ਇੱਕ 'ਸਿੱਖ ਬੁੱਧੀਜੀਵੀ' ਜੋ ਕਿ ਸਾਬਕਾ ਰਾਜ ਸਭਾ ਮੈਂਬਰ ਅਤੇ ਇੱਕ ਕੌਮੀ ਕਮਿਸ਼ਨ ਦਾ ਸਾਬਕਾ ਚੇਅਰਮੈਨ ਹਨ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਕੁਲਦੀਪ ਨਈਅਰ ਤੋਂ ਸਨਮਾਨ ਵਾਪਸ ਲੈਣ 'ਤੇ ਇਤਰਾਜ਼ ਜਤਾਇਆ ਹੈ। ਨਈਅਰ ਨੂੰ ਇੱਕ 'ਸੰਸਥਾ' ਦੀ ਸੰਗਿਆ ਦੇ ਕੇ ਸ਼੍ਰੋਮਣੀ ਕਮੇਟੀ ਨੂੰ ਪੱਤਰਕਾਰੀ ਦੇ ਅਸੂਲਾਂ ਦਾ ਵੀ ਪਾਠ ਪੜਾਇਆ ਗਿਆ। ਪਰ ਹੈਰਾਨੀ ਦੀ ਗਲ ਇਹ ਹੈ ਕਿ ਉਸ ਨੇ ਆਪਣੇ ਅੱਧੇ ਲੇਖ ਵਿੱਚ ਨਈਅਰ ਦੇ ਕੱਸੀਦੇ ਤਾਂ ਪੜ੍ਹ ਦਿੱਤੇ ਪਰ ਉਸ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਕੀ ਲਿਖਿਆ ਕੀ ਕਿਹਾ ਗਿਆ ਇਸ ਦਾ 'ਇਮਾਨਦਾਰੀ' ਨਾਲ ਭੋਰਾ ਭੋਗ ਨਹੀਂ ਪਾਇਆ। 'ਉੱਚ ਕੋਟੀ' ਦੇ 'ਸਿੱਖ ਬੁੱਧੀਜੀਵੀਆਂ' ਵੱਲੋਂ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਗਲਤ ਕਰਾਰ ਦਿੱਤੇ ਜਾਣ ਅਤੇ ਸ੍ਰੀ ਨਈਅਰ ਦੇ ਹੱਕ ਵਿੱਚ ਦੇਸ਼ ਵਿਦੇਸ਼ ਆਵਾਜ਼ ਉੱਠ ਰਹੇ ਹੋਣ (ਭਾਵੇਂ ਕਿ ਅਜਿਹਾ ਕੁੱਝ ਨਹੀਂ ਹੈ) ਦਾ ਇਲਮ ਤਾਂ ਹੈ ਪਰ ਸੰਤਾਂ ਬਾਰੇ ਸ੍ਰੀ ਨਈਅਰ ਵੱਲੋਂ ਕੀ ਕੁਫ਼ਰ ਤੋਲਿਆ ਗਿਆ, ਦੱਸਣ ਦੀ ਖੇਚਲ ਨਹੀਂ ਕੀਤੀ, ਨਾ ਹੀ ਦੋ ਲਫਜ਼ ਲਿਖਣਾ ਜ਼ਰੂਰੀ ਸਮਝਿਆ। ਜਿਸ ਦੇ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਲੱਗੀ ਅਸਹਿ ਠੇਸ ਅਤੇ ਪੈਦਾ ਹੋਏ ਰੋਸ ਨਾ ਹੀ ਉਸ ਨੂੰ ਨਜ਼ਰ ਆਇਆ ਅਤੇ ਨਾ ਹੀ ਇਸ ਪ੍ਰਤੀ ਅਹਿਸਾਸ ਉਸ ਨੂੰ ਦੂਰ ਦੂਰ ਤਕ ਸੀ। ਜਨਾਬ ਉਸ ਦਾ ਕਸੀਦਾ ਪੜ੍ਹਦਿਆਂ ਦੱਸਦਾ ਹੈ ਕਿ ਸਾਰੇ ਪੰਜਾਬੀਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਨਈਅਰ ਦੀ ਪਤਨੀ ਸਾਬਕਾ ਮੁੱਖ ਮੰਤਰੀ ਭੀਮ ਸੈਨ ਸੱਚਰ ਦੀ ਧੀ ਹੈ। ਕੋਈ ਦੱਸੇਗਾ ਕਿ ਨਈਅਰ ਦੀ ਇਸ ਨਿੱਜੀ ਜ਼ਿੰਦਗੀ ਨਾਲ ਸਾਰੇ ਪੰਜਾਬੀਆਂ ਨੂੰ ਕੀ ਸਰੋਕਾਰ ਹੋ ਸਕਦਾ ਹੈ? ਲਿਖਣ ਦੀ ਆਜ਼ਾਦੀ ਪ੍ਰਤੀ ਪੱਤਰਕਾਰੀ ਦੇ ਅਸੂਲਾਂ ਦਾ ਢੰਡੋਰਾ ਪਿੱਟਣ ਵਾਲੇ ਨੂੰ ਇਹ ਇਤਰਾਜ਼ ਹੈ ਕਿ ਸਨਮਾਨ ਵਾਪਸ ਲੈਣ ਤੋਂ ਪਹਿਲਾਂ ਨਈਅਰ ਤੋਂ ਇਸ ਬਾਰੇ ਕਿਉਂ ਨਹੀਂ ਪੁੱਛਿਆ ਗਿਆ ਅਤੇ ਕਿਸੇ ਪੱਤਰਕਾਰ ਐਸੋਸੀਏਸ਼ਨ ਤੋਂ ਕਿਉਂ ਨਹੀਂ ਸਲਾਹ ਲਈ ਗਈ? ਪਰ ਕੋਈ ਇਹ ਦੱਸੇਗਾ ਕਿ ਨਈਅਰ 35 ਸਾਲਾਂ ਤੋਂ ਨਿਰੰਤਰ ਸੰਤਾਂ ਬਾਰੇ ਗੁਮਰਾਹਕੁਨ ਪ੍ਰਾਪੇਗੰਡਾ ਕਰਦਾ ਆ ਰਿਹਾ, ਸਿੱਖ ਸੰਗਤ ਦੇ ਰੋਸ ਤੋਂ ਵਾਕਫ਼ ਪਰ ਕੀ ਉਸ ਨੇ ਕਦੀ ਇਸ ਗਲ ਦੀ ਸੋਧ ਕੀਤੀ?। ਸ਼੍ਰੋਮਣੀ ਕਮੇਟੀ ਨੇ ਜੋ ਫੈਸਲਾ ਲਿਆ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਲਿਆ ਅਤੇ ਸਿੱਖ ਕੌਮ ਪ੍ਰਤੀ ਜਵਾਬਦੇਹੀ ਦਾ ਸਬੂਤ ਦਿੱਤਾ , ਜਿਸ ਦਾ ਪੰਥ ਨੇ ਸਵਾਗਤ ਕੀਤਾ ਹੈ। ਸ਼੍ਰੋਮਣੀ ਕਮੇਟੀ ਸਿੱਖ ਪੰਥ ਦੀ ਚੁਣੀ ਹੋਈ ਆਜ਼ਾਦ ਅਤੇ ਸਿਰਮੌਰ ਪ੍ਰਤੀਨਿਧ ਸੰਸਥਾ ਹੈ ਅਤੇ ਕਾਨੂੰਨਨ ਉਸ ਨੂੰ ਆਪਣੇ ਫੈਸਲੇ ਲੈਣ ਦਾ ਹੱਕ ਹਾਸਲ ਹੈ, ਇਸ ਨੂੰ ਤੁਸੀਂ ਨਕਾਰ ਨਹੀਂ ਸਕਦੇ।ਆਪ ਦਾ 'ਹਰ ਇੱਕ ਨੂੰ ਵਿਚਾਰ ਰੱਖਣ ਦਾ ਹੱਕ ਹੈ ਅਸੀਂ ਇਸ ਨੂੰ 'ਦਬਾ' ਨਹੀਂ ਸਕਦੇ' ਕਹਿਣਾ ਕੀ ਇਹ ਇੱਕ ਤਰਾਂ ਦੀ ਧਮਕੀ ਦੀ ਸ਼੍ਰੇਣੀ 'ਚ ਨਹੀਂ ਆਉਂਦਾ। ਪੱਤਰਕਾਰੀ ਅਸੂਲਾਂ ਦਾ ਪਾਠ ਪੜਾਉਣ ਵਾਲਾ 'ਬੁੱਧੀਜੀਵੀ ਇਹ ਦੱਸੇਗਾ ਕਿ ਨਈਅਰ ਨੇ ਜੋ ਬਿਨਾ ਸਬੂਤ ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ 'ਤੇ ਕਈ ਇਲਜ਼ਾਮ ਲਗਾਏ ਹਨ ਅਤੇ ਅਪਮਾਨਜਨਕ ਸ਼ਬਦ ਵਰਤੇ ਹਨ, ਉਹ ਸਹੀ ਹਨ? ਇੱਥੇ ਮੈ ਸ੍ਰੀ ਨਈਅਰ ਦੀ ਜ਼ਹਿਨੀਅਤ ਤੇ ਵਿਚਾਰਧਾਰਾ ਬਾਰੇ ਬਿਆਨ ਕਰਨਾ ਚਾਹਾਂਗਾ। ਨਈਅਰ ਨੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਭਸਮਾਸੁਰ ਸ਼ਬਦ ਵਰਤਿਆ, ਅਤਿਵਾਦੀ ਕਿਹਾ ਬਦਇਖਲਾਕ ਰਾਮ ਰਹੀਮ ਨਾਲ ਤੁਲਨਾ ਕੀਤੀ।ਭਾਸ਼ਾ ਵਿਗਿਆਨ ਨੂੰ ਜਾਣਨ ਵਾਲੇ ( ਆਪ ਖੁਦ ਭਾਸ਼ਾ ਵਿਗਿਆਨੀ ਹੈ) ਜਾਣਦੇ ਹਨ ਕਿ 'ਸ਼ਬਦ' ਸਮਾਜ ਦੀ ਸਿਰਜਣਾ ਹੈ ਅਤੇ ਕੌਮੀ ਜਜਬਾਤਾਂ ਦਾ ਪ੍ਰਤੀਨਿਧ ਰੂਪ ਹੈ। ਜਿਸ ਵਿੱਚ ਅਤੀਤ ਅਤੇ ਪੁਰਖਿਆਂ ਦਾ ਅਨੁਭਵ ਵਿਦਮਾਨ ਹੋਣ ਨਾਲ ਜਿਸ ਦੇ ਪਿੱਛੇ ਇੱਕ ਲੰਮਾ ਅਤੀਤ ਕਾਰਜਸ਼ੀਲ ਰਹਿੰਦਾ ਹੈ। ਜਿਸ ਨਾਲ ਇੱਕ ਵਿਅਕਤੀ ਵਿਸ਼ੇਸ਼ ਲਈ ਵਰਤੇ ਗਏ ਸ਼ਬਦ ਦਾ ਸ਼ਬਦਾਰਥ ਅਤੀਤ ਦੇ ਰੂਪ ਵਿੱਚ ਪੂਰੀ ਤਰਾਂ ਸਾਹਮਣੇ ਆ ਜਾਂਦਾ ਹੈ। ਨਈਅਰ ਵੱਲੋਂ ਵਾਰ ਵਾਰ ਭਸਮਾਸੁਰ ਅਤੇ ਅਤਿਵਾਦੀ ਕਹਿ ਕੇ ਸੰਤ ਭਿੰਡਰਾਂਵਾਲਿਆਂ ਪ੍ਰਤੀ ਇੱਕ ਵਿਸ਼ੇਸ਼ ਬਿੰਬ ਉੱਸਾਰਦਿਆਂ ਚਰਿੱਤਰ ਦਾ ਚੀਰ ਹਰਨ ਕਰਨਾ ਇੱਕ ਭੱਦੀ ਸੋਚ ਨਹੀਂ? ਪੰਜਾਬੀਅਤ ਦਾ ਮੁਦਈ ਆਪਣੇ ਲੇਖ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਲਿਖਦਾ ਹੈ ਕਿ ਭਿੰਡਰਾਂਵਾਲਿਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦਾ ਕੰਮ ਫੌਜ ਨੂੰ ਕਰਨਾ ਪਿਆ। ਜ਼ੁਲਮ ਨੂੰ ਇੰਤਜ਼ਾਮ, ਸਾਡੇ ਹੱਕ ਸੱਚ ਦੀ ਆਵਾਜ਼ ਨੂੰ ਖਲਲ ਲਿਖਣ ਵਾਲਿਆ ਇਹ ਤੇਰੀ ਕਿਹੋ ਜਿਹੀ ਪੰਜਾਬੀਅਤ ਹੈ?। ਪੰਜਾਬੀਅਤ ਦੀ ਗਲ ਕਰੀਏ ਤਾਂ ਪੰਜਾਬੀ ਆਪਣੀ ਹੋਂਦ, ਪਛਾਣ ਅਤੇ ਸਵੈਮਾਣ ਦੀ ਰਾਖੀ ਲਈ ਸਦੀਆਂ ਤੋਂ ਜੂਝਦਾ ਆਇਆ ਹੈ, ਇਹੀ ਪੰਜਾਬੀਅਤ ਦਾ ਸਰੂਪ ਅਤੇ ਪੰਜਾਬੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਹੈ। ਸੰਤ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਆਪਣੇ 7 ਸਾਲਾ ਕਾਰਜਕਾਲ ਦੌਰਾਨ ਗੁਰੂਡੰਮ ਦੇ ਖ਼ਿਲਾਫ਼ ਆਵਾਜ਼ ਉਠਾਈ, ਰਾਜਾਂ ਦੇ ਵਧ ਅਧਿਕਾਰ ਲਈ ਅਨੰਦਪੁਰ ਸਾਹਿਬ ਮਤੇ ਨੂੰ ਲੈ ਕੇ ਸਮੂਹ ਰਾਜਾਂ ਦੀ ਲੜਾਈ ਲੜੀ, ਪੰਜਾਬ ਅਤੇ ਕੌਮ ਦੇ ਹਿਤਾਂ ਲਈ ਲੜਾਈ ਲੜੀ, ਦਮਦਮੀ ਟਕਸਾਲ ਦੇ ਪ੍ਰਚਾਰ ਪ੍ਰਸਾਰ ਦੇ ਖੇਤਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢ ਕੇ ਸਿੱਖੀ ਅਤੇ ਗੁਰੂ ਦੇ ਸਿਧਾਂਤ ਨਾਲ ਜੋੜਦਿਆਂ ਸਿੱਖ ਕੌਮ ਦੀ ਜਾਗਦੀ ਅਣਖ ਪ੍ਰਤੀ ਕੌਮਾਂਤਰੀ ਪੱਧਰ 'ਤੇ ਇੱਕ ਦਸਤਕ ਦਿੱਤੀ। ਸਭ ਤੋਂ ਵਧ ਕੌਮ ਉਸ ਨੂੰ ਇਸ ਗੱਲੋਂ ਸਤਿਕਾਰਦੀ ਹੈ ਕਿ ਉਸ ਨੇ ਆਪਣੇ ਬੋਲਾਂ ਨੂੰ ਪੁਗਾਇਆ। ਜੋ ਕਿਹਾ ਆਪਣੇ ਪਿੰਡੇ ਹੰਢਾਇਆ। ਇਹੀ ਗਲ ਹੈ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀਹਵੀਂ ਸਦੀ ਦਾ ਮਹਾਨ ਨਾਇਕ ਅਤੇ ਸ਼ਹੀਦ ਦੇ ਰੁਤਬੇ ਨਾਲ ਸਨਮਾਨਿਆ ਗਿਆ। ਸੰਤ ਭਿੰਡਰਾਂਵਾਲਿਆਂ ਦੇ ਸ਼ਖਸੀਅਤ 'ਤੇ ਅਨੇਕਾਂ ਕਿਤਾਬਾਂ ਲਿਖੀਆਂ ਗਈਆਂ, ਕੁੱਝ ਆਪੋ ਆਪਣੀ ਦ੍ਰਿਸ਼ਟੀਕੋਣ ਤੋਂ ਆਲੋਚਨਾ ਵੀ ਕੀਤੀ। ਉਸ ਸ਼ਖਸੀਅਤ ਦੇ ਰਾਜਸੀ ਸਫ਼ਰ ਦੌਰਾਨ ਲਏ ਗਏ ਫੈਸਲਿਆਂ ਨੂੰ ਚੰਗਾ ਮਾੜਾ ਕਹਿਣਾ ਹਰੇਕ ਦਾ ਆਪੋ ਆਪਣਾ ਨਜ਼ਰੀਆ ਹੈ। ਇਹ ਸਭ ਤਾਂ ਇੱਕ ਅਜ਼ੀਮ ਮਰਦ ਦੀ ਨਿਸ਼ਾਨੀ ਹੈ। ਉਹਨਾਂ ਵੱਲੋਂ ਲਿਖੀਆਂ ਜਾਂਦੀਆਂ ਵਿਚਾਰਧਾਰਕ ਟਿੱਪਣੀਆਂ ਪ੍ਰਤੀ ਸਾਨੂੰ ਕੋਈ ਇਤਰਾਜ਼ ਨਹੀਂ। ਹਰ ਇੱਕ ਨੇ ਆਪਣੀ ਦ੍ਰਿਸ਼ਟੀਕੋਣ ਤੋਂ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਣਾ ਤੇ ਕਲਮਬੱਧ ਕਰਨਾ ਹੁੰਦਾ ਹੈ। ਪਰ ਕੁੱਝ ਪੰਜਾਬ ਅਤੇ ਹਰਿਆਣਾ 'ਚ ਵਾਪਰੀ ਡੇਰਾ ਸਿਰਸਾ ਕਾਂਡ ਦੇ ਵਿਭਚਾਰੀ ਨਾਲ ਇੱਕ ਮਹਾਨ ਗੁਰਸਿੱਖ ਦੀ ਤੁਲਣਾ ਜਿਸ ਨੂੰ ਸਿੱਖ ਕੌਮ ਖ਼ਾਸਕਰ ਨੌਜਵਾਨ ਪੀੜੀ ਆਪਣਾ ਆਦਰਸ਼ ਮੰਨਦੀ ਹੋਵੇ, ਜਿਸ ਨੇ ਇੱਕ ਇੱਕ ਸਵਾਸ ਨਾਮ ਬਾਣੀ ਅਤੇ ਬੰਦਗੀ ਤਪੱਸਿਆ ਸਦਕਾ ਦਮਦਮੀ ਟਕਸਾਲ ਦੇ 14ਵੇਂ ਮੁਖੀ ਹੋਣ ਦਾ ਮਾਣ ਹਾਸਲ ਕੀਤਾ ਹੋਵੇ,ਜਿਸ ਖ਼ਿਲਾਫ਼ ਕਿਸੇ ਵੀ ਸਟੇਟ ਕੋਲ ਕੋਈ ਸਬੂਤ ਕੋਈ ਕੇਸ ਨਾ ਹੋਵੇ, ਉਸ ਦੇ ਨਿੱਜੀ ਜੀਵਨ 'ਤੇ ਚਿੱਕੜ ਉਛਾਲਨਾ ਕਿੱਥੋਂ ਦਾ ਇਨਸਾਫ਼ ਹੈ।
ਪੰਜਾਬ ਦੇ ਕੁਦਰਤੀ ਸੋਮੇ ਦਰਿਆਈ ਪਾਣੀਆਂ ਦੀ ਲੁਟ ਕੀ ਅੱਜ ਵੀ ਨਹੀਂ ਹੋ ਰਹੀ, ਕੀ ਵਿਸ਼ਵ ਪੱਧਰ 'ਤੇ ਰਾਏਪੇਰੀਅਨ ਅਸੂਲਾਂ ਦੇ ਲਾਗੂ ਹੋਣ ਦੇ ਬਾਵਜੂਦ ਪੰਜਾਬ ਦੇ ਪਾਣੀਆਂ ਦਾ ਹੱਕ ਪੰਜਾਬ ਕੋਲ ਹੈ? ਕੀ ਗੈਰ ਰਾਏਪੇਰੀਅਨ ਰਾਜਾਂ ਨੂੰ ਜਾ ਰਹੇ ਪਾਣੀਆਂ ਦਾ ਮੁਆਵਜ਼ਾ ਸਾਨੂੰ ਮਿਲ ਰਿਹਾ ਹੈ? ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਕੇ ਕੀ ਪੰਜਾਬ ਦੇ ਕਿਸਾਨੀ ਦੀ ਲੁਟ ਅੱਜ ਵੀ ਨਹੀਂ ਹੋ ਰਹੀ? ਜੇ ਇਸ ਸਭ ਦਾ ਜਵਾਬ ਨਹੀਂ 'ਚ ਹੀ ਹੈ ਤਾਂ ਸੰਤ ਭਿੰਡਰਾਂਵਾਲਿਆਂ ਦੀ ਸੰਘਰਸ਼ ਨੂੰ ਕਿਵੇਂ ਨਕਾਰੋਗੇ।
ਸ੍ਰੀ ਨਈਅਰ ਦੇ ਹੱਕ ਵਿੱਚ ਲਿਖ ਬੋਲ ਰਹੇ ਸਤਿਕਾਰਯੋਗ ਵਿਅਕਤੀਆਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਕਿ ਬਿਨਾ ਦੇਖੇ ਬਿਨਾ ਘੋਖੇ ਬਿਨਾ ਸਬੂਤ ਲਿਖੇ ਜਾਂਦੇ ਲੇਖਾਂ ਪ੍ਰਤੀ ਨੋਟਿਸ ਜ਼ਰੂਰ ਲੈਣ। ਭਾਰਤੀ ਸੰਵਿਧਾਨ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦੀ ਹੈ ਪਰ ਕਿਸੇ 'ਤੇ ਬਿਨਾ ਵਜਾ ਕਿਰਦਾਰਕਸ਼ੀ ਕਰਨ ਦੀ ਨਹੀਂ। ਸਾਡਾ ਕਿਸੇ ਨਾਲ ਕੋਈ ਜਾਤੀ ਜਾਂ ਜਮਾਤੀ ਵਿਰੋਧ ਨਹੀਂ ਪਰ ਉਸ ਵੱਲੋਂ ਲਿਖੇ ਗਏ ਨਾਕਾਰਾਤਮਕ ਵਿਚਾਰ ਵਾਪਸ ਲਏ ਜਾਣ ਨਾਲ ਹੀ ਆਪਸੀ ਸਤਿਕਾਰ ਕਾਇਮ ਰੱਖਿਆ ਜਾ ਸਕਦਾ ਹੈ। ਮੈ ਕਹਿਣਾ ਚਾਹੁੰਦਾ ਹਾਂ ਕਿ ਲਾਬਿੰਗ ਅਤੇ ਸਿਆਸਤ ਨਾਲੋਂ ਸੱਚ ਕਿਤੇ ਉੱਤੇ ਹੈ। ਸ਼੍ਰੋਮਣੀ ਕਮੇਟੀ ਨੂੰ ਬੁੱਧੀਜੀਵੀਆਂ ਵੱਲੋਂ ਦਿੱਤੀ ਸਲਾਹ ਪ੍ਰਤੀ ਤਾਂ ਮੈ ਸੁਰਜੀਤ ਪਾਤਰ ਦੀਆਂ ਇਹ ਲਾਈਨਾਂ ਹੀ ਲਿਖਾਂਗਾ।
ਇਹ ਕੀ ਹੁਨਰ ਹੈ ਭਲਾ ਕੀ ਕਲਾ ਕਹੇ ਜਿਹੜੀ,
ਹੁਸਨ ਨੂੰ ਹੁਸਨ ਲਿਖੋ ਕਤਲ ਨੂੰ ਕਤਲ ਨਾ ਲਿਖੋ।
-
ਸਰਚਾਂਦ ਸਿੰਘ, ਸਾਬਕਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ)
info.babushahi@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.