11 ਅਕਤੂਬਰ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਹ ਚੋਣ ਇਸ ਹਲਕੇ ਦੀ ਲੰਬਾ ਚਿਰ ਪ੍ਰਤੀਨਿਧਤਾ (1998-2009 ਅਤੇ 2014-2017) ਕਰਨ ਵਾਲੇ ਕਰਮਯੋਗੀ ਅਤੇ ਹਰ ਦਿਲ ਅਜ਼ੀਜ਼ ਰਹੇ ਸਿਨੇਮਾ ਕਲਾਕਾਰ ਸ਼੍ਰੀ ਵਿਨੋਦ ਖੰਨਾ ਦੇ ਸੁਰਗਵਾਸ ਹੋਣ ਕਰਕੇ ਹੋ ਰਹੀ ਹੈ। ਪਾਕਿਸਤਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੀਆਂ ਸਰਹੱਦਾਂ ਨਾਲ ਲਗਦਾ ਇਹ ਸਰਹੱਦੀ ਹਲਕਾ ਜੋ 10-12 ਸਾਲਾ ਪੰਜਾਬ ਅੰਦਰ ਵਪਾਰੀ ਅਤਿਵਾਦੀ ਤ੍ਰਾਸਦੀ ਦਾ ਵੀ ਬੁਰੀ ਤਰ੍ਹਾਂ ਸ਼ਿਕਾਰ ਰਿਹਾ, ਦੀਨਾਨਗਰ ਅਤੇ ਪਠਾਨਕੋਟ ਹਵਾਈ ਅੱਡੇ 'ਤੇ ਹੋਏ ਭਾਰੀ ਅੱਤਵਾਦੀ ਹਮਲਿਆਂ ਕਰਕੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਦੀਆਂ ਸੁਰਖੀਆਂ ਵਿਚ ਚਰਚਿਤ ਰਿਹਾ ਹਕੀਕਤ ਵਿਚ ਦੇਸ਼ ਦਾ ਸਮਾਜਿਕ, ਆਰਥਿਕ, ਵਿਦਿਅਕ ਵਿਕਾਸ ਪੱਖੋਂ ਅਤਿ ਪੱਛੜਿਆਂ ਅਤੇ ਅਣਗੌਲਿਆ ਰਿਹਾ। ਇਥੋਂ ਤਕ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ 70 ਸਾਲ ਕੋਈ ਮੁੱਖ ਮੰਤਰੀ ਅਜ਼ਾਦੀ ਦਿਵਸ ਦੇ ਸੁਭਾਗੇ ਮੌਕੇ 'ਤੇ ਰਾਸ਼ਟਰੀ ਝੰਡਾ ਝੁਲਾਉਣ ਨਹੀਂ ਆਇਆ। ਜੇਕਰ ਇਸ ਹਲਕੇ ਦੀ ਜ਼ਿਮਨੀ ਚੋਣ ਨਾ ਹੋਣੀ ਹੁੰਦੀ ਤਾਂ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਾਲ ਲੰਘੇ ਅਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਝੁਲਾਉਣ ਅਤੇ ਇਸ ਲਈ ਵਿਕਾਸ ਪੈਕੇਜ਼ ਐਲਾਨਣ ਲਈ ਨਾ ਆਉਂਦੇ।
ਭਾਵੇਂ ਸੰਨ 1952 ਵਿਚ ਤੇਜਾ ਸਿੰਘ ਅਕਰਪੁਰੀ ਅਤੇ ਬਾਅਦ ਵਿਚ ਦੀਵਾਨ ਚੰਦ ਸ਼ਰਮਾ, ਪ੍ਰਬੋਧ ਚੰਦਰ ਯੱਗਦਤ ਸ਼ਰਮਾ, ਸੁਖਬੰਸ ਕੌਰ ਭਿੰਡਰ, ਪ੍ਰਤਾਪ ਸਿੰਘ ਬਾਜਵਾ ਇਸ ਹਲਕੇ ਦੀ ਵੱਖ-ਵੱਖ ਸਮੇਂ ਪ੍ਰਤੀਨਿਧਤਾ ਕਰਦੇ ਰਹੇ ਪਰ ਇਸ ਨੂੰ ਪੁਲਾਂ ਰਾਹੀਂ ਜੰਮੂ-ਕਸ਼ਮੀਰ, ਪੰਜਾਬ ਦੇ ਦੁਆਬੇ ਇਲਾਕੇ, ਪਠਾਨਕੋਟ ਸਿਵਲ ਹਵਾਈ ਅੱਡੇ ਰਾਹੀਂ ਰਾਸ਼ਟਰ ਨਾਲ ਜੋੜਕੇ ਵਿਕਾਸ ਦੀ ਲੀਹਾਂ 'ਤੇ ਪਾਉਣ ਦਾ ਸਿਹਰਾ ਸ਼੍ਰੀ ਵਿਨੋਦ ਖੰਨਾ ਸਿਰ ਬੱਝਦਾ ਹੈ ਜੋ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਵਿਚ ਰਾਜ ਮੰਤਰੀ ਵੀ ਰਹੇ ਸਨ।
ਇਸ ਹਲਕੇ ਵਿਚ ਕੁਲਵੋਟਾਂ 1529,207 ਹਨ ਜਿਨ੍ਹਾਂ ਵਿਚੋਂ ਪੁਰਸ਼ 785126 ਅਤੇ ਔਰਤਾਂ 744081 ਹਨ। ਸਰਵਿਸ ਵੋਟਰ 27811 ਹਨ। ਅਜੋਕੀ ਚੋਣ ਲਈ 1781 ਪੋਲਿੰਗ ਸਟੇਸ਼ਨ, 10382 ਡਿਊਟੀ ਅਮਲਾ, 11 ਪੋਲਿੰਗ ਸੁਕਐਡ, 18 ਵੀਡੀਓ ਟੀਮਾਂ ਗਠਤ ਕਰਕੇ ਪੂਰੇ ਚੋਣ ਪ੍ਰਬੰਧ ਕੀਤੇ ਗਏ।
ਸੰਨ 1998 ਤੋਂ 2009 ਤਕ ਇਸ ਹਲਕੇ ਅੰਦਰ ਚਲ ਰਹੇ ਵਿਨੋਦ ਖੰਨਾ ਦੇ ਜੇਤੂ ਰੱਥ ਨੂੰ ਜੋ ਭਾਜਪਾ ਨਾਲ ਸਬੰਧਿਤ ਸਨ, ਕਾਂਗਰਸ ਪਾਰਟੀ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੇ ਸੰਨ 2009 ਦੀਆਂ ਲੋਕਸਭਾ ਚੋਣਾਂ ਵਿਚ 8342 ਵੋਟਾਂ ਨਾਲ ਸ਼ਿਕਸ਼ਤ ਦੇ ਕੇ ਰਲਿਆ ਸੀ। ਪਰ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਆਗੂ ਵਿਨੋਦ ਖੰਨਾ ਨੇ ਮੁੜ੍ਹ 136065 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸਾਸੰਦ ਬਣਨ ਸੁਭਾਗ ਪ੍ਰਾਪਤ ਕੀਤਾ।
ਇਸ ਹਲਕੇ ਦੀ ਚੋਣ ਜੋ 11 ਅਕਤੂਬਰ ਨੂੰ ਹੋਣ ਜਾ ਰਹੀ ਹੈ, ਵਿਚ ਅਜ਼ਾਦ ਅਤੇ ਵੱਖ-ਵੱਖ ਪਾਰਟੀਆਂ ਦੇ 11 ਉਮੀਦਵਾਰ ਮੈਦਾਨ ਵਿਚ ਹਨ। ਪ੍ਰਮੁੱਖ ਤੌਰ 'ਤ ਭਾਵੇਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ, ਅਕਾਲੀ-ਭਾਜਪਾ ਗਠਜੋੜ ਦੇ ਭਾਜਪਾ ਸਬੰਧਿਤ ਉਮੀਦਵਾਰ ਸਵਰਨ ਸਿੰਘ ਸਲਾਰੀਆ ਅਤੇ ਆਮ ਆਮਦੀ ਪਾਰਟੀ ਉਮੀਦਵਾਰ ਮੇਜਰ ਜਨਰਲ (ਸੇਵਾ ਮੁੱਕਤ) ਸੁਰੇਸ਼ ਖਜ਼ੂਰੀਆ ਆਹਮੋ-ਸਾਹਮਣੇ ਹਨ ਪਰ ਅਸਲ ਮੁਕਾਬਲਾ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਵਿਚ ਰਹਿ ਗਿਆ ਹੈ।
ਦਰਅਸਲ ਆਮ ਆਦਮੀ ਪਾਰਟੀ ਨਾਲ ਜੁੜੇ ਬਹੁਤ ਸਾਰੇ 'ਫਸਲੀ ਬਟੇਰੇ' ਆਗੂ ਜੋ ਇਸ ਹਲਕੇ ਨਾਲ ਸਬੰਧਿਤ ਹਨ, ਆਪਣੀ ਟਿੰਡ-ਫੂਹੜੀ ਚੁੱਕ ਕੇ ਜਾਂ ਤਾਂ ਇਸ ਦੇ ਸੰਗਠਨ ਤੋਂ ਲਾਂਭੇ ਹੋ ਗਏ ਹਨ ਜਾਂ ਫਿਰ ਛਾਲਾਂ ਮਾਰ ਕੇ ਭਾਜਪਾ ਅਤੇ ਕਾਂਗਰਸ ਪਾਰਟੀ ਨਾਲ ਜੁੜ ਗਏ ਹਨ। ਇਸ ਦਾ ਮਾਝਾ ਜੋਨ ਦਾ ਪ੍ਰਧਾਨ ਪਾਰਟੀ ਛੱਡ ਗਿਆ ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਦੀਆਂ ਹਲਕੇ ਤੋਂ ਉਮੀਦਵਾਰ ਸੀ। ਦੀਨਾਨਗਰ ਤੋਂ ਉਮੀਦਵਾਰ ਭਾਜਪਾ ਵਿਚ ਚਲਾ ਗਿਆ। ਸੁਜਾਨਪੁਰ ਹਲਕਾ ਦਾ ਉਮੀਦਵਾਰ ਕਾਂਗਰਸ ਵਿਚ ਚਲਾ ਗਿਆ। ਇਥੋਂ ਤਕ ਕਿ ਗੁਰਦਾਸਪੁਰ ਲੋਕਸਭਾ ਹਲਕੇ ਦਾ ਕਨਵੀਨਰ ਕਾਂਗਰਸ ਵਿਚ ਚਲਾ ਗਿਆ। ਇਸ ਪਾਰਟੀ ਦੇ ਦੋ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਘੁੱਗੀ ਪਹਿਲਾਂ ਹੀ ਪਾਰਟੀ ਤੋਂ ਲਾਂਭੇ ਕਰ ਦਿਤੇ ਸਨ। ਸੋ ਇਸ ਹਲਕੇ ਵਿਚ ਸਿਰਫ਼ ਆਪਣੀ ਰਾਜਨੀਤਕ ਹੋਂਦ ਦਰਸਾਉਣ ਲਈ ਪੰਜਾਬ ਦੀ ਲੀਡਰਸ਼ਿਪ, ਭਾਈਵਾਲ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਭਰਾ ਤੁਰੇ ਫਿਰ ਰਹੇ ਹਨ। ਚੋਣ ਮੁਕਾਬਲੇ ਕਿੱਧਰੇ ਖੜ੍ਹੇ ਨਹੀਂ।
ਅਕਾਲੀ-ਭਾਜਪਾ ਗਠਜੋੜ ਦਾ ਉਮੀਦਵਾਰ ਸਵਰਨ ਸਿੰਘ ਸਲਾਰੀਆ ਭਾਜਪਾ ਆਗੂ ਨੈਤਿਕ, ਵਪਾਰਕ, ਸੰਸਥਾਤਮਿਕ, ਆਰਥਿਕ ਵਿਵਾਦਾਂ ਨਾਲ ਲਬਰੇਜ਼ ਆਗੂ ਹੈ। ਉਸ ਦੀ ਖਾਸੀਅਤ ਇਹ ਹੈ ਕਿ ਉਹ ਇਕ ਆਮ ਘਰ ਵਿਚੋਂ ਉੱਠਿਆ ਅਮੀਰ ਕਾਰੋਬਾਰੀ ਹੈ। ਵਿਨੋਦ ਖੰਨਾ ਦੀ ਵਿਧਵਾ ਕਵਿਤਾ ਖੰਨਾ ਇਸੇ ਕਰਕੇ ਦੌੜ ਵਿਚ ਪੱਛੜ ਗਈ। ਉਹ ਇਸ ਹਲਕੇ ਦਾ ਮੂਲ ਨਿਵਾਸੀ ਹੈ।
ਇਸ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਹਨ ਜਿਨ੍ਹਾਂ ਵਿਚੋਂ 6 ਗੁਰਦਾਸਪੁਰ ਅਤੇ ਤਿੰਨ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਿਤ ਹਨ। ਗਠਜੋੜ ਗੁਰਦਾਸਪੁਰ ਜ਼ਿਲ੍ਹੇ ਵਿਚ ਸਿਰਫ ਬਟਾਲਾ ਅਤੇ ਪਠਾਨਕੋਟ ਵਿਚੋਂ ਸੁਜਾਨਪੁਰ ਹਲਕੇ ਤੋਂ ਜਿੱਤਿਆ ਸੀ। ਬਾਕੀ 7 ਹਲਕਿਆਂ 'ਤੇ ਕਾਂਗਰਸ ਦਾ ਕਬਜ਼ਾ ਹੈ। ਇਨ੍ਹਾਂ ਵਿਚੋਂ ਫਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਅਤੇ ਦੀਨਾਨਗਰ ਬੀਬੀ ਅਰੁਣਾ ਚੌਧਰੀ ਰਾਜ ਮੰਤਰੀ (ਅਜ਼ਾਦ ਵਿਭਾਗ) ਹਨ। ਇਵੇਂ ਗਿਣਤੀ ਪੱਖੋਂ ਅਤੇ ਰਾਜ ਵਿਚ ਕਾਂਗਰਸ ਸਰਕਾਰ ਹੋਣ ਕਰਕੇ ਕਾਂਗਰਸ ਦਾ ਪਾਸਾ ਭਾਰਾ ਲਗਦਾ ਹੈ ਪਰ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਨਰੇਂਦਰ ਮੋਦੀ ਦੀ ਐੱਨ.ਡੀ.ਏ. ਸਰਕਾਰ ਹੋਣ ਕਰਕੇ ਤਰਾਜ਼ੂ ਫਿਰ ਸਾਵਾਂ ਹੁੰਦਾ ਲਗਦਾ ਹੈ।
ਭਾਜਪਾ ਇਸ ਸੀਟ ਨੂੰ ਸੁਰੱਖਿਅਤ ਸੀਟ ਦਾ ਦਾਅਵਾ ਤਾਂ ਠੋਕ ਰਹੀ ਹੈ ਪਰ ਇਹ ਸੱਚਾਈ ਤੋਂ ਕੋਹਾਂ ਦੂਰ ਹੈ। ਵਿਧਾਨ ਸਭਾ ਚੋਣਾਂ ਵੇਲੇ ਇਸ ਨੇ ਅਕਾਲੀ ਉਮੀਦਵਾਰ ਦਾ ਡੱਟ ਕੇ ਸਾਥ ਨਹੀਂ ਸੀ ਦਿਤਾ ਸਗੋ ਗੁਰਦਾਸਪੁਰ ਹਲਕੇ ਤੋਂ ਡੱਟ ਕੇ ਵਿਰੋਧ ਕੀਤਾ ਸੀ। ਦੀਨਾਨਗਰ ਅੰਦਰ ਅਕਾਲੀ ਦਲ ਨੇ ਭਾਜਪਾ ਦਾ ਡੱਟ ਕੇ ਵਿਰੋਧ ਕੀਤਾ ਸੀ। ਅਜ ਵੀ ਅਕਾਲੀ-ਭਾਜਪਾ 'ਚ ਲੋੜੀਂਦਾ ਤਾਲਮੇਲ ਨਹੀਂ ਵਿਖਾਈ ਦਿੰਦਾ।
ਅਕਾਲੀ-ਭਾਜਪਾ ਦਾ ਚੋਣ ਮਹਾਂਰਥੀ ਸ. ਪ੍ਰਕਾਸ਼ ਸਿੰਘ ਬਾਦਲ ਵਡੇਰੀ ਉਮਰ ਕਰਕੇ ਚੋਣ ਵਿਚ ਨਹੀਂ ਕੁੱਦਿਆ। ਉਹ ਅਜ ਵੀ ਅਕਾਲੀ ਵਰਕਰਾਂ ਵਿਚ ਵੱਡਾ ਜੋਸ਼ ਭਰਨ ਦਾ ਮਹਾਨ ਸ੍ਰੋਤ ਹੈ। ਸ੍ਰ. ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਜੋ ਚੋਣ ਲੀਡ ਕਰ ਰਹੇ ਹਨ ਉਸ ਦੇ ਪਾਸਕੂ ਵੀ ਨਹੀਂ।
ਸੁੱਚਾ ਸਿੰਘ ਲੰਗਾਹ ਰੇਪਕੇਸ, ਵਾਇਰਲ ਸੀ.ਡੀ. ਨੇ ਇਸ ਚੋਣ ਦਾ ਪਾਸਾ ਪਰਤ ਕੇ ਰਖ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਸਦਾ ਉਹ ਸੀਨੀਅਰ ਮੈਂਬਰ ਸੀ ਨੂੰ ਸਿੱਖ ਸਮਾਜ ਅਤੇ ਪੰਜਾਬੀਆਂ ਵਿਚ ਨੱਕ ਦੇਣ ਜੋਗੇ ਨਹੀਂ ਛੱਡਿਆ।
ਚੋਣ ਦੀ ਵਾਂਗਡੋਰ ਸਥਾਨਿਕ ਮਹਾਂਰਥੀਆਂ ਸ. ਨਿਰਮਲ ਸਿੰਘ ਕਾਹਲੋਂ ਅਤੇ ਜਥੇਦਾਰ ਸੇਵਾ ਸਿੰਘ ਸੇਖ਼ਵਾਂ ਵਰਗੇ ਅੱਗ ਫੱਕਣ ਵਾਲੇ ਪ੍ਰੋਢ ਆਗੂਆਂ ਹੱਥ ਦੇਣੀ ਚਾਹੀਦੀ ਸੀ।
ਭਾਜਪਾ ਨੇ ਪਹਾੜੀ ਰਾਜਾਂ ਨੂੰ ਅੱਗੋਂ 10 ਸਾਲਾ ਸਨਅਤ-ਕਾਰੋਬਾਰ ਪੈਕੇਜ਼ ਵਧਾ ਕੇ ਪੰਜਾਬ ਨੂੰ ਜਖ਼ਮ ਦਿੱਤੇ ਹਨ। ਸ਼੍ਰੀ ਮੋਦੀ ਸਰਕਾਰ ਨੇ ਪੰਜਾਬ ਦੀ ਬੁਰੀ ਤਰ੍ਹਾਂ ਪੀੜ੍ਹਤ ਕਿਸਾਨੀ ਦੀ ਨਾ ਤਾਂ ਬਾਂਹ ਫੜੀ ਨਾ ਹੀ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਇਸ ਲਈ ਰਾਜ ਦੀ ਕਿਸਾਨੀ ਉਸ ਨਾਲ ਨਰਾਜ਼ ਹੈ। ਨੋਟਬੰਦੀ, ਜੀ ਐੱਸ ਟੀ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ, ਨੌਜਵਾਨ ਵਰਗ ਨਾਲ ਰੋਜ਼ਗਾਰ ਦੇ ਮੌਕੇ ਨਾ ਦੇ ਕੇ ਧੋਖਾ ਦਿੱਤਾ। ਇਸ ਕਰਕੇ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਚੋਣਾਂ ਵਿਚ ਇਸ ਨੂੰ ਹਾਰ ਦਾ ਮੂੁੰਹ ਵੇਖਣਾ ਪਿਆ। ਪੰਜਾਬ ਵਿਚ ਭਾਜਪਾ ਦੇ ਕ੍ਰਿਸ਼ਮਾਕਾਰੀ ਆਗੂ ਦੀ ਘਾਟ ਹੋਣਾ। ਸੌ ਹੱਥ ਰੱਸਾ ਸਿਰੇ 'ਤੇ ਗੰਢ ਜੇ ਸ਼੍ਰੀ ਮੋਦੀ ਸਰਕਾਰ ਅਤੇ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੀ 10 ਸਾਲ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਤਾਂ ਇਸ ਗਠਜੋੜ ਅਤੇ ਖਾਸ ਕਰਕੇ ਭਾਜਪਾ ਨੂੰ ਪੰਜਾਬ 'ਚ ਨਮੋਸ਼ੀ ਭਰੀ ਹਾਰ ਦਾ ਮੂੰਹ ਨਾ ਵੇਖਣਾ ਪੈਂਦਾ। ਹੁਣ ਭਾਜਪਾ ਦੇ ਰਾਸ਼ਟਰੀ, ਕੇਂਦਰੀ, ਸੂਬਾਈ ਅਤੇ ਸਥਾਨਿਕ ਆਗੂਆਂ ਪਾਸ ਕੋਈ ਮੁੱਦਾ ਹੀ ਨਹੀਂ ਹੈ ਜਿਸਦੇ ਅਧਾਰ 'ਤੇ ਉਹ ਵੋਟਰਾਂ ਤੋਂ ਹਮਾਇਤ ਦਾ ਦਾਅਵਾ ਕਰ ਸਕਣ। ਉਹ ਇਹ ਸੀਟ ਤਾਂ ਹੀ ਜਿੱਤ ਸਕਦੀ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਆਪਣੇ ਹਾਰੇ ਹਲਕਿਆਂ ਵਿਚੋਂ ਉਸ ਨੂੰ ਵੱਡੀ ਲੀਡ ਦਿਵਾਏ। ਪੰਜਾਬ ਅਤੇ ਦਿੱਲੀ ਵਿਚੋਂ ਉਸ ਦੀ ਸਮੁੱਚੀ ਲੀਡਰਸ਼ਿਪ ਇਸ ਮੰਤਵ ਲਈ ਇਸ ਹਲਕੇ ਵਿਚ ਕੁੱਦੀ ਹੋਈ ਹੈ। ਕੀ ਲੋਕਾਂ ਨੇ 7 ਮਹੀਨੇ ਵਿਚ ਉਨ੍ਹਾਂ ਬਾਰੇ ਮੰਨ ਬਦਲੇ ਹਨ, 15 ਅਕਤੂਬਰ ਦਾ ਨਤੀਜਾ ਦਸ ਦੇਵੇਗਾ।
ਕਾਂਗਰਸ ਪਾਰਟੀ ਇਸ ਵਾਰ ਇਹ ਜ਼ਿਮਨੀ ਚੋਣ ਜਿੱਤਣ ਲਈ ਚੋਣ ਮੈਦਾਨ ਵਿਚ ਕੁੱਦੀ ਹੈ। ਕੈਪਟਨ ਦੀ ਪੂਰੀ ਕੈਬਨਿਟ ਸਿਵਲ ਸਕਤਰੇਤ ਵਿਚ ਆਪਣੇ ਕਮਰਿਆਂ ਨੂੰ ਤਾਲੇ ਲਾ ਕੇ ਚੋਣ ਮੈਦਾਨ ਵਿਚ ਕੁੱਦੀ ਹੋਈ ਹੈ। ਇਵੇਂ ਹੀ ਪੰਜਾਬ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਵਿਧਾਇਕ ਦਲ ਅਤੇ ਕੁਝ ਕੇਂਦਰੀ ਆਗੂ।
ਪ੍ਰਤਾਪ ਸਿੰਘ ਬਾਜਵਾ ਪਰਿਵਾਰ ਜਿਸਦੀ ਕਰਮਭੂਮੀ ਇਹ ਹਲਕਾ ਹੈ, ਦੀ ਥਾਂ ਕਾਂਗਰਸ ਪਾਰਟੀ ਆਪਣੇ ਸੂਬਾਈ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੂੰ ਉਮੀਦਵਾਰ ਵਜੋਂ ਲਿਆ ਕੇ ਚੋਣ ਕੁਰੂਕਸ਼ੇਤਰ ਵਿਚ ਨਿੱਤਰੀ ਪਈ ਹੈ। ਸੁਨੀਲ ਜਾਖੜ ਪੰਜਾਬ ਦੇ ਉੱਘੇ ਕਾਂਗਰਸ ਰਾਜਨੀਤਕ ਪਰਿਵਾਰ ਵਿਚੋਂ ਹਨ ਅਤੇ ਆਧੁਨਿਕ ਯੁੱਗ ਦੇ ਚੇਤੰਨ ਤੇ ਗਤੀਸ਼ੀਲ ਆਗੂ ਹਨ ਇਹ ਗੱਲ ਵੱਖਰੀ ਹੈ ਕਿ ਗੁਰਦਾਸਪੁਰ ਵਿਚ ਉਹ ਬਾਹਰੀ ਆਗੂ ਹਨ ਅਤੇ ਆਪਣੇ ਵਿਧਾਨ ਸਭਾ ਹਲਕੇ ਅਬੋਹਰ ਤੋਂ ਭਾਜਪਾ ਜੋ ਸਾਰੇ ਪੰਜਾਬ ਵਿਚ ਬੁਰੀ ਤਰ੍ਹਾਂ ਹਾਰੀ ਦੇ ਕੌਂਸਲਰ ਅਰੁਣ ਨਾਰੰਗ ਤੋਂ ਬੁਰੀ ਤਰ੍ਹਾਂ ਹਾਰੇ।
ਕਾਂਗਰਸ ਪਾਰਟੀ ਦੀ ਕੈਪਟਨ ਸਰਕਾਰ ਦੀ 7 ਮਹੀਨੇ ਕੀ ਕਾਰਗੁਜ਼ਾਰੀ ਅਤਿ ਨਿਰਾਸ਼ਾਜਨਕ ਰਹੀ ਹੈ। ਪੰਜਾਬ ਦੀ ਆਰਥਿਕਤਾ ਦੀ ਰੀਡ ਦੀ ਹੱਡੀ ਕਿਸਾਨੀ ਆਏ ਦਿਨ ਖੁਦਕੁਸ਼ੀਆਂ ਕਰਨ ਲਈ ਆਰਥਿਕ ਮੰਦਹਾਲੀ ਕਰਕੇ ਮਜਬੂਰ ਹੈ। ਕਿਸਾਨ ਕਰਜ਼ਾ ਮੁਆਫੀ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ, ਪ੍ਰਤੀ ਪਰਿਵਾਰ ਇਕ ਵਿਅਕਤੀ ਨੂੰ ਨੌਕਰੀ, ਆਟਾ-ਦਾਲ ਚਾਹ-ਪਤੀ ਅਤੇ ਚੀਨੀ ਦੇਣ, ਬੁਢਾਪਾ ਪੈਨਸ਼ਨ 2500 ਰੁਪਏ ਮਾਸਿਕ, ਸ਼ਗਨ ਸਕੀਮ 51000 ਰੁਪਏ, ਨਰਸਰੀ ਤੋਂ ਪੀ.ਐੱਚ.ਡੀ. ਤਕ ਲੜਕੀਆਂ ਨੂੰ ਮੁਫ਼ਤ ਸਿਖਿਆ, ਨਸ਼ੀਲੇ ਪਦਾਰਥਾਂ ਦੀ ਵਿੱਕਰੀ ਬੰਦ ਕਰਨ, ਬੇਅਦਬੀ ਲਈ ਦੋਸ਼ੀਆਂ ਨੂੰ ਪਕੜਨਾ, ਭ੍ਰਿਸ਼ਟਾਚਾਰ ਰਹਿਤ ਵਿਕਾਸਮਈ ਸਰਕਾਰ ਦੇਣਾ ਅਤੇ ਮਿਆਰੀ ਸਿਖਿਆ ਦਾ ਪ੍ਰਬੰਧ ਕਰਨਾ, ਰਾਜ ਅੰਦਰ ਸੱਨਅਤੀਕਰਨ ਨੂੰ ਮੁੜ ਸਥਾਪਿਤ ਕਰਨਾ ਆਦਿ ਸਭ ਮੁਹਾਜ਼ਾਂ 'ਤੇ ਬੁਰੀ ਤਰ੍ਹਾ ਫੇਲ ਹੋਈ ਹੈ।
ਹੁਣ ਵੋਟਰਾਂ ਨੂੰ ਆਪਣੀ ਪ੍ਰਾਪਤੀ ਬਾਰੇ ਦੱਸਣ ਲਈ ਤਾਂ ਕੁਝ ਨਹੀਂ ਉਲਟ ਪੂਰੀ ਚੋਣ ਮੁਹਿੰਮ ਝੂਠ ਨੂੰ ਸੱਚ ਬਣਾਉਣ, ਰੱਸੀ ਦਾ ਸੱਪ ਬਣਾਉਣ ਅਤੇ ਵਿਰੋਧੀਆਂ ਦੀ ਫੱਕੜਵਾਦੀ ਆਲੋਚਨਾ ਅਤੇ ਧੂਆਂਧਾਰ ਦੂਸ਼ਣਬਾਜ਼ੀ ਅਧਾਰਤ ਹੈ। ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਗੁਰਦਾਸਪੁਰ ਮੁਜ਼ਾਹਿਰੇ-ਧਰਨਿਆਂ ਦਾ ਸਰਕਾਰ ਤੇ ਕੋਈ ਅਸਰ ਨਹੀਂ ਨਾ ਹੀ ਅਤਿ ਆਰਥਿਕ ਮੰਦਹਾਲੀ ਦਾ। ਪੂਰੀ ਚੋਣ ਮੁਹਿੰਮ ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਰਾਜਾ ਵੜਿੰਗ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ, ਖੁਦ ਸੁਨੀਲ ਜਾਖੜ ਆਦਿ ਦੇ ਚੌਕਿਆਂ-ਛਿੱਕਿਆਂ ਨਾਲ ਪੱਟੀ ਧੂੜ ਵਿਚ ਗੁਆਚੀ ਪਈ ਲਗਦੀ ਹੈ।
ਦਰਅਸਲ ਪੰਜਾਬ ਦੇ ਹਰ ਵਰਗ ਦੇ ਲੋਕਾਂ ਵਾਂਗ ਇਸ ਹਲਕੇ ਦੇ ਲੋਕ ਅਤੇ ਵੋਟਰ ਰਾਜਨੀਤਕ ਪਾਰਟੀਆਂ ਦੇ ਪਿਛਲੇ 70 ਸਾਲਾਂ 'ਤੇ ਕੀਤੇ ਜਾਂਦੇ ਫਰੇਬਾਂ, ਝੂਠੇ ਵਾਅਦਿਆਂ, ਚਿੱਟ ਦਿਨ ਕੀਤੀ ਜਾਂਦੀ ਲੁੱਟ ਖੋਹ ਤੋਂ ਬੁਰੀ ਤਰ੍ਹਾਂ ਆਤੁਰ ਹਨ। ਬਸ! ਧੜਿਆਂ ਵਿਚ ਵੰਡੇ ਹੋਣ ਕਰਕੇ ਲੋਕਤੰਤਰੀ ਵੋਟ ਤਿਉਹਾਰ ਮੌਕੇ ਵੋਟ ਪਾਉਣ ਲਈ ਮਜ਼ਬੂਰ ਹਨ। ਜੋ ਵੀ ਰਾਜਨੀਤਕ ਪਾਰਟੀ ਜਾਂ ਗਠਜੋੜ ਆਪਣੇ ਛਲ, ਕਪਟ ਅਤੇ ਫਰੇਬ ਦੀ ਕਲਾ ਨਾਲ ਉਨ੍ਹਾਂ ਦੀ ਮਜਬੂਰੀ ਦਾ ਫਾਇਦਾ ਉਠਾ ਲਵੇਗਾ, ਉਹੀ ਜਿੱਤ ਜਾਵੇਗਾ। ਪਰ ਸੰਨ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਵੋਟਰ ਅਤੇ ਨਾਗਰਿਕ ਨੂੰ ਮੁੜ੍ਹ ਲੱਭਣ ਵਾਲਾ ਨਹੀਂ।
-ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ।
94170-94034
-
ਦਰਬਾਰਾ ਸਿੰਘ ਕਾਹਲੋਂ, ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
kahlondarbarasingh@gmail.com
94170-94034
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.