ਅੰਗਰੇਜ ਭਾਰਤ ਨੂੰ ਲੁੱਟ ਕੇ ਲੈ ਗਏ ਇਹ ਹਰੇਕ ਭਾਰਤੀ ਕਹਿੰਦਾ ਹੈ। ਚਲੋ ਓਹਨਾ ਦੀ ਗੱਲ ਨੂੰ ਠੀਕ ਮੰਨ ਲੈਂਦੇ ਹਾਂ ਪਰ ਅਜਿਹੇ ਲੋਕਾਂ ਨੂੰ ਮੇਰਾ ਇੱਕ ਸੁਆਲ ਹੈ ਕੇ ਉਹ ਅੰਗਰੇਜਾਂ ਦੇ ਬਣਾਏ ਕਿਸੇ ਇੱਕ ਪੁਲ ਦਾ ਨਾਓਂ ਦੱਸ ਸਕਦੇ ਨੇ ਜਿਹੜਾ ਅੱਜ ਤੱਕ ਡਿਗਿਆ ਹੋਵੇ।ਅੰਗਰੇਜਾਂ ਦੀ ਬਣਾਈ ਕੋਈ ਐਸੀ ਬਿਲਡਿੰਗ ਹੈ ਜੀਹਨੂੰ ਸਾਂਭ ਸੰਭਾਲ ਦੇ ਬਾਵਜੂਦ ਨਕਾਰਾ ਕਰਾਰ ਦੇਣਾ ਪਿਆ ਹੋਵੇ। ਪੰਜਾਬ ਦੀਆਂ ਬਹੁਤੀਆਂ ਨੈਹਰਾਂ ਤੇ ਬਣੇ ਪੁਲ 150 ਸਾਲ ਪੁਰਾਣੇ ਨੇ ਤੇ ਅੱਜ ਤੱਕ ਕਿਤੋਂ ਹਿੱਲੇ ਤੱਕ ਨਹੀਂ। ਅੰਬਾਲਾ-ਚੰਡੀਗੜ ਸੜਕ ਤੇ ਘੱਗਰ ਦਰਿਆ ਦਾ ਪੁਲ ਅਜਾਦ ਭਾਰਤ ਚ ਬਣਿਆ ਪੁਲ ਬੀਤੇ 20 ਸਾਲਾਂ ਦੌਰਾਨ 4 ਵਾਰ ਤਿੜਕ ਚੁੱਕਿਆ ਹੈ ਤੇ ਮੁਰੰਮਤ ਖਾਤਰ ਮਹੀਨਾ-ਮਹੀਨਾ ਬੰਦ ਕਰਨਾ ਪਿਆ।ਜੇ ਕਿਸੇ ਬੰਦੇ ਨੇ ਏਸ ਗੱਲ ਦੀ ਸਚਾਈ ਤਸਦੀਕ ਕਰਨੀ ਹੋਵੇ ਤਾਂ ਉਹ ਆਪਦੇ ਕਿਸੇ ਚੰਡੀਗੜ ਜਾਂ ਅੰਬਾਲੇ ਵਾਲੇ ਕਿਸੇ ਵਾਕਫ਼ਕਾਰ ਤੋਂ ਦਰਿਆਫ਼ਤ ਕਰ ਸਕਦਾ ਹੈ। ਡੇਰਾ ਬਸੀ ਨੇੜੇ ਪੈਂਦੇ ਇਸ ਸੜਕੀ ਪੁਲ ਦੇ ਨਾਲ ਹੀ ਅੰਗਰੇਜਾਂ ਵੱਲੋਂ 1885 ਚ ਬਣਾਇਆ ਹੋਇਆ ਰੇਲ ਦਾ ਪੁਲ ਵੀ ਦਿਸਦਾ ਹੈ ਜੋ ਕੇ 132 ਸਾਲ ਦੀ ਉਮਰ ਹੰਢਾ ਕੇ ਵੀ ਨਾਉਂ ਬਰ ਨਾਓਂ ਹੈ। ਏਮੇ ਜਿਮੇ ਲੁਦੇਹਣਾ-ਦਿੱਲੀ ਸੜਕ ਤੇ ਸ਼ੰਭੂ ਬਾਡਰ ਨੇੜੇ ਘੱਗਰ ਦਰਿਆ ਤੇ 1857 ਦਾ ਬਣਿਆ ਸੜਕੀ ਪੁਲ ਅੱਜ ਵੀ ਸਲਾਮਤ ਖੜਾ ਹੈ। ਭਾਮੇ 10 ਸਾਲ ਤੋਂ ਸਿਕਸ ਲੇਨ ਸੜਕ ਬਣਾਉਣ ਵਾਲਿਆਂ ਨੇ ਇਹਦੇ ਬਰਾਬਰ ਨਮਾ ਚੌੜਾ ਪੁਲ ਬਣਾ ਕੇ ਪੁਰਾਣੇ ਪੁਲ ਤੋਂ ਆਵਾਜਾਈ ਬੰਦ ਕਰ ਦਿੱਤੀ ਹੈ ਪਰ ਅੰਗਰੇਜਾਂ ਵਾਲੇ ਪੁਲ ਨੇ ਡੇਢ ਸੌ ਸਾਲ ਦੀ ਉਮਰ ਹੰਢਾ ਕੇ ਵੀ ਕੰਮ ਤੋਂ ਜਵਾਬ ਨਹੀਂ ਦਿੱਤਾ। ਏਸੇ ਸੜਕ ਤੇ ਸ਼ਾਹਬਾਦ ਮਾਰਕੰਡੇ ਵਾਲਾ ਡੇਢ ਸੌ ਸਾਲ ਪੁਰਾਣਾ ਸੜਕੀ ਪੁਲ ਵੀ ਅੰਗਰੇਜਾਂ ਦੀ ਝੰਡੀ ਚੱਕੀ ਖੜਾ ਅੰਗਰੇਜਾਂ ਨੂੰ ਬੇਈਮਾਨ ਕਹਿਣ ਵਾਲਿਆਂ ਨੂੰ ਖੁਦ ਬ ਖੁਦ ਜਵਾਬ ਦੇ ਰਿਹਾ ਹੈ। ਅੰਗਰੇਜ਼ੀ ਦੌਰ ਦੀਆਂ ਚੰਗੀਆਂ ਭਲੀਆਂ ਇਮਾਰਤਾਂ ਨੂੰ ਢਾਹੁਣ ਪਿੱਛੇ ਸ਼ਾਇਦ ਇਹੀ ਮਨਸ਼ਾ ਹੋਵੇ ਕੇ ਇਹ ਬਿਲਡਿੰਗਾਂ ਅੰਗਰੇਜਾਂ ਨੂੰ ਬੇਈਮਾਨ ਕਹਿਣ ਵਿੱਚ ਅੜਿੱਕਾ ਬਣਦੀਆਂ ਨੇ। ਭਾਰਤ ਵਿਚ ਰੇਲਵੇ ਸਟੇਸ਼ਨਾਂ ਦੀਆਂ ਸੌ-ਡੇਢ ਸੌ ਸਾਲ ਪੁਰਾਣੀਆਂ ਇਮਾਰਤਾਂ ਲਗਾਤਾਰ ਸਾਂਭ ਸੰਭਾਲ ਹੋਣ ਕਰਕੇ ਆਲੀਸ਼ਾਨ ਸ਼ਕਲ ਵਿਚ ਖੜੀਆਂ ਨੇ ਪਰ ਉਹਨਾਂ ਨੂੰ ਹੁਣ ਢਾਹੁਣ ਦੀ ਤਿਆਰੀ ਹੋ ਚੁੱਕੀ ਹੈ। ਇਹਨਾਂ ਦੀ ਥਾਂ ਤੇ ਨਮੀਆ ਬਿਲਡਿੰਗਾਂ ਬਣ ਚੁੱਕੀਆਂ ਨੇ ਜੋ ਕੇ ਪੁਰਾਣੀਆਂ ਨਾਲੋਂ ਕੀਤੇ ਹੌਲੀਆਂ ਨੇ, ਕੰਧਾਂ ਪਤਲੀਆਂ ਤੇ ਛੱਤਾਂ ਨੀਮੀਆਂ ਨੇ। ਪੁਰਾਣੀਆਂ ਬਿਲਡਿੰਗਾਂ ਖਾਲੀ ਕਰਾ ਲਈਆਂ ਨੇ ਤੇ ਇਨਾ ਨੂੰ ਕਿਸੇ ਵਕਤ ਵੀ ਢਾਹਿਆ ਜਾ ਸਕਦਾ ਹੈ। ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਨਮੀ ਬਿਲਡਿੰਗ ਖਾਤਰ ਇੱਕ ਹਜਾਰ ਕਰੋੜ ਰੁਪਏ ਮਨਜੂਰ ਹੋ ਚੁੱਕੇ ਨੇ। ਨਵਾਂ ਬਣਦੇ ਸਾਰ ਪੁਰਾਣਾ ਢਾਹ ਦਿੱਤਾ ਜਾਊਗਾ। ਸਾਂਭ ਸੰਭਾਲ ਖੁਣੋਂ ਪੁਰਾਣੀਆਂ ਤਹਿਸੀਲਾਂ , ਕਚਹਿਰੀਆਂ ,ਠਾਣਿਆਂ ਤੇ ਹੋਰ ਸਰਕਾਰੀ ਇਮਾਰਤਾਂ ਲਗਭਗ ਸਾਰੀਆਂ ਦਾ ਭੋਗ ਪਾ ਦਿੱਤਾ ਗਿਆ ਹੈ। ਲਗਭਗ ਡੇਢ ਸੌ ਸਾਲ ਪੁਰਾਣੇ ਖਾਲਸਾ ਕਾਲਜ ਅੰਮ੍ਰਿਤਸਰ ਤੇ ਮਹਿੰਦਰਾ ਕਾਲਜ ਇਸ ਗੱਲ ਦੇ ਗਵਾਹ ਨੇ ਕੇ ਜੇ ਸਾਂਭ ਸੰਭਾਲ ਹੁੰਦੀ ਰਹੇ ਤਾਂ ਅੰਗਰੇਜ਼ੀ ਦੌਰ ਦੀਆਂ ਇਮਾਰਤਾਂ ਹੋਰ ਡੇਢ ਸੌ ਸਾਲ ਕਿਤੇ ਨਹੀਂ ਜਾ ਸਕਦੀਆਂ। ਦੂਜੇ ਪਾਸੇ ਦੇਖ ਲਓ ਹਰੇਕ ਚੌਥੇ ਦਿਨ ਅਜਾਦ ਭਾਰਤ ਚ ਬਣੇ ਕਿਸੇ ਪੁਲ ਜਾਂ ਬਿਲਡਿੰਗ ਢਹਿਣ ਦੀ ਖ਼ਬਰ ਆਉਂਦੀ ਹੀ ਰਹਿੰਦੀ ਹੈ। ਜੋ ਤੁਸੀਂ ਫੋਟੋ ਦੇਖ ਰਹੇ ਓਂ ਉਹ ਹਿਮਾਚਲ ਪਰਦੇਸ਼ ਦੇ ਚੰਬਾ ਸ਼ਹਿਰ ਨੇੜਲੇ ਇੱਕ ਪੁਲ ਦੀ ਜੋ ਕੇ 20 ਅਕਤੂਬਰ 2017 ਨੂੰ ਅੱਧ ਵਿਚਕਾਰੋਂ ਟੁੱਟ ਗਿਆ ,21 ਅਕਤੂਬਰ ਦੇ ਅਜੀਤ ਅਖਬਾਰ ਦੇ ਸਫ਼ਾ 2 ਤੇ ਲੱਗੀ ਇੱਕ ਖ਼ਬਰ ਮੁਤਾਬਿਕ ਇਸ ਪੁਲ ਦਾ ਉਦਘਾਟਨ 2005 ਚ ਹੋਇਆ ਸੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.