ਪੰਜਾਬੀ ਸਾਹਿਤ ਦੀ ਵਿਦਵਤਾ-ਭਰਪੂਰ ਸ਼ਖ਼ਸੀਅਤ, ਸਿੱਖਿਆ ਜਗਤ ਵਿੱਚ ਵਿਸ਼ੇਸ਼ ਨਾਮਣਾ ਖੱਟਣ ਵਾਲੇ ਸਿੱਖਿਆ ਸ਼ਾਸਤਰੀ, ਵਿੱਦਿਆਰਥੀਆਂ ਦੇ ਹਰਮਨ ਪਿਆਰੇ ਪ੍ਰਾਧਿਆਪਕ, ਸਾਹਿੱਤ ਦੀ ਖੋਜੀ ਬਿਰਤੀ ਵਾਲੇ ਖੋਜਾਰਥੀ, ਸਮੀਖਿਆਕਾਰ, ਦੀਰਘ ਦ੍ਰਿਸ਼ਟੀ ਵਾਲ ਕੁਸ਼ਲ ਪ੍ਰਬੰਧਕ, ਗੁਰਮਤਿ ਸਿਧਾਤਾਂ ਨੂੰ ਸਮਰਪਿਤ ਵਿਦਵਾਨ, ਉਘੇ ਸਮਾਜ-ਸੇਵੀ, ਵਿਦਵਾਨ, ਚਿੰਤਕਾਂ ਦੇ ਕਦਰਦਾਨ, ਮਨੁੱਖੀ ਗੁਣਾਂ ਦੇ ਮਜੱਸਮੇ ਅਤੇ ਨਾਮਵਰ ਸੰਸਥਾਵਾਂ, ਸਾਹਿੱਤ ਸਭਾਵਾਂ ਤੋਂ ਕੌਮੀ ਪੱਧਰ 'ਤੇ ਮਾਣ ਸਨਮਾਨ ਹਾਸਲ ਕਰਨ ਵਾਲੇ ਲੇਖਕ ਅਤੇ ਆਲੋਚਕ ਪ੍ਰਿੰ. ਕ੍ਰਿਸ਼ਨ ਸਿੰਘ ਨੇ ਪੰਜਾਬੀ ਸਾਹਿਤ ਜਗਤ ਦੀ ਆਪਣੀ ਥਾਂ ਆਪ ਬਣਾਈ ਹੈ।
ਪੰਜਾਬੀ ਸਾਹਿਤ ਆਲੋਚਨਾ ਦੇ ਪਿੜ ਵਿਚ ਆਪਣੀ ਥਾਂ ਬਨਾਉਣੀ ਦਿੱਲੀ 'ਚ ਪਲਾਟ ਲੈਣ ਵਰਗਾ ਕੰਮ ਹੈ। ਹੁਣ ਤਾਂ ਆਲੋਚਕਾਂ ਦਾ ਹੜ੍ਹ ਹੀ ਆ ਗਿਆ ਹੈ। ਜਿਹੜਾ ਪੀਐਚ ਡੀ ਕਰਦਾ ਹੈ ਉਹ ਹੀ ਸਾਹਿੱਤ ਦਾ ਡਾਕਟਰ ਬਣ ਜਾਂਦਾ ਹੈ। ਉਹ ਆਪਣੇ ਪੱਲਿਓ ਪੈਸੇ ਦੇ ਕੇ ਕਿਤਾਬ ਛਪਵਾ ਲੈਂਦਾ ਹੈ। ਕਿਤਾਬ ਦੇ ਛਪਣ ਦੇ ਨਾਲ ਹੀ ਉਸਦਾ ਨਾਂ ਆਲੋਚਕਾਂ ਦੀ ਭੀੜ ਵਿਚ ਬੋਲਣ ਲੱਗ ਪੈਂਦਾ ਪਰ ਜਦੋ ਬਿਨ੍ਹਾਂ ਇਸ ਡਿਗਰੀ ਦੇ ਆਪਣੇ ਅਧਿਐਨ ਤੇ ਮਿਹਨਤ ਦੇ ਸਹਾਰੇ ਇੱਕ ਆਲੋਚਕ ਦੇ ਤੌਰ 'ਤੇ ਕੋਈ ਆਪਣਾ ਨਾਂ ਸਥਾਪਤ ਕਰਦਾ ਤਾਂ ਉਹ ਪ੍ਰੋ. ਕ੍ਰਿਸ਼ਨ ਸਿੰਘ ਬਣਦਾ ਹੈ।
ਪ੍ਰੋ. ਕ੍ਰਿਸ਼ਨ ਸਿੰਘ ਆਪਣੀ ਮਸਤੀ ਦੇ ਨਾਲ ਤੁਰਨ ਵਾਲਾ ਹੈ ਜਿਹੜਾ ਭੀੜ ਤੋਂ ਹਮੇਸਾਂ ਹੀ ਦੂਰ ਰਹਿੰਦਾ ਹੈ। ਪੜ੍ਹਨਾ, ਪੜ੍ਹਾਉਣਾ ਤੇ ਅਧਿਐਨ ਕਰਨਾ ਹੀ ਉਸ ਦਾ ਇਸ਼ਟ ਹੈ। ਉਹ ਮਹਾਂਭਾਰਤ ਦੇ ਕ੍ਰਿਸ਼ਨ ਵਾਂਗ ਮੈਦਾਨ ਦੇ ਅੰਦਰ ਉਪਦੇਸ਼ ਵੀ ਨਹੀਂ ਦਿੰਦਾ ਤੇ ਨਾ ਹੀ ਆਪਣਾ ਰੱਥ ਲੈ ਕੇ ਵੱਡੇ ਅਲੋਚਕਾਂ ਦੇ ਦੁਆਲੇ ਪ੍ਰਕਰਮਾਂ ਕਰਦਾ ਹੈ। ਚੁੱਪ ਆਪਣਾ ਅਧਿਐਨ ਕਰਦਾ ਹੈ। ਚੁੱਪ-ਚੁਪੀਤੇ ਹੀ ਆਪਣੀ ਨਵੀਂ ਕਿਤਾਬ ਦੇ ਨਾਲ ਸਾਹਿਤ ਦੇ ਮੈਦਾਨ ਵਿਚ ਆ ਜਾਂਦਾ ਹੈ।
ਪ੍ਰਿੰ. ਕ੍ਰਿਸ਼ਨ ਸਿੰਘ ਦਾ ਜਨਮ ਕਿਰਤੀ ਵਰਗ ਵਿਚ ਹੋਇਆ ਹੈ। ਉੋਸਦੇ ਪੁਰਖਿਆਂ ਨੇ ਜੁੱਤੀਆਂ ਤੇ ਤਿੱਲੇ ਦੀ ਕਢਾਈ ਦੇ ਨਾਲ ਬੂਟੀਆਂ ਪਾਉਦੇ ਰਹੇ ਪਰ ਕ੍ਰਿਸ਼ਨ ਸਿੰਘ ਕਲਮ ਦੇ ਨਾਲ ਸਾਹਿਤ ਦੇ ਖੇਤਰ ਵਿਚ ਆਪਣੀਆਂ ਕਿਰਤਾਂ ਸਿਰਜਦਾ ਆ ਰਿਹਾ ਹੈ। ਜਿਲ੍ਹਾ ਲੁਧਿਆਣਾ ਦੇ ਪਿੰਡ ਗਹੌਰ ਦੇ ਵਿਚ ਮਜ਼ਦੂਰ ਦਿਵਸ ਤੋਂ ਦੂਜੇ ਦਿਨ 1959 ਵਿਚ ਪਿਤਾ ਸ੍ਰ. ਮਲਕੀਤ ਸਿੰਘ ਤੇ ਮਾਤਾ ਸ਼੍ਰੀਮਤੀ ਸੁਰਜੀਤ ਕੌਰ ਦੇ ਘਰ ਹੋਇਆ। ਉਸਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਉਚੇਰੀ ਸਿੱਖਿਆ ਸਰਕਾਰੀ ਕਾਲਜ ਲੁਧਿਆਣਾ ਤੇ ਐਮ. ਫਿਲ. ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਉਨ੍ਹਾਂ ਆਪਣਾ ਅਧਿਆਪਨ ਕਾਰਜ ਦੀ ਸ਼ੁਰੂਆਤ ਸਰਕਾਰੀ ਕਾਲਜ ਰਾੜਾ ਸਾਹਿਬ ਤੋਂ ਕੀਤੀ ਤੇ ਫਿਰ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਵਿਚ ਪੜ੍ਹਾਇਆ। ਉਹ ਲੰਮਾ ਸਮਾਂ ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਵਿਚ ਪੜ੍ਹਾਉਦੇ ਰਹੇ ਇਥੋਂ ਹੀ ਪਦ-ਉਨਤ ਹੋ ਕੇ ਵਾਈਸ ਪ੍ਰਿੰਸੀਪਲ ਵਜੋਂ ਕਾਰਜਸ਼ੀਲ ਰਹੇ। ਜੂਨ 2016 ਵਿਚ ਬਤੌਰ ਪ੍ਰਿੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਵਿਚ ਚਲੇ ਗਏ ਤੇ ਇੱਥੋਂ ਹੀ ਸੇਵਾ ਮੁਕਤ ਹੋਏ।
ਅਧਿਆਪਨ ਕਾਰਜ ਦੇ ਨਾਲ-ਨਾਲ ਉਹ ਪੰਜਾਬੀ ਸਾਹਿੱਤ ਦੇ ਖੇਤਰ ਵਿਚ ਕਾਰਜਸ਼ੀਲ ਰਹੇ। ਆਲੋਚਨਾਂ ਦੇ ਖੇਤਰ ਵਿਚ ਉਨ੍ਹਾਂ 'ਯਾਦਾਂ ਦੇ ਝਰੋਖੇ 'ਚੋਂ ਉਭਰਦੇ ਮਾਨਵੀ ਸਰੋਕਾਰ ', 'ਗੁਰਮਤਿ ਦਰਸ਼ਨ ਦੇ ਮਾਨਵੀ ਸਰੋਕਾਰ', 'ਪਰਮਜੀਤ ਸੋਹਲ ਕਾਵਿ ਦਾ ਪਾਠਗਤ ਵਿਸ਼ਲੇਸ਼ਣ', ਕੁਲਵੰਤ ਜਗਰਾੳਂੁ ਦੀ ਕਾਵਿ ਚੇਤਨਾ', ਸਾਹਿੱਤ-ਸੰਵਾਦ ਦੀ ਕਾਵਿ-ਚੇਤਨਾ', ਤੇ 'ਪਾਠ- ਪਾਠਕ ਤੇ ਪ੍ਰਤਿਕਰਮ' ਚਰਚਿਤ ਪੁਸਤਕਾਂ ਹਨ। ਜਿਹਨਾਂ ਦੇ ਰਾਹੀ ਉਹ ਆਪਣੀਆਂ ਪੈੜਾਂ ਆਪ ਸਿਰਜਦਾ ਹੈ। ਪ੍ਰਿੰ. ਕ੍ਰਿਸ਼ਨ ਸਿੰਘ ਦੀਆਂ ਇਨ੍ਹਾਂ ਕਿਰਤਾਂ ਦੇ ਵਿਚ ਉਹ ਅਜੋਕੇ ਆਲੋਚਕਾਂ ਵਾਂਗ ਪੱਛਮੀ ਸਾਹਿੱਤ ਪ੍ਰਣਾਲੀਆਂ ਦੇ ਸਹਾਰੇ ਆਲੋਚਨਾ ਨਹੀਂ ਕਰਦਾ ਸਗੋਂ ਹਰ ਪੁਸਤਕ ਦਾ ਪਾਠਗਤ ਅਧਿਐਨ ਕਰਦਾ ਹੈ।
ਪ੍ਰਿੰ. ਕ੍ਰਿਸ਼ਨ ਸਿੰਘ ਦੀ ਆਲੋਚਨਾ ਬਾਰੇ ਡਾ. ਜਗਬੀਰ ਸਿੰਘ ਇੱਕ ਥਾਂ 'ਤੇ ਲਿਖਦੇ ਹਨ ' ਪ੍ਰੋ. ਕ੍ਰਿਸ਼ਨ ਸਿੰਘ ਪੰਜਾਬੀ ਸਾਹਿੱਤ ਸੱਭਿਆਚਾਰ ਦੇ ਅਧਿਐਨ ਤੇ ਵਿਸ਼ਲੇਸ਼ਣ ਨੂੰ ਸਮਰਪਿਤ ਇੱਕ ਚਿੰਤਨਸ਼ੀਲ ਲੇਖਕ ਹੈ। ਉਹ ਗੁਰਬਾਣੀ ਅਤੇ ਗੁਰਮਤਿ ਜੀਵਨ ਜਾਚ ਨਾਲ ਆਪਣੀ ਡੂੰਘੀ ਪ੍ਰਤੀਬੱਧਤਾ ਦਾ ਪ੍ਰਮਾਣ ਪੇਸ਼ ਕਰਦਾ ਹੋਇਆ ਗੁਰਬਾਣੀ ਦੇ ਪਾਠ ਅਤੇ ਪ੍ਰਵਚਨ ਵਿਚ ਵਰਤੀਆਂ ਗਈਆਂ ਰਚਨਾਤਮਕ ਜੁਗਤਾਂ ਨੂੰ ਵੀ ਦ੍ਰਿਸ਼ਟੀਗੋਚਰ ਕਰਦਾ ਹੈ।' ਉਨ੍ਹਾਂ ਦੀ ਇਸ ਧਾਰਨਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਸਿੱਧ ਆਲੋਚਕ ਡਾ. ਹਰਿਭਜਨ ਸਿੰਘ ਭਾਟੀਆ ਹੋਰ ਵੀ ਪੱਕਾ ਕਰਦੇ ਹੋਏ ਲਿਖਦੇ ਹਨ ' ਪ੍ਰੋ. ਕ੍ਰਿਸ਼ਨ ਸਿੰਘ ਨੇ ਪ੍ਰਚਲਿਤ ਰੂਪਵਾਦੀ ਅਧਿਐਨਾਂ ਵਾਂਗ ' ਲੇਖਕ ਦੀ ਮਨਸ਼ਾ' ਅਤੇ' 'ਪਾਠਕ ਦੇ ਹੁੰਗਾਰਿਆਂ' ਨੂੰ ਮਨਫ਼ੀ ਨਹੀਂ ਕੀਤਾ ਸਗੋਂ ਇਨ੍ਹਾਂ ਬਿੰਦੂਆਂ ਪਾਸੋਂ ਲੋੜੀਦੀ ਸਹਾਇਤਾ ਲਈ ਹੈ। ਪਾਠਾਂ ਦੀ ਸਮਝ ਵਿਚ ਵਾਧੇ ਨਈ ਇਹ ਪਹੁੰਚ ਪ੍ਰਸੰਸਾ ਦੀ ਹੱਕਦਾਰ ਹੈ।'
ਪੰਜਾਬੀ ਸਾਹਿਤ ਆਲੋਚਨਾ ਦਾ ਇਹ ਦੁਖਾਂਤ ਹੈ ਕਿ ਅਜੇ ਤੱਕ ਸਾਡੇ ਆਲੋਚਕ ਆਪਣੀਆਂ ਸਿਧਾਂਤ ਪ੍ਰਣਾਲੀਆਂ ਨਹੀਂ ਬਣਾ ਸਕੇ , ਸਾਰੇ ਹੀ ਆਲੋਚਕ ਪੱਛਮੀ ਅਧਿਐਨ ਸਿਧਾਂਤ ਦੇ ਬਣੇ ਢਾਂਚੇ ਦੇ ਸਹਾਰੇ ਆਲੋਚਨਾਂ ਕਰਦੇ ਹਨ ਪਰ ਪ੍ਰੋ ਕ੍ਰਿਸ਼ਨ ਸਿੰਘ ਪੱਛਮੀ ਆਲੋਚਕਾਂ ਦੀਆਂ ਫੌੜੀਆਂ ਦੇ ਨਾਲ ਚਿੰਤਨ ਨਹੀਂ ਕਰਦਾ ਸਗੋਂ ਹਰ ਪੁਸਤਕ ਦਾ ਪਾਠਗਤ ਅਧਿਐਨ ਕਰਦਾ ਹੈ ਤੇ ਨਾ ਹੀ ਲੇਖਕ ਦੀ ਪ੍ਰਕਰਮਾਂ ਕਰਦਾ ਹੈ। ਬਹੁਤੀ ਪੰਜਾਬੀ ਆਲੋਚਨਾ ਪੁਸਤਕ ਕੇਂਦਰ ਨਹੀਂ ਵਿਅਕਤੀ ਕੇਂਦਰ ਹੋ ਰਹੀ ਹੈ। ਇਸੇ ਕਰਕੇ ਆਲੋਚਨਾ ਵਿਚ ਨਿਘਾਰ ਆ ਰਿਹਾ ਹੈ। ਸਾਹਿੱਤ ਆਲੋਚਨਾ ਵਿਚ ਵੱਧ ਰਹੇ ਮੱਠਾਂ ਦੇ ਕਾਰਨ ਸਾਰਥਕ ਕੰਮ ਨੂੰ ਅਣਗੌਲਿਆ ਜਾ ਰਿਹਾ ਹੈ ਪਰ ਸਾਹਿਤ ਦੀਆਂ ਪਾਰਖੂ ਨਜ਼ਰਾਂ ਵਾਲੇ ਜਦੋਂ ਪ੍ਰਿੰ. ਕ੍ਰਿਸ਼ਨ ਸਿੰਘ ਵਰਗਿਆਂ ਦੇ ਕਾਰਜ ਨੂੰ ਦੇਖਦੇ ਹਨ ਤਾਂ ਚਰਚਾ ਹੀ ਨਹੀਂ ਹੁੰਦੀ ਸਗੋਂ ਸਜਦਾ ਵੀ ਕਰਦੇ ਹਨ।
ਪ੍ਰਿੰ. ਕ੍ਰਿਸ਼ਨ ਸਿੰਘ ਦੀ ਇਸ ਘਾਲਣਾ ਦਾ ਬਹੁਤ ਸਾਰੀਆਂ ਸੰਸਥਾਵਾਂ ਨੇ ਮੁੱਲ ਪਾਇਆ ਹੈ, ਪਰ 'ਘਰਦਾ ਯੋਗੀ ਜੋਗੜਾ, ਬਾਹਰ ਦਾ ਯੋਗੀ ਸਿੱਧ' ਦਾ ਸੰਤਾਪ ਉਸ ਨੇ ਵੀ ਹੰਢਾਇਆ ਹੈ ਪਰ ਉਹ ਆਪਣੀ ਮਸਤੀ ਨਾਲ ਤੁਰ ਰਿਹਾ । ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਵਾਂਗ ਆਪਣੀਆਂ ਪੈੜਾਂ ਪਾ ਰਿਹਾ ਹੈ। ਉਸ ਦੀਆਂ ਪੁਸਤਕਾਂ ਦਾ ਅਧਿਐਨ ਕਰਦਿਆਂ ਪਾਠਕ ਨਿਰਾਸ਼ ਨਹੀਂ ਹੁੰਦਾ ਸਗੋਂ ਬਹੁਤ ਕੁੱਝ ਗ੍ਰਹਿਣ ਕਰਦਾ ਹੈ। ਅਜਿਹੇ ਪ੍ਰਤਿਭਾਸ਼ੀਲ ਆਲੋਚਕ ਦੀਆਂ ਕਿਰਤਾਂ ਨੂੰ ਸਜਦਾ ਕਰਨ ਲਈ ਬਾਬਾ ਸ਼ੇਖ ਫਰੀਦ ਦੀ ਵਰੋਸਾਈ ਧਰਤੀ ਫ਼ਰੀਦਕੋਟ ਨੂੰ ਸਮਰਪਿਤ 'ਪਾਠ ਪਾਠਕ ਤੇ ਪ੍ਰਤਿਕਰਮ ' ਕੀਤੀ ਜਿਸ ਵਿਚ ਉਨਾਂ੍ਹ ਬਾਬਾ ਸ਼ੇਖ ਫ਼ਰੀਦ, ਬਿਸਮਿਲ ਫਰੀਦਕੋਟੀ, ਨਵਰਾਹੀ ਘੁਗਿਆਣਵੀ ਤੇ ਵਿਜੇ ਵਿਵੇਕ, ਦੀਆਂ ਪੁਸਤਕਾਂ ਨੂੰ ਪਾਠਗਤ ਅਧਿਐਨ ਕੀਤਾ। ਇਸ ਸਮੇਂ ਲੋੜ ਤਾਂ ਇਸ ਗੱਲ ਦੀ ਹੈ ਕਿ ਸਾਡੇ ਆਲੋਚਕ ਆਪਣੀਆਂ ਸਾਹਿੱਤ ਪ੍ਰਣਾਲੀਆਂ ਬਨਾਉਣਗੀਆਂ?
ਪੰਜਾਬੀ ਭਵਨ, ਲੁਧਿਆਣਾ
94643-70823
-
ਬੁੱਧ ਸਿੰਘ ਨੀਲੋਂ, ਲੇਖਕ
budhsinghneelon@gmail.com
94643-70823
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.