ਸਦਾਬਹਾਰ ਕਲਾਕਾਰ, ਬਾਕਮਾਲ ਇਨਸਾਨ ਤੇ ਕਵੀਸ਼ਰੀ, ਲੋਕ ਗਾਇਕੀ ਦੇ ਵਾਰਸ *ਹਰਭਜਨ ਮਾਨ* ਅਤੇ ਬਚਪਨ ਤੋਂ ਉਸ ਦੇ ਗਾਇਕੀ ਦੇ ਸਫਰ ਦੇ ਸਾਥੀ ਅਤੇ ਛੋਟੇ ਭਰਾ *ਗੁਰਸੇਵਕ ਮਾਨ ਦੀ ਆਵਾਜ ਚ ਅੱਠ ਗੀਤਾਂ ਵਾਲੀ *ਸਤਰੰਗੀ ਪੀਂਘ 3 ਸੁਣੀ ਹੈ।
ਅੱਜ ਦੁਪਹਿਰ ਜਦੋਂ ਹਰਭਜਨ ਮਾਨ ਜੀ ਨੇ ਸੀ ਡੀ ਹਾਸਲ ਕਰਨ ਲਈ ਸਟੋਰਾਂ ਦੀ ਸੂਚੀ ਦੱਸੀ ਤਾਂ ਝੱਟ ਮੁਹਾਲੀ ਦੇ ਫੇਜ 5 ਸਥਿਤ *ਮਿਊਜਿਕ ਕਾਰਨਰ* ਨੂੰ ਵਹੀਰਾਂ ਘੱਤੀਆਂ।
ਸੀ ਡੀ ਖਰੀਦਦਿਆਂ ਦੁਕਾਨਦਾਰ ਨੇ ਦੱਸਿਆਂ ਮੁੱਦਤਾਂ ਬਾਅਦ ਕੋਈ ਮਿਊਜਿਕ ਸੀ ਡੀ ਆਈ ਨਹੀਂ ,ਜਿਸ ਨੂੰ ਹੱਥੋਂ ਹੱਥੀ ਲੋਕ ਖਰੀਦ ਰਹੇ ਹਨ। ਉਸ ਦੇ ਦੱਸੇ ਅਨੁਸਾਰ ਹਾਲੇ ਸੀ ਡੀ ਦੁਕਾਨ ਉਤੇ ਆਈ ਨੂੰ ਕੁਝ ਘੰਟੇ ਹੀ ਹੋਏ ਹਨ ਅਤੇ 25-26 ਸੀ ਡੀਜ ਵਿਕ ਚੁਕੀਆਂ ਹਨ।
ਮਾਨ ਭਰਾਵਾਂ (ਹਰਭਜਨ ਤੇ ਗੁਰਸੇਵਕ) ਦੀ ਸਤਰੰਗੀ ਪੀਂਘ 3 ਦੇ ਅੱਠੇ ਗਾਣਿਆਂ ਨੂੰ ਮੁਹਾਲੀ ਤੇ ਚੰਡੀਗੜ੍ਹ ਦੀਆਂ ਸੜਕਾਂ ਉਤੇ ਘੁੰਮਦਿਆਂ ਕਾਰ ਵਿੱਚ ਹੀ ਸੀ ਡੀ ਪਲੇਅਰ ਉਤੇ ਸੁਣ ਲਿਆ। ਸਾਰੇ ਹੀ ਗਾਣੇ ਇਕ ਤੋਂ ਇਕ ਵੱਧ ਕੇ। *ਬਾਪੂ ਕਰਨੈਲ ਸਿੰਘ ਪਾਰਸ ਤੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਲਿਖਣ ਚ ਕਮਾਲ ਕੀਤੀ ਹੈ ਤੇ ਗੁਰਮੀਤ ਜੀ ਨੇ ਸੰਗੀਤ ਵੀ ਚੋਟੀ ਦਾ ਦਿੱਤਾ ਹੈ।
*ਰੁਮਾਂਸ ਤੇ ਉਦਾਸ ਗੀਤਾਂ* ਲਈ ਸ਼ਬਦਾਂ ਦੀ ਢੁੱਕਵੀ ਚੋਣ ਅਤੇ *ਪੰਜਾਬੀ ਸੱਭਿਆਚਾਰ ਤੇ ਵਿਰਸੇ ਦੇ ਅਮੀਰ ਸ਼ਬਦਾਂ* ਅਤੇ *ਪੰਜਾਬੀ ਜੀਵਨ ਜਾਂਚ ਦੇ ਸਾਧਾਰਣ ਸ਼ਬਦਾਂ* ਨੂੰ ਜਿਸ ਤਮੀਜ਼ ਤੇ ਸ਼ਿੱਦਤ ਨਾਲ ਗਾ ਕੇ ਪੇਸ਼ ਕੀਤਾ ਹੈ, ਉਸ ਨੇ ਤੜਕ-ਭੜਕ, ਮਾਰ-ਕੁੱਟ, ਆਸ਼ਕ-ਮਸ਼ੂਕ, ਬੰਦੂਕ-ਸ਼ਰਾਬ ਬਾਰੇ ਹੀ ਗੀਤ ਗਾਉਣ ਵਾਲੀ ਮੁੰਡੀਹਰ ਨੂੰ ਚੰਗਾ ਸ਼ੀਸ਼ਾ ਦਿਖਾਇਆ ਹੈ।
*ਹਰਭਜਨ ਮਾਨ* ਦੇ ਪੇਸ਼ੇਵਾਰ ਗਾਇਕ ਵਜੋਂ *25 ਸਾਲ ਹੋ ਗਏ ਹਨ।
ਸਤਰੰਗੀ ਪੀਂਘ 3 ਦੀ ਸਫਲ ਤੇ ਸੰਪੂਰਨ ਪੇਸ਼ਕਾਰੀ ਨੂੰ ਦੇਖਦਿਆਂ ਲੱਗਦਾ ਹੈ ਜਿਵੇਂ *ਹਰਭਜਨ ਦੀ ਗਾਇਕੀ ਨੰੂ ਹਾਲੇ ਸੋਲਵਾਂ ਸਾਲ ਹੀ ਚੜਿ੍ਆ ਹੋਵੇ ਤੇ ਭਰ ਜਵਾਨੀ ਹਾਲੇ ਆਉਣੀ ਹੈ। ਯੂ ਟਿਊਬ ਉਪਰ ਅਖੌਤੀ ਮਿਲੀਅਨ ਲਾਈਕ ਵਾਲੇ ਗਾਇਕਾਂ ਦਾ ਸਫਰ 25 ਮਹੀਨੇ ਵੀ ਮਸਾਂ ਟੱਪਦਾ। ਕਈ ਤਾਂ 25 ਹਫਤਿਆਂ ਚ ਹੀ ਗਾਇਬ ਹੋ ਜਾਂਦੇ ਹਨ।
ਇਸ ਐਲਬਮ ਚ ਜ਼ਿੰਦਗੀ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ, ਇਸੇ ਲਈ *ਸਤਰੰਗੀ ਪੀਂਘ 3* ਟਾਈਟਲ ਤੋਂ ਢੁੱਕਵਾਂ ਨਾਮ ਕੋਈ ਹੋਰ ਨਹੀਂ ਹੋ ਸਕਦਾ। *ਬਾਪੂ ਪਾਰਸ ਦੀਆਂ ਲਿਖਤਾਂ ਤੇ ਹਰਭਜਨ* ਦੀ ਗਾਇਕੀ ਚ ਮੁੱਖ ਤੌਰ ਉਤੇ ਜ਼ਿੰਦਗੀ ਦੀ ਆਖਰੀ ਤੇ ਅਟੱਲ ਸੱਚਾਈ *ਮੌਤ, ਮਾਂ ਦੀ ਮਮਤਾ ਅਤੇ ਜ਼ਿੰਦਗੀ ਚ ਲੋੜ ਪੈਣ ਉਤੇ ਸਭਨਾਂ ਵੱਲੋ ਸਾਥ ਛੱਡ ਜਾਣ* ਬਾਰੇ ਅੰਸ਼ ਹੁੰਦੇ ਹਨ ਜਿਹੜੇ ਇਸ ਸੀ ਡੀ ਚ ਵੀ ਸੁਣਨ ਨੂੰ ਮਿਲਦੇ ਹਨ। *ਜਿੰਦੜੀਏ, ਨੀਵੇਂ ਨੀਵੇਂ ਝੌੰਪੜੇ, ਹੁੰਦੀਆਂ ਨੇ ਮਮਤਾ ਦੀ ਮੂਰਤ ਮਾਂਵਾਂ, ਕਦੇ ਸਾਥ ਨਿਭਾਉੰਦੇ ਨਾ ਨਾਲ ਤਾਂ ਤੁਰ ਪੈਂਦੇ ਪਰਛਾਵੇਂ* ਗੀਤ ਇਹੋ ਝਲਕ ਪੇਸ਼ ਕਰਦੇ ਹਨ। *ਨੀਵੇਂ ਨੀਵੇਂ ਝੌਂਪੜੇ ਗੀਤ ਚ ਢੱਡ ਸਾਰੰਗੀ ਨਾਲ ਕਵੀਸ਼ਰੀ* ਦਾ ਰਵਾਇਤੀ ਰੂਪ ਪੇਸ਼ ਕੀਤਾ।
ਇਕ ਦਿਨ *ਹਰਭਜਨ ਬਾਈ ਨੇ ਫੇਸਬੱੁਕ ਲਾਈਵ ਉਤੇ ਗੁਰਸੇਵਕ ਦੀ ਸਟੂਡੀਓ ਚ ਰਿਕਾਰਡਿੰਗ ਦੀ ਵੀਡੀਓ ਅਪਲੋਡ ਕੀਤੀ। ਉਸ ਦਿਨ ਗੁਰਸੇਵਕ ਕੈਨੇਡਾ ਤੋਂ 24 ਘੰਟਿਆਂ ਲਈ ਆਇਆ ਸੀ ਤੇ ਟਾਈਟਲ ਗੀਤ ਲਈ ਧੁਨ ਰਿਕਾਰਡ ਕਰ ਰਿਹਾ ਸੀ। ਲਾ..ਲਾ..ਲਾ..ਲਾ.. ਲਾਲਾਅਅਅਅ.... ਧੁਨ ਰਿਕਾਰਡ ਹੋ ਰਹੀ ਸੀ। ਹੁਣ ਜਦੋਂ ਗੀਤ ਸੁਣਿਆਂ ਤਾਂ ਇਹ ਧੁਨ *ਜਿੰਦੜੀਏ* ਗੀਤ ਚ ਦੋ ਵਾਰ ਧੁਨ ਆਈ ਤੇ ਕੰਨਾਂ ਨੂੰ ਬਹੁਤ ਆਨੰਦ ਆਇਆ।
1947 ਦਾ ਦਰਦ ਗੀਤ ਰਾਹੀਂ ਹਿੰਦ-ਪਾਕਿ ਵੰਡ ਕਾਰਨ ਅਜਿਹੀ ਔਰਤ ਦਾ ਦੱੁਖ *ਮਾਨ ਭਰਾਵਾਂ ਨੇ ਕਵੀਸ਼ਰੀ* ਰਾਹੀਂ ਬਿਆਨ ਕੀਤਾ ਹੈ ਜਿਹੜੀ ਨਾ ਤਾਂ ਲਹਿੰਦੇ ਪੰਜਾਬ ਦੇ ਪਰਿਵਾਰ ਨੂੰ ਭੁੱਲ ਸਕਦੀ ਹੈ ਅਤੇ ਨਾਂ ਹੀ ਚੜ੍ਹਦੇ ਪੰਜਾਬ ਦੇ ਪਰਿਵਾਰ ਨੂੰ ਛੱਡ ਸਕਦੀ ਹੈ। ਇਸੇ ਲਈ ਉਹ ਕਹਿੰਦੀ ਹੈ *ਦੱਸੋ ਵੇ ਲੋਕੋਂ ਹੁਣ ਮੈਂ ਪਗਲੀ ਕਿਧਰ ਨੂੰ ਜਾਵਾਂ*।
*ਰੇਸ਼ਮੀ ਲਹਿੰਗੇ* ਗੀਤ ਵਿਆਹ ਸ਼ਾਦੀ ਮੌਕੇ ਡੀਜੇ ਉਤੇ ਵੱਜਣ ਵਾਲਾ ਬੀਟ ਸੌਂਗ ਹੈ। *ਬੂਟਾ ਮਹਿੰਦੀ ਦਾ* ਗੀਤ ਰੁਮਾਂਟਿਕ ਗੀਤ ਹੈ ਪਰ ਰੁਮਾਂਸ ਲਈ ਅੱਜ ਕੱਲ੍ਹ ਦੇ ਗਾਉਣ ਵਾਲਿਆਂ ਵਾਂਗ ਹਲਕੇ ਸ਼ਬਦ ਨਹੀਂ ਚੁਣੇ। *ਕੱਚ ਦਾ ਖਿਲੌਣਾ* ਗੀਤ ਇਸ਼ਕ ਚ ਹਾਰੇ ਪ੍ਰੇਮੀ ਦੀ ਮਨੋਦਸ਼ਾ ਬਿਆਨ ਕਰਦਾ ਹੈ ਪਰ ਇਸ ਵਿੱਚ ਹਲਕੇ ਤਾਹਨੇ ਮਿਹਨੇ ਨਹੀਂ ਮਾਰੇ ਸਗੋਂ ਸ਼ਬਦਾਂ ਦੀ ਚੋਣ ਬਹੁਤ ਢੁੱਕਵੀਂਨ ਤੇ ਸਾਰਥਿਕ ਕੀਤੀ ਹੈ।
*ਹਰਭਜਨ ਮਾਨ* ਨੇ ਜਿਵੇਂ *2002* ਚ ਨਿਵਾਣ ਵੱਲ ਜਾ ਰਹੇ *ਪੰਜਾਬੀ ਸਿਨੇਮਾ* ਨੂੰ ਨਿਵੇਕਲਾ ਮੋੜ ਦੇ ਕੇ ਬੁਲੰਦੀਆਂ ਉਤੇ ਪਹੁੰਚਾਿੲਆ ਸੀ ਉਵੇਂ ਹੀ ਹੁਣ ਪੰਜਾਬੀ ਸੰਗੀਤ ਨੂੰ ਨਵਾਂ ਮੋੜਾ ਦਿੱਤਾ ਹੈ। ਜਿੱਥੇ *ਲੱਚਰ, ਅਸ਼ਲੀਲ ਤੇ ਕੁਰਾਹੇ ਪਈ ਗਾਇਕੀ ਤੋਂ ਨਿਰਾਸ਼ ਹੋਏ ਸੰਗੀਤ ਪ੍ਰੇਮੀਆਂ ਨੂੰ ਸਾਰਥਿਕ, ਰਵਾਇਤੀ, ਅਰਥ ਭਰਪੂਰ ਗਾਇਕੀ ਦਾ ਤੋਹਫਾ* ਦਿੱਤਾ ਹੈ ਉਥੇ ਸਿਰਫ ਇੰਟਰਨੈਟ ਉਪਰ *ਸਿੰਗਲ ਟਰੈਕ ਰਿਲੀਜ ਕਰਨ ਦੇ ਦੌਰ ਚ ਅੱਠ ਗਾਣਿਆਂ ਦੇ ਸੁਮੇਲ ਵਾਲੀ ਸੀ ਡੀ* ਰਿਲੀਜ ਕੀਤੀ ਹੈ। ਹਰਭਜਨ ਦੀ ਇਸ ਕੋਸ਼ਿਸ਼ ਨੂੰ ਸਲਾਮ ਤੇ ਸ਼ੁਭ ਇੱਛਾਵਾਂ।
-
ਨਵਦੀਪ ਸਿੰਘ ਗਿੱਲ, ਲੇਖਕ
na
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.