ਆਪ ਸਭ ਨੂੰ ਯਾਦ ਹੋਵੇਗਾ ਕਿ ਪਿਛਲੇ ਵਰ੍ਹੇ ਸਰਦੀਆਂ ਦੀ ਆਮਦ ਨਾਲ ਹੀ ਦਿੱਲੀ ਅਤੇ ਇਸਦੇ ਨਾਲ ਲਗਦੇ ਇਲਾਕਿਆਂ ਵਿੱਚ ਅਸਮਾਨ ਤੇ ਧੂੰਏਂ ਦਾ ਅਜਿਹਾ ਗੁਬਾਰ ਛਾ ਗਿਆ ਸੀ,ਜਿਸ ਨਾਲ ਸਾਰਿਆਂ ਦਾ ਸਾਹ ਲੈਣਾ ਔਖਾ ਹੋ ਗਿਆ ਸੀ।ਦੀਵਾਲੀ ਦੇ ਤਿਉਹਾਰ ਤੋਂ ਬਾਅਦ ਤਾਂ ਇਹ ਗੁਬਾਰ ਹੋਰ ਵੀ ਸੰਘਣਾ ਹੋ ਗਿਆ ਸੀ ਅਤੇ ਪ੍ਰਦੂਸ਼ਣ ਨੇ ਆਪਣੀ ਖਤਰਨਾਕ ਹੱਦ ਪਾਰ ਕਰ ਲਈ ਸੀ।ਵਾਤਾਵਰਨ ਮਾਹਿਰਾਂ ਨੇ ਇਸ ਗੁਬਾਰ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਲੋਂ ਝੋਨੇ ਦੀ ਫਸਲ ਤੋ ਬਾਅਦ ਖੇਤਾਂ ਵਿੱਚ ਬਚੀ ਰਹਿੰਦ ਖੂੰਦ ਨੂੰ ਅੱਗ ਲਾਉਣਾ ਅਤੇ ਦੀਵਾਲੀ ਦੇ ਤਿਉਹਾਰ ਤੇ ਚੱਲਣ ਵਾਲੇ ਪਟਾਖਿਆਂ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੂੰ ਮੰਨਿਆ ਸੀ।ਇਸ ਬਾਰ ਅਜਿਹੇ ਹਾਲਾਤ ਪੈਦਾ ਨਾ ਹੋਣ ਇਸ ਲਈ ਨੈਸ਼ਨਲ ਗ੍ਰੀਨ ਟ੍ਰਿਬਊਨਲ (ਐਨ.ਜੀ.ਟੀ) ਵਲੋਂ ਰਾਜ ਸਰਕਾਰਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ।ਜਿਹਨਾਂ ਉੱਪਰ ਅਮਲ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਕਾਡਰ ਦੇ ਦੋ ਆਈ.ਏ.ਐਸ.ਅਫਸਰ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਸ.ਕਾਹਨ ਸਿੰਘ ਪੰਨੂੰ ਅਜਿਹੇ ਹਨ,ਜੋ ਆਪਣੀ ਲੋਕ ਪੱਖੀ ਕਾਰਜਸ਼ੈਲੀ ,ਇਮਾਨਦਾਰੀ ਅਤੇ ਕਿੱਤੇ ਪ੍ਰਤੀ ਸਮਰਪਣ ਲਈ ਜਾਣੇ ਜਾਂਦੇ ਹਨ।ਇਹਨਾਂ ਅਫਸਰਾਂ ਨੂੰ ਜਿਹੜੇ ਮਹਿਕਮੇ ਵੀ ਦਿੱਤੇ ਜਾਂਦੇ ਹਨ,ਉਹ ਉਥੇ ਆਪਣੀ ਸਖਤ ਮਿਹਨਤ ਦੇ ਬਲਬੂਤੇ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ।ਕਾਹਨ ਸਿੰਘ ਪੰਨੂੰ ਹੁਰਾਂ ਕੋਲ ਅੱਜਕਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਚਾਰਜ ਹੈ,ਜਦਕਿ ਕ੍ਰਿਸ਼ਨ ਕੁਮਾਰ ਸਕੱਤਰ,ਸਿੱਖਿਆ ਵਿਭਾਗ ਵਜੋਂ ਤਾਇਨਾਤ ਹਨ।ਇਹਨਾਂ ਦੋਹਾਂ ਅਫਸਰਾਂ ਵਲੋਂ ਆਪਣੇ-ਆਪਣੇ ਵਿਭਾਗਾਂ ਵਿੱਚ ਪੱਤਰ ਜਾਰੀ ਕਰਕੇ ਵਾਤਾਵਰਨ ਸੰਭਾਲ ਸੰਬੰਧੀ ਲੋੜੀਂਦੇ ਕਦਮ ਪੁੱਟਣ ਲਈ ਆਦੇਸ਼ ਜਾਰੀ ਕੀਤੇ ਗਏ ਹਨ।
ਕ੍ਰਿਸ਼ਨ ਕੁਮਾਰ ਸਕੱਤਰ,ਸਿੱਖਿਆ ਵਿਭਾਗ ਵਲੋਂ ੪ ਅਕਤੂਬਰ ਨੂੰ ਜਾਰੀ ਪੱਤਰ ਵਿੱਚ ਸਮੂਹ ਸਕੂਲ ਮੁਖੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਗਿਆ ਹੈ ਕਿ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ।ਇਹ ਤਿਉਹਾਰ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਲੋਕ ਇਸ ਦਿਨ ਇਕ ਦੂਸਰੇ ਨੂੰ ਮਿਠਾਇਆਂ ਵੰਡਦੇ ਹਨ,ਘਰਾਂ ਵਿੱਚ ਰੰਗੋਲੀ ਬਣਾਈ ਜਾਂਦੀ ਹੈ।ਸਾਰੇ ਘਰਾਂ ਨੂੰ ਲੜੀਆਂ ਨਾਲ ਸਜਾਇਆ ਜਾਂਦਾ ਹੈ ਅਤੇ ਬੱਚਿਆਂ ਵਲੋਂ ਇਸ ਦਿਨ ਖੂਬ ਪਟਾਖੇ ਅਤੇ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ।ਇਸ ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਤਿਸ਼ਬਾਜੀਆਂ ਅਤੇ ਪਟਾਖਿਆਂ ਦੇ ਚਲਦੇ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ ਅਤੇ ਕਈ ਵਾਰ ਅਜਿਹੇ ਹਾਦਸੇ ਵੀ ਵਾਪਰ ਜਾਂਦੇ ਹਨ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ।ਅਜਿਹੇ ਹਾਦਸਿਆਂ ਤੋਂ ਬਚਣ ਲਈ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਬੱਚਿਆਂ ਨੂੰ ਜਾਗਰਿਤ ਕਰਨ ਦੀ ਅਤਿਅੰਤ ਲੋੜ ਹੈ।ਪੱਤਰ ਦੇ ਅੰਤ ਵਿੱਚ ਬੇਨਤੀ ਕੀਤੀ ਗਈ ਹੈ ਕਿ ਪਟਾਖਿਆਂ ਨਾਲ ਹੋਣ ਵਾਲੇ ਵਾਤਾਵਰਨ ਪ੍ਰਦੂਸ਼ਣ,ਜਾਨੀ ਅਤੇ ਮਾਲੀ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ
ਵਾਰ ਗਰੀਨ ਦੀਵਾਲੀ ਮਨਾਈ ਜਾਵੇ।ਵਿਦਿਆਰਥੀਆਂ ਵਿੱਚ ਗਰੀਨ ਦੀਵਾਲੀ ਸੰਬੰਧੀ ਜਾਗ੍ਰਤੀ ਪੈਦਾ ਕਰਨ ਲਈ ਬਿਜਲੀ ਦੀ ਬਜਾਏ ਮਿੱਟੀ ਦੇ ਦੀਵੇ ਬਾਲਣ ਲਈ,ਪੌਦੇ ਭੇਂਟ ਕਰਨ ਲਈ ਅਤੇ ਰੰਗੋਲੀ ਬਣਾਉਣ ਸਮੇਂ ਕੁਦਰਤੀ ਰੰਗਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।ਕ੍ਰਿਸ਼ਨ ਕੁਮਾਰ ਹੁਰਾਂ ਦਾ ਇਹ ਪੱਤਰ ਵਾਤਾਵਰਨ ਪ੍ਰਤੀ ਉਹਨਾਂ ਦੀ ਸੰਜੀਦਗੀ ਅਤੇ ਚਿੰਤਾ ਨੂੰ ਦਰਸ਼ਾਉਂਦਾ ਹੈ।
ਉਧਰ ਕਾਹਨ ਸਿੰਘ ਪੰਨੂੰ ,ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਪੱਤਰ ਵਿੱਚ ਪੰਜਾਬ ਦੇ ਆਮ ਕਿਸਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਬਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ।ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਹਨ ਸਿੰਘ ਪੰਨੂੰ ਹੁਰਾਂ ਵਲੋਂ ਪਿਛਲੇ ਦਿਨੀਂ ਅੰਮ੍ਰਿਤਸਰ ਜਿਲ੍ਹੇ ਦੇ ਅਜਿਹੇ ੫੦ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।ਜਿਹਨਾਂ ਨੇ ਇਸ ਬਾਰ ਪਰਾਲੀ ਨੂੰ ਅੱਗ ਨਾਂਹ ਲਗਾ ਕੇ ਇਸਦਾ ਉਚਿਤ ਨਿਪਟਾਰਾ ਕੀਤਾ।ਨਾਲ ਹੀ ਪੰਨੂੰ ਵਲੋਂ ਪ੍ਰੈਸ਼ਰ ਹਾਰਨਾਂ ਕਾਰਨ ਹੋਣ ਵਾਲੇ ਸ਼ੌਰ ਪ੍ਰਦੂਸ਼ਣ ਲਈ ਜੋ ਜਾਗਰੁਕਤਾ ਮੁਹਿਮ ਚਲਾਈ ਹਈ ਹੈ,ਉਸਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ।ਉਹਨਾਂ ਵਲੋਂ ਦੀਵਾਲੀ ਮੌਕੇ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਣ ਵਾਲੀ ਆਤਸ਼ਬਾਜੀ ਨੂੰ ਵੀ ਸੀਮਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ,ਜੋ ਇੱਕ ਸ਼ਲਾਘਾਯੋਗ ਕਦਮ ਹੈ।
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਦੀਵਾਲੀ ਦੇ ਮੌਕੇ ਤੇ ਇੱਕ ਰਾਤ ਵਿੱਚ ਕਰੋੜਾਂ ਰੁਪਏ ਦੇ ਪਟਾਕੇ ਕੁਝ ਘੰਟਿਆਂ ਵਿੱਚ ਹੀ ਫੂਕ ਦਿੱਤੇ ਜਾਂਦੇ ਹਨ।ਜਿਸ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਕਈ ਦਿਨਾਂ ਤੱਕ ਅਸਮਾਨ ਸ਼ਾਫ ਦਿਖਾਈ ਨਹੀਂ ਦਿੰਦਾ।ਪੰਜਾਬ ਦੇ ਇਹਨਾਂ ਦੋਹਾਂ ਅਫਸਰਾਂ ਵਲੋਂ ਆਪਣੀ ਪੱਧਰ ਉਪਰ ਯਤਨ ਕੀਤੇ ਜਾ ਰਹੇ ਹਨ।ਸਾਨੂੰ ਸਾਰਿਆਂ ਨੂੰ ਵਾਤਾਵਰਨ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਜੇ ਅਸੀਂ ਚਾਹੁੰਦੇ ਹਾਂ ਕਿ ਪਿਛਲੇ ਸਾਲ ਵਰਗੇ ਹਾਲਾਤ ਇਸ ਵਾਰ ਪੈਦਾ ਨਾਂਹ ਹੋਣ ਤਾਂ ਗ੍ਰੀਨ ਦੀਵਾਲੀ ਨੂੰ ਅਪਨਾਉਣਾ ਹੀ ਪਵੇਗਾ।ਕ੍ਰਿਸ਼ਨ ਕੁਮਾਰ ਅਤੇ ਕਾਹਨ ਸਿੰਘ ਪੰਨੂੰ ਹੁਰਾਂ ਦੇ ਇਹ ਯਤਨ ਕਿੰਨੇ ਕੁ ਕਾਮਯਾਬ ਰਹੇ ਇਸਦਾ ਪਤਾ ਤਾਂ ਦੀਵਾਲੀ ਤੋਂ ਬਾਅਦ ਹੀ ਲੱਗ ਸਕੇਗਾ।
-
ਪੰਕਜ ਕੁਮਾਰ ਸ਼ਰਮਾ,
pksasr@gmail.com
9915231591
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.