ਪੰਜਾਬ ਵਿਚ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਖਾਲੀ ਸੀਟ ਲਈ 11 ਅਕਤੂਬਰ 2017 ਨੂੰ ਹੋ ਰਹੀ ਹੈ ਦਾ ਨਤੀਜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 6 ਮਹੀਨੇ ਦੀ ਕਾਰਗੁਜ਼ਾਰੀ ਦਾ ਪ੍ਰਗਟਾਵਾ ਕਰੇਗੀ। ਭਾਵੇਂ 6 ਮਹੀਨੇ ਦਾ ਸਮਾਂ ਕਿਸੇ ਵੀ ਸਰਕਾਰ ਨੂੰ ਆਪਣੀ ਕਾਰਗੁਜ਼ਾਰੀ ਅਤੇ ਕਾਬਲੀਅਤ ਵਿਖਾਉਣ ਲਈ ਬਹੁਤ ਥੋੜ੍ਹਾ ਹੁੰਦਾ ਹੈ ਪ੍ਰੰਤੂ ਵਰਤਮਾਨ ਕਾਂਗਰਸ ਪਾਰਟੀ ਦੀ ਸਰਕਾਰ ਦਾ ਬਣਨਾ ਆਪਣੇ ਆਪ ਵਿਚ ਵਿਲੱਖਣ ਗੱਲ ਹੈ, ਜਦੋਂਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦਾ ਬਦਲ ਕਿਸੇ ਤੀਜੀ ਧਿਰ ਨੂੰ ਬਣਾਉਣਾ ਚਾਹੁੰਦੇ ਸਨ। ਕਾਂਗਰਸ ਪਾਰਟੀ ਦੀ ਸਰਕਾਰ ਪਹਿਲੀ ਵਾਰ ਸੰਜੀਦਗੀ ਨਾਲ ਕੇਂਦਰੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਯੋਜਨਾਬੱਧ ਹਮਲਾਵਰ ਚੋਣ ਰਣਨੀਤੀ ਦਾ ਨਤੀਜਾ ਹੈ। ਇਸੇ ਕਰਕੇ ਫਰਵਰੀ 2017 ਵਿਚ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਆਪਣੇ ਬਲਬੂਤੇ ਉਪਰ ਸਰਕਾਰ ਬਣਾਈ ਸੀ। ਚੋਣਾਂ ਤੋਂ ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਆਮ ਆਦਮੀ ਪਾਰਟੀ ਸਰਕਾਰ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਵੇਗੀ। ਜਿਉਂ ਜਿਉਂ ਚੋਣਾ ਨਜ਼ਦੀਕ ਆ ਰਹੀਆਂ ਸਨ ਤਾਂ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਵਿਧਾਨ ਸਭਾ ਤ੍ਰਿਸ਼ੰਕੂ ਹੋਵੇਗੀ ਪ੍ਰੰਤੂ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਉਭਰਕੇ ਆਵੇਗੀ। ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜ਼ਿਆਂ ਨੇ ਸਾਰੇ ਅਟਕਲ ਪੱਚੂ ਝੂਠੇ ਸਾਬਤ ਕਰਕੇ ਕਾਂਗਰਸ ਪਾਰਟੀ ਦੇ ਹੱਥ ਰਾਜ ਭਾਗ ਦੀ ਡੋਰ ਸੰਭਾਲ ਦਿੱਤੀ। ਇਨ੍ਹਾਂ ਚੋਣ ਨਤੀਜਿਆਂ ਦਾ ਸਿਹਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਬੰਨ੍ਹਿਆਂ ਗਿਆ। ਹਰ ਵਿਅਕਤੀ ਦੇ ਮੂੰਹੋਂ ਇਹੋ ਸੁਣਨ ਨੂੰ ਮਿਲ ਰਿਹਾ ਸੀ ਕਿ ਜਿੱਤ ਕਾਂਗਰਸ ਪਾਰਟੀ ਦੀ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਹੈ। ਇਸ ਲਈ ਕੈਪਟਨਅਮਰਿੰਦਰ ਸਿੰਘ ਤੋਂ ਲੋਕਾਂ ਨੂੰ ਆਸਾਂ ਵੀ ਵੱਡੀਆਂ ਹੀ ਹਨ। ਵਿਧਾਨ ਸਭਾ ਦੀ ਚੋਣ ਜਿੱਤਣ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਵਾਅਦਿਆਂ ਦੀ ਝੜੀ ਲਗਾ ਦਿੱਤੀ। ਝੂਠੇ ਵਾਅਦੇ ਕਰਨ ਵਿਚ ਕੋਈ ਪਾਰਟੀ ਵੀ ਪਿੱਛੇ ਨਹੀਂ ਰਹੀ। ਲੋਕਾਂ ਦਾ ਅਕਾਲੀ ਭਾਜਪਾ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਸੀ। ਇਸ ਲਈ ਲਈ ਲੋਕ ਤੀਜੇ ਬਦਲ ਦੀ ਆਸ ਲਾਈ ਬੈਠੇ ਸਨ। ਬਦਲ ਕਿਹੜਾ ਹੋਵੇ ਇਹੋ ਸਵਾਲ ਵੋਟਰਾਂ ਦੇ ਮਨਾ ਵਿਚ ਘੁੰਮਣਘੇਰੀ ਪਾਈ ਬੈਠਾ ਸੀ। ਕਾਂਗਰਸ ਪਾਰਟੀ 10 ਸਾਲਾਂ ਤੋਂ ਸੱਤਾ ਤੋਂ ਬਾਹਰ ਬੈਠੀ ਸੀ, ਉਹ ਕਿਸੇ ਕੀਮਤ ਤੇ ਵੀ ਇਹ ਚੋਣ ਜਿੱਤਣਾ ਚਾਹੁੰਦੀ ਸੀ। ਆਮ ਤੌਰ ਤੇ ਕੇਂਦਰੀ ਕਾਂਗਰਸ ਪੰਜਾਬ ਦੀ ਚੋਣ ਨੂੰ ਸੰਜੀਦਗੀ ਨਾਲ ਨਹੀਂ ਲੈਂਦੀ , ਇਹ ਪਹਿਲੀ ਵਾਰ ਸੀ ਕਿ ਕੇਂਦਰੀ ਕਾਂਗਰਸ ਨੇ ਲੋਕਾਂ ਦੀ ਨਬਜ਼ ਨੂੰ ਪਛਾਣਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਚੁਣਨ ਵਿਚ ਫਰੀ ਹੈਂਡ ਦਿੱਤਾ, ਇੱਕਾ ਦੁੱਕਾ ਦੂਜੀਆਂ ਪਾਰਟੀਆਂ ਵਿਚੋਂ ਆਏ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ , ਪ੍ਰਗਟ ਸਿੰਘ ਅਤੇ ਸ਼ੇਰ ਸਿੰਘ ਘੂਬਇਆ ਦੇ ਲੜਕੇ ਵਰਗਿਆਂ ਨੂੰ ਛੱਡਕੇ ਬਾਕੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਤੂਤੀ ਬੋਲਦੀ ਰਹੀ। ਜਿਸਦਾ ਨਤੀਜਾ ਵੀ ਸਾਰਥਕ ਨਿਕਲਿਆ। ਨੌਜਵਾਨ ਵੋਟਰ ਅਤੇ ਪੜ੍ਹੇ ਲਿਖੇ ਵਿਦਵਾਨ ਵੋਟਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਤਰਲੋਮੱਛੀ ਹੋ ਰਹੇ ਸਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਪਹਿਲੀ ਵਾਰ ਲਗਾਤਰ ਚੋਣ ਕਾਨਫਰੰਸਾਂ ਕਰਕੇ ਚੋਣ ਮੁਹਿੰਮ ਵਿਚ ਜਾਨ ਫੂਕ ਦਿੱਤੀ ਸੀ। ਚੋਣ ਵਾਅਦੇ ਕਰਨ ਲੱਗਿਆਂ ਕਿਸੇ ਵੀ ਸਿਆਸੀ ਪਾਰਟੀ ਨੇ ਇਹ ਨਹੀਂ ਸੋਚਿਆ ਕਿ ਵਾਅਦੇ ਪੂਰੇ ਕਰਨ ਲਈ ਆਰਥਕ ਸਾਧਨ ਕਿਵੇਂ ਜੁਟਾਏ ਜਾਣਗੇ। ਪੰਜਾਬ ਵਿਚ ਲੋਕਾਂ ਨੂੰ ਪਹਿਲਾਂ ਹੀ ਮੁਫਤ ਖੋਰੇ ਬਣਾਇਆ ਜਾ ਚੁੱਕਾ ਸੀ, ਹੋਰ ਮੁਫ਼ਤਖ਼ੋਰੇ ਬਣਾਉਣ ਵਾਲੇ ਵਾਅਦੇ ਵਫ਼ਾ ਕਰਨੇ ਅਸੰਭਵ ਸਨ। ਕਾਂਗਰਸ ਪਾਰਟੀ ਨੇ ਸਭ ਤੋਂ ਵੱਧ ਵਾਅਦੇ ਕੀਤੇ ਜਿਹੜੇ ਸਰਕਾਰ ਬਣਨ ਦੇ 6 ਮਹੀਨੇ ਵਿਚ ਵੀ ਪੂਰੇ ਨਹੀਂ ਕੀਤੇ ਜਾ ਸਕੇ, ਇਹ ਵਾਅਦੇ ਪੂਰੇ ਹੋ ਹੀ ਨਹੀਂ ਸਕਦੇ ਕਿਉਂਕਿ ਜਿਹੜਾ ਖ਼ਜਾਨਾ ਸਰਕਾਰ ਨੂੰ ਖਾਲੀ ਮਿਲਿਆ ਹੈ ਉਸਨੂੰ ਭਰਨਾ ਬਿਨਾ ਟੈਕਸ ਲਗਾਏ ਅਸੰਭਵ ਹੀ ਲੱਗਦਾ ਹੈ। ਇਸ ਉਪ ਚੋਣ ਨੂੰ ਵੇਖਕੇ ਵਿਰੋਧੀ ਪਾਰਟੀਆਂ ਦੀ ਸਪੋਰਟ ਨਾਲ ਜਲਸੇ, ਜਲੂਸ ਅਤੇ ਧਰਨੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ 7 ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮੁੱਦੇ ਤੇ ਮੁੱਖ ਮੰਤਰੀ ਦੇ ਘਰ ਮੋਤੀ ਬਾਗ ਨੂੰ ਘੇਰਨ ਦਾ ਪ੍ਰੋਗਰਾਮ ਬਣਾ ਲਿਆ ਜਿਸਨੂੰ ਹਾਈ ਕੋਰਟ ਦੇ ਹੁਕਮਾ ਅਨੁਸਾਰ ਨਜ਼ਦੀਕ ਪਿੰਡ ਦੀ ਅਨਾਜ ਮੰਡੀ ਵਿਚ ਤਬਦੀਲ ਕਰ ਦਿੱਤਾ ਗਿਆ। ਉਸੇ ਤਰ੍ਹਾਂ ਹੋਰ ਪੈਨਸ਼ਨਰਜ਼ ਅਤੇ ਕਰਮਚਾਰੀ ਜਥੇਬੰਦੀਆਂ ਨੇ ਵੀ ਕਮਰ ਕੱਸੇ ਕਸ ਲਏ। ਕੈਪਟਨ ਅਮਰਿੰਦਰ ਸਿੰਘ ਆਪਣੀ ਕਾਰਜ਼ਕੁਸ਼ਲਤਾ ਅਤੇ ਨਿੱਜੀ ਸਿਆਸੀ ਸ਼ਖ਼ਸੀਅਤ ਕਰਕੇ ਇਹ ਚੋਣ ਆਪਣੇ ਪਿਆਦਿਆਂ ਨੂੰ ਮੋਹਰੇ ਲਾ ਕੇ ਹੀ ਜਿੱਤਣ ਲਈ ਦ੍ਰਿੜ੍ਹ ਸੰਕਲਪ ਵਿਖਾਈ ਦਿੰਦੇ ਹਨ। ਕਾਂਗਰਸ ਪਾਰਟੀ ਦੀ ਚੋਣ ਮੁਹਿੰਮ ਨੂੰ ਉਹ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ। ਜੀਰੀ ਦੀ ਖ੍ਰੀਦ ਦਾ ਰੇੜਕਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਹਲ ਕਰ ਲਿਆ ਹੈ। ਭਾਵੇਂ ਪੰਜਾਬ ਸਰਕਾਰ ਨੂੰ ਅਨੇਕਾਂ ਚੁਣੌਤੀਆਂ ਹਨ ਪ੍ਰੰਤੂ ਇਨਾਂ ਸਾਰੀਆਂ ਵੰਗਾਰਾਂ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਇਹ ਚੋਣ ਜਿੱਤੀ ਬੈਠੇ ਮੰਨ ਰਹੇ ਹਨ। ਗੁਰਦਾਸਪੁਰ ਜਿਲ੍ਹੇ ਦੇ ਕਾਂਗਰਸੀ ਬੜੀ ਜ਼ਬਰਦਸਤ ਫੁੱਟ ਦਾ ਸ਼ਿਕਾਰ ਹਨ, ਦੋ ਧੜੇ ਬਣੇ ਹੋਏ ਹਨ। ਇੱਕ ਧੜਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਹੈ। ਦੂਜਾ ਧੜਾ ਬਾਜਵਾ ਵਿਰੋਧੀ ਹੈ। ਪ੍ਰਤਾਪ ਸਿੰਘ ਬਾਜਵਾ ਦੇ ਭਰਾ ਫਤਿਹਜੰਗ ਸਿੰਘ ਬਾਜਵਾ ਨੂੰ ਛੱਡਕੇ ਦੇ ਕਾਂਗਰਸ ਪਾਰਟੀ ਦੇ ਸਾਰੇ ਵਿਧਾਨਕਾਰ ਇੱਕਮੁਠ ਹਨ। ਫਤਿਹਜੰਗ ਸਿੰਘ ਬਾਜਵਾ ਵੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸਪਾਤਰ ਅਖਵਾਉਂਦਾ ਹੈ। ਇਸ ਕਰਕੇ ਉਹ ਵੀ ਤਨੋ ਮਨੋ ਸੁਨੀਲ ਜਾਖੜ ਦੀ ਮਦਦ ਕਰ ਰਿਹਾ ਹੈ। ਪ੍ਰਤਾਪ ਸਿੰਘ ਬਾਜਵਾ ਵੀ ਸੁਨੀਲ ਕੁਮਾਰ ਜਾਖੜ ਦੀ ਜਿੱਤ ਵੇਖਕੇ ਚੋਣ ਮੈਦਾਨ ਵਿਚ ਕੁਦ ਪਿਆ ਹੈ। ਪਰਤਾਪ ਸਿੰਘ ਬਾਜਵਾ ਆਪਣੀ ਪਤਨੀ ਚਰਨਜੀਤ ਕੌਰ ਜੋ ਕਿ ਵਿਧਾਨਕਾਰ ਰਹੀ ਹੈ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ। ਬਾਕੀ ਸਾਰੇ ਵਿਧਾਨਕਾਰ ਇਸਦਾ ਵਿਰੋਧ ਕਰਦੇ ਸਨ। ਅਸ਼ਵਨੀ ਸੇਖੜੀ ਜੋ ਕਿ ਇਸ ਵਾਰ ਵਿਧਾਨ ਸਭਾ ਦੀ ਚੋਣ ਹਾਰ ਗਏ ਹਨ, ਉਹ ਵੀ ਟਿਕਟ ਲੈਣ ਲਈ ਦਾਅਵੇਦਾਰ ਸਨ। ਇਸ ਝਗੜੇ ਨੂੰ ਖ਼ਤਮ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਉਮੀਦਵਾਰ ਬਣਾਉਣ ਦੀ ਵਕਾਲਤ ਕੀਤੀ, ਜਿਸ ਵਿਚ ਉਹ ਸਫਲ ਹੋ ਗਏ ਹਨ। ਅਸਲ ਵਿਚ ਗੁਰਦਾਸਪੁਰ ਲੋਕ ਸਭਾ ਦੀ ਸੀਟ ਹਿੰਦੂ ਸੀਟ ਗਿਣੀ ਜਾਂਦੀ ਹੈ। ਵੈਸੇ ਇਥੋਂ ਸੁਖਬੰਸ ਕੌਰ ਭਿੰਡਰ ਜੱਟ ਸਿੱਖ ਉਮੀਦਵਾਰ ਵੀ6 ਵਾਰ ਜਿੱਤਦੇ ਰਹੇ ਹਨ। ਇਕ ਵਾਰ ਪਰਤਾਪ ਸਿੰਘ ਬਾਜਵਾ ਵੀ ਚੋਣ ਜਿੱਤੇ ਸਨ ਪ੍ਰੰਤੂ ਵਿਨੋਦ ਖੰਨਾ ਲਗਾਤਾਰ 4 ਵਾਰ ਚੋਣ ਜਿੱਤਦੇ ਰਹੇ ਹਨ। ਸੁਨੀਲ ਕੁਮਾਰ ਜਾਖੜ ਹਿੰਦੂ ਅਤੇ ਜਾਟ ਦੋਵੇਂ ਹਨ। ਇਸ ਲਈ ਉਸਨੂੰ ਦੂਹਰਾ ਲਾਭ ਹੋ ਸਕਦਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਖ਼ਜੂਰੀਆ ਨੂੰ ਕ੍ਰਿਸਚੀਅਨ ਵੋਟਰਾਂ ਦਾ ਸਮਰਥਨ ਪ੍ਰਾਪਤ ਹੈ। ਉਸਨੂੰ ਜਾਤ ਬਿਰਾਦਰੀ ਦਾ ਵੀ ਲਾਭ ਹੋਵੇਗਾ। ਸਵਰਨ ਸਲਾਰੀਆ ਇਕ ਵਪਾਰੀ ਹਨ, ਸਿਆਸਤ ਵਿਚ ਪਹਿਲੀ ਵਾਰ ਆ ਕੇ ਚੋਣ ਲੜ ਰਹੇ ਹਨ। ਉਹ ਵੀ ਆਪਣੇ ਵਿਓਪਾਰ ਸੰਬੰਧੀ ਬਹੁਤਾ ਮੁੰਬਈ ਹੀ ਰਹਿੰਦੇ ਹਨ। ਉਹ ਸਭ ਤੋਂ ਅਮੀਰ ਉਮੀਦਵਾਰ ਹਨ। ਕਵਿਤਾ ਖੰਨਾ ਨੂੰ ਆਪਣੇ ਪਤੀ ਦੀ ਮੌਤ ਹੋਣ ਕਰਕੇ ਖਾਲੀ ਹੋਈ ਸੀਟ ਤੇ ਚੋਣ ਲੜਨ ਨਾਲ ਹਮਦਰਦੀ ਵੋਟ ਮਿਲ ਸਕਦੀ ਸੀ। ਪ੍ਰੰਤੂ ਭਾਰਤੀ ਜਨਤਾ ਪਾਰਟੀ ਵਿਓਪਾਰੀਆਂ ਦੀ ਪਾਰਟੀ ਹੈ, ਇਸ ਕਰਕੇ ਇਕ ਵਿਓਪਾਰੀ ਨੂੰ ਟਿਕਟ ਦੇ ਕੇ ਪੈਸੇ ਦੇ ਜ਼ੋਰ ਨਾਲ ਜਿੱਤਣ ਦੀ ਉਮੀਦ ਰੱਖੀ ਗਈ ਹੈ। ਸੁਨੀਲ ਕੁਮਾਰ ਜਾਖੜ ਨੂੰ ਬਾਹਰੀ ਉਮੀਦਵਾਰ ਕਿਹਾ ਜਾਂਦਾ ਹੈ ਪ੍ਰੰਤੂ ਉਸਦੀ ਇਸ ਦਲੀਲ ਵਿਚ ਵੀ ਵਜਨ ਹੈ ਕਿ ਵਿਨੋਦ ਖੰਨਾ ਵੀ ਬਾਹਰੀ ਉਮੀਦਵਾਰ ਸੀ। ਸੁਖਬੀਰ ਸਿੰਘ ਬਾਦਲ ਜਲਾਲਾਬਾਦ ਵਿਚ ਵੀ ਬਾਹਰੀ ਉਮੀਦਵਾਰ ਸੀ। ਬਾਹਰੀ ਉਮੀਦਵਾਰ ਵਾਲਾ ਮੁੱਦਾ ਠੰਡਾ ਪੈ ਗਿਆ ਹੈ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤੀ ਪ੍ਰਭਾਵਸ਼ਾਲੀ ਨਹੀਂ ਰਹੀ ਕਿਉਂਕਿ ਆਰਥਿਕ ਮੁਸ਼ਕਲਾਂ ਸਰਕਾਰ ਦੇ ਸਾਹਮਣੇ ਪਹਾੜ ਦੀ ਤਰ੍ਹਾਂ ਖੜ੍ਹੀਆਂ ਹਨ। ਸਖ਼ਤ ਤਿਕੋਨੀ ਟੱਕਰ ਹੋਣ ਦੀ ਉਮੀਦ ਸੀ ਪ੍ਰੰਤੂ ਸਿਆਸਤ ਦੇ ਤਾਜਾ ਘਟਨਾਕਰਮ ਨੇ ਪਾਸਾ ਹੀ ਪਲਟ ਕੇ ਰੱਖ ਦਿੱਤਾ ਹੈ। ਸੁੱਚਾ ਸਿੰਘ ਲੰਗਾਹ ਜਿਸਨੂੰ ਅਕਾਲੀ ਦਲ ਮਾਝੇ ਦਾ ਜਰਨੈਲ ਕਹਿ ਰਿਹਾ ਸੀ ਅਤੇ ਸਵਰਨ ਸਲਾਰੀਆ ਦੀ ਚੋਣ ਮੁਹਿੰਮ ਦਾ ਸੂਤਰਧਾਰ ਸੀ ਦੇ ਸਕੈਂਡਲ ਵਿਚ ਉਲਝ ਜਾਣ ਨਾਲ ਭਾਰਤੀ ਜਨਤਾ ਪਾਰਟੀ ਦੀ ਮੁਹਿੰਮ ਵਿਚ ਇਕ ਕਿਸਮ ਨਾਲ ਖੜੋਤ ਹੀ ਆ ਗਈ ਸੀ, ਭਾਵੇਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕੇ ਵਿਚ ਡੇਰਾ ਲਾਈ ਬੈਠੇ ਹਨ। ਹੈਰਾਨੀ ਦੀ ਗੱਲ ਹੈ ਕਿ ਸੁੱਚਾ ਸਿੰਘ ਲੰਗਾਹ ਦੇ ਮਸਲੇ ਤੇ ਕਾਂਗਰਸੀਆਂ ਨਾਲੋਂ ਅਕਾਲੀ ਦਲ ਦੇ ਨੇਤਾ ਬਹੁਤੇ ਖ਼ੁਸ਼ ਹਨ। ਉਹ ਲੰਗਾਹ ਨੂੰ ਆਪਣੇ ਰਸਤੇ ਦਾ ਰੋੜਾ ਸਮਝਦੇ ਸਨ। ਅਕਾਲੀ ਦਲ ਵਿਚ ਆਪਸੀ ਖਿਚੋਤਣ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਲਾਰੀਆ ਦੀ ਚੋਣ ਮੁਹਿੰਮ ਨੂੰ ਪੂਰਾ ਸਮਰਥਨ ਨਹੀਂ ਮਿਲ ਰਿਹਾ। ਅੰਦਰਖਾਤੇ ਅਕਾਲੀ ਦਲ ਸ਼ਸੋਪੰਜ ਵਿਚ ਹੈ। ਸੁਚਾ ਸਿੰਘ ਲੰਗਾਹ ਦੇ ਹਲਕੇ ਵਿਚ ਮਾਝੇ ਦੇ ਨਵੇਂ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਇਨਚਾਰਜ ਬਣਾਇਆ ਗਿਆ ਹੈ ਜੋ ਅਕਾਲੀ ਦਲ ਦਾ ਸਹੀ ਫੈਸਲਾ ਹੈ ਕਿਉਂਕਿ ਪਾਟੋਧਾੜ ਧੜੇ ਵਿਚ ਏਕਤਾ ਬਰਕਰਾਰ ਰੱਖਣ ਦਾ ਉਪਰਾਲਾ ਹੈ। ਸੁੱਚਾ ਸਿੰਘ ਲੰਗਾਹ ਤੋਂ ਬਾਅਦ ਸਵਰਨ ਸਲਾਰੀਆ ਉਪਰ ਦਰਜ ਹੋਏ ਕੇਸ ਨੂੰ ਚੋਣ ਕਮਿਸ਼ਨ ਤੋਂ ਲੁਕਾਉਣ ਅਤੇ ਇਕ ਲੜਕੀ ਵੱਲੋਂ ਆਪਣੀਆਂ ਫੋਟੋਆਂ ਵਾਇਰਲ ਕਰਨ ਦਾ ਮੁੱਦਾ ਵੀ ਜ਼ੋਰ ਫੜ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਚੋਣ ਵਿਚ ਭਲਮਾਨੀ ਗੇੜੇ ਹੀ ਮਾਰੇ ਹਨ। ਸਾਰਾ ਦਾਰੋਮਦਾਰ ਆਪਣੇ ਸਿਪਾ ਸਾਲਾਰਾਂ, ਸੁਨੀਲ ਕੁਮਾਰ ਜਾਖੜ, ਕਾਂਗਰਸ ਪਾਰਟੀ ਦੇ ਮੰਤਰੀਆਂ ਅਤੇ ਵਿਧਾਨਕਾਰਾਂ ਉਪਰ ਛੱਡਿਆ ਗਿਆ ਹੈ। ਸੁਨੀਲ ਕੁਮਾਰ ਜਾਖੜ ਦਾ ਅਕਸ ਵੀ ਸਾਫ ਹੈ। ਸਰਕਾਰ ਦੀ ਕਾਰਗੁਜ਼ਾਰੀ ਦਾ ਜਿਹੜਾ ਚੋਣ ਨਤੀਜੇ ਉਪਰ ਮਾੜਾ ਅਸਰ ਪੈਣਾ ਸੀ, ਉਸਨੂੰ ਵਿਰਾਮ ਸੁੱਚਾ ਸਿੰਘ ਲੰਗਾਹ ਵਿਰੁਧ ਸ਼ੋਸ਼ਲ ਮੀਡੀਆ ਵਿਚ ਚਲ ਰਹੇ ਦੁਰਪ੍ਰਚਾਰ ਕਰਕੇ ਲੱਗ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕਿਸਮਤ ਚੰਗੀ ਹੈ ਜਿਸਨੂੰ ਇਸ ਚੋਣ ਦਾ ਲਾਭ ਹਰ ਹਾਲਤ ਵਿਚ ਮਿਲੇਗਾ ਕਿਉਂਕਿ ਕਾਂਗਰਸ ਪਾਰਟੀ ਦਾ ਕੋਈ ਵੀ ਨੇਤਾ ਸੁਨੀਲ ਜਾਖੜ ਦਾ ਵਿਰੋਧ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੇ ਡਰ ਕਰਕੇ ਹਿੰਮਤ ਨਹੀਂ ਕਰੇਗਾ। ਵੈਸੇ ਕਿਸੇ ਵੀ ਚੋਣ ਦੇ ਨਤੀਜੇ ਬਾਰੇ ਭਵਿਖਬਾਣੀ ਕਰਨੀ ਬੇਵਕੂਫ਼ੀ ਵਾਲੀ ਗੱਲ ਹੁੰਦੀ ਹੈ ਕਿਉਂਕਿ ਹਵਾ ਦਾ ਰੁੱਖ ਬਦਲਣ ਲੱਗਿਆਂ ਪਤਾ ਹੀ ਨਹੀਂ ਚਲਦਾ। ਪ੍ਰੰਤੂ ਫਿਰ ਵੀ ਸੁਨੀਲ ਕੁਮਾਰ ਜਾਖੜ ਦਾ ਸਿਆਸੀ ਜੀਵਨ ਦਾਅ ਉਪਰ ਲੱਗਿਆ ਹੋਇਆ ਹੈ ਕਿਉਂਕਿ ਉਹ ਲਗਾਤਾਰ ਫੀਰੋਜਪੁਰ ਲੋਕ ਸਭਾ ਅਤੇ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਚੁੱਕਿਆ ਹੈ। ਜੇਕਰ ਇਸ ਵਾਰ ਪੈਰ ਤਿਲਕ ਗਿਆ ਤਾਂ ਉਸਦਾ ਸਿਆਸੀ ਜੀਵਨ ਖ਼ਤਰੇ ਵਿਚ ਪੈ ਸਕਦਾ ਹੈ। ਸਿਆਸੀ ਪੜਚੋਲਕਾਰ ਇਹ ਮਹਿਸੂਸ ਕਰਦੇ ਹਨ ਕਿ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ 2019 ਦੀਆਂ ਲੋਕ ਸਭਾ ਚੋਣਾ ਦੇਨਤੀਜਿਆਂ ਦਾ ਫ਼ੈਸਲਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਵੇਗੀ। ਕਾਂਗਰਸ ਪਾਰਟੀ ਦੇ ਚੋਣ ਜਿੱਤਣ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕਦ ਬੁੱਤ ਹੋਰ ਵੱਡਾ ਹੋ ਜਾਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.