ਚਹਿਲ ਜਗਪਾਲ ਦੀ ਪਲੇਠੀ ਕਵਿਤਾਵਾਂ ਦੀ ਪੁਸਤਕ ਤਹਿਰੀਕ ਸਮਾਜਿਕ ਅਤੇ ਇਨਕਲਾਬੀ ਸਰੋਕਾਰਾਂ ਦੀ ਪ੍ਰਤੀਕ ਕਹੀ ਜਾ ਸਕਦੀ ਹੈ। ਇਸ ਪੁਸਤਕ ਦੇ 85 ਪੰਨਿਆਂ ਵਿਚ 35 ਕਵਿਤਾਵਾਂ ਹਨ, ਜਿਹੜੀਆਂ ਸਾਰੀਆਂ ਹੀ ਗ਼ਰੀਬ ਵਰਗ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੀਆਂ ਇਨਕਲਾਬੀ ਕਵਿਤਾਵਾਂ ਹਨ। ਕਈ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂਘਟਨਾਵਾਂ ਬਾਰੇ ਲਿਖੀਆਂ ਗਈਆਂ ਹਨ। ਇਸ ਪੁਸਤਕ ਨੂੰ ਅਦਬੀ ਪਰਵਾਜ਼ ਪ੍ਰਕਾਸ਼ਨ ਮਾਨਸਾ ਨੇ ਪ੍ਰਕਾਸ਼ਤ ਕੀਤਾ ਹੈ। ਕਮਾਲ ਦੀ ਗੱਲ ਹੈ ਕਿ ਇਸ ਪੁਸਤਕ ਦੀ ਕੀਮਤ ਰੱਖੀ ਹੀ ਨਹੀਂ ਗਈ। ਕਵਿਤਾਵਾਂ ਦੇ ਵਿਸ਼ੇ ਆਤਮ ਹੱਤਿਆਵਾਂ, ਬੇਰੋਜ਼ਗਾਰੀ, ਭੁੱਖਮਰੀ, ਨਾਬਾਲਗਾਂ ਨਾਲ ਹੋ ਰਹੇ ਬਲਾਤਕਾਰ, ਨਸ਼ੇ, ਕਾਮਿਆਂ ਦਾ ਸ਼ੋਸ਼ਣ ਅਤੇ ਵਹਿਮਾ ਭਰਮਾ ਨੂੰ ਬਣਾਇਆ ਗਿਆ ਹੈ। ਆਮ ਤੌਰ ਤੇ ਕਵਿਤਾ ਨੂੰ ਰੁਮਾਂਸਵਾਦ ਨਾਲ ਜੋੜਿਆ ਜਾਂਦਾ ਹੈ ਪ੍ਰੰਤੂ ਇਸ ਪੁਸਤਕ ਦੀਆਂ ਕਵਿਤਾਵਾਂ ਦਾ ਰੁਮਾਂਸਵਾਦ ਨਾਲ ਕੋਈ ਬਹੁਤਾ ਸੰਬੰਧ ਨਜ਼ਰ ਨਹੀਂ ਆਉਂਦਾ। ਚਹਿਲ ਜਗਪਾਲ ਦੀਆਂ ਕਵਿਤਾਵਾਂ ਦੀ ਵਿਚਾਰਧਾਰਾ ਉਸਾਰੂ ਹੈ। ਕਵੀ ਸਮਾਜ ਵਿਚ ਕ੍ਰਾਂਤੀਕਾਰੀ ਤਬਦੀਲੀ ਦਾ ਲਖਾਇਕ ਬਣਨਾ ਲੋਚਦਾ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਸਮਾਜ ਵਿਚ ਸਮਾਜਿਕ ਅਤੇ ਆਰਥਿਕ ਤਬਦੀਲੀ ਦੀਆਂ ਲਖਾਇਕ ਹਨ। ਵਰਤਮਾਨ ਅਜ਼ਾਦੀ ਦੀਆਂ ਬਰਕਤਾਂ ਦੇ ਸਮਾਜ ਨੂੰ ਕੋਈ ਲਾਭ ਨਜ਼ਰ ਨਹੀਂ ਆਉਂਦੇ, ਇਸ ਲਈ ਉਹ ਨੌਜਵਾਨਾਂ ਨੂੰ ਆਪਣੀ ਸੋਚ ਵਿਚ ਤਬਦੀਲੀ ਲਿਆਉਣ ਦੀ ਪ੍ਰੇਰਨਾ ਦਿੰਦਾ ਹੈ ਤਾਂ ਜੋ ਅਮੀਰ ਵਰਗ ਉਨ੍ਹਾਂ ਦਾ ਆਰਥਕ ਸ਼ੋਸ਼ਣ ਨਾ ਕਰ ਸਕੇ। ਕਵੀ ਧਰਮ ਦੇ ਠੇਕੇਦਾਰਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਹ ਸ੍ਰੀ ਗੁਰੂ ਨਾਨਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਦਾ ਪੱਲਾ ਫੜਕੇ ਚਲਣ ਲਈ ਪ੍ਰੇਰਦਾ ਹੈ ਪ੍ਰੰਤੂ ਧਰਮ ਦੇ ਕੁਝ ਪ੍ਰਚਾਰਕ ਲੋਕਾਈ ਨੂੰ ਵਹਿਮਾਂ ਭਰਮਾ ਦੇ ਜਾਲ ਵਿਚ ਫਸਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਵਿਗਿਆਨਕ ਵਿਚਾਰਧਾਰਾ ਦੇ ਹਾਮੀ ਸਨ। ਉਨ੍ਹਾਂ ਨੇ ਤਾਂ ਚਮਤਕਾਰਾਂ ਦਾ ਵਿਰੋਧ ਕੀਤਾ ਸੀ ਪ੍ਰੰਤੂ ਸਾਡੇ ਪ੍ਰਚਾਰਕ ਗੁਰੂ ਸਾਹਿਬਾਨ ਦੇ ਨਾਮ ਨਾਲ ਚਮਤਕਾਰ ਜੋੜਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਬਿਲਕੁਲ ਹੀ ਸਿੱਖੀ ਵਿਚਾਰਧਾਰਾ ਦੇ ਵਿਰੁਧ ਹੈ। ਚਹਿਲ ਜਗਪਾਲ ਅਜਿਹੇ ਲੋਕਾਂ ਤੋਂ ਬਚਕੇ ਸੱਚ ਉਪਰ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਰਾਹੀਂ ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੇਰਾ ਨਾਨਕ ਸਿਰਲੇਖ ਵਾਲੀ ਕਵਿਤਾ ਵਿਚ ਉਹ ਗੁਰੂ ਨਾਨਕ ਦੇਵ ਵੱਲੋਂ ਜ਼ੁਲਮ ਦੇ ਵਿਰੁਧ ਉਠਾਈ ਆਵਾਜ਼ ਦਾ ਜ਼ਿਕਰ ਵੀ ਕਰਦਾ ਹੋਇਆ ਲਿਖਦਾ ਹੈ-
ਭਰ ਜੁਆਨੀ, ਲੁੁਕਾਈ ਦਾ ਦਰਦ ਮਹਿਸੂਸਿਆ।
ਸਮਾਜਿਕ ਗਿਰਾਵਟ ਦੇਖੀ, ਵਹਿਮਾਂ ਦਾ ਚਕਰਵਿਊ ਵਾਚਿਆ।
ਜ਼ੁਲਮ ਦੀ ਅੱਗ ਸੇਕੀ, ਤੇ ਨਿਕਲ ਪਿਆ, ਚਹੁੰ ਦਿਸ਼ਾਵਾਂ ਨੂੰ।
ਮਨੁੱਖਤਾ ਬਚਾਉਣ, ਉਸਾਰੂ ਸਮਾਜ ਸਿਰਜਣ।
ਵਿਗਿਆਨਕ ਸੋਚ ਪੈਦਾ ਕਰਨ, ਤੇ ਜ਼ੁਲਮ ਨਾਲ ਮੱਥਾ ਲਾਉਣ।
ਅਹਿਦ ਸਿਰਲੇਖ ਵਾਲੀ ਕਵਿਤਾ ਵਿਚ ਬੰਦਾ ਬਹਾਦਰ ਦੀ ਭਾਵਨਾ ਦੀ ਕਦਰ ਕਰਦਾ ਹੋਇਆ ਕਵੀ ਜ਼ੁਲਮ ਦਾ ਮੁਕਾਬਲਾ ਕਰਕੇ ਲੋਕਾਂ ਨੂੰ ਲਾਮਬੰਦ ਹੋਣ ਦੀ ਪ੍ਰੇਰਨਾ ਦਿੰਦਾ ਹੈ। ਧਾਰਮਿਕ ਜ਼ਜ਼ਬੇ ਦੇ ਨਾਲ ਤਲਵਾਰ ਚੁੱਕਣ ਲਈ ਪ੍ਰੇਰਦਾ ਹੈ। ਜਦੋਂ ਜ਼ੁਲਮ ਸਾਰੇ ਹੱਦਾਂ ਬੰਨੇ ਪਾਰ ਕਰ ਜਾਵੇ ਤਾਂ ਉਸਦਾ ਮੁਕਾਬਲਾ ਕਰਨ ਲਈ ਹਥਿਆਰ ਚੁੱਕਣੇ ਪੈਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਤੋਂ ਮੁਨਕਰ ਹੋ ਰਹੀ ਲੋਕਾਈ ਨੂੰ ਵੀ ਵੰਗਾਰਦਾ ਹੋਇਆ ਲਿਖਦਾ ਹੈ ਕਿ ਬੇਦਾਵਾ ਦੇ ਕੇ ਸਰਨਾ ਨਹੀਂ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣੋ ਅਤੇ ਗੁਰੂ ਦੇ ਸਿੰਘ ਬਣਕੇ ਜ਼ੁਲਮ ਦਾ ਸਤਿਆਨਾਸ ਕਰੋ। ਗੁਰੂ ਨੇ ਤਾਂ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ ਸੀ ਪ੍ਰੰਤੂ ਅੱਜ ਉਸਦਾ ਸਿੱਖ ਝਰੀਟ ਲੱਗੀ ਤੇ ਵੀ ਦੁੱਖ ਮਹਿਸੂਸ ਕਰ ਲੈਂਦਾ ਹੈਂ। ਇਨਸਾਨ ਚਾਪਲੂਸ ਬਣ ਗਿਆ ਹੈ, ਉਸਦਾ ਖ਼ੂਨ ਸਫੈਦ ਹੋ ਗਿਆ ਹੈ। ਜ਼ੁਲਮ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਹੈ। ਮੈਂ ਕੀ ਲੈਣਾ ਦੀ ਰਟ ਤਿਆਗਣੀ ਪਵੇਗੀ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ। ਗੁਰੂ ਗੋਬਿੰਦ ਸਿੰਘ ਦਾ ਫਲਸਫਾ ਨਾਮੀ ਕਵਿਤਾ ਵਿਚ ਦੱਸਿਆ ਗਿਆ ਹੈ ਕਿ ਗੁਰੂ ਜੀ ਨੇ ਜਾਤਪਾਤ ਖ਼ਤਮ ਕਰਕੇ ਇਨਸਾਨੀਅਤ ਨੂੰ ਇਕ ਮੰਚ ਤੇ ਇਕੱਠਾ ਕਰਕੇ ਜ਼ੁਲਮ ਦੇ ਵਿਰੁਧ ਅਵਾਜ਼ ਬੁਲੰਦ ਕਰਨ ਦਾ ਸੀ। ਤੁਸੀਂ ਉਸ ਫਲਸਫੇ ਤੋਂ ਦੂਰ ਜਾ ਰਹੇ ਹੋ। ਗੁਰੂ ਜੀ ਤਾਂ ਸਨਮਾਨਯੋਗ ਜੀਵਨ ਜਿਓਣ ਦੇਣ ਦੀ ਭਾਵਨਾ ਪੈਦਾ ਕਰਨਾ ਚਾਹੁੰਦੇ ਸਨ। ਅੱਗ ਦੀ ਉਦਾਹਰਣ ਦੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਬਦਲੇ ਅਤੇ ਨਫਰਤ ਦੀ ਅੱਗ ਨੁਕਸਾਨ ਕਰ ਦਿੰਦੀ ਹੈ ਪ੍ਰੰਤੂ ਇਹੋ ਅੱਗ ਦੀ ਜੇਕਰ ਚੰਗੇ ਕੰਮ ਲਈ ਵਰਤੋਂ ਕੀਤੀ ਜਾਵੇ ਤਾਂ ਲਾਭਦਾਇਕ ਸਾਬਤ ਹੋ ਜਾਵੇਗੀ, ਇਸ ਲਈ ਇਸਦਾ ਸਦਉਪਯੋਗ ਕੀਤਾ ਜਾਵੇ। ਇਨਸਾਨ ਦੀ ਮਾਨਸਿਕਤਾ ਬਾਰੇ ਮਾਨਸਿਕਤਾ ਕਵਿਤਾ ਵਿਚ ਜਗਪਾਲ ਲਿਖਦਾ ਹੈ ਕਿ ਕਿਸੇ ਸਮੇਂ ਖ਼ਬਰਾਂ ਦੇ ਚੈਨਲ ਉਸਾਰੂ ਖ਼ਬਰਾਂ ਦਿੰਦੇ ਸੀ ਜਿਨ੍ਹਾਂ ਦੇ ਪੇਸ਼ ਕਰਨ ਨਾਲ ਮਨੁੱਖਤਾ ਵਿਚ ਉਸਾਰੂ ਭਾਵਨਾ ਪੈਦਾ ਹੁੰਦੀ ਸੀ ਪ੍ਰੰਤੂ ਅੱਜ ਦੇ ਚੈਨਲ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਚਸਕੇ ਲਾ ਕੇ ਪੇਸ਼ ਕਰਦੇ ਹਨ, ਜਿਨ੍ਹਾਂ ਨੂੰ ਵੇਖਕੇ ਉਸ ਦੇ ਵਿਰੁਧ ਅਵਾਜ਼ ਬੁਅਲੰਦ ਨਹੀਂ ਹੁੰਦੀ, ਸਗੋਂ ਖ਼ਬਰ ਵੇਖਕੇ ਚੁੱਪ ਸਾਧ ਲਈ ਜਾਂਦੀ ਹੈ। ਇਸ ਨਾਕਾਰਤਮਕ ਸੋਚ ਵਿਚ ਤਬਦੀਲੀ ਦੀ ਜ਼ਰੂਰਤ ਹੈ। ਐਲਾਨਨਾਮਾ ਕਵਿਤਾ ਵਿਚ ਸਿਆਸਤਦਾਨਾ ਦੀ ਮਾੜੀ ਸੋਚ ਦਾ ਪਰਦਾਫਾਸ਼ ਕੀਤਾ ਗਿਆ ਹੈ। ਲੋਕਾਂ ਨੂੰ ਉਨ੍ਹਾਂ ਦੇ ਮਕੜਜਾਲ ਤੋਂ ਬਚਕੇ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ। ਮੁਆਫ਼ੀਨਾਮਾ ਕਵਿਤਾ ਵਿਚ ਨੌਜਵਾਨਾ ਨੂੰ ਵੰਗਾਰਿਆ ਗਿਆ ਹੈ ਕਿ ਤੁਹਾਡੇ ਪੁਰਖਿਆਂ ਨੇ ਮਿਹਨਤ ਮਜ਼ਦੂਰੀ ਕਰਕੇ ਤੁਹਾਨੂੰ ਪੜ੍ਹਾਇਆ ਲਿਖਾਇਆ ਤੁਸੀਂ ਮਾਮੂਲੀ ਲਾਭਾਂ ਲਈ ਉਨ੍ਹਾਂ ਦੇ ਗਲ ਗੂਠੇ ਦੇ ਰਹੇ ਹੋ। ਇਨਸਾਨੀਅਤ ਵਿਰੁਧ ਘਿਨਾਉਣੀਆਂ ਹਰਕਤਾਂ ਨੂੰ ਅਣਡਿਠ ਕਰ ਰਹੇ ਹੋ ਜੋ ਤੁਹਾਡੇ ਲਈ ਜਾਇਜ ਨਹੀਂ ਹਨ। ਇਸੇ ਤਰ੍ਹਾਂ ਰਾਜਨੀਤੀਵਾਨਾਂ ਨੂੰ ਚਿਤਾਵਨੀ ਨਾਂ ਦੀ ਕਵਿਤਾ ਵਿਚ ਕਹਿੰਦੇ ਹਨ ਕਿ ਸੌੜੀ ਸੋਚ ਨਾਲ ਦੰਗੇ ਕਦੀ 84 ਅਤੇ ਕਦੀਂ ਗੁਜਰਾਤ ਦੇ ਕਰਵਾਕੇ ਮਨੁੱਖਤਾ ਨੂੰ ਵੰਗਾਰੋ ਨਾ ਜੇਕਰ ਜਨਤਾ ਉਠ ਖੜ੍ਹੀ ਹੋਈ ਫਿਰ ਤੁਸੀਂ ਸ਼ਾਂਤੀ ਵਿਗੜਨ ਦੀ ਗੱਲ ਕਰੋਗੇ। ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਦਿਲ ਕਰਦੈ ਕਵਿਤਾ ਵਿਚ ਵਿਸਮਾਦੀ ਅਤੇ ਰਹੱਸਵਾਦੀ ਸੋਚ ਦਾ ਪ੍ਰਗਟਾਵਾ ਹੈ। ਗਿਆਨ ਇੰਦਰੀਆਂ ਦੇ ਸਿਰਲੇਖ ਵਾਲੀ ਕਵਿਤਾ ਵਿਚ ਜਗਪਾਲ ਦੱਸਦਾ ਹੈ ਕਿ ਕਿਸੇ ਜ਼ਮਾਨੇ ਵਿਚ ਗਿਆਨ ਇੰਦਰੀਆਂ ਬਹੁਤ ਹੀ ਭਾਵਕ ਹੁੰਦੀਆਂ ਸਨ ਪ੍ਰੰਤੂ ਅੱਜ ਦੇ ਜ਼ਮਾਨੇ ਵਿਚ ਅੱਖਾਂ ਬੰਦ ਕਰ ਲੈਂਦੀਆਂ ਹਨ ਜੋ ਸਮਾਜਿਕ ਜ਼ਿੰਦਗੀ ਲਈ ਖ਼ਤਰੇ ਦੀ ਘੰਟੀ ਹੈ। ਇਕ ਕਿਸਮ ਨਾਲ ਸਾਡੀਆਂ ਗਿਆਨ ਇੰਦਰੀਆਂ ਬਾਂਝ ਹੋ ਗਈਆਂ ਹਨ। ਹਨੇਰਾ ਤੇ ਨੂਰ ਸਿਰਲੇਖ ਵਾਲੀ ਕਵਿਤਾ ਵਿਚ ਵਿਦਵਾਨਾ ਦੀ ਨਸਲਕੁਸ਼ੀ ਤੇ ਕਿੰਤੂ ਪ੍ਰੰਤੂ ਕਰਦਾ ਦੱਸਦਾ ਹੈ ਕਿ ਕਿਸੇ ਦੀ ਅਵਾਜ਼ ਦਬਾਉਣ ਤੋਂ ਬਾਅਦ ਪੂਰੇ ਜ਼ੋਰ ਨਾਲ ਧਮਾਕਾ ਹੁੰਦਾ ਹੈ। ਸੋਚ ਕਦੀਂ ਨਿਪੁੰਨਸਕ ਨਹੀਂ ਹੋ ਸਕਦੀ। ਧਰਤੀ ਦੀ ਕੁੱਖ ਕਦੀਂ ਬਾਂਝ ਨਹੀਂ ਹੁੰਦੀ। ਲਾਵੇ ਉਠਣਗੇ ਤੇ ਇਨਕਲਾਬ ਆਵੇਗਾ। ਜਾਗਰੂਕਤਾ ਕਵਿਤਾ ਵਿਚ ਵੀ ਸਿਆਸਤਦਾਨਾ ਦੀ ਬਰਸਾਤੀ ਡੱਡੂਆਂ ਨਾਲ ਤੁਲਨਾ ਕੀਤੀ ਗਈ ਹੈ ਪ੍ਰੰਤੂ ਲੋਕ ਹੁਣ ਉਨ੍ਹਾਂ ਦੇ ਲਾਰਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਉਹ ਹੁਣ ਜਾਗਰੂਕ ਹੋ ਗਏ ਹਨ। ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਕਿਸਾਨ ਖ਼ੁਦਕਸ਼ੀਆਂ ਕਰ ਰਹੇ ਹਨ। ਕਵੀ ਨੌਜਵਾਨਾ ਉਪਰ ਤਬਦੀਲੀ ਦੀ ਆਸ ਲਾਈ ਬੈਠਾ ਹੈ। ਕਿਰਤ ਕਰਨ ਨੂੰ ਤਰਜ਼ੀਹ ਦੇਣ ਦੀ ਤਾਕੀਦ ਕਰਦਾ ਹੈ। ਬਾਬਿਆਂ ਦੇ ਚਕਰ ਤੋਂ ਬਚਕੇ ਰਹਿਣ ਦੀ ਸਲਾਹ ਦਿੰਦਾ ਹੈ। ਪ੍ਰੰਤੂ ਇਸ ਗੱਲ ਦਾ ਇਤਰਾਜ਼ ਕਰਦਾ ਹੈ ਕਿ ਲੋਕ ਗੱਲਾਂ ਤਾਂ ਰਿਸ਼ਵਤ ਰੋਕਣ ਦੀਆਂ ਕਰਦੇ ਹਨ ਪ੍ਰੰਤੂ ਆਪਣੇ ਕੰਮ ਰਿਸ਼ਵਤਾਂ ਦੇ ਕੇ ਕਰਵਾਉਂਦੇ ਹਨ। ਕੁਝ ਸੁਆਲ ਸਿਰਲੇਖ ਵਾਲੀ ਇਕੋ ਕਵਿਤਾ ਵਿਚ ਅਨੇਕਾਂ ਮੁੱਦਿਆਂ ਬਾਰੇ ਗੱਲ ਕਰਦਿਆਂ ਦੇਸ਼ ਦੀ ਵੰਡ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਤਲੇਆਮ ਕਿਉਂ ਹੋਏ ਜਦੋਂ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਸ਼ਾਂਤੀ ਕਿਉਂ ਰਹੀ? ਅਕਾਲ ਤਖ਼ਤ ਉਪਰ ਹਥਿਆਰ ਕਿਵੇਂ ਚਲ ਗਏ ਅਤੇ ਹਮਲੇ ਤੋਂ ਬਾਅਦ ਸ਼ਾਂਤੀ ਕਿਵੇਂ ਹੋ ਗਈ? ਗੁਜਰਾਤ ਦੰਗਿਆਂ ਦਾ ਮਕਸਦ ਕੀ ਸੀ? ਅਫ਼ਜਲ ਦੀ ਸੋਚ ਨਾਲ ਗਠਜੋੜ ਕਿਉਂ? ਕਨ੍ਹਈਆ ਕੁਮਾਰ ਅਤੇ ਸਾਹਿਤਕਾਰ ਦੇਸ਼ ਧਰੋਹੀ ਕਿਉਂ? ਅਜਿਹੇ ਸੁਆਲਾਂ ਦਾ ਜਵਾਬ ਨਿਜਾਮ ਬਦਲਨਾ ਹੀ ਹੋਵੇਗਾ।
ਮੈਂ ਭਗਤ ਸਿੰਘ ਬੋਲਦਾਂ ਨਾਮੀ ਕਵਿਤਾ ਰਾਹੀਂ ਨੌਜਵਾਨਾ ਵਿਚ ਜ਼ੁਲਮ ਦੇ ਵਿਰੁਧ ਨਵੀਂ ਰੂਹ ਭਰਨ ਦੀ ਗੱਲ ਕੀਤੀ ਗਈ ਹੈ। ਕਵੀ ਲਿਖਦਾ ਹੈ ਕਿ ਗ਼ੁਲਾਮੀ ਇਨਸਾਨ ਦੀ ਸੋਚ ਦਾ ਖ਼ਾਤਮਾ ਕਰਦੀ ਹੈ, ਜਿਸ ਨਾਲ ਲੋਕਾਂ ਦੀ ਜ਼ਮੀਰ ਵੀ ਮਰ ਜਾਂਦੀ ਹੈ। ਨੌਜਵਾਨਾ ਨੂੰ ਭਗਤ ਸਿੰਘ ਦੀ ਕੁਰਬਾਨੀ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਤਕਦੀਰ ਬਦਲ ਸਕਦੇ ਹਨ। ਜੇ ਕਿਸੇ ਵੀ ਸੰਸਾਰ ਦੇ ਦੇਸ਼ ਵਿਚ ਤਬਦੀਲੀ ਆਈ ਹੈ ਤਾਂ ਉਸਦਾ ਸਿਹਰਾ ਨੌਜਵਾਨਾ ਨੂੰ ਹੀ ਜਾਂਦਾ ਹੈ। ਭਾਰਤ ਦੇ ਭਵਿਖ ਦੀ ਡੋਰ ਵੀ ਨੌਜਵਾਨੀ ਦੇ ਹੱਥ ਹੀ ਹੈ। ਅੰਗਰੇਜਾਂ ਤੋਂ ਅਜ਼ਾਦੀ ਤਾਂ ਭਗਤ ਸਿੰਘ ਵਰਗੇ ਸੂਰਮਿਆਂ ਨੇ ਲੈ ਦਿੱਤੀ ਸਾਡੇ ਆਪਣੇ ਸਿਆਸਤਦਾਨਾ ਤੋਂ ਅਜ਼ਾਦੀ ਸਾਡੀ ਨੌਜਵਾਨੀ ਨੇ ਲੈ ਕੇ ਦੇਣੀ ਹੈ। ਇਹ ਭਗਤ ਸਿੰਘ ਦਾ ਸਪਨਾ ਹੈ ਜਿਸਨੂੰ ਨੌਜਵਾਨਾ ਨੇ ਸਾਕਾਰ ਕਰਨਾ ਹੈ। ਭਾਰਤੀ ਕਿਸਾਨ ਬਾਰੇ ਜਗਪਾਲ ਦੀ ਲਿਖੀ ਕਵਿਤਾ ਮੈਂ ਉਦਾਸ ਨਹੀਂ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਕਵਿਤਾ ਵਿਚ ਲੇਖਕ ਨੇ ਕਿਸਾਨ ਦੀ ਤ੍ਰਾਸਦੀ ਨੂੰ ਬਾਖ਼ੂਬੀ ਨਾਲ ਚਿਤਰਿਆ ਹੈ। ਕਿਸਾਨੀ ਉਪਰ ਵਿਅੰਗ ਕਰਦਿਆਂ ਜਗਪਾਲ ਲਿਖਦਾ ਹੈ ਕਿ ਕਿਸਾਨ ਜ਼ਮੀਨਾ ਦਾ ਮਾਲਕ ਹੈ, ਅੰਨ ਦਾਤਾ ਹੈ, ਹਰੀ ਕਰਾਂਤੀ ਦਾ ਸਿਹਰਾ ਵੀ ਉਸ ਦੇ ਸਿਰ ਬੰਨ੍ਹਿਆਂ ਗਿਆ ਹੈ ਪ੍ਰੰਤੂ ਉਦਾਸ ਚਿਹਰਾ ਕਿਸਾਨ ਦੀ ਨਿਸ਼ਾਨੀ ਹੈ ਕਿਉਂਕਿ ਉਸਦੀਆਂ ਫ਼ਸਲਾਂ ਤੇ ਕਾਸ਼ਤ ਦੀ ਲਾਗਤ ਜ਼ਿਆਦਾ ਹੁੰਦੀ ਹੈ ਪ੍ਰੰਤੂ ਪੂਰਾ ਮੁੱਲ ਨਹੀਂ ਮਿਲਦਾ, ਜਿਸ ਕਰਕੇ ਉਸਦੀ ਪਗੜੀ ਰੁਲਦੀ ਹੈ ਫਿਰ ਵੀ ਸਰਦਾਰ ਕਹਾਉਂਦਾ ਹੈ। ਕਿਤਨੀ ਵੱਡੀ ਕੁਰਬਾਨੀ ਹੈ ਕਿਸਾਨ ਦੀ। ਸਰਕਾਰਾਂ ਬੇਖ਼ਬਰ ਹਨ, ਕਿਸਾਨ ਕਰਜਈ ਹੈ, ਆੜ੍ਹਤੀਆਂ ਅੱਗੇ ਹੱਥ ਅੱਡਦਾ ਹੈ, ਕੁਰਕੀਆਂ ਦਾ ਸਾਹਮਣਾ ਕਰਦਾ ਹੈ। ਸਰਕਾਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੰਮ ਅਰਥਾਤ ਰੋਜ਼ਗਾਰ ਦੇਣ ਦੀ ਥਾਂ ਮੁਫ਼ਤਖ਼ੋਰੇ ਬਣਾਉਣ ਬਾਰੇ ਵੀ ਜਗਪਾਲ ਨੇ ਕਿੰਤੂ ਪ੍ਰੰਤੂ ਕੀਤਾ ਹੈ। ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਚਹਿਲ ਜਗਪਾਲ ਦੀ ਸਮੁੱਚੀ ਕਵਿਤਾ ਸਮਾਜਿਕ, ਆਰਥਿਕ ਅਤੇ ਇਨਕਲਾਬੀ ਸਰੋਕਾਰਾਂ ਦੀ ਕਵਿਤਾ ਕਹੀ ਜਾ ਸਕਦੀ ਹੈ।
ਮੋਬਾਈਲ-94178 13072
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.