ਖ਼ਬਰ ਹੈ ਕਿ ਬਰਨਾਲਾ ਵਿਖੇ ਡੀ ਸੀ ਘਨਸ਼ਿਆਮ ਨੇ ਡਾਕਟਰਾਂ ਅਤੇ ਕੈਮਿਸਟਾਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕੀਤਾ ਹੈ। ਬਰਨਾਲਾ ਸਿਵਲ ਹਸਪਤਾਲ ਵਿੱਚ ਅਗਸਤ ਮਹੀਨੇ ਦੌਰਾਨ ਆਏ 18000 ਮਰੀਜ਼ਾਂ ਵਿਚੋਂ ਜਨ ਔਸ਼ਧੀ ਸੈਂਟਰ (ਸਸਤੀ ਦਵਾਈਆਂ ਦੀ ਦੁਕਾਨ) ਵਿੱਚ ਸਿਰਫ 952 ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਲੈਣ ਭੇਜਿਆ ਗਿਆ ਬਾਕੀ ਸਾਰਿਆਂ ਨੂੰ ਪ੍ਰਾਈਵੇਟ ਕੈਮਿਸਟਾਂ ਕੋਲ ਭੇਜਿਆ ਗਿਆ। ਖ਼ਬਰ ਇਹ ਵੀ ਹੈ ਕਿ ਦੇਸ਼ ਵਿੱਚ ਬੈਂਕਾਂ ਦਾ ਡੁਬਿਆ ਹੋਇਆ ਕਰਜ਼ਾ ਪਿਛਲੇ ਛੇ ਮਹੀਨਿਆਂ ‘ਚ ਵਧਕੇ 9.53 ਲੱਖ ਕਰੋੜ ਰੁਪਏ ਹੋ ਗਿਆ ਹੈ। ਕੰਪਨੀਆਂ ਵਲੋਂ ਕਰਜ਼ਾ ਵਾਪਿਸ ਨਾ ਕਰਨ ਕਾਰਨ ਬੈਂਕਾਂ ਉਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਕਰਜ਼ੇ ਦੇ ਬੋਝ ਕਾਰਨ ਕਈ ਕੰਪਨੀਆਂ ਨੇ ਆਪਣਾ ਦੀਵਾਲਾ ਕੱਢ ਲਿਆ ਹੈ ਅਤੇ ਕਾਰੋਬਾਰ ਬੰਦ ਕਰ ਲਏ ਹਨ। ਬਹੁਤੀ ਵੇਰ ਮਿਲੀਭੁਗਤ ਨਾਲ ਬੈਡ ਲੋਨ ਜਾਂ ਡੁਬਦਾ ਕਰਜ਼ਾ ਵਾਪਿਸ ਨਾ ਹੋਣ ਯੋਗ ਰਕਮ ਦੀ ਕੈਟੇਗਿਰੀ ‘ਚ ਪਾ ਕੇ ਇਹ ਕਰਜ਼ਾ ਵੱਟੇ-ਖਾਤੇ ਪਾਇਆ ਮਨ ਲਿਆ ਜਾਂਦਾ ਹੈ।
ਇਹਨੂੰ ਕਹਿੰਦੇ ਆ ਟੀਕਾ ਲਾਉਣਾ! ਡਾਕਟਰ ਟੀਕਾ ਲਾਉਂਦੇ ਆ ਮਰੀਜ਼ਾਂ ‘ਤੇ, ਜੇਬ ਭਰੀ ਜਾਂਦੇ ਆ। ਕੰਪਨੀਆਂ, ਬੈਂਕਾਂ ‘ਤੇ ਟੀਕੇ ਲਾਉਦੀਆਂ ਆ, ਅਤੇ ਆਪਣੇ ਖਜ਼ਾਨੇ ਭਰੀ ਜਾਂਦੀਆਂ ਆ। ਡਾਕਟਰ ਮਰੀਜ਼ਾਂ ਦੀਆਂ ਜੇਬਾਂ ਫਰੋਲਦੇ ਆ, ਟੈਸਟ ਲਿਖਦੇ ਜਾਂਦੇ ਆ। ਮਹਿੰਗੀਆਂ ਦੁਆਈਆਂ ਦੇਈ ਜਾਂਦੇ ਆ। ਟੈਸਟਾਂ, ਦੁਆਈਆਂ ਦੇ ਕਮਿਸ਼ਨ, ਕੈਮਿਸਟਾਂ ਅਤੇ ਟੈਸਟ ਲੈਬਾਂ ਤੋਂ ਲੈ ਕੇ ਆਪਣੇ ਬੋਝੇ ਭਰੀ ਜਾਦੇ ਆ। ਬੈਂਕਾਂ ਵਾਲੇ ਪਹਿਲਾ ਕੰਪਨੀਆਂ ਦੀਆਂ ਕੁੱਖਾਂ ਪੈਸੇ ਨਾਲ ਭਰੀ ਜਾਂਦੇ ਆ, ਫਿਰ ਅੱਧੋ-ਅੱਧ ਸੁਆਹਾ ਕਰਦੇ ਇਸੇ ਲੋਨ ਨੂੰ ਬੈਡ-ਲੋਨ ਦਿਖਾਈ ਜਾਂਦੇ ਆ। ਪੈਸੇ ਲੋਕਾਂ ਦੇ। ਖਾ ਰਹੀਆਂ ਆ ਜੋਕਾਂ। ਇਹਨਾ ਨੂੰ ਪੁੱਛੇ ਤਾਂ ਕੌਣ ਪੁੱਛੇ? ਪੁੱਛਣ ਵਾਲਿਆਂ ਦਾ ਵੀ ਹਿੱਸਾ-ਪੱਤੀ,ਬਰੀਫ ਕੇਸਾਂ ‘ਚ ਪਾ ਪਹਿਲਾਂ ਹੀ ‘ਕੋਠੀ‘ ਜਾ ਪੁੱਜਦਾ! ਤਦੇ ਭਾਈ ਕੋਈ ਹਾਕਮ ਬਣਿਆ ਨਹੀਂ ਕਿ ਆਮਦਨ ਇਕੋ ਸਾਲ ‘ਚ 16000ਗੁਣਾ ਵਧੀ ਨਹੀਂ! ਚੋਰੀ ਦਾ ਮਾਲ ਲਾਠੀਆਂ ਦੇ ਗਜ਼, ਕਿਹੜਾ ਇਸ ਕਮਾਈ ਲਈ ਜ਼ੋਰ ਲੱਗਿਆ ਕਿਸੇ ਦਾ! ਅਸਲ ‘ਚ ਭਾਈ ਦੇਸ਼ ਨੂੰ ਹਰ ਪਾਸੇ ਲਹੂ ਪੀਣੀਆਂ ਜੋਕਾਂ ਲੱਗੀਆਂ ਹੋਈਆਂ। ਤਦੇ ਤਾਂ ਕ੍ਰਾਂਤੀਕਾਰੀ ਕਵੀ ਸੰਤ ਰਾਮ ਉਦਾਸੀ ਕਹਿੰਦਾ ਆ, “ਇਹਨਾ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾ ਥੋਨੂੰ ਵੀ ਵੇਚ ਕੇ ਖਾ ਜਾਣਾ“।
ਕਿਹੜੀ ਗੱਲੋਂ ਅਣਵਾਹੇ ਨੇ ਵਾਲ ਤੇਰੇ
ਖ਼ਬਰ ਹੈ ਕਿ ਗੁਰਦਾਸਪੁਰ ਚੋਣਾਂ ਵਿੱਚ ਸੁਨੀਲ ਜਾਖੜ ਨੇ ਵੋਟਾਂ ‘ਚ ਵੱਡਾ ਵਾਧਾ ਲੈਂਦੇ ਹੋਏ ਆਪਣੇ ਵਿਰੋਧੀ ਉਮੀਦਵਾਰ ਸਵਰਨ ਸਲਾਰੀਆ ਤੋਂ 1,93,219 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਸੁਨੀਲ ਜਾਖੜ ਨੂੰ 4,99,752 ਵੋਟਾਂ ਮਿਲੀਆਂ ਨੇ ਜਦਕਿ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਨੂੰ 3,06,553 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਮਹਿਜ 23,579 ਵੋਟਾਂ ਮਿਲੀਆਂ ਹਨ। ਆਪ ਉਮੀਦਵਾਰ ਦੀ ਜਮਾਨਤ ਜਬਤ ਹੋ ਗਈ ਹੈ।
ਪਹਿਲੇ “ਆਪ“, ਪਹਿਲੇ “ਆਪ“ ਕਰਦੇ ਤਾਂ ਕੁਝ ਬਣਾ ਲੈਂਦੇ। ਪਹਿਲੇ “ਮੈਂ“, ਪਹਿਲੇ “ਮੈਂ“ ਕਰਦੇ, ਸੱਭੋ ਕੁ ਗੁਆ ਬੈਠੇ। ਸੁਫਨੇ ਸਨ,ਸਾਰੀਆ ਵਿਧਾਨ ਸਭਾ ਚੋਣਾਂ ਲੜਾਂਗੇ, ਪੂਰਾ ਸੈਂਕੜਾ ਮਾਰਾਂਗੇ। ਬਥੇਰੇ ਚੌਕੇ, ਛਿੱਕੇ ਛੱਡੇ। ਪੂਰੀ ਨਾ ਪਈ! ਸਿਮਟ ਕੇ ਰਹਿ ਗਈ ‘ਪਾਰੀ‘!ਪਾਰਟੀ ਬਹੁਤ ਕੁਝ ਹੁੰਦਿਆਂ ਵੀ ਨਾ ਜਿੱਤੀ, ਨਾ ਭਾਈ ਹਾਰੀ!
ਉਂਜ ਭਾਈ ਜਿਥੇ ਸੱਭੋ ਚੌਧਰੀ ਹੋਣ! ਜਿਥੇ ਸੱਭੋ ਮੋਹਰੀ ਹੋਣ! ਜਿਥੇ ਸੱਭੋ ਕੁਰਸੀ ਦੇ ਭੁੱਖੇ ਹੋਣ! ਜਿਥੇ ਅਸੂਲ ਨਾਲੋਂ, ਭੁੱਖ ਵਧੇਰੇ ਹੋਵੇ! ਉਥੇ ਆਹ ਦਿਨ ਦੇਖਣੇ ਹੀ ਪੈਂਦੇ ਆ।
ਕੰਮ ਕਰਦੇ ਰਹੇ ਵਰਕਰ! ਉਹਨਾ ਦੀ ਬੁਰਕੀ ਖੋਹਕੇ ਭੱਜ ਗਏ ਦਿੱਲੀ ਵਾਲੇ। ਕੰਮ ਕਰਦੇ ਰਹੇ ਲੋਕ ਜਾਂ ਲੋਕਾਂ ਦੇ ਨੇਤਾ। ਉਹਨਾ ਦੀਆਂ ਸੀਟਾਂ ਲੈ ਗਏ ਦਿੱਲੀ ਵਾਲੇ। ਪੈਸਾ ਇੱਕਠਾ ਕਰਦੇ ਰਹੇ ਪੰਜਾਬੀ, ਜਾਂ ਪ੍ਰਵਾਸੀ ਪੰਜਾਬੀ। ਨੋਟਾਂ ਦੀਆਂ ਪੰਡਾਂ ਬੰਨ-ਬੰਨ ਲੈ ਜਾਂਦੇ ਰਹੇ ਦਿੱਲੀ ਵਾਲੇ! ਉਂਜ ਵੀ ਭਾਈ ਜਦ ਦਾਲ ਛਿੱਤਰਾਂ ‘ਚ ਵੰਡੀ ਜਾਂਦੀ ਹੋਵੇ ਤਾਂ ਫਾਇਦਾ ਸ਼ਰੀਕ ਹੀ ਉਠਾਉਂਦੇ ਆ ਤੇ ਬੰਦੇ ਦੀ ਹਾਲਤ ਲੀਰੋ-ਲੀਰ ਹੋ ਜਾਂਦੀ ਆ। ਇਸੇ ਕਰਕੇ ਮੇਰਾ ਇਕ ਦੋਸਤ ਕਵੀ ਇਹੋ ਜਿਹਿਆਂ ਬਾਰੇ ਲਿਖਦਾ ਸੱਚੀਆਂ ਗੱਲਾਂ ਬਿਆਨਦਾ ਆ,“ ਕਿਹੜੀ ਗੱਲੋਂ ਤੂੰ ਲਿਪਟਿਆ ਵਿੱਚ ਲੀਰਾਂ, ਕਿਹੜੀ ਗੱਲੋਂ ਅਣਵਾਹੇ ਨੇ ਵਾਲ ਤੇਰੇ“।
ਜਿੱਦਾਂ ਚੰਦਨ ਦੇ ਰੁੱਖਾਂ ਨੂੰ ਲਿਪਟੇ ਰਹਿੰਦੇ ਨਾਗ ਸਦਾ
ਖ਼ਬਰ ਹੈ ਕਿ ਦੇਸ਼ ਦੀਆਂ ਲਗਭਗ 43 ਫੀਸਦੀ ਲੜਕੀਆਂ ਦੇ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦੇ ਹਨ। ਇਹਨਾਂ ਵਿਚੋਂ ਵੀ ਵੱਡਾ ਹਿੱਸਾ ਲੜਕੀਆਂ ਦੇ ਵਿਆਹ 15 ਸਾਲ ਦੀ ਉਮਰ ਵਿੱਚ ਹੀ ਹੋ ਜਾਂਦੇ ਹਨ। ਰਾਜਸਥਾਨ, ਮਹਾਰਾਸ਼ਟਰ,ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਵੀ “ਆਖਾਤੀਜ“(ਅਕਸ਼ੈ ਤੀਜ਼) ਤਿਉਹਾਰ ਦੇ ਮੌਕੇ ਬਾਲ ਵਿਆਹ ਦੀ ਪਰੰਪਰਾ ਨਿਭਾਈ ਜਾਂਦੀ ਹੈ। ਜਿਥੇ ਮੁਸਲਿਮ ਧਰਮ ਗੁਰੂ, ਬਾਲ ਵਿਆਹ ਨੂੰ ਤਰਕ ਸੰਗਤ ਮੰਨਦੇ ਹਨ, ਉਥੇ ਕਈ ਥਾਈਂ ਹਿੰਦੂ ਸਮਾਜ ਵਿੱਚ ਇਹ ਮਾਨਤਾ ਹੈ ਕਿ ਬਾਲਿਕਾ ਦੀ ਮਹਾਵਾਰੀ ਆਉਣ ਤੋਂ ਪਹਿਲਾਂ ਜੇਕਰ ਉਸਦਾ ਕੰਨਿਆਦਾਨ ਕਰ ਦਿੱਤਾ ਜਾਏ ਤਾਂ ਪੁੰਨ ਮਿਲਦਾ ਹੈ। ਖ਼ਬਰ ਇਹ ਵੀ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਨੇ ਸ਼ਾਦੀ ਸ਼ੁਦਾ ਨਾਬਾਲਿਕ ਲੜਕੀਆਂ ਨਾਲ ਸ਼ਰੀਰਕ ਸਬੰਧ ਨੂੰ ਬਲਾਤਕਾਰ ਦੀ ਸ਼੍ਰੇਣੀ ਵਿੱਚ ਰੱਖਿਆ ਹੈ,ਭਾਵੇਂ ਇਹ ਸ਼ਰੀਰਕ ਸਬੰਧ ਉਸਦਾ ਪਤੀ ਹੀ ਕਿਉਂ ਨਾ ਬਣਾ ਰਿਹਾ ਹੋਵੇ। ਜਿੱਦਨ ਤਿੰਨ ਤਲਾਕ ਸਬੰਧੀ ਫੈਸਲਾ ਸੁਪਰੀਮ ਕੋਰਟ ਨੇ ਦਿੱਤਾ ਸੀ ਤਾਂ ਹਾਕਮਾਂ ਦੀਆਂ ਵਾਛਾਂ ਖਿੜ ਗਈਆਂ। ਇੱਕ ਉਪਰਲਾ ਧੁਤੂ ਬੋਲਿਆ ਤੇ ਹੇਠਲਿਆਂ ਕੰਮ ਚੁੱਕ ਲਿਆ। ਵਾਹ -ਵਾਹ ਕਰ ਦਿੱਤੀ। ਮਸਲਾ ਭਾਈ ਮੁਸਲਿਮ ਔਰਤਾਂ ਦੀਆਂ ਵੋਟਾਂ ਦਾ ਸੀ। ਹੁਣ ਬਾਲ ਵਿਆਹ ਤੇ ਨਿਆਂ ਦੀ ਤਕੱੜੀ ਬੋਲੀ ਤਾਂ ਨੇਤਾਵਾਂ ਨੂੰ ਜਿਵੇਂ ਸੱਪ ਸੁੰਘ ਗਿਆ। ਬੋਲਤੀ ਹੀ ਬੰਦ ਹੋ ਗਈ। ਕੋਈ ਨਾ ਬੋਲਿਆ। ਕੋਈ ਨਾ ਕੁੱਸਕਿਆ। ਗੱਲ ਵੱਡਿਆਂ ਨੂੰ ਨਰਾਜ਼ ਕਰਨ ਵਾਲੀ ਸੀ। ਭਾਈ‘ਸਿਆਣਿਆਂ ਨੂੰ ਨਰਾਜ਼ ਕੌਣ ਕਰੇ‘?
ਉਂਜ ਭਾਈ ਕੰਜਕਾਂ ਦਾ ਹਾਲ ਦੇਖੋ! ਮਾਂ ਦੇ ਪੇਟ ‘ਚ ਕਤਲ! ਨੇਤਾ ਚੁੱਪ, ਸਮਾਜ ਚੁੱਪ! ਰੋਟੀ, ਪੜ੍ਹਾਈ ‘ਚ ਵਿਤਕਰਾ! ਨੇਤਾ ਚੁੱਪ,ਸਮਾਜ ਚੁੱਪ! ਦਾਜ ਦੀ ਬਲੀ ਕੰਜਕਾਂ ਚੜ੍ਹਦੀਆਂ! ਨੇਤਾ ਚੁੱਪ, ਸਮਾਜ ਚੁੱਪ! ਬਾਲ ਵਿਆਹ! ਨੇਤਾ ਚੁੱਪ, ਸਮਾਜ ਚੁੱਪ! ਮਰਦਾਂ ਦੀ ਹੈਂਕੜ, ਮਰਦਾਂ ਦੀ ਕੁੱਟ, ਕੰਜਕਾਂ, ਲੜਕੀਆਂ, ਔਰਤਾਂ ਸਹਿੰਦੀਆਂ ਆ। ਨੇਤਾ ਚੁੱਪ, ਸਮਾਜ ਚੁੱਪ! ਔਰਤ ਦੀ ਹਾਲਤ ਤਾਂ ਭਾਈ ਬਾਹਲੀਓ ਦਰਦਨਾਕ ਆ, ਸੁਣਦਾ ਹੀ ਕੋਈ ਨਹੀਂ। ਤਦੇ ਕਵੀ ਕਹਿੰਦਾ ਆ, “ਜਿੱਦਾਂ ਚੰਦਨ ਦੇ ਰੁੱਖਾਂ ਨੂੰ ਲਿਪਟੇ ਰਹਿੰਦੇ ਨਾਗ ਸਦਾ,ਮੇਰੀ ਰੂਹ ਤੇ ਹਾਦਸਿਆਂ ਦਾ ਐਦਾਂ ਸਦਾ ਲਿਬਾਸ ਰਿਹਾ“।
ਕੂ, ਕੂ ਕਰਦੀਏ ਕੋਇਲੇ ਨੀ ਤੂੰ ਐਵੇਂ ਨਾ ਤੜਫਾ
ਖ਼ਬਰ ਹੈ ਕਿ ਗਾਂਧੀਵਾਦੀ ਸਮਾਜ ਸ਼੍ਰੇਣੀ ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ ਵਿਰੁੱਧ ਨਵੇਂ ਸਿਰਿਓਂ ਮੁਹਿੰਮ ਵਿੱਢ ਦਿੱਤੀ ਹੈ। ਜਦੋਂ ਦੇਸ਼ ‘ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੇ ਭਿ੍ਰਸ਼ਟਾਚਾਰ ਦੀ ਦੇਸ਼ ‘ਚ ਚਰਚਾ ਚੱਲ ਰਹੀ ਹੈ, ਉਸ ਵੇਲੇ ਅੰਨਾ ਹਜ਼ਾਰੇ ਨੇ ਆਪਣੇ ਪਿੰਡ ਰਲੇਗਣ ਸਿੱਧੀ ‘ਚ ਦੇਸ਼ ਭਰ ਦੇ ਗਾਂਧੀਵਾਦੀ ਵਰਕਰਾਂ ਨਾਲ ਮੀਟਿੰਗ ਕੀਤੀ ਹੈ। ਅੰਨਾ ਹਜ਼ਾਰੇ ਨੇ ਭਿ੍ਰਸ਼ਟਾਚਾਰ ਵਿਰੁੱਧ ਨਵਾਂ ਅੰਦੋਲਨ ਛੇੜਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਹਜ਼ਾਰੇ ਨੇ ਕਿਹਾ ਕਿ ਪੈਸੇ ਨਾਲ ਸੱਤਾ ਅਤੇ ਸੱਤਾ ਨਾਲ ਪੈਸੇ ਇਹ ਹੀ ਚੱਕਰ ਚੱਲ ਰਿਹਾ ਹੈ ਅਤੇ ਮੋਦੀ ਸਰਕਾਰ ਭਿ੍ਰਸ਼ਟਾਚਾਰ ਦੀ ਪੁਸ਼ਤਪਨਾਹੀ ਕਰ ਰਹੀ ਹੈ ਅਤੇ ਆਗੂਆਂ ਨੂੰ ਜਾਪਦਾ ਹੈ ਕਿ ਮਰਨ ਬਾਅਦ ਵੀ ਉਹ ਕਰਸੀ ਆਪਣੇ ਨਾਲ ਲੈ ਜਾਣਗੇ। ਯਾਦ ਰਹੇ ਕਿ ਅੰਨਾ ਹਜ਼ਾਰੇ ਵਲੋਂ ਲੋਕਪਾਲ ਬਾਰੇ ਸ਼ੁਰੂ ਕੀਤੇ ਅੰਦੋਲਨ ਦਾ ਕੋਈ ਬਿਹਤਰ ਨਤੀਜਾ ਨਹੀਂ ਨਿਕਲਿਆ।
ਨਤੀਜਾ ਤਾਂ ਬੜਾ ਸੋਹਣਾ ਨਿਕਲਿਆ। ਅੰਨਾ ਹਜ਼ਾਰੇ ਦਾ ਇੱਕ ਆੜੀ ਕੇਜਰੀਵਾਲ ਦਿੱਲੀ ਦੀ ਕੁਰਸੀ ਹਥਿਆ ਗਿਆ। ਇੱਕ ਹੋਰ ਚੇਲੀ,ਕਿਰਨ ਬੇਦੀ, ਮੋਦੀ ਦੇ ਪਾਸੇ ਜਾਕੇ ਗੋਆ ਦੀ ਗਵਰਨਰੀ ਲੈ ਬੈਠ ਗਈ! ਭਲਾ ਇਸ ਤੋਂ ਵੱਧ ਅੰਨਾ ਹਜ਼ਾਰੇ ਨੂੰ, ਆਪਣੇ ਚੇਲਿਆ ‘ਤੇ ਹੋਰ ਕੀ ਫਖ਼ਰ ਹੋ ਸਕਦਾ?
ਰਹੀ ਗੱਲ ਗਾਂਧੀਵਾਦੀਆਂ ਦੀ! ਗਾਂਧੀ ਤਾਂ ਮੋਦੀ ਨੇ ਆਪਣੇ ਨਾਲ ਲਾ ਲਿਆ। ਨਿੱਤ ਉਹਦੇ ਸੋਹਲੇ ਗਾਈ ਜਾਂਦਾ, ਕਾਂਗਰਸੀਆਂ ਨੂੰ ਮੈਦਾਨੋਂ ਭਜਾਈ ਜਾਂਦਾ! ਅਤੇ ਗਾਂਧੀਵਾਦ ਦੇ ਗੀਤ ਗਾਈ ਜਾਂਦਾ। ਹੈ ਕਿ ਨਾ?
ਅਤੇ ਵਿਚਾਰਾ ਅੰਨਾ ਹਜ਼ਾਰੇ ਜਦੋਂ ਜਾਗਦਾ, ਚਾਰ ਬੰਦੇ ਕੱਠੇ ਕਰਦਾ ਆ। ਦਿਲ ਦੀ ਭੜਾਸ ਕੱਢਦਾ ਆ। ਇੱਕ ਬਿਆਨ ਦਾਗਦਾ ਅਤੇ ਮੁੜ ਪਿੰਡ ਆਪਣੀ ਕੋਠੜੀ ‘ਚ ਪਾਠ-ਪੂਜਾ ‘ਚ ਜਾ ਲੱਗਦਾ ਆ। ਹੁਣ ਤਾਂ ਲੋਕ, ਬੱਸ ਉਹਦਾ ਇੱਕ ਬਿਆਨ ਪੜ੍ਹਦੇ ਆ। ਅਖ਼ਬਾਰ ਮੂਧੀ ਮਾਰਦੇ ਆ ਅਤੇ ਆਖ ਦਿੰਦੇ ਆ, “ਕੂ, ਕੂ ਕਰਦੀਏ ਕੋਇਲੇ ਨੀ ਤੂੰ ਐਂਵੇ ਨਾ ਤੜਫਾ, ਐਵੇਂ ਸਾਡੇ ਜਖ਼ਮਾਂ ‘ਤੇ ਮਿੱਟੀ-ਘੱਟਾ ਨਾ ਪਾ“।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
ਵਿਸ਼ਵ ਭੁੱਖ ਸੂਚਕਾਂਕ ਵਿੱਚ 119 ਦੇਸ਼ਾਂ ਦੀ ਸੂਚੀ ਵਿੱਚ ਇਸ ਸਾਲ ਭਾਰਤ 100 ਵੇਂ ਸਥਾਨ ਤੇ ਪੁੱਜ ਗਿਆ ਹੈ। ਸਾਲ 2016 ਵਿੱਚ118 ਦੇਸ਼ਾਂ ਦੀ ਸੂਚੀ ਵਿੱਚ ਭਾਰਤ 97 ਵੇਂ ਸਥਾਨ ‘ਤੇ ਸੀ।
ਇੱਕ ਵਿਚਾਰ
ਸਦੀਆਂ ਤੋਂ ਜਾਰੀ ਕਿਸੇ ਪਰੰਪਰਾ ਨੂੰ ਇੱਕ ਹੀ ਦਿਨ ਵਿੱਚ ਖਤਮ ਨਹੀਂ ਕੀਤਾ ਜਾ ਸਕਦਾ..... ਚਿਨੂਆ ਅਚੇਬੇ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.