ਖ਼ਬਰ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਭੇਜੇ ਗਏ ਸੰਮਨਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਬਿਧਾ ਵਿੱਚ ਫਸੀ ਮਹਿਸੂਸ ਕਰ ਰਹੀ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ। ਕਮਿਸ਼ਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੰਮਨ ਭੇਜਕੇ 9 ਅਕਤੂਬਰ ਨੂੰ ਕੁਝ ਰਿਕਾਰਡ ਮੰਗੇ ਸਨ ਜਿਸ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਰਸੀ ਮੁਖੀ ਨੂੰ ਮੁਆਫੀ ਦੇਣਾ ਆਦਿ ਸ਼ਾਮਲ ਸਨ। ਅਕਾਲ ਤਖਤ ਤੋਂ 24 ਸਤੰਬਰ 2015 ਨੂੰ ਗੁਰਮਤਾ ਕਰਕੇ ਗੁਰਮੀਤ ਰਾਮ ਰਹੀਮ ਨੂੰ ਮੁਆਫ ਕਰ ਦਿੱਤਾ ਗਿਆ ਸੀ ਪਰ ਭਾਰੀ ਵਿਰੋਧ ਬਾਅਦ 16 ਅਕਤੂਬਰ 2015 ਨੂੰ ਇਹ ਮੁਆਫੀ ਨਾਮਾ ਰੱਦ ਕਰ ਦਿੱਤਾ ਗਿਆ ਸੀ। ਇਹਨਾ ਸੰਮਨਾਂ ਦੇ ਬਾਰੇ ਸ਼੍ਰੋਮਣੀ ਕਮੇਟੀ ਨੇ ਆਖਿਆ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਤਲਬ ਕਰਨ ਦਾ ਕਿਸੇ ਨੂੰ ਹੱਕ ਨਹੀਂ ਅਤੇ ਸ਼੍ਰੋਮਣੀ ਕਮੇਟੀ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਮੂਲੋਂ ਰੱਦ ਕਰ ਦਿੱਤਾ।
ਸ਼੍ਰੋਮਣੀ ਕਮੇਟੀ, ਭਾਈ ਬੰਦੋ, ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਆ, ਮੰਨਦੇ ਹੋ ਕਿ ਨਹੀਂ? ਜਸਟਿਸ ਰਣਜੀਤ ਸਿੰਘ ਕਮਿਸ਼ਨ “ਕੈਪਟਨ ਸਰਕਾਰ ਦਾ ਹਿੱਸਾ ਆ” ਮੰਨਦੇ ਹੋ ਕੇ ਨਹੀਂ? ਤਾਂ ਭਾਈ ਅਕਾਲੀ ਦਲ ਵਾਲੇ ਕਾਂਗਰਸੀਆਂ ਦੀ ਗੱਲ ਕਿਵੇਂ ਮੰਨਣਗੇ? ਜੇ ਅਕਾਲੀ ਆਖ ਦੇਂਦੇ ਆ, ਵੇਖੋ ਜੀ, ਦਿਨ ਚੜ੍ਹਿਆ ਹੋਇਆ, ਪੰਜਾਬ ‘ਚ ਵਿਕਾਸ ਦੇ ਹੜ੍ਹ ਆਏ ਪਏ ਆ, ਤਾਂ ਕਾਂਗਰਸੀ ਤਾਂ ਆਖਣਗੇ ਹੀ ਭਾਈ ਪੰਜਾਬ ਤਾਂ ਉਜੜਿਆ ਪਿਆ, ਹਰ ਪਾਸੇ ਕੰਗਾਲੀ ਆ, ਬਦਹਾਲੀ ਆ, ਤੇ ਖਜ਼ਾਨੇ ਖਾਲੀ ਆ।
ਉਂਜ ਵੀ ਭਾਈ ਸਮਝਣ ਵਾਲੀ ਗੱਲ ਆ। ਪਰਚੀ ਨਿਕਲਦੀ ਆ ਤਾਂ ਵੱਡਾ, ਛੋਟਾ ਬਾਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੀਹਨੂੰ ਜੀਅ ਕੀਤਾ ਬਣਾ ਦਿੰਦਾ ਆ, ਉਸ ਰਸੀਦ ਵਾਂਗਰ ਜਿਹਦੇ 'ਤੇ ਲਿਖਿਆ ਹੁੰਦਾ "ਇਹ ਰਸੀਦ ਲਿਖ ਦਿੱਤੀ ਆ ਤਾਂ ਕਿ ਲੋੜ ਵੇਲੇ ਕੰਮ ਆਵੇ"। ਸਰਕਾਰ ਕਮਿਸ਼ਨ ਬਣਾਉਂਦੀ ਆ ਤਾਂ ਕਿ ਇਨਸਾਫ ਦੀ ਗੱਲ ਨਹੀਂ, ਆਪਣਿਆਂ ਲਈ ਇਨਸਾਫ ਦੀ ਗੱਲ ਤਹਿ ਹੋ ਜੇ।
ਤਾਂ ਆਹ ਕਮਿਸ਼ਨ ਵਾਲੇ ਵੀ ਭਲੇ ਲੋਕ ਹੀ ਆ, ਪਤਾ ਨਹੀਂ ਇਹ ਗੱਲ ਸਮਝ ਹੀ ਨਹੀਂ ਸਕੇ ਤੇ ਉੱਠ ਤੁਰੇ "ਬਾਦਲਕਿਆਂ ਨੂੰ ਸੰਮੇਨ ਭੇਜਣ" ਇਹ ਜਾਣਦਿਆਂ ਹੋਇਆਂ ਵੀ ਕਿ ਨਹੁੰਆਂ ਨਾਲ ਨਾ ਪੁੱਟਿਆ ਖੂਹ ਜਾਂਦਾ, ਗੱਲਾਂ ਨਾਲ ਕੌਣ ਕਿਸਮਤ ਸੁਆਰ ਸਕਦਾ" ਤੇ ਕਮਿਸ਼ਨ ਤਾਂ ਭਾਈ ਗੱਲਾਂ ਦਾ ਕੀਤਾ ਖਾਂਦੇ ਆ। ਹੈ ਕਿ ਨਹੀਂ? ਗੱਲ ਕਰਦੇ ਆ, ਤੁਰ ਜਾਂਦੇ ਆ। ਕੋਈ ਮੰਨੇ ਜਾਂ ਨਾ, ਇਹਨਾਂ ਨੂੰ ਕੀ।
ਮੰਤਰ ਦੇ ਕੇ ਰੱਬ ਦਿਖਲਾ ਦਿਆਂਗੇ
ਦੇਸ਼ ਵਿੱਚ ਵੱਡੀ ਨੋਟਬੰਦੀ ਤੋਂ ਬਾਅਦ ਡਿਜ਼ੀਟਲ ਪੇਮੈਂਟ ਨੂੰ ਬੜ੍ਹਾਵਾ ਦੇਣ ਲਈ ਕੀਤੀਆਂ ਗਈਆਂ ਤਕਨੀਕੀ ਤਬਦੀਲੀਆਂ ਨਾਲ ਬੈਂਕਾਂ ਨੂੰ 3800 ਕਰੋੜ ਦਾ ਰਗੜਾ ਲੱਗਿਆ ਹੈ। ਇਹ ਗੱਲ ਜਨਤਕ ਖੇਤਰ ਦੀ ਸਭ ਤੋਂ ਵੱਡੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੀ ਹਾਲ ਹੀ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ। ਰਿਪੋਰਟ ਅਨੁਸਾਰ ਕੈਸ਼ ਲੈਸ ਵਿਵਸਥਾ ਨੂੰ ਹੱਲਾ ਸ਼ੇਰੀ ਦੇਣ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਨਾਲ ਬੈਂਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਸਾਲ ਜਨਵਰੀ ਵਿੱਚ 13 ਲੱਖ 8 ਹਜ਼ਾਰ ਮਸ਼ੀਨਾਂ ਸਨ, ਜਿਹੜੀਆਂ ਜੁਲਾਈ ਮਹੀਨੇ ਵਧਦੇ 28 ਲੱਖ ਤੱਕ ਪੁੱਜ ਗਈਆਂ। ਦੈਨਿਕ ਲੈਣ ਦੇਣ ਤੇ ਪੀ ਓ ਐਸ ਟਰਮੀਨਲ 'ਤੇ 4780 ਕਰੋੜ ਦਾ ਨੁਕਸਾਨ ਹੋਇਆ। ਰਿਪੋਰਟ ਅਨੁਸਾਰ ਇਹ ਪੀ ਓ ਐਸ ਟਰਮੀਨਲ ਏ ਟੀ ਐਮ ਦੀ ਥਾਂ ਲੈਣਗੇ, ਪਰ ਹਾਲ ਦੀ ਘੜੀ ਸੰਭਵ ਨਹੀਂ ਹੋ ਰਿਹਾ।
ਨੁਕਸਾਨ ਤਾਂ ਭਾਈ ਹੁੰਦੇ ਹੀ ਰਹਿੰਦੇ ਆ। ਸਰਕਾਰਾਂ ਤਜ਼ਰਬੇ ਕਰਦੀਆਂ ਆਂ। ਰੁਪੱਈਏ ਤਾਂ ਹੱਥਾਂ ਦੀ ਮੈਲ ਆ, ਹੋਰ ਆ ਜਾਣਗੇ।
ਪਿਛਲੇ 70 ਸਾਲ ਬੀਤੇ ਅਜ਼ਾਦੀ ਦੇ, ਜਿਹੜਾ ਆਇਆ ਆਜ਼ਾਦ ਫੈਸਲੇ ਲੈਂਦਾ ਰਿਹਾ, ਲੋਕਾਂ ਦੇ ਕਚੂਮਰ ਕੱਢਦਾ ਰਿਹਾ। ਕਿਸੇ 'ਜੈ ਜਵਾਨ ਜੈ ਕਿਸਾਨ ਕਿਹਾ', ਕਿਸੇ ਗਰੀਬੀ ਹਟਾਓ ਦਾ ਨਾਹਰਾ ਲਾਇਆ, ਕਿਸੇ ਸੱਭੋ ਕੁਝ ਸਾਫ ਕਰਨ ਲਈ ਸਵੱਛ ਭਾਰਤ ਦਾ ਨਾਹਰਾ ਦੇ ਮਾਰਿਆ। ਨੋਟ ਬੰਦੀ , ਕੈਸ਼, ਕੈਸ਼ ਦਾ ਰਾਤ ਨੂੰ ਸੁਫਨਾ ਆਉਣ ਬਾਅਦ ਕੀਤਾ ਹਿੰਦੋਸਤਾਨ ਦੇ "ਮਹਾਨ" ਭਾਰਤ ਦੇ ਪ੍ਰਧਾਨ ਮੰਤਰੀ ਦਾ "ਮਹਾਨ" ਕਾਰਨਾਮਾ ਸੀ। ਹੈ ਕਿ ਨਾ? ਦਿਖਾ ਦਿਤੇ ਨਾ ਦਿਨੇ ਹੀ ਤਾਰੇ। ਰੋਟੀ ਖਾਂਦਿਆਂ ਦੇ ਹੱਥੋਂ ਖੋਹ ਲਈ ਨਾ ਬੁਰਕੀ।
ਹੁਣ ਵੀ ਭਾਈ ਰਤਾ ਵੀ ਫਿਕਰ ਨਾ ਕਰੋ! ਕਿਸਾਨ ਦੀ ਆਮਦਨੀ ਦੁਗਣੀ-ਚੌਗਣੀ ਹੋਣ ਵਾਲੀ ਆ। ਬੇਰੁਜ਼ਗਾਰਾਂ ਦੀ ਫੋਜ ਵੱਡੀ ਹੋਣ ਵਾਲੀ ਆ। ਗਰੀਬਾਂ ਦੀ ਆਮਦਨ 'ਚ ਘਾਟਾਂ ਤੇ ਅਮੀਰਾਂ ਦੀ ਆਮਦਨ 'ਚ ਹੋਰ ਵਾਧਾ ਹੋਣ ਵਾਲਾ ਆ।
2019 ਦੀ ਚੋਣ ਆਊ! ਨਾਹਰੇ ਗੂੰਜਣਗੇ ਨੇਤਾ ਧੂੜਾਂ ਪੁੱਟਣਗੇ। ਦੌਲਤ ਦੇ ਪੜਖੱਚੇ ਉਡਣਗੇ। ਅਤੇ ਰੰਗ-ਬਰੰਗੇ ਨੇਤਾ ਆਖਣਗੇ, "ਭਾਈ ਰਤਾ ਵੀ ਫਿਕਰ ਨਾ ਕਰੋ", ਮੰਤਰ ਦੇ ਕੇ ਰੱਬ ਦਿਖਲਾ ਦਿਆਂਗੇ"। ਤੇ ਦੇਸ਼ ਦੀ ਜਨਤਾ ਮੰਤਰ-ਮੁੱਗਧ ਹੋਕੇ ਭਾਸ਼ਨ ਸੁਣਦੀ, ਅਗਲੇ ਪੰਜ ਵਰ੍ਹਿਆਂ ਦੀ ਉਡੀਕ ਲਈ ਲੰਮੀ ਕਤਾਰ ਲਾਕੇ ਖੜੀ ਹੋ ਜਾਏਗੀ। ਇਹ ਮੰਤਰ ਕਿਹੜਾ ਹੁਵੇਗਾ ਇਹ ਤਾਂ ਉਪਰਲਾ ਹੀ ਜਾਣੇ।
ਤੂੰ ਵੀ ਮੁੜਕੇ ਕਿਥੇ ਸਾਡੀ ਸਾਰ ਲਈ ਹੈ
ਖ਼ਬਰ ਹੈ ਕਿ ਗੁਰਦਾਸਪੁਰ ਲੋਕ ਸਭਾ ਦੀ ਉਪ ਚੋਣ ਦੌਰਾਨ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜਿਥੇ ਕਿਸਾਨਾਂ ਸਮੇਤ ਹੋਰ ਕਈ ਵਰਗਾਂ ਵਲੋਂ ਘੇਰਿਆ ਜਾ ਰਿਹਾ ਹੈ ਉਥੇ ਵੱਖ-ਵੱਖ ਜਥੇਬੰਦੀਆਂ ਨੇ ਵੀ ਚੋਣ ਪਿੜ ਵਿੱਚ ਸਰਕਾਰ ਵਿਰੁਧ ਧਾਵਾ ਬੋਲਣ ਦੇ ਫੈਸਲੇ ਲਏ ਹਨ। ਯਾਦ ਰਹੇ ਨਵੇਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋ ਰਹੀ। ਕਰੋੜਾਂ ਰੁਪਏ ਦੇ ਬਿੱਲਾਂ ਨੂੰ ਖਜ਼ਾਨਾ ਦਫ਼ਤਰਾਂ ਵਿੱਚ ਦੱਬਣ ਕਾਰਨ ਮੁਲਾਜ਼ਮਾਂ ਵਿੱਚ ਵਿਆਪਕ ਪੱਧਰ 'ਤੇ ਰੋਸ ਹੈ। ਇਹਨਾ ਵਾਅਦਾ ਖਿਲਾਫੀਆਂ ਵਿਰੁੱਧ ਗੁਰਦਾਸਪੁਰ 'ਚ ਧਾਵਾ ਬੋਲਣ ਦੇ ਫੈਸਲੇ ਲਏ ਗਏ ਹਨ।
ਕਿਸਾਨ "ਮੋਤੀਆਂ ਵਾਲੀ ਸਰਕਾਰ" ਦੇ ਵਿਹੜੇ ਪੰਜ ਦਿਨ ਬਿਨ ਬੁਲਾਏ ਮਹਿਮਾਨ ਵਜੋਂ ਧਰਨਾ ਦੇ ਕੇ ਬੈਠੇ ਰਹੇ, ਕੈਪਟਨ ਸਾਹਿਬ ਆਏ ਹੀ ਨਹੀਂ। ਨਿੱਤ ਕਿਸਾਨ ਛੱਤਾਂ ਦੀਆਂ ਛਤੀਰਾਂ 'ਚ ਟੰਗੇ ਮਿਲ ਰਹੇ ਹਨ, ਕੈਪਟਨ ਸਾਹਿਬ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਹੁਣ ਰਤਾ ਕੁ ਕੈਪਟਨ ਸਾਹਿਬ ਪੰਜਾਬ ਦੀ ਆਬੋਹਵਾ 'ਚ ਸਾਹ ਲੈਣਗੇ, ਪਹਿਲਾਂ ਤਾਂ ਹਿਮਾਲਾ ਦੀਆਂ ਗੁਫ਼ਾਵਾਂ, ਦਿੱਲੀ ਦੇ ਮਹੱਲਾਂ, ਬਰਤਾਨੀਆ ਦੀਆਂ ਬਾਰਾਂ 'ਚ ਅਨੰਦ ਮਾਰਦੇ ਫਿਰਦੇ ਰਹੇ ਆ। ਹੁਣ ਚੋਣਾਂ ਜਿਉਂ ਆ ਗਈਆਂ ਆ।
ਹੁਣ ਗੁਰਦਾਸਪੁਰੇ ਤੱਤੀਆਂ ਹਵਾਵਾਂ ਵਗਣਗੀਆ। ਠੰਡੀ-ਠਾਰ ਹਵਾ ਦੇ ਬੁਲ੍ਹੇ ਆਉਣਗੇ। ਕਦੇ ਕਦੇ ਹਨੇਰੀਆਂ ਵੀ ਝੁਲਣਗੀਆਂ ਤੇ ਫਿਰ ਯਾਦ ਆਉਣਗੇ ਪੁਰਾਣੇ ਵਾਅਦੇ ਮੋਤੀਆਂ ਵਾਲੀ ਸਰਕਾਰ ਦੇ ਵੀ ਅਤੇ ਬਾਬੇ ਬਾਦਲ ਦੇ ਵੀ, ਅਤੇ ਆਹ ਆਪਣੇ ਪਿਆਰੇ ਮੋਦੀ ਦੇ ਵੀ!
ਇਹ ਸਾਰਾ ਕੁਝ ਯਾਦ ਆਉਂਦਾ ਆ, ਤਾਂ ਲੋਕਾਂ ਦਾ ਕਾਲਜਾ ਮੂੰਹ ਨੂੰ ਆਉਂਦਾ ਆ ਭਾਈ! ਵਾਅਦੇ ਆਏ। ਵਾਅਦੇ ਗਏ। ਵਾਅਦੇ ਵਫਾ ਨਾ ਹੋਏ। ਵਾਅਦੇ ਗੁਆਚ ਹੀ ਤਾਂ ਗਏ। ਤਦੇ ਨਿਰਾਸ਼, ਹਤਾਸ਼, ਪ੍ਰੇਸ਼ਾਨ, ਹੈਰਾਨ, ਪੰਜਾਬੀ ਬੱਸ ਇਹਨਾ ਬੇਵਫਾ ਨੇਤਾਵਾਂ ਨੂੰ ਇੰਨਾ ਕੁ ਕਹਿਣ ਜੋਗੇ ਰਹਿ ਗਏ ਆ, "ਤੂੰ ਵੀ ਮੁੜਕੇ ਕਿਥੇ ਸਾਡੀ ਸਾਰ ਲਈ ਹੈ, ਇਕ ਵਾਰੀ ਟੁਣਕਾ ਕੇ ਰੂਹ ਦਾ ਸਾਜ਼ ਕੁਆਰਾ"।
ਕੋਈ ਅੱਜ ਰੁਪੱਈਏ ਨੂੰ ਪੁੱਛਦਾ ਨਹੀਂ
ਖ਼ਬਰ ਹੈ ਕਿ ਅਰਥਚਾਰੇ ਦੀ ਮੰਦਹਾਲੀ ਦੀ ਸ਼ੁਰੂ ਹੋਈ ਜੰਗ ਹੁਣ ਨਿੱਜੀ ਦੋਸ਼ਾਂ ਤੇ ਪਹੁੰਚ ਗਈ ਹੈ। ਭਾਜਪਾ ਦੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੂੰ ਜੇਤਲੀ ਕੇ ਕਿਹਾ ਸੀ ਕਿ ਉਹ 80 ਸਾਲ ਦੀ ਉਮਰ 'ਚ ਹੁਣ ਨੌਕਰੀ ਲੱਭ ਰਹੇ ਹਨ। ਯਸ਼ਵੰਤ ਸਿਨਹਾ ਨੇ ਇਸ ਤੇ ਤਨਜ਼ ਕੱਸਦਿਆਂ ਕਿਹਾ ਕਿ ਜਿਹਨਾ ਨੇ ਕਦੇ ਲੋਕ ਸਭਾ ਦੀ ਸ਼ਕਲ ਨਹੀਂ ਵੇਖੀ, ਉਹ ਉਹਨਾ 'ਤੇ ਨੌਕਰੀ ਮੰਗਣ ਦਾ ਦੋਸ਼ ਲਾ ਰਹੇ ਹਨ। ਉਹਨਾ ਕਿਹਾ ਕਿ ਜੇਕਰ ਉਹ ਨੌਕਰੀ ਭਾਲ ਰਹੇ ਹੁੰਦੇ ਤਾਂ ਜੇਤਲੀ ਇਥੇ ਨਾ ਹੁੰਦੇ। ਸਿਨਹਾ ਨੇ ਕਿਹਾ ਕਿ ਜੇਕਰ ਦੇਸ਼ ਦਾ ਅਰਥਚਾਰਾ ਖਰਾਬ ਹੈ ਤਾਂ ਉਸਦਾ ਜਿੰਮੇਵਾਰ ਖਜ਼ਾਨਾ ਮੰਤਰੀ ਹੀ ਹੋਵੇਗਾ, ਗ੍ਰਹਿ ਮੰਤਰੀ ਨਹੀਂ। ਯਸ਼ਵੰਤ ਸਿਨਹਾ ਨੇ ਇਹ ਵੀ ਕਿਹਾ ਕਿ ਜੇਕਰ ਉਸਦਾ ਬੇਟਾ ਇਤਨਾ ਹੀ ਕਾਬਲ ਸੀ ਤਾਂ ਉਸਨੂੰ ਖਜ਼ਾਨਾ ਰਾਜਮੰਤਰੀ ਤੋਂ ਹਟਾਕੇ ਹਵਾਬਾਜੀ ਮੰਤਰੀ ਕਿਉਂ ਬਣਾ ਦਿੱਤਾ? ਯਾਦ ਰਹੇ ਉਹਨਾ ਦੇ ਬੇਟੇ ਜਿਅੰਤ ਸਿਨਹਾ ਨੇ ਆਪਣੇ ਪਿਤਾ ਦੇ ਵਿਰੁੱਧ ਪਰ ਜੇਤਲੀ ਦੇ ਹੱਕ 'ਚ ਬਿਆਨ ਦਿਤਾ ਤੇ ਲੇਖ ਲਿਖਿਆ ਸੀ।
ਸਮਾਂ ਹੀ ਕੁਝ ਇਹੋ ਜਿਹਾ ਆ। ਆਲੂ ਆਲੂ ਹਰ ਪਾਸੇ ਆਲੂ ਹੀ ਆਲੂ ਤੁਰੇ ਫਿਰਦੇ ਹਨ। ਬੇਂਗਨ-ਆਲੂ! ਗੋਭੀ-ਆਲੂ! ਪਨੀਰ-ਆਲੂ! ਮੀਟ-ਆਲੂ! ਮਟਰ-ਆਲੂ! ਅਤੇ ਆਲੂਆਂ ਦੀ ਹੋਈ ਪਈ ਆ ਬੱਲੇ-ਬੱਲੇ ਤੇ ਬਾਕੀ ਸਾਰੇ ਰਹਿ ਗਏ ਆ ਥੱਲੇ-ਥੱਲੇ।
ਕਦੇ ਸਮਾਂ ਸੀ ਭਾਈ ਨੇਤਾਵਾਂ ਦੇ ਆਦਰਸ਼ ਸਨ। ਕਦੇ ਸਮਾਂ ਸੀ ਨੇਤਾਵਾਂ ਦੇ ਅਸੂਲ ਸਨ। ਅੱਜ ਸਮਾਂ ਹੈ ਬੇ-ਅਸੂਲਿਆਂ ਦਾ, ਆਦਰਸ਼ਹੀਣ ਸਿਆਸਤ ਦਾ! ਸਵਾਰਥੀਆਂ ਦਾ! ਬੇਈਮਾਨਾਂ ਦਾ! ਕਦੇ ਈਮਾਨਦਾਰਾਂ ਦੇ ਕਲਗੀ ਲੱਗਦੀ ਸੀ ਤੇ ਬੇਈਮਾਨਾਂ ਦਾ ਤ੍ਰਿਸਕਾਰ ਹੁੰਦਾ ਸੀ। ਕਦੇ ਅਸੂਲਾਂ ਦੀ ਸਿਆਸਤ ਹੁੰਦੀ ਸੀ, ਅੱਜ ਧੱਕੇ ਧੌਂਸ ਦੀ ਸਿਆਸਤ ਹੁੰਦੀ ਆ।
ਤਦੇ ਭਾਈ ਕਹਿੰਦੇ ਨੇ, "ਕੋਈ ਅੱਜ ਰੁਪੱਈਏ ਨੂੰ ਪੁੱਛਦਾ ਨਹੀਂ, ਕਦੇ ਹੁੰਦੀ ਸੀ ਕਦਰ ਚੁਆਨੀਆਂ ਦੀ"!
ਨਹੀਂ ਰੀਸਾਂ ਦੇਸ਼ ਮਹਨਾ ਦੀਆਂ!
ਭਾਰਤ ਦੇਸ਼ ਵਿੱਚ 2016 ਵਿੱਚ ਡੇਢ ਲੱਖ ਲੋਕਾਂ ਤੋਂ ਵੱਧ ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ, ਜਿਹਨਾਂ ਵਿੱਚੋਂ ਵੱਡੀ ਗਿਣਤੀ 25 ਸਾਲ ਦੀ ਉਮਰ ਤੋਂ ਘੱਟ ਲੋਕਾਂ ਦੀ ਸੀ । 25 ਸਾਲ ਦੀ ਉਮਰ ਤੋਂ ਘੱਟ 42397 ਲੋਕ ਅਤੇ 25 ਤੋਂ 45 ਸਾਲ ਦੀ ਉਮਰ ਦੇ 61,636 ਲੋਕ ਦੁਰਘਨਾਵਾਂ 'ਚ ਮਾਰੇ ਗਏ।
ਇੱਕ ਵਿਚਾਰ'
ਪ੍ਰੇਮ ਅਤੇ ਕਰੁਣਾ ਜ਼ਰੂਰਤ ਹੈ, ਵਿਲਾਸਤਾ ਨਹੀਂ, ਇਹਨਾ ਬਿਨਾਂ ਮਾਨਵਤਾ ਬਚ ਨਹੀਂ ਸਕਦੀ।
ਫੋਨ ਨੰ: 98158020170
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.