ਠੰਡ ਦੇ ਦਿਨ ਹੁਣ ਆਉਣਗੇ। ਖੇਤਾਂ ‘ਚ ਝੋਨੇ ਦੀ ਪਰਾਲੀ ਜਾਲਣ ਦਾ ਸਮਾਂ ਵੀ ਆ ਗਿਆ ਹੈ ਅਤੇ ਦੀਵਾਲੀ ‘ਤੇ ਪਟਾਖਿਆਂ ਤੋਂ ਨਿਕਲਦੇ ਜ਼ਹਿਰੀਲੇ ਪਦਾਰਥਾਂ ਦਾ ਖਤਰਾ ਮੰਡਰਾ ਰਿਹਾ ਹੈ। ਇਹੋ ਜਿਹੇ ‘ਚ ਪਿਛਲੇ ਸਾਲ “ਸਮਾਗ“ ਦੇ ਕਾਰਣ ਪੈਦਾ ਹੋਈ ਦਹਿਸ਼ਤ ਫਿਰ ਤੋਂ ਉਭਰਨ ਲੱਗੀ ਹੈ, ਜਿਸਨੂੰ “ਦੀ ਗ੍ਰੇਟ ਸਮਾਗ“ ਦਾ ਨਾਮ ਦਿੱਤਾ ਗਿਆ ਹੈ। ਹਵਾ ਪ੍ਰਦੂਸ਼ਣ ਨੂੰ ਜਦ ਦੇਸ਼ ਦਾ ਪੰਜਵਾ ਸਭ ਤੋਂ ਵੱਡਾ ਜਾਨ-ਲੇਵਾ ਕਿਹਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਹੋਂਦ ਉਤੇ ਵੀ ਖ਼ਤਰਾ ਮੰਡਰਾ ਰਿਹਾ ਹੋਵੇ ਤਾਂ ਚਿੰਤਾ ਤਾਂ ਕਰਨੀ ਬਣਦੀ ਹੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਅਨੁਸਾਰ ਹਵਾ ਪ੍ਰਦੂਸ਼ਣ ਦੇ ਭੈੜੇ ਅਸਰ ਦੁਨੀਆ ਦਾ ਸਭ ਤੋਂ ਵੱਡੇ ਵਾਤਾਵਰਨ ਖਤਰਿਆਂ ਵਿਚੋਂ ਇੱਕ ਹੈ, ਜਿਸ ਦਾ ਅਸਰ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਬਣਿਆ ਰਹਿ ਸਕਦਾ ਹੈ। ਵਾਤਾਵਰਨ ਪ੍ਰਦੂਸ਼ਣ ਨਿਅੰਤਰਣ ਪ੍ਰਾਧੀਕਰਣ (ਈ ਪੀ ਸੀ ਏ) ਦੇ ਚੇਅਰਮੈਨ ਡਾ: ਭੂਰੇ ਲਾਲ ਦਾ ਕਹਿਣਾ ਵੀ ਹੈਰਾਨ ਕਰਦਾ ਹੈ ਕਿ ਪ੍ਰਦੂਸ਼ਣ ਨਾਲ ਦਿੱਲੀ-ਐਨ ਸੀ ਆਰ ਵਿੱਚ ਲੋਕਾਂ ਦੀ ਉਮਰ ਨੌਂ ਸਾਲ ਤੱਕ ਘੱਟ ਹੋ ਰਹੀ ਹੈ। ਜੇਕਰ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਸਥਿਤੀ ਹੋਰ ਵੀ ਭਿਅੰਕਰ ਹੋ ਜਾਏਗੀ।
ਇਸ ਵੇਰ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਜਿਹੇ ਰਾਜਾਂ ਵਿੱਚ “ਸਮਾਗ“ ਦੇ ਅਗਾਊਂ ਖਤਰੇ ਨੂੰ ਦੇਖਦਿਆਂ ਪ੍ਰਦੂਸ਼ਣ ਕੰਟਰੋਲ ਰੱਖਣ ਦੀ ਹਿਦਾਇਤ ਖਾਸ ਤੌਰ ਤੇ ਦਿਤੀ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅਧਿਕਾਰੀਆਂ ਮੁਤਾਬਕ ਪੂਰੇ ਦੇਸ਼ ਵਿੱਚ ਲਗਭਗ 100 ਸ਼ਹਿਰਾਂ ਦੀ ਪਛਾਣ ਕੀਤੀ ਗਈ ਹੈ, ਜਿਥੇ ਹਵਾ ਤਹਿ ਕੀਤੇ ਮਾਪ ਦੰਡਾਂ ਤੋਂ ਬਦ ਤੋਂ ਬਦਤਰ ਹੈ। ਇੱਕ ਰਿਪੋਰਟ ਵਿੱਚ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਚਾਰ ਭਾਰਤੀ ਸ਼ਹਿਰ ਬੰਗਲੌਰ, ਚੇਨਈ, ਦਿੱਲੀ ਅਤੇ ਮੁੰਬਈ ਵਿੱਚ ਸਵੇਰ ਦੇ ਸਮੇਂ ਹਵਾ ਪ੍ਰਦੂਸ਼ਣ ਸਭ ਤੋਂ ਜ਼ਿਆਦਾ ਹੁੰਦਾ ਹੈ। ਸਾਲ 2008 ਅਤੇ 2015 ਦੇ ਵਿੱਚ ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਨੂੰ ਦੇਖੀਏ ਤਾਂ ਪਤਾ ਚਲਦਾ ਹੈ ਕਿ ਉਤਰਪ੍ਰਦੇਸ਼ ਦੇ ਕਾਨਪੁਰ, ਫਿਰੋਜ਼ਾਬਾਦ, ਅਲਾਹਾਬਾਦ, ਲਖਨਊ ਸ਼ਹਿਰ ਦੁਨੀਆਂ ਦੇ 25 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ।
ਕੁਝ ਸਮਾਂ ਪਹਿਲਾਂ ਗੈਰ ਸਰਕਾਰੀ ਸੰਸਥਾ ਗਰੀਨ ਪੀਸ ਦੀ ਇੱਕ ਰਿਪੋਰਟ ਵਿੱਚ ਦੇਸ਼ ਦੇ 168 ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਦੇ ਮੁਲਾਂਕਣ ਵਿੱਚ ਦੇਖਿਆ ਗਿਆ ਕਿ ਕੋਈ ਵੀ ਸ਼ਹਿਰ ਵਿਸ਼ਵ ਸਿਹਤ ਸੰਸਥਾ ਵਲੋਂ ਨਿਰਧਾਰਤ ਹਵਾ ਗੁਣਵੱਤਾ ਦੇ ਮਾਪਦੰਡਾਂ ਦੇ ਬਰਾਬਰ ਦਾ ਨਹੀਂ। ਦੇਸ਼ ਭਰ ਵਿੱਚ ਹਵਾ ਦੀ ਗੁਣਵੱਤਾ ਡਿੱਗਣ ਦਾ ਮੁਖ ਕਾਰਨ ਪੈਟਰੋਲ, ਡੀਜ਼ਲ ਆਦਿ ਜਿਹਾ ਜਲਣਯੋਗ ਬਾਲਣ ਹੈ। ਪੰਰਤੂ ਬੇਹਿਸਾਬ ਪਟਾਖੇ ਜਲਾਕੇ ਉਤਸਵ ਮਨਾਉਣ ਦਾ ਅੰਦਾਜ਼ ਵੀ ਸਾਡੇ ਸ਼ਹਿਰਾਂ ਦੀ ਆਬੋ-ਹਵਾ ਨੂੰ ਕਈ ਗੁਣਾ ਪ੍ਰਦੂਸ਼ਿਤ ਕਰ ਦਿੰਦਾ ਹੈ। ਇਹੀ ਨਹੀਂ ਸੜਕ ਉਤੇ ਦੌੜਨ ਵਾਲੇ ਵਾਹਨਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਵੀ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ।
ਸੜਕਾਂ ਉਤੇ ਪ੍ਰਤੀ ਦਿਨ ਦੌੜਦੇ ਲੱਖਾਂ ਵਾਹਨਾਂ ਵਿਚੋਂ ਹਰ ਰੋਜ਼ ਕਾਰਬਨ-ਮੋਨੋਔਕਸਾਈਡ, ਹਾਈਡਰੋਕਾਰਬਨ, ਨਾਈਟਰੋਕਾਰਬਨ ਆਕਸਾਈਡ, ਵਾਸ਼ਪਸ਼ੀਲ ਕਾਰਬਨਿਕ ਯੋਗਿਕ, ਸਲਫਰ ਡਾਈ ਔਕਸਾਈਡ ਅਤੇ ਦੂਸਰੇ ਖਤਰਨਾਕ ਕਣ ਨਿਕਲ ਰਹੇ ਹਨ। ਸੈਂਟਰ ਫਾਰ ਇਕੌਲੋਜੀਕਲ ਸਾਇੰਸ ਆਫ ਦੀ ਇੰਡੀਅਨ ਇਨਸਟੀਚੀਊਟ ਬੰਗਲੌਰ ਵਲੋਂ ਕੀਤੇ ਗਏ ਇੱਕ ਅਧਿਐਨ ਦੀ ਰਿਪੋਰਟ ਦਸਦੀ ਹੈ ਕਿ ਦਿਲੀ ਦਾ ਪਰਿਵਹਿਨ ਤੰਤਰ ਕਲਕੱਤਾ ਦੇ ਮੁਕਾਬਲੇ ਛੇ ਗੁਣਾ, ਅਹਿਮਦਾਬਾਦ ਦੇ ਮੁਕਾਬਲੇ ਪੰਜ ਗੁਣਾ, ਗ੍ਰੇਟਰ ਮੁੰਬਈ ਅਤੇ ਚੈਨਈ ਦੇ ਮੁਕਾਬਲੇ ਤਿੰਨ ਗੁਣਾ ਜਿਆਦਾ ਗਰੀਨ ਹਾਊਸ ਗੈਸ ਪੈਦਾ ਕਰਦਾ ਹੈ। ਰਿਪੋਰਟ ਕਹਿੰਦੀ ਹੈ ਕਿ ਦਿੱਲੀ ਦਾ ਪਰਿਵਹਿਨ ਤੰਤਰ 12.39 ਮਿਲੀਅਨ ਟਨ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ, ਜਦਕਿ ਗ੍ਰੇਟਰ ਬੰਗਲੌਰ ਦਾ ਪਰਿਵਹਿਨ ਤੰਤਰ 128.61 ਅਤੇ ਹੈਦਾਰਾਬਾਦ ਦਾ 7.81 ਮਿਲੀਅਨ ਟਨ ਦੇ ਬਰਾਬਰ ਕਾਰਬਨ ਡਾਈਔਕਸਾਈਡ ਪੈਦਾ ਕਰਦਾ ਹੈ। ਪਿਛਲੇ 15 ਸਾਲਾਂ ਵਿੱਚ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਨਿੱਜੀ ਵਾਹਨਾਂ ਦੀ ਗਿਣਤੀ ਵਿੱਚ 82 ਫੀਸਦੀ ਦਾ ਵਾਧਾ ਹੋਇਆ ਹੈ। ਵਿਗਿਆਨਕਾਂ ਦੇ ਅਨੁਸਾਰ ਗੱਡੀਆਂ ਵਿਚੋਂ ਨਿਕਲਣ ਵਾਲੇ ਧੂੰਏ ਦਾ ਲਗਭਗ 99.4 ਫੀਸਦੀ ਹਿੱਸਾ ਵਾਤਾਵਰਨ ਵਿੱਚ ਘੁਲਕੇ ਅਲੋਪ ਹੋ ਜਾਂਦਾ ਹੈ। ਇਸ ਵਿਚੋਂ ਹਾਈਡਰੋਕਾਰਬਨ ਅਤੇ ਨਾਈਟਰੋਕਾਰਬਨ ਆਕਸਾਈਡ ਸੂਰਜ ਦੀ ਰੋਸ਼ਨੀ ਅਤੇ ਉੱਚ ਤਾਪਮਾਨ ਦੇ ਨਾਲ ਕਿਰਿਆ ਕਰਕੇ ਧਰਤੀ ਦੇ ਪੱਧਰ ਦੀ ਉਜੋਨ ਦਾ ਨਿਰਮਾਣ ਕਰਦੇ ਹਨ। ਇਹ ਧਰਤੀ ਪੱਧਰ ਦੀ ਉਜੋਨ, ਸਾਹ ਦੀ ਬਿਮਾਰੀਆਂ ਪੈਦਾ ਕਰਦੀ ਹੈ ਅਤੇ ਫੇਫੜਿਆਂ ਨੂੰ ਹਾਨੀ ਪਹੁੰਚਾਉਂਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਪਿਛਲੇ ਸਾਲ ਦਿਵਾਲੀ ਦੇ ਮੌਕੇ ਦੇਸ਼ ਭਰ ਵਿੱਚ ਪਾਰਟੀਕੁਲੇਟ ਮੈਟਰ 2.5 ਦੀ ਔਸਤ ਪੱਧਰ, ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡ ਤੋਂ 2.4 ਗੁਣਾ ਵੱਧ ਅਤੇ ਦਿੱਲੀ ਵਿੱਚ 16 ਗੁਣਾ ਜਿਆਦਾ ਪਾਇਆ ਗਿਆ ਸੀ। ਪੀ ਐਮ- 2.5 (ਪਾਰਟੀਕੁਲੇਟ ਮੈਟਰ) ਧਰਤੀ ਦੇ ਵਾਯੂਮੰਡਲ ਵਿੱਚ ਠੋਸ ਜਾਂ ਤਰਲ ਪਦਾਰਥਾਂ ਦੇ ਇਹੋ ਜਿਹੇ ਛੋਟੇ ਕਣ ਹਨ, ਜਿਹਨਾ ਦਾ ਸਾਈਜ਼ 2.5 ਮਾਈਕ੍ਰੋਗ੍ਰਾਮ ਤੋਂ ਵੀ ਘੱਟ ਹੁੰਦਾ ਹੈ। ਇਹ ਕਣ ਆਸਾਨੀ ਨਾਲ ਨੱਕ ਅਤੇ ਮੂੰਹ ਰਾਹੀ ਸਰੀਰ ਦੇ ਅੰਦਰ ਤੱਕ ਪੁੱਜਕੇ ਲੋਕਾਂ ਨੂੰ ਬੀਮਾਰ ਕਰ ਸਕਦੇ ਹਨ। ਇਹ ਮਨੁੱਖ ਦੇ ਬਾਲ ਤੋਂ ਵੀ 30 ਗੁਣਾ ਜਿਆਦਾ ਬਰੀਕ ਹੋ ਸਕਦੇ ਹਨ। ਇਸ ਨਾਲ ਦਿਲ ਦੇ ਦੌਰੇ, ਦਿਲ ਫੇਲ੍ਹ ਹੋਣਾ, ਫੈਫੜਿਆਂ ਦਾ ਕੈਂਸਰ ਅਤੇ ਸਾਹ ਲੈਣ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਵਧਦਾ ਹੈ। ਇਹ ਮਨੁੱਖ ਸਿਹਤ ਲਈ ਸਭ ਤੋਂ ਵੱਧ ਖਤਰਾ ਪੈਦਾ ਕਰਨ ਦਾ ਕਾਰਣ ਮੰਨੇ ਜਾਂਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਤਾਬਿਕ ਹਵਾ ਪ੍ਰਦੂਸ਼ਣ ਵਿੱਚ ਸਿਹਤ ਜੋਖ਼ਮ ਦਾ ਪੱਧਰ ਨਾਪਣ ਦੇ ਲਈ ਪੀ ਐਮ-2.5 ਸਭ ਤੋਂ ਸਟੀਕ ਪੈਮਾਨਾ ਹੈ। ਵਿਸ਼ਵ ਸਿਹਤ ਸੰਗਠਨ ਚੇਤਾਵਨੀ ਦਿੰਦਾ ਰਿਹਾ ਹੈ ਕਿ ਪੀ.ਐਮ., ਉਜੋਨ, ਨਾਈਟਰੋਜਨ, ਮੋਨੋਔਕਸਾਈਡ ਅਤੇ ਸਲਫਰ ਡਾਈ ਔਕਸਾਈਡ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ। ਵਿਸ਼ਵ ਸਿਹਤ ਸੰਗਠਨ ਨੇ ਕਈ ਵੇਰ ਕਿਹਾ ਹੈ ਕਿ ਇਹਨਾ ਹਾਨੀਕਾਰਕ ਚੀਜ਼ਾਂ ਦੇ ਲਈ ਇੱਕ ਸੀਮਾ ਤਹਿ ਕਰਨੀ ਚਾਹੀਦੀ ਹੈ, ਨਹੀਂ ਤਾਂ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਨੁਕਸਾਨ ਪੁੱਜ ਸਕਦਾ ਹੈ। ਇਹਨਾਂ ਸਾਰੀਆਂ ਚੇਤਾਵਨੀਆਂ ਦੇ ਬਾਵਜੂਦ ਲੋਕ ਬੇਪ੍ਰਵਾਹ ਹੋਕੇ ਪਟਾਖੇ ਜਲਾਉਂਦੇ ਹਨ, ਜਦਕਿ ਪਟਾਖਿਆਂ ਵਿੱਚ ਵਰਤੇ ਜਾਂਦੇ ਕਾਪਰ ਕੈਡਮੀਅਮ, ਲੈਡ, ਮੈਗਨੀਸ਼ੀਅਮ, ਸੋਡੀਅਮ, ਜਿੰਕ, ਨਾਈਟਰੇਟ ਅਤੇ ਨਾਈਟਰਾਈਟ ਜਿਹੇ ਰਸਾਇਣ ਇਹਨਾਂ ਨੂੰ ਘਾਤਕ ਬਣਾ ਦਿੰਦੇ ਹਨ। ਪਟਾਖਿਆਂ ਵਿਚੋਂ ਕਾਰਬਨ ਮੌਨੋ-ਔਕਸਾਈਡ, ਕਾਰਬਨਡਾਈ ਔਕਸਾਈਡ ਅਤੇ ਸਲਫਰ ਡਾਈਔਕਸਾਈਡ ਜਿਹੀਆਂ ਜ਼ਹਿਰੀਲੀਆਂ ਗੈਸਾਂ ਅਤੇ ਧੂੰਆਂ ਨਿਕਲਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ਦੇ 20 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 9 ਭਾਰਤ ਦੇ ਹਨ। ਹਾਲਾਂਕਿ ਦੇਸ਼ ਦੇ ਪੰਜਵੇਂ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਅਹਿਮਦਾਬਾਦ ਵਿੱਚ ਹਵਾ ਪ੍ਰਦੂਸ਼ਣ ਦੇ ਲਈ ਪਹਿਲੀ ਨਿਗਰਾਨੀ ਅਤੇ ਅਗਾਊਂ ਚੇਤਾਵਨੀ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ, ਅਤੇ ਉਸਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਪਰੰਤੂ ਹਰ ਸ਼ਹਿਰ ਵਿੱਚ ਇਸ ਸਬੰਧੀ ਦਖਲ-ਅੰਦਾਜ਼ੀ ਦੀ ਲੋੜ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ ਵਿੱਚ ਪਟਾਖਿਆਂ ਦੇ ਕਾਰਨ ਦੀਵਾਲੀ ਦੇ ਬਾਅਦ ਹਵਾ ਪ੍ਰਦੂਸ਼ਣ ਛੇ ਤੋਂ ਦਸ ਗੁਣਾ ਅਤੇ ਆਵਾਜ਼ ਦਾ ਪੱਧਰ 15 ਡੈਸੀਬਲ ਤੱਕ ਵੱਧ ਜਾਂਦਾ ਹੈ। ਆਮ ਦਿਨਾਂ ਵਿੱਚ ਰੌਲੇ ਦਾ ਪੱਧਰ ਦਿਨ ਵਿੱਚ 55 ਅਤੇ ਰਾਤ ਵਿੱਚ 45 ਡੈਸੀਬਲ ਦੇ ਲਗਭਗ ਹੁੰਦਾ ਹੈ ਪਰ ਦੀਵਾਲੀ ਵੇਲੇ 70 ਤੋਂ 90 ਡੈਸੀਬਲ ਤੱਕ ਪਹੁੰਚ ਜਾਂਦਾ ਹੈ। ਇੰਨਾ ਜਿਆਦਾ ਰੌਲਾ ਸਾਨੂੰ ਕੰਨੋਂ ਬੋਲਾ ਕਰਨ ਲਈ ਕਾਫੀ ਹੈ। ਪਟਾਖਿਆਂ ਦੇ ਫਟਣ ਨਾਲ ਮਨੁੱਖ ਕੁਝ ਪਲਾਂ ਲਈ ਬੋਲਾ ਹੋ ਜਾਂਦਾ ਹੈ। ਕਈ ਵੇਰ ਪੀੜਤ ਪੱਕੇ ਤੌਰ ਤੇ ਹੀ ਬਹਿਰਾ (ਬੋਲਾ) ਹੋ ਜਾਂਦਾ ਹੈ।
ਇਹਨਾ ਵਿਚੋਂ ਕਈ ਪਟਾਖੇ ਇਹੋ ਜਿਹੇ ਹਨ, ਜਿਹਨਾ ਉਤੇ ਭਾਰਤੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਬੰਦੀ ਲਗਾਈ ਹੋਈ ਹੈ। ਸਤੰਬਰ 2001 ਵਿੱਚ ਸੁਪਰੀਮ ਕੋਰਟ ਨੇ ਦਸ ਵਜੇ ਤੋਂ ਬਾਅਦ ਜਿਆਦਾ ਰੌਲਾ-ਰੱਪਾ ਅਤੇ ਪ੍ਰਦੂਸ਼ਣ ਪੈਲਾਉਣ ਵਾਲੇ ਪਟਾਖੇ ਚਲਾਉਣ ਉਤੇ ਰੋਕ ਲਗਾਈ ਸੀ। ਹਸਪਤਾਲ, ਸਿੱਖਿਆ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਪਟਾਖੇ ਨਾ ਚਲਾਉਣ ਦੇ ਨਿਯਮ ਵੀ ਹਨ। ਅਦਾਲਤ ਵਲੋਂ ਵੀਹ ਤੋਂ ਜਿਆਦਾ ਇਹੋ ਜਿਹੇ ਪਟਾਖਿਆਂ ਉਤੇ ਪਾਬੰਦੀ ਵੀ ਲਗਾਈ ਗਈ ਹੈ, ਜਿਹੜੇ 125 ਡੈਸੀਵਲ ਦੀ ਆਵਾਜ਼ ਸੀਮਾ ਤੋਂ ਵੱਧ ਹਨ। ਇਥੋਂ ਤੱਕ ਕਿ ਇਹੋ ਜਿਹੇ ਪਟਾਖੇ ਬਨਾਉਣ ਵਾਲਿਆਂ ਉਤੇ ਵੀ ਪਾਬੰਦੀ ਲਗਾ ਦਿਤੀ ਗਈ ਸੀ, ਜਿਹਨਾ ਦਾ ਵਿਸਫੋਟ 125 ਡੈਸੀਵਲ ਤੋਂ ਜਿਆਦਾ ਸੀ ਪਰ ਅੱਜ ਵੀ ਇਹਨਾਂ ਨਿਯਮਾਂ ਦਾ ਉਲੰਘਣ ਹੋ ਰਿਹਾ ਹੈ, ਕਿਉਂਕਿ ਅਸੀਂ ਦੀਵਾਲੀ ਉਤਸਵ ਨੂੰ ਧੂੰਏਂ ਨਾਲ ਉਡਾ ਦੇਣ ਦੇ ਆਦੀ ਹੋ ਗਏ ਹਾਂ।
-
ਗੁਰਮੀਤ ਪਲਾਹੀ,
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.