ਮੇਰਾ ਪੰਜਾਬੀ ਗਾਇਕੀ ਦੇ ਨਾਲ ਵਾਹ ਵਾਸਤਾ ਵਰ੍ਹਿਆਂ ਪੁਰਾਣਾ ਰਿਹੈ। ਕਈਆਂ ਨੂੰ ਕਲਾਕਾਰੀ ਦੇ ਵਿਸ਼ਾਲ ਸਮੁੰਦਰ 'ਤੇ ਤੈਰਦਿਆਂ ਵੇਖਿਆ ਤੇ ਅਗਲੇ ਹੀ ਪਲ ਕਿਸੇ ਕੋਨਿਓਂ ਉੱਠੀ ਲਹਿਰ ਵਿੱਚ ਗੋਤੇ ਖਾਂਦਿਆਂ ਵੇਖ ਉਸ ਡਾਢ੍ਹੇ ਦੀਆਂ ਰਮਜ਼ਾਂ ਦੀ ਛਿਣ ਮਾਤਰ ਸਮਝ ਆਈ। ਪੰਜਾਬੀ ਗਾਇਕੀ ਨੇ ਸਮੇਂ-ਸਮੇਂ 'ਤੇ ਆਪਣਾ ਰੂਪ ਦਿਖਾਇਆ। ਕਦੇ ਦੋ ਗਾਣਾ ਗਾਇਕੀ ਦਾ ਬੋਲ ਬਾਲਾ ਹੋਇਆ ਅਤੇ ਕਦੇ ਸੋਲੋ ਗੀਤਾਂ ਨੇ ਸਮੇਂ ਦਾ ਸਾਥ ਦਿੱਤਾ। ਇੱਕ ਸਮਝੌਤਾ ਅਗਲੇ ਮੋੜ 'ਤੇ ਭਾਵੇਂ ਟੁੱਟ ਜਾਂਦਾ ਰਿਹਾ ਪਰ ਪਹਿਲੇ ਨੇ ਦੂਜੇ ਤੋਂ ਕਦੇ ਵੀ ਸਮੇਂ ਤੋਂ ਅੱਗੇ ਲੰਘ ਮਿੱਤਰਤਾ ਦੀ ਲਕੀਰ ਨੂੰ ਕਦੇ ਵੀ ਨਹੀਂ ਸੀ ਉਲੰਘਿਆ। ਇਸ ਖੇਤਰ ਵਿੱਚ ਵਪਾਰਕ ਸੋਚ, ਪੈਸਾ ਅਤੇ ਸ਼ੌਹਰਤ ਨੇ ਆਪਣਾ ਐਸਾ ਜਾਦੂ ਬਿਖੇਰਿਆ ਕਿ ਬਹੁਤੇ ਕਲਾਕਾਰਾਂ ਦੇ ਹੱਥੋਂ ਸੱਭਿਅਤਾ ਦਾ ਪੱਲਾ ਛੁਡਾ ਕੇ ਅਸ਼ਲੀਲਤਾ, ਫ਼ੁਕਰੀਆਂ ਤੇ ਯਬਲੀਆਂ ਨਾਲ ਭਰੀ ਸਲੇਟ ਫੜਾ ਦਿੱਤੀ। ਕਲਾਕਾਰ ਉਸੇ ਦਾ ਰੱਟਾ ਲਾਈਂ ਕਾਮਯਾਬੀ ਦੇ ਅਲਜਬਰੇ ਨੂੰ ਸਮਝਣ ਵਿੱਚ ਆਪਣਾ ਆਪ ਖੋ ਬੈਠੇ।
ਕਈਆਂ ਨੇ ਕੀਲਾ ਵੇਚ ਉਸ ਭਵਸਾਗਰ ਨੂੰ ਪਾਰ ਕਰ ਲਿਆ ਅਤੇ ਕਈ ਅੱਧ-ਵਿਚਕਾਰ ਤੋਰੀ ਵਾਂਗੂੰ ਲਮਕਣ ਲੱਗੇ ਅਤੇ ਅੱਕੀਂ ਪਲਾਹੀਂ ਹੱਥ ਮਾਰ ਅਜਿਹਾ ਕੁਝ ਗਾ ਗਏ ਜੋ ਨਾ ਸਾਡੀ ਮਾਂ ਨੂੰ ਮੰਨਜ਼ੂਰ ਸੀ ਅਤੇ ਨਾ ਭੈਣ ਨੂੰ। ਸੱਭਿਆਚਾਰ ਦੀ ਚਿੱਟੀ ਚਾਦਰ ਦਾਗਦਾਰ ਹੁੰਦੀ ਚਲੀ ਗਈ। ਗੀਤਾ ਵਿੱਚ ਕੁੜੀ ਦੇ ਸਰੀਰ ਨੂੰ ਨੁਮਾਇਸ਼ ਲਾ ਕੇ ਵਰਤਅਿਾ ਗਿਆ। ਜਿੰਨਾ ਵਰਤ ਸਕਦੇ ਸੀ ਵਰਤਿਆ। ਕਿਸੇ ਨੇ ਕੋਈ ਪਰਵਾਹ ਨਾ ਕੀਤੀ। ਸਰਕਾਰ ਤੇ ਸਾਹਿੱਤਕ ਜੱਥੇਬੰਦੀਆਂ ਚੁੱਪ ਰਹੀਆਂ। ਹੁਣ ਜਦ ਇਨ੍ਹਾਂ ਕਲਾ ਦੇ ਵਪਾਰੀ ਲੋਕਾਂ ਨੂੰ ਲੱਗਿਆ ਕਿ ਲੜਕੀਆਂ ਦੇ ਸਰੀਰਾਂ ਨੂੰ ਵੇਚ ਕੇ ਕਮਾਈ ਦੀ ਮਾਤਰਾ ਘੱਟ ਰਹੀ ਹੈ ਤਾਂ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਮੁਹਾਰਾਂ ਬਾਕੀ ਰਹਿੰਦੇ ਖੇਤਰਾਂ ਵੱਲ ਮੋੜ ਦਿੱਤੀਆਂ ਤਾਂ ਕਿ ਉਨ੍ਹਾਂ ਤੋਂ ਪੈਸੇ ਦੀ ਭਰਪਾਈ ਕੀਤੀ ਜਾ ਸਕੇ।
ਕੁੜੀ, ਜੱਟ, ਅਸਲਾ, ਨਸ਼ੇ ਨੂੰ ਗੀਤਾਂ ਵਿੱਚ ਰੱਜ ਕੇ ਲਿਖਿਆ ਅਤੇ ਗਾਇਆ ਗਿਆ। ਅਸੀਂ ਪਿਛਲੇ ਦਿਨਾਂ ਤੋਂ ਵੇਖ ਰਹੇ ਹਾਂ ਕਿ ਕਈ ਗੀਤਕਾਰ ਤੇ ਕਲਾਕਾਰ ਜਿਨ੍ਹਾਂ ਭਾਵੇਂ ਪਹਿਲਾਂ ਵਧੀਆ ਲਿਖਿਆ ਤੇ ਗਾਇਆ, ਅੱਜਕੱਲ੍ਹ ਆਪਣੇ ਖੀਸੇ ਸਲਫ਼ਾਸ ਦੀ ਡੱਬੀ ਅਤੇ ਮੋਢੇ ਰੱਸਾ ਧਰੀਂ ਕਿਸਾਨ ਦੀ ਬਚੀ ਖੁਚੀ ਜ਼ਿੰਦਗੀ ਨੂੰ ਨਚੋੜ ਕੇ ਟਰੈਕਟਰ ਟੋਚਨ ਵਰਗੇ ਗੀਤਾਂ ਰਾਹੀਂ ਆਪਣਾ ਉੱਲੂ ਸਿੱਧਾ ਕਰਨ ਦੇ ਰੌਂ ਵਿੱਚ ਨੇ।
ਇੱਕ ਗੀਤਕਾਰ ਤੇ ਗਾਇਕ ਜਿਨ੍ਹਾਂ ਭਾਵੇਂ ਅਜੇ ਓਨਾਂ ਮੰਜ਼ਿਲਾਂ ਨੂੰ ਨਹੀਂ ਮਾਰਿਆ ਜੋ ਉਨ੍ਹਾਂ ਸੋਚੀਆਂ ਸਨ, ਤੇ ਉਨ੍ਹਾਂ ਦੇ ਸਰੋਤਿਆਂ ਦੀ ਗਿਣਤੀ ਵੀ ਸੀਮਿਤ ਹੈ, ਦਾ ਪਹਿਲਾ ਗੀਤ ''ਨੱਢ੍ਹੀਏ ਤੇਰੇ ਲਈ ਹਿੱਟ ਹੋਣ ਵਾਸਤੇ, ਮੈਂ ਗੁੱਡੀਆ ਘਸਾਤੀਆਂ ਫੋੜ ਦੀਆਂ''। ਤੇ ਹੁਣ ''ਚੁੱਕ ਅੱਡੀਆਂ ਦੇਖ ਮੁਟਿਆਰੇ, ਸਲੰਸਰਾਂ 'ਚੋਂ ਅੱਗ ਵਰ੍ਹਦੀ'' ਜਿਹੇ ਗੀਤ ਲਿਖ ਅਤੇ ਗਾ ਕੇ ਭਾਵੇਂ ਆਪਣੇ ਕਰੀਅਰ ਨੂੰ ਠੁੰਮ੍ਹਣਾ ਦੇਣ ਦਾ ਯਤਨ ਜ਼ਰੂਰ ਕੀਤੈ ਪਰ ਉਨ੍ਹਾਂ ਇਹ ਕਿਉਂ ਨਹੀਂ ਸੋਚਿਆ ਕਿ ਇਨ੍ਹਾਂ ਗੀਤਾਂ ਦਾ ਅਰਥ ਕੀ ਨਿਕਲਦੈ। ਕੀ ਨੌਜਵਾਨ ਕੇਵਲ ਕੁੜੀਆਂ ਨੂੰ ਦਿਖਾਉਣ ਖਾਤਰ ਹੀ ਟਰੈਟਰ ਟੋਚਨ ਕਰਦੇ ਨੇ ? ਜੇ ਇਹ ਸਹੀ ਹੈ ਤਾਂ ਇਸ ਤੋਂ ਨਮੋਸ਼ੀ ਭਰੀ ਗੱਲ ਕਿਸੇ ਸਮਾਜ ਲਈ ਕੀ ਹੋਵੇਗੀ। ਜੇਕਰ ਇਸ ਨੂੰ ਗਲਤ ਮੰਨਿਆ ਜਾਵੇ ਤਾਂ ਅਜਿਹੇ ਬਿਨਾਂ ਸਿਰ ਪੈਰ ਦੇ ਗੀਤਾਂ ਦੇ ਕੀ ਮਾਅਨੇ ਨਿਕਲਦੇ ਨੇ।
ਗਾਇਕ, ਗੀਤਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ। ਉਨ੍ਹਾਂ ਨੇ ਸਮਾਜਿਕ ਬੁਰਾਈਆਂ ਅੇਤ ਮਨੋਰੰਜਨ ਦੇ ਹਾਵ-ਭਾਵ ਨੂੰ ਉਭਾਰਨਾ ਹੁੰਦੈ ਨਾ ਕਿ ਕਿਸੇ ਵੀ ਵਰਗ ਜਾਂ ਖੇਤਰ ਵਿੱਚ ਆਈਆਂ ਬੁਰਾਈਆਂ ਨੂੰ ਹੱਲਾ ਸ਼ੇਰੀ ਦਿੰਦਿਆਂ ਆਪਣੇ ਨਿੱਜੀ ਮੁਫ਼ਾਦਾਂ ਨੂੰ ਪਹਿਲ ਦੇਣਾ ਹੁੰਦੈ। ਜਿਹੜੇ ਗੀਤ ਹੀ ਆਪਾ ਵਿਰੋਧੀ ਹੋਣ ਉਹ ਨੌਜਵਾਨੀ ਜਾਂ ਸਮਾਜ ਨੂੰ ਕੀ ਸੇਧ ਦੇਣਗੇ ? ਕਿਸਾਨੀ ਦੀ ਹਾਲਤ ਜੇਕਰ ਬਿਆਨ ਕਰਨੀ ਹੈ ਤਾਂ ਸਹੀ ਕਰੋ ਜੋ ਸਾਡਾ ਫ਼ਰਜ਼ ਬਣਦੈ। ਜੇਕਰ ਸੱਭਿਆਚਾਰ ਦੀ ਚਿੱਟੀ ਚਾਦਰ ਲੈ ਕੇ ਰਾਤਾਂ ਨੂੰ ਨਿਕਲੋਗੇ ਤਾਂ ਖ਼ੈਰ ਨਹੀਂ ਹੁੰਦੀ। ਇਸ ਤੋਂ ਬਾਅਦ ਅਣਹੋਣੀ ਦੇ ਰੂਪ ਵਿੱਚ ਇੱਕ ਵੱਡੀ ਅਲਾਮਤ ਅੱਜ ਦੀ ਗਾਇਕੀ ਦੇ ਵਿੱਚ ਇਹ ਵੀ ਸਾਹਮਣੇ ਆਈ ਹੈ ਕਿ ਜਿੱਥੇ ਇਹ ਇੰਟਰਨੈੱਟ ਨੇ ਪੰਜਾਬੀ ਗੀਤਾਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਪਹੁੰਚਦਾ ਕਰਨ ਲਈ ਰੱਜਵੀਂ ਮਦਦ ਕੀਤੀ ਹੈ, ਉੱਥੇ ਨਕਲੀਪੁਣੇ ਨੇ ਵੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਇਹ ਕਹਾਣੀ ਹੈ ਨਕਲੀ ਵਿਊਜ਼ ਦੀ। ਕਈ ਕਲਾਕਾਰ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਤਾਕ ਵਿੱਚ ਇੰਟਰਨੈੱਟ ਜ਼ਰੀਏ ਆਏ ਵਿਊਜ਼ ਦੀ ਗਿਣਤੀ ਨੂੰ ਵਧਾਉਣ ਦੇ ਲਈ ਰਾਤਾਂ ਨੂੰ ਸੌਂਦੇ ਤੱਕ ਨਹੀਂ। ਉਹ ਹਰ ਹਰਬਾ ਵਰਤ ਕੇ ਆਪਣੇ ਪ੍ਰਸੰਸਕਾਂ ਦੀ ਗਿਣਤੀ ਵਿੱਚ ਵਾਧਾ ਦੇਖਣਾ ਲੋਚਦੇ ਨੇ। ਉਹ ਵਾਧਾ ਭਾਵੇਂ ਨਕਲੀ ਹੀ ਕਿਉਂ ਨਾ ਹੋਵੇ, ਕੋਈ ਫ਼ਰਕ ਨਹੀਂ ਪੈਂਦਾ।
ਇੱਕ ਗੀਤ ਪਿਛਲੇ ਦਿਨੀਂ ਕਿਸੇ ਨਵੇਂ ਕਲਾਕਾਰ ਵੱਲੋਂ ਨੈੱਟ ਜ਼ਰੀਏ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ। ਮੇਰੇ ਹਿਸਾਬ ਨਾਲ ਉਸ ਨੂੰ ਸੁਣਿਆ ਸ਼ਾਇਦ ਉਸ ਦੇ ਗੁਆਂਢੀਆਂ ਨੇ ਵੀ ਨਹੀਂ ਹੋਣਾ ਕਿਉਂਕਿ ਗੀਤ ਦੀ ਸ਼ਬਦਾਵਲੀ ਕਿਸੇ ਦੀ ਮਾਰੀ ਯਬਲੀ ਤੋਂ ਵੱਧ ਨਹੀਂ ਸੀ। ਹੈਰਾਨੀ ਉਦੋਂ ਹੋਈ ਜਦ ਉਸ ਗੀਤ ਨੂੰ ਗਾਇਕ ਵੱਲੋਂ ਦੋ ਮਿਲੀਅਨ ਲੋਕਾਂ ਵੱਲੋਂ ਸੁਣਿਆ ਦਿਖਾਇਆ ਗਿਆ। ਇਹ ਕਰਾਮਾਤ ਉਨ੍ਹਾਂ ਨੈੱਟ ਮਾਹਰਾਂ ਦੀ ਹੈ ਜਿਹੜੇ ਪੈਸਿਆਂ ਰਾਹੀਂ ਸੌਦਾ ਕਰ ਕਲਾਕਾਰ ਨੂੰ ਰਾਤੋ ਰਾਤ ਸੁਪਨੇ ਰਾਹੀਂ ਕਰੋੜਾਂ ਲੋਕਾਂ ਦੀ ਸਰਦਲ 'ਤੇ ਉੱਪੜਦਾ ਕਰ ਦਿੰਦੇ ਨੇ। ਕਿੰਨਾ ਵਾਜਬ ਸੀ ਇਹ ਕਹਿਣਾ ਗਾਇਕ ਦੁਰਗੇ ਰੰਗੀਲੇ ਦਾ ਵਿਊ ਭਾਵੇਂ ਪੰਜਾਹ ਹਜ਼ਾਰ ਹੀ ਹੋਣ ਪਰ ਹੋਣ ਅਸਲੀ।
ਗਾਇਕੀ ਦਾ ਮੇਲ ਰੂਹ ਨਾਲ ਜ਼ਿਆਦਾ ਹੁੰਦੈ, ਗਿਣਤੀਆਂ ਮਿਣਤੀਆਂ ਨਾਲ ਘੱਟ। ਨਕਲੀ ਗੱਲਾਂ ਨਾਲ ਅਸਲੀ ਕਲਾਕਾਰੀ ਕਦੇ ਵੀ ਨਹੀਂ ਮਿਲ ਸਕਦੀ। ਕਲਾਕਾਰੀ ਦਾ ਘਰ ਦੂਰ ਹੈ। ਹਾਂ, ਇਸ ਸਾਰੇ ਵਰਤਾਰੇ ਨੂੰ ਧੂੜ 'ਚ ਟੱਟੂ ਜ਼ਰੂਰ ਆਖ ਸਕਦੇ ਹਾਂ। ਕਸੂਰ ਸਾਡੀ ਜਨਤਾ ਦਾ ਵੀ ਘੱਟ ਨਹੀਂ ਜਿਹੜੀ ਇਨ੍ਹਾਂ ਦੇ ਗੀਤਾਂ ਨੂੰ ਸੁਣਦੀ ਤੇ ਪ੍ਰੋਮੋਟ ਕਰਦੀ ਹੈ। ਕਿਉਂਕਿ ਇਹ ਗੀਤ ਮਾੜੇ ਜਾਂ ਚੰਗੇ ਦਿਖਾਉਂਦੇ ਤਾਂ ਸਿਰਫ਼ ਸਾਡੇ ਕਾਰਨਾਮੇ ਹੀ ਨੇ।
ਸੋ ਸੋਚਣਾ ਬਣਦੈ ਕਿ ਕਦ ਹੱਲ ਨਿਕਲੇਗਾ ਇਸ ਆਪ ਮੁਹਾਰੇ ਭੱਜ ਤੁਰੀ ਗਾਇਕੀ ਦਾ ਕਿਉਂਕਿ ਇਸ ਵਿੱਚੋਂ ਨਿਕਲ ਰਹੇ ਸੇਕ ਨੇ ਆਖ਼ਿਰ ਪ੍ਰਭਾਵਿਤ ਤਾਂ ਸਾਡਾ ਸਮਾਜ ਤੇ ਸਾਡੀ ਨੌਜਵਾਨੀ ਨੂੰ ਹੀ ਕਰਨਾ ਹੈ।
ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ।
ਮੋਬਾ. 94634-63136
-
ਮਨਜਿੰਦਰ ਸਿੰਘ ਸਰੌਦ, ਲੇਖਕ
manjindersinghkalasaroud@gmail.com
94634-63136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.