ਅੱਜ ਕਿਸ ਕੋਲ ਮੋਬਾਇਲ ਨਹੀਂ ਹੈ? ਲੈਪਟੌਪ, ਸੀ ਡੀ, ਪਿੰਨ ਡਰਾਈਵ, ਫਰਿੱਜ, ਟੈਲੀਵਿਜ਼ਨ, ਫੈਕਸ ਮਸੀਨਾਂ, ਫੋਟੋਕੌਪੀਅਰ ਦੇ ਮਾਡਲ ਨਿੱਤ ਬਜ਼ਾਰ ਦਾ ਸ਼ਿੰਗਾਰ ਬਣ ਰਹੇ ਹਨ ਅਤੇ ਧੜਾਧੜ ਵਿੱਕ ਰਹੇ ਹਨ। ਬਲਬ, ਟਿਊਬਲਾਈਟਾਂ, ਪਲਾਸਟਿਕ ਜਾਂ ਬੈਟਰੀਆਂ ਘਰ ‘ਚ ਵਰਤੀਆਂ ਜਾ ਰਹੀਆਂ ਹਨ। ਜਦੋਂ ਇਹ ਚੀਜ਼ਾਂ-ਵਸਤਾਂ ਵਰਤਣ ਯੋਗ ਨਹੀਂ ਰਹਿੰਦੀਆਂ, ਕਚਰਾ ਬਣ ਜਾਂਦੀਆਂ ਹਨ। ਇਸ ਕਚਰੇ ਵਿੱਚ ਕਲੋਰੀਨੇਟਿਡ ਅਤੇ ਬਰੋਮੀਨੇਟਿਡ ਗੈਸਾਂ ਪੈਦਾ ਹੁੰਦੀਆਂ ਹਨ। ਇਸ ਵਿੱਚ ਪਾਰਾ, ਸ਼ੀਸ਼ਾ, ਕਰੋਮਿਅਮ, ਬੇਰੀਅਮ, ਬੇਰਿਲਿਅਮ, ਕੈਡਮਿਅਮ ਜਿਹੇ ਤੱਤ ਹੁੰਦੇ ਹਨ। ਜੋ ਸਿਹਤ ਲਈ ਖਤਰਨਾਕ ਹਨ। ਅੱਜ ਇਲੈਕਟ੍ਰੋਨਿਕ, ਪਲਾਸਟਿਕ ਅਤੇ ਹਸਪਤਾਲਾਂ ਦਾ ਕਚਰਾ ਵਾਤਾਵਰਨ ਅਤੇ ਪਸ਼ੂ, ਪੰਛੀਆਂ ਅਤੇ ਮਨੁੱਖਾਂ ਦੀ ਸਿਹਤ ਲਈ ਖਤਰਾ ਬਣਦਾ ਜਾ ਰਿਹਾ ਹੈ। ਬਿਲਕੁਲ ਉਵੇਂ ਹੀ ਜਿਵੇਂ ਅੱਜ ਦਾ ਦੇਸ਼ ਦਾ ਬੇਈਮਾਨ, ਬੇ-ਅਸੂਲਾ ਸਿਆਸਤਦਾਨ ਦੇਸ਼ ਦੇ ਨਾਗਰਿਕਾਂ ਲਈ ਉਹਨਾ ਦੀ ਜਾਨ ਦਾ ਖੌਅ ਬਣਿਆ ਦਿਸਦਾ ਹੈ!
ਦੂਰ ਕੀ ਜਾਣਾ। ਗੁਰਦਾਸਪੁਰ ਪਾਰਲੀਮਾਨੀ ਹਲਕੇ ਦੀ ਉਪ-ਚੋਣ ਦੀ ਗੱਲ ਹੀ ਕਰ ਲੈਂਦੇ ਹਾਂ ਅਤੇ ਸਿਆਸਤਦਾਨਾਂ ਦਾ ਕਿਰਦਾਰ ਪਰਖ ਲੈਂਦੇ ਹਾਂ। ਕਿਹੜੇ ਮੁਦਿਆਂ ਤੇ ਸਿਆਸਤਦਾਨਾਂ ਨੇ ਚੋਣ ਲੜੀ ਹੈ? ਇਸ ਚੋਣ ਸਮੇਂ ਬਲਾਤਕਾਰ ਦੇ ਮਾਮਲੇ, ਲੋਕਾਂ ਦੇ ਮਸਲਿਆਂ ਨਾਲੋਂ ਅਹਿਮ ਰਹੇ। ਨਿੱਜੀ ਕਿੜ, ਨਿੱਜੀ ਦੁਸ਼ਮਣੀ ਦਾ ਬੋਲਬਾਲਾ ਅਤੇ ਜਿੱਤ ਲਈ ਭੱਦੀ ਭਾਸ਼ਾ, ਚੋਣ-ਦੰਗਲ ਦਾ ਸ਼ਿੰਗਾਰ ਬਣੀ! ਕਿਥੇ ਗਈ ਵਿਕਾਸ ਦੀ ਗੱਲ? ਕਿਥੇ ਗਏ ਕਿਸਾਨਾਂ ਨਾਲ ਸਬੰਧਤ ਮਸਲੇ? ਕਿਥੇ ਰਹਿ ਗਈ ਨਸ਼ਿਆਂ ਦੇ ਦਲਦਲ ‘ਚ ਫਸੀ ਅਜੋਕੀ ਪੀੜ੍ਹੀ ਦੀ ਗੱਲ, ਜਿਸ ਤੋਂ ਫਿਕਰਮੰਦ ਹੋ ਕੇ ਸਿਆਸਤਦਾਨ ਮਗਰਮੱਛ ਦੇ ਹੰਝੂ ਵਹਾਉਂਦੇ ਨਜ਼ਰ ਆਉਂਦੇ ਸਨ? ਕਿਥੇ ਗੁਆਚ ਗਏ ਪੰਜਾਬ ਦੇ ਮਸਲੇ? ਕਿਥੇ ਗਈ ਨੌਜਵਾਨਾਂ ਦੀਆਂ ਨੌਕਰੀਆਂ ਦੀ ਫਿਕਰ? ਬਜ਼ੁਰਗਾਂ ਦੀਆਂ ਪੈਨਸ਼ਨਾਂ, ਕਿਸਾਨਾਂ ਦੇ ਕਰਜ਼ੇ, ਮੁਲਾਜ਼ਮਾਂ ਦੇ ਮਸਲੇ ਅਤੇ ਪਤਾ ਨਹੀਂ ਹੋਰ ਕਿੰਨਾ ਕੁਝ ਚੋਣਾਂ ਦੇ ਰਾਮ-ਰੌਲੇ ‘ਚ ਗੁਆਚ ਗਿਆ। ਕੀ ਇੰਜ ਕਚਰਾ-ਕਚਰਾ ਨਹੀਂ ਹੋ ਗਿਆ ਸਿਆਸਤਦਾਨਾਂ ਦਾ ਅਕਸ?
ਸਥਾਨਕ ਤੌਰ ‘ਤੇ ਪਿੰਡਾਂ ਸ਼ਹਿਰਾਂ ‘ਚ ਇਲੈਕਟ੍ਰੋਨਿਕ, ਪਲਾਸਟਿਕ ਕਚਰੇ ਨੂੰ ਨਦੀਆਂ, ਨਾਲਿਆਂ ਜਾਂ ਸੜਕਾਂ ਦੇ ਕਿਨਾਰਿਆਂ ਉਤੇ ਸੁੱਟ ਦੇਂਦੇ ਹਾਂ। ਇਸ ਨਾਲ ਨਦੀਆਂ ਦਾ ਪਾਣੀ ਖਰਾਬ ਹੋ ਰਿਹਾ ਹੈ, ਨਦੀਆਂ ਦੀ ਸਿਹਤ ਵਿਗੜ ਰਹੀ ਹੈ। ਇਸ ਨਾਲ ਨਦੀਆਂ ‘ਚ ਰਹਿੰਦੀਆਂ ਮੱਛਲੀਆਂ ਦੀ ਸਿਹਤ ਤਾਂ ਖਰਾਬ ਹੋਣੀ ਹੀ ਹੋਈ ਅਤੇ ਫਿਰ ਜਦੋਂ ਮਨੁੱਖ ਇਹਨਾਂ ਮੱਛਲੀਆਂ ਨੂੰ ਖਾਏਗਾ ਤਾਂ ਉਹਦੀ ਸਿਹਤ ‘ਚ ਵਿਗਾੜ ਹੋਣਾ ਲਾਜ਼ਮੀ ਹੈ। ਥਾਂ ਥਾਂ ਫੈਲੇ ਕਚਰੇ ਨੂੰ ਅੱਗ ਲਗਾਉਣ ਨਾਲ ਜ਼ਹਿਰੀਲੀ ਹਵਾ ਪੈਦਾ ਹੁੰਦੀ ਹੈ, ਕਚਰੇ ਦੀ ਮਿੱਟੀ ਧਰਤੀ ਦੀ ਜ਼ਰਖੇਜ਼ ਮਿੱਟੀ ਨਾਲ ਰਲਦੀ ਹੈ, ਹਵਾ ਵੀ ਪ੍ਰਦੂਸ਼ਿਤ ਹੁੰਦੀ ਹੈ ਅਤੇ ਧਰਤੀ ਵੀ ਪ੍ਰਦੂਸ਼ਣ ਦਾ ਸ਼ਿਕਾਰ ਹੁੰਦੀ ਹੈ। ਖੇਤੀ ਦੀ ਰਹਿੰਦੀ-ਖੂੰਹਦ ਦਾ ਕਚਰਾ ਤਾਂ ਅਸਾਨੀ ਨਾਲ ਗਲ ਸੜ ਜਾਂਦਾ ਹੈ, ਪਰ ਪਿੰਡਾਂ ਸ਼ਹਿਰਾਂ ‘ਚ ਪੈਦਾ ਹੁੰਦਾ ਪਲਾਸਟਿਕ ਦਾ ਕਚਰਾ ਜਿਸ ਮਿੱਟੀ ਦੇ ਵਰਤਨਾਂ ਅਤੇ ਪਤਲਾਂ ਦੀ ਥਾਂ ਲਈ ਹੈ, ਗਲਦਾ-ਸੜਦਾ ਹੀ ਨਹੀਂ। ਪਲਾਸਟਿਕ ਦੀ ਪੈਕਿੰਗ, ਪਲਾਸਟਿਕ ਦੇ ਭਾਂਡੇ ਤੱਕ ਵਰਤਣਾ ਅਸੀਂ ਫਖਰ ਸਮਝਣ ਲੱਗ ਪਏ ਹਨ, ਜਿਸ ਤੋਂ ਦੇਸ਼ ਵਿੱਚ ਹਰ ਰੋਜ਼ ਪੰਦਰਾਂ ਹਜ਼ਾਰ ਟਨ ਕਚਰਾ ਪੈਦਾ ਹੁੰਦਾ ਹੈ, ਜਿਸ ਵਿੱਚ ਮਸਾਂ ਨੌਂ ਟਨ ਕਚਰਾ ਹੀ ਰੀਸਾਈਕਲ ਹੁੰਦਾ ਹੈ। ਕਚਰੇ ਨੇ ਸਾਡੀ ਨਿੱਤ ਦੀ ਜ਼ਿੰਦਗੀ ਉਵੇਂ ਹੀ ਅਸੰਤੁਲਿਤ ਕਰ ਦਿੱਤੀ ਹੈ, ਜਿਵੇਂ ਕਿ ਦੇਸ਼ ਦੇ ਨਾਗਰਿਕ ਦੀ ਜ਼ਿੰਦਗੀ ਦੇਸ਼ ਦੇ ਸਵਾਰਥੀ ,ਲਾਲਚੀ, ਸਿਆਸਤਦਾਨ ਨੇ ਸੰਤੁਲਿਤ ਨਹੀਂ ਰਹਿਣ ਦਿੱਤੀ।
ਭਾਰਤੀ ਸਿਆਸਤਦਾਨ ਸਮਾਜ ਸੇਵਾ ਛੱਡ ਚੁੱਕੇ ਹਨ। ਉਹਨਾ ਦੀ ਰਾਜਨੀਤੀ ‘ਚ ਪਹਿਲ ਪੈਸਾ ਅਤੇ ਕੁਰਸੀ ਬਣ ਚੁੱਕੀ ਹੈ! ਦੇਸ਼ ਦਾ ਵਿਰਲਾ-ਟਾਵਾਂ ਨੇਤਾ ਹੀ ਇਸ ਦੋਸ਼ ਤੋਂ ਮੁਕਤ ਹੈ। ਸਿਆਸਤ ‘ਚ ਤਾਂ ਕੀ ਧਾਰਮਿਕ, ਸਮਾਜਿਕ, ਸਮਾਜ ਸੇਵੀ ਸੰਸਥਾਵਾਂ ਉਤੇ ਜਿਹੜਾ ਬੰਦਾ ਇਕ ਵੇਰ ਕਾਬਜ਼ ਹੋ ਜਾਂਦਾ ਹੈ, ਉਹ ਕੁਰਸੀ ਦੀ ਟੰਗ ਨਹੀਂ ਛੱਡਦਾ। ਦਿਨਾਂ ‘ਚ ਹੀ ਅਮੀਰ ਬਣ ਜਾਂਦਾ ਹੈ। ਪਿਛਲੇ ਦਿਨਾਂ ‘ਚ ਛਪੀ ਇੱਕ ਰਿਪੋਰਟ ਦੇਖੋ, ਦੇਸ਼ ਦਾ ਇੱਕ ਬਾਬਾ ਬਲਾਤਕਾਰ ‘ਚ ਫਸਿਆ, ਤਿੰਨ-ਚਾਰ ਰਾਜਾਂ ਦੀ ਸਿਆਸਤ ਨੂੰ ਪ੍ਰਭਾਵਤ ਕਰਦਾ ਰਿਹਾ, ਇਹਨਾਂ ਰਾਜਾਂ ਦੇ ਸਿਆਸਤਦਾਨ ਉਸ ਨੂੰ ਨਤਮਸਤਕ ਹੁੰਦੇ ਰਹੇ, ਅਰਬਾਂ ਦੀ ਲੋਕਾਂ ਦੀ ਜਾਇਦਾਦ ਉਹ ਹੜੱਪ ਕੇ ਬੈਠ ਗਿਆ। ਇੱਕ ਹੋਰ ਬਾਬਾ, ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਗਾਂਢੀ ਪਾਕੇ ਬਿਜਨੈਸਮੈਨ ਬਣ ਗਿਆ ਅਤੇ ਉਸੇ ਦਾ ਇੱਕ ਹਿੱਸੇ-ਪੱਤੀਦਾਰ ਦੇਸ਼ ਦਾ ਅੱਠਵਾਂ ਅਮੀਰ ਆਦਮੀ ਬਨਣ ਦਾ ਖਿਤਾਬ ਦੋ ਸਾਲਾਂ ਦੇ ਸਮੇਂ ‘ਚ ਹੀ ਪ੍ਰਾਪਤ ਕਰ ਗਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਦੀ ਆਮਦਨ ਇੱਕ ਦੋ ਸਾਲਾਂ ‘ਚ 16000 ਗੁਣਾ ਵੱਧ ਗਈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਦੇਸ਼ ਵਿੱਚ ਪ੍ਰਦੂਸ਼ਣ ਵੱਧ ਰਿਹਾ ਹੈ। ਤਾਂ ਹੀ ਤਾਂ ਦਿੱਲੀ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ‘ਚ ਗਿਣਿਆ ਜਾਂਦਾ ਹੈ, ਭਾਵੇਂ ਕਿ ਦੁਨੀਆਂ ਦੇ ਅੱਠ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਵਿੱਚ ਭਾਰਤ ਦਾ ਨਾਮ ਅੱਠਵੇਂ ਨੰਬਰ ਉਤੇ ਵੱਜਦਾ ਹੈ।
ਆਪਣੀਆਂ ਸੁਵਿਧਾਵਾਂ ਲਈ ਮਨੁੱਖ ਨੇ ਕੁਝ ਇਹੋ ਜਿਹੀਆਂ ਚੀਜਾਂ-ਵਸਤਾਂ ਪੈਦਾ ਕਰ ਲਈਆਂ ਹਨ, ਜਿਹਨਾ ਨੂੰ ਸਾੜਿਆ ਜਾਂ ਗਾਲਿਆ ਨਹੀਂ ਜਾ ਸਕਦਾ। ਸਾਰੀਆਂ ਕਿਸਮਾਂ ਦੇ ਕਚਰਿਆਂ ਨੂੰ ਦੁਬਾਰਾ ਵਰਤੋਂ ‘ਚ ਲਿਆਉਣਾ ਸੰਭਵ ਨਹੀਂ ਹੈ। ਕੀ ਅਸੀਂ ਆਪਣੇ ਹੱਥੀ ਆਪਣੇ ਪੈਰਾਂ ਉਤੇ ਆਪੇ ਕੁਹਾੜਾ ਨਹੀਂ ਮਾਰ ਰਹੇ? ਪ੍ਰਤੀ ਦਿਨ ਕਚਰਾ ਪੈਦਾ ਕਰ ਰਹੇ ਹਾਂ, ਪਰ ਇਸ ਕਚਰੇ ਨੂੰ ਮੁੜ ਵਰਤੋਂ ਦਾ ਸਾਡੇ ਕੋਲ ਕੋਈ ਪ੍ਰਬੰਧ ਹੀ ਨਹੀਂ ਹੈ। ਐਕਸਰੇ ਪਲੇਟਾਂ, ਇਸਤੇਮਾਲ ਕੀਤੀਆਂ ਟੀਕਿਆਂ ਦੀਆਂ ਸੂਈਆਂ, ਪੱਟੀਆਂ, ਗੁਲੋਕੋਜ਼ ਬੋਤਲਾਂ ਨੂੰ ਸ਼ਰੇਆਮ ਹਸਪਤਾਲਾਂ, ਨਰਸਿੰਗ ਹੋਮਾਂ ਲਾਗੇ ਰੁਲਦਿਆਂ ਵੇਖਿਆ ਜਾ ਸਕਦਾ ਹੈ। ਬਹੁਤ ਸੌਖੇ ਢੰਗ ਨਾਲ ਕਚਰੇ ਵਿਚੋਂ ਜਿੰਨੇ ਕੁਝ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ, ਅਸੀਂ ਉਹ ਵੀ ਨਹੀਂ ਕਰ ਰਹੇ। ਅਸੀਂ ਕਚਰੇ ਵਿਚੋਂ ਜੈਵਿਕ ਕਚਰੇ ਅਤੇ ਰੀਸਾਈਕਲ ਕਚਰੇ ਨੂੰ ਅਲੱਗ ਕਰਨ ਦੀ ਵਿਧੀ ਨੂੰ ਅਪਨਾਉਣ ਤੋਂ ਵੀ ਆਕੀ ਹੋਏ ਬੈਠੇ ਹਾਂ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਿਆਸਤ ਦੇ ਕਚਰੇ ‘ਚ ਚੰਗੇ ਮਾੜੇ ਦੀ ਪਛਾਣ ਕਰਨਾ ਅਸੀਂ ਸਿੱਖਿਆ ਹੀ ਨਹੀਂ, ਜੇਕਰ ਸਿੱਖਿਆ ਹੁੰਦਾ ਤਾਂ ਕੀ ਮੋਬਾਇਲ, ਟੀਵੀ, ਇੰਟਰਨੈਟ ਨਾਲ ਵਿਸ਼ੈਲੇ ਵਿਚਾਰ ਫੈਲਾਉਣ ਵਾਲੀ ਸਿਆਸੀ ਪਾਰਟੀ ਅਤੇ ਇੱਕ ਕਥਿਤ ਸਮਾਜਿਕ ਸੰਗਠਨ ਦੇਸ਼ ਦੇ ਹਾਕਮ ਬਣ ਸਕਦੇ ਸਨ?
ਦੇਸ਼ ਦਾ ਹਾਕਮ, ਅਸੀਂ ਉਸ ਧਿਰ ਨੂੰ ਚੁਣਿਆ, ਜਿਹੜਾ ਦੇਸ਼ ‘ਚ ਸਭ ਤੋਂ ਵੱਧ ਸਿਆਸੀ ਪ੍ਰਦੂਸ਼ਣ ਪੈਦਾ ਕਰਨ ਦਾ ਜ਼ੁੰਮੇਵਾਰ ਹੈ। ਜਿਸ ਨੇ ਵਿਚਾਰਾਂ ਦੀ ਆਜ਼ਾਦੀ ਨੂੰ ਢਾਅ ਲਾਈ ਹੈ, ਜਿਸਨੇ ਘੱਟ ਗਿਣਤੀ ਫਿਰਕੇ ਦੇ ਲੋਕਾਂ ਦੇ ਹੱਕਾਂ ਦਾ ਘਾਣ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਜਿਸ ਨੇ ਨੋਟਬੰਦੀ, ਜੀ ਐਸ ਟੀ ਨਾਲ ਦੇਸ਼ ਦੀ ਆਰਥਿਕਤਾ ਨੂੰ ਤਹਿਸ਼-ਨਹਿਸ਼ ਕਰ ਸੁਟਿਆ ਹੈ। ਜਿਸ ਨੇ ਦੇਸ਼ ਦੇ ਰਿਵਾਇਤੀ ਬਜ਼ਾਰ ਨੂੰ ਮਧੋਲਕੇ ਆਮ ਲੋਕਾਂ ਦਾ ਜੀਊਣਾ ਦੁੱਭਰ ਕਰ ਦਿੱਤਾ ਹੈ। ਬਜ਼ਾਰ ਸੁੰਨੇ ਪਏ ਹਨ। ਬਜ਼ਾਰ ‘ਚ ਤਰਲਤਾ ਗਾਇਬ ਹੋ ਗਈ ਹੈ। ਨੋਟਬੰਦੀ ਦੌਰਾਨ ਕਾਰੋਬਾਰੀਆਂ-ਵਪਾਰੀਆਂ ਨੇ ਆਪਣੇ ਵਾਧੂ ਧਨ ਜੋ ਉਹਨਾ ਦੇ ਕਾਰੋਬਾਰ ‘ਚ ਕੰਮ ਆਉਂਦਾ ਸੀ, ਬੈਕਾਂ ‘ਚ ਸੁੱਟ ਦਿੱਤਾ, ਬਾਜ਼ਾਰ ‘ਚ ਪੈਸੇ ਦੀ ਕਮੀ ਆ ਗਈ। ਵਿਚਕਾਰਲੇ ਉਦਯੋਗਾਂ ਨੂੰ ਧੱਕਾ ਲੱਗਿਆ, ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਲੋਕ ਮੰਦੀ ਦਾ ਸ਼ਿਕਾਰ ਹੋ ਗਏ ਪਰ ਦੇਸ਼ ਦਾ ਹਾਕਮ ਫੜਾਂ ਮਾਰਦਾ ਰਿਹਾ! ਜਿਸਦੀ ਚਕਾਚੋਂਦ ‘ਚ ਦੇਸ਼ ਦੀ ਜਨਤਾ 2014 ‘ਚ ਫਸ ਗਈ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਦੇਸ਼ ਦੀ ਜਨਤਾ ਇਲੈਕਟ੍ਰੋਨਿਕ ਮੋਬਾਇਲ ਇੰਟਰਨੈਟ ਦੇ ਚੱਕਰ ‘ਚ ਫਸ ਗਈ ਹੋਈ ਹੈ।
ਜਿਵੇਂ ਇਲੈਕਟ੍ਰੋਨਿਕ, ਪਲਾਸਟਿਕ ਦੇ ਕਚਰੇ ਤੋਂ ਨਿਜ਼ਾਤ ਪਾਉਣ ਲਈ ਹਾਨੀਕਾਰਕ ਚੀਜ਼ਾਂ ਨੂੰ ਖੁਲ੍ਹੇ ਛੱਡਣ ਦੀ ਵਿਜਾਏ ਇਸਦੀਆਂ ਰੀਸਾਈਕਲ ਹੋਣ ਯੋਗ ਚੀਜਾਂ ਨੂੰ ਚੁਣਕੇ ਵਿਗਿਆਨਕ ਵਿਧੀ ਅਪਨਾਉਣ ਦੀ ਲੋੜ ਹੈ, ਉਵੇਂ ਹੀ ਕਚਰਾ- ਕਚਰਾ ਹੋ ਚੁੱਕੇ, ਪ੍ਰਦੂਸ਼ਤ ਸਿਆਸੀ ਢਾਂਚੇ ਤੋਂ ਨਿਜ਼ਾਤ ਪਾਉਣ ਲਈ ਆਮ ਲੋਕਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਦੀ ਲੋੜ ਹੈ। ਜਿਵੇ ਲੋੜ ਇਸ ਗੱਲ ਦੀ ਹੈ ਕਿ ਕਚਰੇ ਨੂੰ ਉਸਦੇ ਉਤਪਾਦਨ ਸਰੋਤ ਤੋਂ ਹੀ ਘੱਟ-ਘੱਟ ਹਾਨੀ ਰਹਿਤ ਕਰਨ ਦਾ ਪ੍ਰਬੰਧ ਹੋਵੇ ਉਵੇਂ ਹੀ ਦੇਸ਼ ਦੀ ਤਾਰ-ਤਾਰ ਹੋ ਚੁੱਕੀ ਸਿਆਸਤ ਵਿਚੋਂ ਨੁਕਸਾਨ ਪਹੁੰਚਾਉਣ ਵਾਲੀਆਂ ਧਿਰਾਂ ਨੂੰ ਚੋਣਾਂ ਵੇਲੇ ਹੀ ਤਾਕਤ ‘ਚ ਆਉਣ ਤੋਂ ਰੋਕ ਦਿੱਤਾ ਜਾਏ।
ਜਿਵੇਂ ਕਚਰੇ ਨੂੰ ਖੁਲ੍ਹਾ ਛੱਡਣ ਨਾਲ ਦੁਰਗੰਧ ਫੈਲਦੀ ਹੈ, ਬਿਮਾਰੀ ਫੈਲਦੀ ਹੈ, ਇਵੇਂ ਹੀ ਗੰਦੀ ਸਿਆਸਤ ਪੂਰੇ ਸਮਾਜ ਨੂੰ ਗੰਧਲਾ ਕਰਦੀ ਹੈ। ਜਨਤਾ ਦੀ ਸਿਹਤ ਲਈ ਬੇਹਤਰ ਕਚਰਾ ਪ੍ਰਬੰਧਨ ਜ਼ਰੂਰੀ ਹੈ, ਭਾਵੇਂ ਉਹ ਇਲੈਕਟ੍ਰੋਨਿਕ ਪਲਾਸਟਿਕ ਕਚਰਾ ਪ੍ਰਬੰਧਨ ਹੋਵੇ ਜਾਂ ਸਿਆਸੀ ਤੌਰ ਤੇ ਕੂੜਾ-ਕਰਕਟ ਕਚਰਾ ਪ੍ਰਬੰਧਨ ਦਾ ਕਾਰਜ਼ ਹੋਵੇ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.