨਾਲ ਕਰ ਦਿਤੀ ਸੀ।
ਗੁਰਦਾਸਪੁਰ, ਪੰਜਾਬ ਰਾਜ ਹੀ ਨਹੀਂ ਬਲਕਿ ਭਾਰਤ ਦਾ ਅਤਿ ਸਰਹੱਦੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲਗਦੀ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਜ਼ਿਲ੍ਹੇ ਨੂੰ ਭਾਰਤ ਨਾਲ ਜੋੜਨ ਲਈ ਸਾਡੇ ਰਾਜਨੀਤਕ ਆਗੂਆਂ ਨੂੰ ਦੇਸ਼ ਆਜ਼ਾਦੀ ਵੇਲੇ ਦੇਸ਼ ਦੀ ਵੰਡ ਸਮੇਂ ਕਿੰਨੀ ਭਾਰੀ ਮੁਸ਼ੱਕਤ ਕਰਨੀ ਪਈ ਸੀ। ਭਾਰਤ, ਜੰਮੂ-ਕਸ਼ਮੀਰ ਰਾਜ ਨੂੰ ਦੇਸ਼ ਨਾਲ ਜੋੜਨ ਵਾਲੀ ਸ਼ਾਹਰਾਹ ਨੂੰ ਕਿਸੇ ਵੀ ਕੀਮਤ ਤੇ ਨਹੀਂ ਸੀ ਖੋਹਣਾ ਚਾਹੁੰਦਾ ਜੋ ਗੁਰਦਾਸਪੁਰ ਜ਼ਿਲ੍ਹੇ ਵਿਚੋਂ ਦੀ ਲੰਘਦੀ ਸੀ। ਵੰਡ ਦੇ ਨਿਯਮਾਂ ਅਤੇ ਅਸੂਲਾਂ ਤਹਿਤ ਇਹ ਜ਼ਿਲ੍ਹਾ ਪਾਕਿਸਤਾਨ ਨੂੰ ਦਿਤਾ ਗਿਆ ਸੀ। ਇਸ ਦੀ ਸ਼ਕਰਗੜ੍ਹ, ਤਹਿਸੀਲ ਫਿਰ ਵੀ ਪਾਕਿਸਤਾਨ ਨੂੰ ਦੇਣੀ ਪਈ।
ਇਹ ਜ਼ਿਲ੍ਹਾ ਸਰਹੱਦੀ ਹੋਣ ਦੇ ਨਾਲ-ਨਾਲ ਲਗਾਤਾਰ ਪਛੜਿਆ ਰਿਹਾ। 70 ਸਾਲ ਇਥੇ ਕਿਸੇ ਮੁੱਖ ਮੰਤਰੀ ਨੇ ਅਜ਼ਾਦੀ ਦਿਵਸ ਤੇ ਝੰਡਾ ਝੁਲਾਉਣ ਦੀ ਰਸਮ ਅਦਾ ਕਰਨ ਦੀ ਲੋੜ ਹੀ ਨਾ ਸਮਝੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਲ੍ਹੇ ਵਿਚ ਸਾਂਸਦ ਐਕਟਰ ਵਿਨੋਦ ਖੰਨਾ ਦੀ ਮੌਤ ਕਰਕੇ ਉਪ ਚੋਣ ਨੂੰ ਮਦੇਨਜ਼ਰ ਰਖਦੇ, ਨਾ ਸਿਰਫ਼ 15 ਅਗਸਤ, 2007 ਨੂੰ ਅਜ਼ਾਦੀ ਦਿਵਸ 'ਤੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ ਬਲਕਿ ਇਸ ਜ਼ਿਲ੍ਹੇ ਅਤੇ ਹਲਕੇ ਲਈ ਜਿਸ ਵਿਚ ਪਠਾਨਕੋਟ ਜ਼ਿਲ੍ਹਾ ਵੀ ਪੈਂਦਾ ਹੈ, ਵਿਕਾਸ ਕਾਰਜਾਂ ਲਈ ਫੰਡਾਂ ਦੀ ਝੜੀ ਲਗਾ ਦਿਤੀ। ਇਨ੍ਹਾਂ ਵਿਚ ਸਿਹਤ ਵਿਭਾਗ ਲਈ 44 ਕਰੋੜ, ਸਕੂਲ ਸਿਖਿਆ ਲਈ 118 ਕਰੋੜ, ਬੁਢਾਪਾ ਪੈਨਸ਼ਨ ਲਈ 48 ਕਰੋੜ, ਅਸ਼ੀਰਵਾਦ ਸਕੀਮ ਲਈ 100 ਕਰੋੜ, ਟਾਇਲਿਟਸ ਉਸਾਰੀ ਲਈ 84 ਕਰੋੜ, ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ ਦੇ ਰੁਕੇ ਵਿਕਾਸ ਕਾਰਜ ਦੀ ਪੂਰਤੀ ਲਈ 18 ਕਰੋੜ, ਗੁਰਦਾਸਪੁਰ ਬਸ ਸਟੈਂਡ ਉਸਾਰੀ ਲਈ 20 ਕਰੋੜ ਇਲਾਵਾ ਜ਼ਿਲ੍ਹੇ ਨੂੰ ਇਕ ਸੈਨਿਕ ਸਕੂਲ, ਫਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਨੂੰ ਨਵੋਦਿਯਾ ਵਿਦਿਆਲੇ, ਕਾਦੀਆਂ ਹਲਕੇ ਨੂੰ ਨਵਾਂ ਬਸ ਅੱਡਾ, ਪਾਣੀ ਸਪਲਾਈ ਲਈ 32 ਕਰੋੜ, ਦੀਨਾਨਗਰ ਵਿਧਾਨ ਸਭਾ ਹਲਕੇ ਨੂੰ ਸਬ ਤਹਿਸੀਲ, ਰੇਲਵੇ ਫਾਟਕ 'ਤੇ ਐਲੀਵੇਟਿਡ ਪੁਲ ਅਤੇ ਬਟਾਲਾ ਹਲਕੇ ਲਈ 42 ਕਰੋੜ ਦੇ ਐਲਾਨ ਕੀਤੇ।
ਪਠਾਨਕੋਟ ਜ਼ਿਲ੍ਹੇ ਦੇ ਵਿਕਾਸ ਲਈ 67 ਕਰੋੜ, ਇਸ ਦੇ ਹਵਾਈ ਅੱਡੇ ਤੋਂ ਸਿਵਲ ਉਡਾਨਾਂ ਸਤੰਬਰ, 2017 ਤੋਂ ਸ਼ੁਰੂ ਕਰਨ, ਜ਼ਿਲ੍ਹੇ ਨੂੰ ਪੈਪਸੀ ਕੰਪਨੀ ਵਲੋਂ ਫੈਕਟਰੀ ਦੇਣ ਦੇ ਐਲਾਨ ਕੀਤੇ।
ਐਨੇ ਪੈਕੇਜ਼ ਦਾ ਐਲਾਨ ਦੇਸ਼ ਆਜ਼ਾਦੀ ਤੋਂ ਬਾਅਦ ਅਜੇ ਤਕ ਕਿਸੇ ਮੁੱਖ ਮੰਤਰੀ, ਕੇਂਦਰੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੇ ਇਸ ਪੱਛੜੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਕਦੇ ਨਹੀਂ ਸੀ ਕੀਤਾ। ਫਿਰ ਕੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਲੋਕ ਮੂਰਖ ਹਨ ਜੋ ਸੱਤਾਧਾਰੀ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਨਾ ਪਾਉਂਦੇ?
ਪਿਛਲੇ (2002-2007) ਕਾਰਜਕਾਲ ਦੇ ਬਿਲਕੁਲ ਉਲਟ ਇਸ ਚਾਲੂ ਕਾਰਜਕਾਲ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਦਲਾਖੋਰੀ ਅਤੇ ਪੁਲਿਸ ਡੰਡੇ ਦੀ ਅੰਨ੍ਹੇਵਾਹ ਵਰਤੋਂ ਤੋਂ ਤੋਬਾ ਕੀਤੀ। ਉਸ ਦੇ ਸਹਿਯੋਗੀ ਮੰਤਰੀਆਂ, ਵਿਧਾਇਕਾਂ ਅਤੇ ਹੋਰ ਆਗੂਆਂ ਨੇ ਅਕਾਲੀ ਆਗੂਆਂ ਅਤੇ ਸਾਬਕਾ ਮੰਤਰੀਆਂ ਅਤੇ ਉਪ ਮੁੱਖ ਮੰਤਰੀ ਵਿਰੁੱਧ ਬਹਿਬਲ ਕਲਾਂ ਅਤੇ ਦੂਸਰੇ ਬੇਅਦਬੀ ਕਾਂਡਾਂ, ਭ੍ਰਿਸ਼ਟਾਚਾਰ, ਅਣਅਧਿਕਾਰਤ ਰੂਟ ਬੱਸਾਂ, ਰਾਜ ਅੰਦਰ ਚਿੱਟੇ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ, ਕਾਂਗਰਸ ਕਾਰਕੁੰਨਾਂ ਤੇ ਬਣਾਏ ਝੂਠੇ ਕੇਸਾਂ, ਵਿੱਤੀ ਬੇਨਿਯਮੀਆਂ ਆਦਿ ਦੋਸ਼ਾਂ ਅਧੀਨ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਲਈ ਜ਼ੋਰ ਦਿਤਾ। ਉਨ੍ਹਾਂ ਇਕ ਪ੍ਰੌਢ ਸਿਆਸਤਦਾਨ ਅਤੇ ਪ੍ਰਸਾਸ਼ਕ ਦਾ ਮੁਜ਼ਾਹਿਰਾ ਕਰਦੇ ਇਨ੍ਹਾਂ ਸਬੰਧੀ ਵੱਖ-ਵੱਖ ਜਾਂਚ ਕਮਿਸ਼ਨਾਂ ਅਤੇ ਨਸ਼ਿਆਂ ਦੀ ਬੰਦੀ ਅਤੇ ਜਾਂਚ ਲਈ ਵਿਸ਼ੇਸ਼ ਟਾਸਕ ਫੋਰਸ ਗਠਿਤ ਕਰ ਦਿਤੀ ਤਾਂ ਕਿ ਹਰ ਕਾਰਵਾਈ ਕਾਨੂੰਨ ਅਨੁਸਾਰ ਹੋਵੇ। ਉਨ੍ਹਾਂ ਦੇ ਇਸ ਦੂਰਦਰਸ਼ੀ ਅਤੇ ਰਾਜਨੀਤਕ ਟਕਰਾਅ ਰਹਿਤ ਸਾਸ਼ਨ ਵਿਵਸਥਾ ਨੇ ਨਾ ਸਿਰਫ ਪੰਜਾਬ ਦੇ ਚੇਤੰਨ ਲੋਕਾਂ ਬਲਕਿ ਵਿਰੋਧੀਆਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਸਮਾਜਿਕ ਸਦਭਾਵਨਾ ਨੂੰ ਸਥਾਪਿਤ ਕਰਨ ਵੱਲ ਦਿਉ ਕੱਦ ਕਦਮ ਪੁੱਟਿਆ ਜਿਸਤੋਂ 10-12 ਸਾਲਾ ਅੱਤਵਾਦੀ ਤ੍ਰਾਸਦੀ ਤੋਂ ਲੈ ਕੇ ਹੁਣ ਤਕ ਪੰਜਾਬ ਵਾਂਝਿਆ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਰਾਜ ਅੰਦਰ ਉਸਾਰੂ, ਮਿਲਵਰਤਨ ਅਤੇ ਸਿਹਤਮੰਦ ਭਰੇ ਸਮਾਜਿਕ-ਭਾਈਚਾਰਕ ਟਕਰਾਅ ਰਹਿਤ ਲੋਕਤੰਤਰ ਦੀ ਸ਼ੁਰੂਆਤ ਕੀਤੀ ਹੈ। ਨਾਗਰਿਕ ਨੂੰ ਮਿਲਿਆ ਵੋਟ ਅਧਿਕਾਰ ਕਦੇ ਵੀ ਸਮਾਜਿਕ, ਰਾਜਨੀਤਕ, ਭਾਈਚਾਰਕ ਟਕਰਾਅ ਅਤੇ ਵੰਡ ਦਾ ਕਾਰਨ ਨਹੀਂ ਬਣਨਾ ਚਾਹੀਦਾ। ਰਾਜਨੀਤਕ ਪਾਰਟੀਆਂ ਲੋਕਤੰਤਰ ਚੇਤੰਨਾਂ ਅਤੇ ਵਿਕਾਸ ਲਈ ਹਨ ਨਾ ਕਿ ਭਾਈਚਾਰਕ ਵੰਡ ਲਈ। ਰਾਜਨੀਤਕ ਵਿਚਾਰ ਸਮਾਜਿਕ ਅਤੇ ਭਾਈਚਾਰਕ ਸਾਂਝ ਆੜੇ ਨਹੀਂ ਆਉਣੇ ਚਾਹੀਦੇ। ਜਿਵੇਂ ਵੱਖ-ਵੱਖ ਪਾਰਟੀਆਂ ਦੇ ਜਨਤਕ ਨੁਮਾਇੰਦੇ ਵਿਧਾਨ ਸਭਾਵਾਂ ਅਤੇ ਸੰਸਦ ਵਿਚ ਮਿਲ-ਜੁਲ ਕੇ ਬੈਠਦੇ, ਖਾਂਦੇ, ਪੀਂਦੇ, ਮਿਲਦੇ ਹਨ ਆਮ ਨਾਗਰਿਕ ਕਿਉਂ ਨਹੀਂ? ਪੰਜਾਬ ਅੰਦਰ ਇਹ ਸ਼ੁਰੂਆਤ ਨਵ-ਲੋਕਤੰਤਰੀ ਪੰਜਾਬ ਅਤੇ ਸਮਾਜ ਸਿਰਜੇਗੀ। ਇਸੇ ਸੋਚ ਤੋਂ ਪ੍ਰਭਾਵਿਤ ਹੋ ਕੇ ਗੁਰਦਾਸਪੁਰ ਲੋਕ ਸਭਾ ਹਲਕੇ ਦੋ ਵੋਟਰਾਂ ਨੇ ਵੱਡੀ ਗਿਣਤੀ ਵਿਚ ਪਾਰਟੀ ਪੱਧਰ ਤੋਂ ਉਪਰ ਉੱਠਦਿਆਂ ਕੈਪਟਨ ਅਮਰਿੰਦਰ ਦੀ ਸੋਚ ਤੇ ਮੁਹਰ ਲਾਉਣ ਦਾ ਫ਼ਤਵਾ ਦਿੱਤਾ।
ਆਮ ਆਦਮੀ ਪਾਰਟੀ ਦਾ ਉਮੀਦਵਾਰ ਸੇਵਾ ਮੁਕਤ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਇਕ ਸਨਮਾਨਿਤ ਫ਼ੌਜੀ ਅਤੇ ਇਮਾਨਦਾਰ ਵਿਅਕਤੀ ਹੋਣ ਦੇ ਬਾਵਜੂਦ ਇਸ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਨਿੱਤ ਅਕਾਲੀ ਆਗੂ ਬੀਬੀ ਜਗੀਰ ਕੌਰ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਜ਼ਹਿਰ ਉੱਗਲਣ ਤਕ ਸੀਮਤ ਰਹਿਣ, ਪ੍ਰ੍ਰਧਾਨ ਭਗਵੰਤ ਸਿੰਘ ਮਾਨ ਠੁੱਸ ਹੋਣ ਕਾਰਨ ਇਹ ਪਾਰਟੀ ਨਮੋਸ਼ੀ ਭਰੀਆਂ 23579 ਵੋਟਾਂ ਲੈ ਕੇ ਜ਼ਮਾਨਤ ਜ਼ਬਤ ਕਰਵਾ ਬੈਠੀ। ਆਪ ਦੇ ਸਾਬਕਾ ਕਨਵੀਨਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਇਸ ਜ਼ਿਲ੍ਹੇ ਵਿਚ ਈਮਾਨਦਾਰ ਰਾਜਨੀਤਕ ਆਗੂ ਵਜੋਂ ਬਹੁਤ ਸਨਮਾਨ ਰਖਦੇ ਹਨ। ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਆਪ ਉਮੀਦਵਾਰ ਵਜੋਂ 1,73,325 ਵੋਟਾਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਅਤੇ ਹੁਣ ਪਾਰਟੀ ਦੇ ਅਹੁਦੇਦਾਰਾਂ ਅਤੇ ਵਿਧਾਨ ਸਭਾ ਚੋਣਾਂ ਸਮੇਂ ਉਮੀਦਵਾਰਾਂ ਵਲੋਂ ਪਾਰਟੀ ਛੱਡ ਜਾਣ ਕਰਕੇ ਪਾਰਟੀ ਮਾਝੇ ਅੰਦਰ ਸਾਹਸਤੀਨ ਹੋ ਚੁੱਕੀ ਹੈ।
ਕਾਂਗਰਸ ਦੇ ਇਮਾਨਦਾਰ ਸ਼ਵੀ ਵਾਲੇ, ਪ੍ਰਬੁੱਧ, ਸਾਉ ਉਮੀਦਵਾਰ ਸੁਨੀਲ ਜਾਖੜ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ ਅੱਗੇ ਭਾਜਪਾ ਦਾ ਸਰਮਾਏਦਾਰ ਅਤੇ ਦਾਗ਼ੀ ਸ਼ਵੀ ਵਾਲਾ ਭਾਜਪਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਕਿਸੇ ਹਲਕੇ ਵਿਚ ਵੀ ਟਿੱਕ ਨਾ ਸਕਿਆ। ਗੁਰਦਾਸਪੁਰ ਸੀਟ ਜਿਸ ਵਿਚ 9 ਵਿਧਾਨ ਸਭਾ ਹਲਕਿਆਂ ਵਿਚੋਂ 5 ਤੋਂ ਅਕਾਲੀ ਉਮੀਦਵਾਰ ਲੜਦੇ ਹਨ ਕਦੇ ਵੀ ਭਾਜਪਾ ਉਨ੍ਹਾਂ ਦੀ ਹਮਾਇਤ ਬਗੈਰ ਨਹੀਂ ਜਿੱਤ ਸਕਦੀ। ਜ਼ਿਲ੍ਹੇ ਦੇ ਅਕਾਲੀ ਜਥੇਦਾਰ, ਇਸ ਚੋਣ ਦੇ ਇੰਚਾਰਜ ਅਤੇ ਸਾਬਕਾ ਖਾੜਕੂ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਪੋਰਨ ਸੀ.ਡੀ. ਅਤੇ ਉਮੀਦਵਾਰ ਸਲਾਰੀਆ ਦੀਆਂ ਇਕ ਔਰਤ ਨਾਲ ਅਸ਼ਲੀਲ ਫੋਟੋਆਂ ਵਾਇਰਲ ਹੋਣ, ਲੰਗਾਹ ਦੇ ਗ੍ਰਿਫਤਾਰ ਹੋਣ, ਉਸ ਨੂੰ ਪੰਥ ਵਿਚੋਂ ਅਤਿ ਗੰਦੇ ਕਿਰਦਾਰ ਕਰਕੇ ਛੇਕਣ ਕਰਕੇ ਚੋਣ ਨਤੀਜਿਆਂ ਪਹਿਲਾਂ ਹੀ ਅਕਾਲੀ-ਭਾਜਪਾ ਹਾਰ ਚੁੱਕੀ ਸੀ।
ਕੇਂਦਰ ਅੰਦਰ ਸ਼੍ਰੀ ਨਰਿੰਦਰ ਮੋਦੀ ਸਰਕਾਰ ਵਲੋਂ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਇਕ ਦਮੜੀ ਵੀ ਨਾ ਦੇਣ, ਪਹਾੜੀ ਰਾਜਾਂ ਦਾ ਸਨਅਤੀ ਪੈਕੇਜ 10 ਸਾਲ ਹੋਰ ਵਧਾਕੇ ਪੰਜਾਬ ਦੇ ਜਖ਼ਮਾਂ ਤੇ ਨਮਕ ਛਿੜਕਣ, ਨੋਟ ਬੰਦੀ ਅਤੇ ਜੀ.ਐੱਸ.ਟੀ. ਸਹੀ ਢੰਗ ਨਾਲ ਨਾ ਲਾਗੂ ਕਰਕੇ ਹਾਹਾਕਾਰ ਮੱਚਣ, ਯਸ਼ਵੰਤ ਸਿਨਹਾ, ਅਰੁਣ ਸ਼ੋਰੀ, ਸੁਬਰਾਮਨੀਅਮ ਸਵਾਮੀ, ਐੱਸ.ਗੁਰੂਮੂਰਥੀ ਵਰਗੇ ਆਰਥਿਕ ਮਾਹਿਰਾਂ ਵਲੋਂ ਮੋਦੀ ਸਰਕਾਰ ਅਤੇ ਉਸ ਦੀਆਂ ਆਰਥਿਕ ਨੀਤੀਆਂ ਤੇ ਧਾਵਾ ਬੋਲਣ, ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਏ ਬੀ ਵੀ ਪੀ ਦਾ ਬਿਸਤਰਾ ਗੋਲ ਕਰਨ ਜਿਹੀਆਂ ਕਾਰਵਾਈਆਂ ਨੇ ਵੀ ਕਾਂਗਰਸ ਦੀ ਜਿੱਤ ਵਿਚ ਯੋਗਦਾਨ ਪਾਇਆ।
ਇਸ ਜਿੱਤ ਕਰਕੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਰਕਾਰ 'ਤੇ ਪੰਜਾਬੀਆਂ ਅਤੇ ਗੁਰਦਾਸਪੁਰੀਆਂ ਨਾਲ ਕੀਤੇ ਵਾਅਦਿਆਂ ਦੀ ਸੰਨ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੂਰਤੀ ਲਈ ਦਬਾਅ ਵੱਧ ਗਿਆ ਹੈ। ਜੇ ਉਹ ਅਜਿਹਾ ਨਾ ਕਰ ਸਕੀ ਤਾਂ ਪੰਜਾਬੀ ਉਸ ਵਿਰੁੱਧ ਭੁਗਤਣਗੇ। ਕਾਂਗਰਸ ਦੇਸ਼ ਅੰਦਰ ਅੱਜ ਕਿਥੇ ਖੜ੍ਹੀ ਹੈ, ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਤਹਿ ਕਰ ਦੇਣਗੀਆਂ। ਦਿੱਲੀ ਤਾਂ ਅਜੇ ਦੂਰ ਅਸਤ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
94170-94034
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.