ਇੱਕ ਸੀਨੀਅਰ ਪੱਤਰਕਾਰ ਜਿਸ ਦੀ ਸ਼ਖਸੀਅਤ ਤੋਂ ਮੈਂ ਹਮੇਸ਼ਾਂ ਪ੍ਰਭਾਵਿਤ ਰਿਹਾ, ਜਿਨ੍ਹਾਂ ਦੇ ਵਿਚਾਰਾਂ ਦੀ ਸਦਾ ਕਦਰ ਕੀਤੀ ਅਤੇ ਕਰਦਾ ਵੀ ਰਹਾਂਗਾ। ਮੇਰੀ ਕੀ ਔਕਾਤ ਕਿ ਉਹਨਾਂ ਦੇ ਵਿਚਾਰਾਂ 'ਤੇ ਟਿੱਪਣੀ ਕਰ ਸਕਾਂ। ਪਰ ਕੁੱਝ ਨੁਕਤੇ 'ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ' ਹਨ ਜੋ ਲਿਖਣ ਲਈ ਮਜਬੂਰ ਕਰਦੇ ਹਨ। ਉਹਨਾਂ ਦੀ ਸੰਪਾਦਕੀ ''ਸ਼੍ਰੋਮਣੀ ਕਮੇਟੀ ਦਾ ਗ਼ਲਤ ਫ਼ੈਸਲਾ'' ਇੱਕ ਵਾਰ ਨਹੀਂ ਮੈਂ ਵਾਰ ਵਾਰ ਪੜ੍ਹਿਆ। ਜਿਸ 'ਚ ''ਪ੍ਰਸਿੱਧ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਵੱਲੋਂ ਗੁਰਮੀਤ ਰਾਮ ਰਹੀਮ ਸਬੰਧੀ ਇੱਕ ਲੇਖ ਲਿਖਿਆ ਗਿਆ ਸੀ। ਉਨ੍ਹਾਂ ਵੱਲੋਂ ਇਸ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ 'ਜ਼ਿਕਰ' ਕੀਤਾ ਗਿਆ ਅਤੇ ਉਸ ਸਮੇਂ ਦੀ ਸਿਆਸਤ ਨਾਲ ਉਨ੍ਹਾਂ ਦਾ ਸਬੰਧ ਜੋੜਨ ਦਾ ਯਤਨ ਵੀ ਕੀਤਾ ਗਿਆ ਅਤੇ ਇੱਕ ਤਰ੍ਹਾਂ ਨਾਲ ਸਿਧਾਂਤਕ ਤੌਰ 'ਤੇ ਉਨ੍ਹਾਂ ਦੇ ਅਮਲਾਂ ਅਤੇ ਵਿਚਾਰਾਂ ਨਾਲ ਮਤਭੇਦ ਪ੍ਰਗਟਾਏ ਗਏ।'' ਮੇਰੀ ਸਮਝ ਮੁਤਾਬਿਕ ਸ੍ਰੀ ਨਈਅਰ ਨੇ ਲੇਖ ਵਿੱਚ ਸੰਤ ਭਿੰਡਰਾਂਵਾਲਿਆਂ ਪ੍ਰਤੀ ਮਹਿਜ਼ 'ਜ਼ਿਕਰ' ਨਹੀਂ ਕੀਤਾ ਸਗੋਂ ਸੁਚੇਤ ਰੂਪ ਵਿੱਚ ਬਦ ਇਖ਼ਲਾਕ ਰਾਮ ਰਹੀਮ ਨਾਲ ਤੁਲਨਾ ਕੀਤੀ । ਇੱਕ ਬਦਕਾਰੀ ਨਾਲ ਸੰਤ ਭਿੰਡਰਾਂਵਾਲਿਆਂ, ਜਿਨ੍ਹਾਂ ਆਪਣਾ ਕਿਰਦਾਰ ਹਮੇਸ਼ਾਂ ਬੁਲੰਦ ਰੱਖਿਆ ਅਤੇ ਪੰਜਾਬ ਅਤੇ ਪੰਥ ਦੇ ਹਿਤਾਂ ਲਈ ਜੂਝਦਿਆਂ ਕੁਰਬਾਨੀ ਦਿੱਤੀ, ਜਿਸ ਨੂੰ ਕੌਮ ਆਪਣਾ ਨਾਇਕ ਅਤੇ ਸ਼ਹੀਦ ਮੰਨਦਾ ਆ ਰਿਹਾ ਹੈ, ਇਹ ਤੁਲਨਾ ਨਿਆਂ ਸੰਗਤ ਕਿਵੇਂ ਕਿਹਾ ਜਾ ਸਕਦਾ ਹੈ? ਦੂਜੀ ਗਲ ''ਉਹਨਾਂ ( ਸੰਤ ਭਿੰਡਰਾਂਵਾਲਿਆਂ) ਦੇ ਅਮਲਾਂ ਅਤੇ ਵਿਚਾਰਾਂ ਨਾਲ ਮਤਭੇਦ'' ਕਿਸੇ ਦੇ ਵੀ ਅਮਲਾਂ ਅਤੇ ਵਿਚਾਰਾਂ ਪ੍ਰਤੀ ਬਾਦਲੀਲ ਆਲੋਚਨਾ ਗੈਰ-ਵਾਜਬ ਨਹੀਂ ਕਿਹਾ ਜਾ ਸਕਦਾ, ਪਰ ਇੱਥੇ ਅਮਲਾਂ ਅਤੇ ਵਿਚਾਰਾਂ ਦੀ ਥਾਂ ਸ਼ਖਸੀਅਤ ਨੂੰ ਹੀ 'ਭਸਮਾਸੁਰ' ਰਾਖਸ਼ ਠਹਿਰਾਉਣਾ ਅਤੇ 'ਅਤਿਵਾਦੀ' ਗਰਦਾਨ ਦੇਣਾ ਕਿਸ ਵਿਚਾਰ ਦੀ ਸ਼੍ਰੇਣੀ 'ਚ ਰੱਖਿਆ ਜਾ ਸਕਦਾ ਹੈ? ਇਹ ਕਹਿਣਾ ਕਿ ਨਈਅਰ ਪੰਜਾਬ ਪੰਜਾਬੀਅਤ ਦਾ ਹਮਦਰਦ ਹੈ ਜੋ ਔਖੇ ਸਮੇਂ ਪੰਜਾਬ ਲਈ ਹਾਅ ਦਾ ਨਾਅਰਾ ਮਾਰਦਾ ਰਿਹਾ ਹੈ, ਇਸ ਵਿਚਾਰ ਨਾਲ ਉਸ ਨੂੰ ਦੂਜਿਆਂ ਦੇ ਕੌਮੀ ਨਾਇਕਾਂ ਅਤੇ ਜਥੇਬੰਦੀਆਂ ਦੀ ਛਵੀ ਖਰਾਬ ਕਰਨ ਦੀ ਖੁੱਲ ਜਾਂ ਸਾਜ਼ਿਸ਼ੀ ਅਡੰਬਰ ਰਚਣ ਤੋਂ ਬਰੀ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਨਿਆਂ ਸੰਗਤ ਨਹੀਂ ਹੈ ਕਿ ਇੱਕ ਬੰਦਾ ਪੰਜਾਬ / ਪੰਜਾਬੀਅਤ ਲਈ ਹਾਅ ਦਾ ਨਾਅਰਾ ਮਾਰਦਾ ਹੈ ਇਸ ਲਈ ਪੰਜਾਬ ਦੇ ਹੱਕਾਂ ਅਤੇ ਪੰਜਾਬੀਅਤ ਦੀ ਮੁਦਈ ਅਤੇ ਇਨਸਾਫ਼ ਪ੍ਰਤੀ ਸੰਘਰਸ਼ਸ਼ੀਲ ਸ਼ਖਸੀਅਤ ਪ੍ਰਤੀ ਬੇਬੁਨਿਆਦ ਇਲਜ਼ਾਮ ਲਾ ਕੇ ਉਸ ਨਾਇਕ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਨੂੰ ਵੀ ਨਜ਼ਰਅੰਦਾਜ਼ ਕਰਦਿਤਾ ਜਾਵੇ। ਮਿਸਾਲ ਵਜੋਂ ਨਈਅਰ 'ਸਵੈਜੀਵਨੀ' ਅਤੇ 'ਪੰਜਾਬ ਦਾ ਦੁਖਾਂਤ' ਤੋਂ ਇਲਾਵਾ ਹਾਲੀਆ ਲੇਖ ਵਿੱਚ ਵੀ ਲਿਖਦਾ ਹੈ ਕਿ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਨੇ ਪੈਦਾ ਕੀਤਾ, ਜਿਸ ਦੀ ਪ੍ਰੋੜ੍ਹਤਾ ਲਈ ਉਹ ਕਾਂਗਰਸੀ ਆਗੂ ਕਮਲ ਨਾਥ ਦੇ ਹਵਾਲੇ ਨਾਲ ਦੱਸਦਾ ਹੈ ਕਿ ''ਅਸੀਂ ( ਕਮਲ ਨਾਥ) ਉਸ (ਸੰਤਾਂ) ਨੂੰ ਲੋੜੀਂਦੇ ਪੈਸੇ ਦਿੰਦੇ ਰਹਾਂਗੇ''।ਹਾਲਾਂਕਿ ਕਮਲ ਨਾਥ ਦੇ ਜੀਵਤ ਹੋਣ ਦੇ ਬਾਵਜੂਦ ਅਜਿਹੇ ਬੇ ਬੁਨਿਆਦ ਇਲਜ਼ਾਮ ਨੂੰ ਉਹ ਕਦੀ ਸੱਚ ਸਾਬਤ ਨਹੀਂ ਕਰ ਸਕੇ ਹਨ। ਅਜਿਹਾ ਇੱਕ ਬੇਬੁਨਿਆਦ ਇਲਜ਼ਾਮ ਉਹਨਾਂ ਦਲ ਖ਼ਾਲਸਾ 'ਤੇ ਲਾਇਆ ਕਿ ਇਹ ਵੀ ਕਾਂਗਰਸ ਦੀ ਪੈਦਾਇਸ਼ ਹੈ ਤੇ ਇਸ ਦੀ ਪਹਿਲੀ ਪ੍ਰੈੱਸ ਕਾਨਫਰੰਸ ਦਾ ਖਰਚਾ ਵੀ ਕਾਂਗਰਸ ਵੱਲੋਂ ਅਦਾ ਕਰਨਾ ਦੱਸਿਆ ਗਿਆ, ਜਿਸ ਬਾਰੇ ਦਲ ਖ਼ਾਲਸਾ ਵੱਲੋਂ ਸਖ਼ਤ ਵਿਰੋਧ ਕਰਨ 'ਤੇ ਨਈਅਰ ਕੋਲ ਕੋਈ ਦਲੀਲ ਨਹੀਂ ਸੀ। ਲਿਹਾਜ਼ਾ ਉਸ ਨੂੰ ਆਪਣੀ ਲਿਖਤ ਵਾਪਸ ਲੈਣੀ ਪਈ ਅਤੇ ਸਵੈਜੀਵਨੀ ਵਿੱਚੋਂ ਉਹ ਚੈਪਟਰ ਹਟਾਉਣਾ ਪਿਆ। ਧਰਮਯੁੱਧ ਮੋਰਚੇ ਦੌਰਾਨ ਸੰਤ ਭਿੰਡਰਾਂਵਾਲਿਆਂ ਦਾ ਰਾਜਸੀ ਮਨੋਰਥ ਸ੍ਰੀ ਅਨੰਦਪੁਰ ਸਾਹਿਬ ਮਤਾ ਰਿਹਾ, ਜੋ ਪੰਜਾਬ ਦੇ ਹੱਕਾਂ ਤੋਂ ਇਲਾਵਾ ਸਮੂਹ ਰਾਜਾਂ ਦੇ ਵਧ ਅਧਿਕਾਰਾਂ ਨਾਲ ਸੰਬੰਧਿਤ ਹੈ।ਸੰਤਾਂ ਦਾ ਵਿਰੋਧ ਇੱਕ ਤਰਾਂ ਨਾਲ ਪੰਜਾਬ ਦੇ ਹੱਕੀ ਮੰਗਾਂ ਦਾ ਵਿਰੋਧ ਕਰਨਾ ਹੀ ਹੋਇਆ ਨਾ। ਆਪ ਜੀ ਦਾ ਕਹਿਣਾ ਹੈ ਕਿ ਸਾਡਾ ਸ੍ਰੀ ਨਈਅਰ ਦੇ ਲੇਖ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ।ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਤੁਸੀਂ ਉਕਤ ਲੇਖ ਨਾਲ ਬਿਲਕੁਲ ਸਹਿਮਤ ਨਹੀਂ ਹੋ, ਤੁਸੀਂ ਜਾਣਦੇ ਹੋ ਕਿ ਉਹ ਲੇਖ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮਾਨਸਿਕ ਠੇਸ ਪਹੁੰਚਾਉਣ ਵਾਲਾ ਅਤੇ ਇਤਰਾਜ਼ਯੋਗ ਹੈ। ਇਹ ਹੀ ਕਾਰਨ ਹੈ ਕਿ ਤੁਸੀਂ ਖੁਦ ਆਪਣੇ ਪੇਪਰ 'ਚ ਉਸ ਲੇਖ ਨੂੰ ਕੋਈ ਜਗਾ ਨਹੀਂ ਦਿੱਤੀ। ਮੈ ਸਮਝਦਾ ਹਾਂ ਕਿ ਜਾਂ ਤਾਂ ਸ੍ਰੀ ਨਈਅਰ ਪੰਜਾਬੀਆਂ ਤੇ ਸਿੱਖ ਕੌਮ ਦੀ ਪੀੜਾ ਨੂੰ ਸਮਝਣ 'ਚ ਅਸਮਰਥ ਹੈ ਜਾਂ ਫਿਰ ਉਹ ਇੱਕ ਜਮਾਤੀ ਵਿਚਾਰਧਾਰਾ ਦੇ ਅਸਰ ਹੇਠ ਪੰਥਕ ਭਾਵਨਾਵਾਂ ਨਾਲ ਖਿਲਵਾੜ ਕਰਨ 'ਚ ਰੁਝਾ ਹੋਇਆ ਹੈ। ਕਿਉਂਕਿ ਉਸ ਦੇ ਲੇਖ ਪ੍ਰਤੀ ਪੰਥਕ ਧਿਰਾਂ ਵੱਲੋਂ ਰੋਸ ਭਰਿਆ ਪ੍ਰਤੀਕਰਮ ਸਾਹਮਣੇ ਆਉਣ ਦੇ ਬਾਵਜੂਦ ਉਹਨਾਂ ਸਿੱਖ ਕੌਮ ਨਾਲ ਖੇਦ ਪ੍ਰਗਟ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਹੁਣ ਤੁਸੀਂ ਦੱਸੋ ਕੁੱਛੜ ਚੜ੍ਹ ਕੇ ਦਾੜ੍ਹੀ ਪੁੱਟਣਾ ਕੌਣ ਬਰਦਾਸ਼ਤ ਕਰੇਗਾ?
-
ਪ੍ਰੋ: ਸਰਚਾਂਦ ਸਿੰਘ,
info.babushahi@gmail.com
9781355522
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.