ਖ਼ਬਰ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਵਿਸ਼ਵੀਕਰਨ ਜਾਰੀ ਰਹੇਗਾ ਅਤੇ 25 ਸਾਲ ਦੇਸ਼ ਦੀਆਂ ਨੀਤੀਆਂ ‘ਤੇ ਸ਼ੱਕ ਕਰਨ ਵਾਲੇ ਗਲਤ ਸਾਬਤ ਹੋਏ ਹਨ। ਉਹਨਾ ਕਿਹਾ ਕਿ ਮਾਣ ਦੀ ਗੱਲ ਹੈ ਕਿ ਆਰਥਿਕ ਨੀਤੀਆਂ ਦਾ ਜ਼ੋਰ ਅਤੇ ਉਸ ਦੀ ਦਿਸ਼ਾ ਪਿਛਲੇ 25 ਸਾਲਾਂ ਤੋਂ ਬਰਕਰਾਰ ਹੈ। ਜ਼ਿਕਰਯੋਗ ਹੈ ਕਿ ਡਾ: ਮਨਮੋਹਨ ਸਿੰਘ ਨੂੰ 1990 ਦੇ ਦਹਾਕੇ ‘ਚ ਕੀਤੇ ਗਏ ਆਰਥਿਕ ਸੁਧਾਰਾਂ ਦਾ ਸੂਤਰਧਾਰ ਮੰਨਿਆਂ ਜਾਂਦਾ ਹੈ। ਉਹਨਾ ਨੇ ਘਰੇਲੂ ਅਤੇ ਬਾਹਰੀ ਅਰਥ ਵਿਵਸਥਾ ਦੋਹਾਂ ‘ਚ ਪ੍ਰਗਤੀਸ਼ੀਲ ਉਦਾਰੀਕਰਨ ਦੇ ਪ੍ਰਬੰਧ ਲਈ ਪਹਿਲ ਕਦਮੀ ਕੀਤੀ ਅਤੇ ਦੇਸ਼ ਦੀ ਜੀ ਡੀ ਪੀ ‘ਚ ਜ਼ਿਕਰਯੋਗ ਵਾਧਾ ਹੋਇਆ। ਉਹਨਾ ਕਿਹਾ ਕਿ ਤਾਨਾਸ਼ਾਹੀ ਰੁਖ਼ ਨਾਲ ਲੋਕ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਦਾ!
ਬਹੁਤ ਹੀ ਭੋਲੇ ਹਨ ਮਨਮੋਹਨ ਸਿੰਘ, ਉਹਨਾ ਨੂੰ ਕੋਈ ਪੁੱਛੇ ਭਲਾ ਇਥੇ ਲੋਕਾਂ ਦਾ ਭਲਾ ਕਰਨਾ ਹੀ ਕੌਣ ਚਾਹੁੰਦਾ ਹੈ? ਦੇਸ਼ ਦੇ ਭਲੇ ਦੀ ਭਲਾ ਗੱਲ ਹੀ ਕੌਣ ਸੁਣਦਾ, ਕਰਦਾ ਹੈ? ਸਭਨਾ ਨੂੰ ਕੁਰਸੀ ਖੋਹਣ ਦੀ ਹੋੜ ਲੱਗ ਹੋਈ ਹੈ। ਦੇਸ਼ ਦੀ ਜੀ ਡੀ ਪੀ ਜਾਵੇ ਢੱਠੇ ਖੂਹ ‘ਚ, 10 ਫੀਸਦੀ ਤੋਂ ਪੰਜ ਫੀਸਦੀ ਹੋ ਜਾਏ, ਕੀ ਫਰਕ ਪੈਂਦਾ? ਵੋਟਾਂ ਤਾਂ ਵੱਧਦੀਆਂ ਜਾਂਦੀਆਂ ਆਂ। ਦੇਸ਼ ਦੀ ਤਰੱਕੀ ਨਾਲ ਉਹਨਾ ਦਾ ਕੀ ਵਾਹ ਵਾਸਤਾਂ ਭੁੱਖਮਰੀ, ਬੇਰੁਜ਼ਗਾਰੀ ਤਾਂ ਵਧੀ ਜਾਂਦੀ ਆ।
ਇਥੇ ਤਾਂ ਰਖ਼ਸ਼ਾ ਮੰਤਰੀ ਉਸਨੂੰ ਥਾਪਦੇ ਨੇ ਜਿਹੜਾ ਦੋਸਤੋ ਰਿਕਸ਼ਾ ਚਲਾਉਣ ਜੋਗਾ ਹੈ। ਸਿਹਤ ਮੰਤਰੀ ਉਹਨੂੰ ਬਣਾ ਦੇਂਦੇ ਉਚੀ ਹੇਕ ਲਾਕੇ ਜਿਹੜਾ ਗਾਉਣ ਜੋਗਾ ਹੈ। ਇਥੇ ਤਾਂ ਖੇਤੀ ਮੰਤਰੀ ਉਹਨੂੰ ਬਣਾ ਦੇਂਦੇ ਨੇ ਜਿਹਨੇ ਕਦੀ ਹੱਲ ਹੀ ਨਹੀਂ ਜੋਤਿਆ। ਇਥੇ ਤਾਂ ਸਿੱਖਿਆ ਮੰਤਰੀ ਵੀ ਉਹਨੂੰ ਬਣਾ ਦਿੰਦੇ ਨੇ ਜਿਹੜਾ ਕਦੇ ਸਕੂਲ ਹੀ ਨਹੀਂ ਗਿਆ। ਜੀਹਨੂੰ ਹਿਸਾਬ ਕਿਤਾਬ ਦਾ ਪਤਾ ਨਹੀਂ ਉਹ ਬਣਾ ਦਿੱਤਾ ਜਾਂਦਾ ਹੈ ਵਿੱਤ ਮੰਤਰੀ। ਜੀਹਨੂੰ ਵਿਗਿਆਨ ਦੀ ਸਮਝ ਨਹੀਂ ਉਹ ਵਿਗਿਆਨ ਟੈਕਨੌਲੋਜੀ ਮੰਤਰੀ ਅਤੇ ਜੀਹਨੂੰ ਦੇਸ਼ ਬਾਰੇ ਕੁਝ ਵੀ ਨਹੀਂ ਪਤਾ ਭਾਈ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਦਿਤਾ ਜਾਂਦਾ ਹੈ। ਫਿਰ ਭਾਈ ਦਸੋ ‘ਉਹਨੇ ਦੇਸ਼ ਦਾ ਭਲਾ ਕੀ ਭਲਾ ਕਰਨੈਂ, ਧੜੀ ਅੰਨ ਖਾਕੇ ਜਿਹੜਾ ਸੌਣ ਜੋਗਾ‘ ਪਰ ਐਨੀ ਕੁ ਗੱਲ ਜ਼ਰੂਰ ਆ, ਬੰਦੇ ਨੂੰ ਹੋਰ ਕੁਝ ਪਤਾ ਹੋਵੇ ਜਾਂ ਨਾ ਬਾਹਾਂ ਉਲਾਰ ਬੋਲ ਸਕਦਾ ਹੋਵੇ, ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਬਨਾਉਣ ਦੀ ਉਹਨੂੰ ਮੁਹਾਰਤ ਹੋਵੇ। ਹੈ ਕਿ ਨਾ?
ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ?
ਖ਼ਬਰ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਲੀਡਰ ਉਤੇ ਭਰੋਸਾ ਕੀਤਾ ਉਸਨੇ ਲਿਫਾਫੇ ਬਾਜ਼ੀ ਤੋਂ ਸਿਵਾਏ ਕੁਝ ਨਹੀਂ ਕੀਤਾ। ਵੱਡੇ ਵੱਡੇ ਵਾਅਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਲਿਫਾਫੇਬਾਜ਼ ਹੀ ਨਿਕਲੇ। ਉਧਰ ਕੈਪਟਨ ਨੇ ਕਿਹਾ ਕਿ ਪੰਜਾਬ ‘ਚ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਸਿਰ 2 ਲੱਖ 8 ਹਜ਼ਾਰ ਕਰੋੜ ਦਾ ਕਰਜ਼ਾ ਚਾੜ੍ਹਿਆ।
ਬਥੇਰਾ ਬਾਬਾ ਬਾਦਲ, ਸੰਗਤ ਦਰਸ਼ਨ ਕਰਦੇ ਸੰਗਤਾਂ ਨੂੰ ਕਹਿੰਦਾ ਫਿਰਿਆ ਕਿ ਦੇਖੋ “ਕਾਕਾ“ ਕਿੰਨੇ ਚੰਗੇ ਕੰਮ ਕਰਦਾ ਆ। ਪਾਣੀ ਵਾਲੀਆਂ ਬੱਸਾਂ ਚਲਾਈ ਜਾਂਦਾ ਆ, ਪੰਜਾਬ ਨੂੰ ਕੈਲੀਫੋਰਨੀਆ ਬਣਾਈ ਜਾਂਦਾ ਆ, ਕਿਸਾਨਾਂ ਸਿਰ ਕਰਜ਼ੇ ਚੜ੍ਹਾਈ ਜਾਂਦਾ ਆ, ਸੇਵਾ ਕੇਂਦਰਾਂ ਰਾਹੀਂ ਲੋਕਾਂ ਦੀਆਂ ਜੇਬਾਂ ਫਰੋਲਣ ਦਾ ਪ੍ਰਬੰਧ ਕਰੀ ਜਾਂਦਾ ਆ, ਸੂਬੇ ‘ਚ ਠੇਕੇ ਤੇ ਠੇਕਾ ਖੁਲ੍ਹਵਾਈ ਜਾਂਦਾ ਆ, ਲੋਕਾਂ ਹੱਥ ਗਰੀਬੀ ਰੇਖਾ ਵਾਲੇ ਨੀਲੇ ਕਾਰਡ ਫੜਾਈ ਜਾਂਦਾ ਆ। ਹੋਰ ਭਲਾ ਬੰਦੇ ਨੇ ਕੀ ਲੈਣਾ ਹੁੰਦਾ ਨੇਤਾਵਾਂ ਤੋਂ! ਵੇਖੋ ਨਾ ਲੋਕਾਂ ਨੂੰ ਬੇਰੁਜ਼ਗਾਰੀ ਦੇ ਸਕਦੇ ਆਂ, ਉਹ ਬਥੇਰੇ ਦੇ ਦਿਤੀ। ਕੁਰੱਪਸ਼ਨ ਦੀ ਕਮੀ ਨਹੀਂ ਰਹਿਣ ਦਿਤੀ। ਮਾਫੀਆ ਬੜਾ ਸੋਹਣਾ ਸੂਬੇ ‘ਤੇ ਰਾਜ ਕਰਨ ਲਾ ਦਿਤਾ।
ਇਤਨਾ ਕੁਝ ਹੁੰਦਿਆਂ-ਸੁੰਦਿਆਂ, ਵੀ ਲੋਕ ਕਿਵੇਂ ਨਾ-ਸ਼ੁਕਰੇ ਹੋ ਗਏ। ਹੋਰ ਤਾਂ ਹੋਰ ਆਪਣਿਆਂ ਨੇ ਵੀ ‘ਆਪ‘ ਨੂੰ ਵੋਟਾਂ ਪੁਆਤੀਆਂ ਤੇ ਜਾਣਦਿਆਂ ਹੋਇਆ ਵੀ ਕਾਂਗਰਸੀਆਂ ਨੂੰ ਗਲ ਲਾ ਲਿਆ। ਬਾਬੇ ਬਾਦਲ ਨੂੰ ਦਿਨੇ ਤਾਰੇ ਦਿਖਾ ਤੇ। ਹੁਣ ਤਾਂ ਨਿਰਾਸ਼ ਹੋਏ ਘਰ ਬੈਠੇ ਬਾਦਲ ਜੀ ਨੂੰ ਜਣਾ-ਖਣਾ ਇਕੋ ਗੱਲ ਸਮਝਾਉਣ ਤੇ ਲੱਗਿਆ ਹੋਇਆ, ਕਵੀ ਕੈਲਵੀ ਦੀਆਂ ਇਹ ਸਤਰਾਂ, “ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ? ਏਥੇ “ਕੈਲਵੀ“ ਫੇਲ੍ਹ ਸਰਕਾਰ ਹੋਈ“।
ਆਪ ਕੰਮ ਨਾ ਜਦੋਂ ਅਸੀਂ ਕਰ ਸਕੀਏ, ਵਾਜ ਮਾਰੀਏ, ਆ ਕੇ ਕਰੀਂ, ਭਈਆ
ਖ਼ਬਰ ਹੈ ਕਿ ਵਿੱਤ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਅਨੁਸਾਰ ਕੇਂਦਰ ਸਰਕਾਰ ਆਰਥਿਕ ਸੁਸਤੀ ਨਾਲ ਨਿਪਟਣ ਲਈ 50,000 ਕਰੋੜ ਰੁਪਏ ਦੀ ਖਰਚੇ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਜੇਤਲੀ ਨੇ ਕਿਹਾ ਸੀ ਕਿ ਸਰਕਾਰ ਆਰਥਿਕ ਹਾਲਤ ਸੁਧਾਰਨ ਲਈ ਨਵੇਂ ਢੰਗ ਤਰੀਕਿਆਂ ਵੱਲ ਧਿਆਨ ਦੇ ਰਹੀ ਹੈ। ਉਹ ਪੈਰਟੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਨ ਲਈ ਐਕਸਾਈਜ ਡਿਊਟੀ ‘ਚ ਕਟੌਤੀ ਦਾ ਬਦਲ ਨਕਾਰ ਚੁੱਕੇ ਹਨ। ਉਹਨਾ ਕਿਹਾ ਕਿ ਸਰਕਾਰ ਨੂੰ ਜਨਤਕ ਖਰਚੇ ਵਧਾਉਣ ਲਈ ਮਾਲੀਏ ਦੀ ਜ਼ਰੂਰਤ ਹੈ ਅਤੇ ਮਾਲੀਏ ਤੋਂ ਬਿਨਾਂ (ਜੀ ਡੀ ਪੀ) ਵਾਧਾ ਦਰ ‘ਤੇ ਅਸਰ ਪਏਗਾ । ਉਹਨਾ ਕਿਹਾ ਕਿ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਰਕਾਰ ਚਲਾਉਣ ਲਈ ਪੈਸੇ ਦੀ ਲੋੜ ਹੈ। ਧਿਆਨ ਵਿੱਚ ਆ ਰਿਹਾ ਹੈ ਕਿ ਤੇਲ ਦੀ ਕਮਾਈ ਨਾਲ ਹੀ ਹੁਣ ਸਰਕਾਰ ਦੇ ਖਰਚੇ ਦਾ ਬੁੱਤਾ ਸਾਰਿਆ ਜਾ ਰਿਹਾ ਹੈ।
ਜਾਪਦੈ ਜੇਤਲੀ ਤੇ ਉਹਦੀ ਮੋਦੀ ਸਰਕਾਰ ਕਿਧਰੇ ਰਾਤ-ਬਰਾਤੇ ਪੰਜਾਬ ਘੁੰਮਣ ਗਈ ਆ ਜਾਂ ਘੱਟੋ-ਘੱਟ ਇਹਨਾਂ ਦਿਨਾਂ ‘ਚ ਪੰਜਾਬ ਦੇ ਨੇਤਾਵਾਂ ਨੂੰ ਜਿਆਦਾ ਮਿਲਣ ਲੱਗ ਪਈ ਆ ਤਦੇ ਸਰਕਾਰ ਹੱਥ ਤੇ ਹੱਥ ਧਰਕੇ ਬੈਠਣ ਨੂੰ ਤਰਜੀਹ ਦੇਣ ਲੱਗ ਪਈ ਆ। ਉਵੇਂ ਹੀ ਜਿਵੇਂ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਲੇ ਕਿਸਾਨਾਂ ਦੇ ਮੁੰਡਿਆਂ ਹੱਥ ਜਦੋਂ ਤੋਂ ਮੋਟਰ ਸਾਈਕਲ, ਮੋਬਾਇਲ ਆ ਗਿਆ ਆ, ਉਹਨਾ ਕੰਮ ਕਰਨਾ ਬੰਦ ਕਰ ਦਿਤਾ ਆ। ਜਦੋਂ ਦਾ ਪੰਜਾਬੀਆਂ ਨੇ ਵਿਦੇਸ਼ੋ ਪਰਤੇ ਪੰਜਾਬੀਆਂ ਦੀਆਂ ਰੀਸਾਂ ਕਰਦਿਆਂ ਵਿਆਹਾਂ ਤੇ ਵੱਧ ਖਰਚੇ ਕਰਕੇ ਘਰਾਂ ਦਾ ਉਜਾੜਾ ਪਾਉਣਾ ਸ਼ੁਰੂ ਕਰ ਦਿੱਤਾ ਆ, ਉਦੋਂ ਤੋਂ ਉਹ “ਸ਼ਤੀਰਾਂ“ ‘ਕਿੱਕਰਾਂ‘ ਨੂੰ ਜੱਫੇ ਪਾਉਣ ਲੱਗੇ ਆ। ਇਵੇਂ ਹੀ ਭਾਈ ਜਦੋਂ ਤੋਂ ਆਪਣੇ ਮੋਦੀ ਨੇ “ਟਰੰਪਾਂ“ “ਸ਼ਰੰਪਾਂ“ ਨਾਲ ਦੋਸਤੀ ਗੰਢੀ ਆ, ਜਹਾਜ਼ਾਂ ਦੇ ਝੂਟੇ ਲੈਣੇ ਸ਼ੁਰੂ ਕੀਤੇ ਆ, ਖਜ਼ਾਨੇ ਦੇ ਮੂੰਹ ਗੁਆਂਢੀਆਂ ਨੂੰ ਗ੍ਰਾਂਟਾਂ ਅਤੇ ਅਮਰੀਕਾ ਤੋਂ ਹਥਿਆਰ ਖਰੀਦਣ ਲਈ ਖੋਲ੍ਹੇ ਹੋਏ ਆ ਖਜ਼ਾਨੇ ਮਸਤ ਹੋ ਗਏ ਆ।
ਹੁਣ ਜਿਵੇਂ ਪੰਜਾਬੀ ਅਵੇਸਲੇ, ਮਸਤਾਨੇ, ਵਿਹਲੇ ਹੋਏ ਫਿਰਦੇ ਆ ਤੇ ਕੰਮ ਕਰਨ ਜੋਗੇ ਰਹੇ ਨਹੀਂ ਤਾਂ ਟੁਟੀ ਮੰਜੀ ਤੇ ਅਵਾਜ਼ੇ ਕਸਦੇ ਆ, “ਆਪ ਕੰਮ ਨਾ ਜਦੋਂ ਅਸੀਂ ਕਰ ਸਕੀਏ, ਵਾਜ ਮਾਰੀਏ, ਆ ਕੇ ਕਰੀਂ, ਭਈਆ“। ਇਵੇਂ ਦਾ ਹਾਲ ਹੀ ਆਹ ਆਪਣੀ ਮੋਦੀ ਸਰਕਾਰ ਦਾ ਹੋ ਗਿਆ ਆ। ਜੀਹਨੂੰ ਪਹਿਲਾਂ ਨੋਟਬੰਦੀ ਨੇ ਮਾਰਿਆ ਫਿਰ ਜੀ ਐਸ ਟੀ ਨੇ ਅਤੇ ਰਹਿੰਦੀ ਖੂੰਹਦੀ ਕਸਰ ਪੂਰੀ ਕਰਤੀ ਮੋਦੀ ਦੇ ਦੌਰਿਆ ਨੇ, ਜਿਹੜਾ ਹੁਣ ਨਿਕੰਮਾ ਹੋਇਆ ਟਰੰਪ ਨੂੰ ਉਵੇਂ ਹੀ ਆਵਾਜ਼ਾਂ ਮਾਰਦਾ ਆ ਜਿਵੇਂ ਪੰਜਾਬੀ, ਆਹ ਆਪਣੇ ਭਈਏ ਨੂੰ ਮਾਰਦੇ ਆ।
ਨੱਚ ਬੱਲੀਏ, ਨੀ ਟੱਪ ਬੱਲੀਏ
ਖ਼ਬਰ ਹੈ ਕਿ ਪੰਜ ਰੋਜਾ ਬਾਬਾ ਫਰੀਦ ਆਗਮਨ ਦਿਵਸ ਦੇ ਸਮਾਪਤੀ ਸਮਾਰੋਹ ਸਮੇਂ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਨੇ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਲੈਂਦਿਆ ਕਿਹਾ ਕਿ ਸਿਆਸਤ ਅੱਜਕੱਲ ਧੰਦਾ ਬਣ ਗਈ ਹੈ, ਪਰ ਫਿਰ ਵੀ ਇਮਾਨਦਾਰ ਲੋਕ ਅਜੇ ਵੀ ਜ਼ਿੰਦਾ ਹਨ ਅਤੇ ਉਹ ਜਿੰਨਾ ਸਮਾਂ ਸਰਕਾਰ ਵਿੱਚ ਰਹਿਣਗੇ ਉਹ ਲੋਕਾਂ ਨੂੰ ਸ਼ਕਾਇਤ ਦਾ ਮੌਕਾ ਨਹੀਂ ਦੇਣਗੇ। ਉਹ ਲੁਧਿਆਣਾ ਵਿਖੇ ਵੀ ਕਵੀ ਸ਼ਰਧਾ ਰਾਮ ਫਲੌਰੀ ਦੇ 180 ਵੇਂ ਜਨਮ ਦਿਨ ਮੌਕੇ ਕਰਵਾਏ ਸਮਾਗਮ ਵਿੱਚ ਵੀ ਲਾਮ-ਲਸ਼ਕਰ ਨਾਲ ਪੁੱਜੇ।
ਵਾਹ ਜੀ ਵਾਹ! ਰਤਾ ਵਿਹਲ ਕੱਢ ਲੈਂਦੇ ਸਭਿਆਚਾਰ ਮੰਤਰੀ ਤੇ ਵੇਖ ਆਉਂਦੇ ਮੋਤੀਆ ਵਾਲੀ ਸਰਕਾਰ ਦੇ ਸ਼ਹਿਰ ਪਟਿਆਲੇ ਦਾ ਇੱਕ ਖੂੰਜਾ ਜਿਥੇ ਹਜ਼ਾਰਾਂ ਕਿਸਾਨ ਧਰਨਾ ਲਾਈ ਬੈਠੇ ਆ। ਰੁਕਣਾ ਜੀ, ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹਨਾ ਕਿਸਾਨਾਂ ਨੂੰ ਘੱਟ ਰੋਟੀ ਖਾਣ ਦੀ ਸਲਾਹ ਦੇਣ ਲੱਗ ਪਏ ਆ ਅਤੇ ਆਹ ਆਪਣੇ ਕੈਪਟਨ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਨੋਟੀਫਿਕੇਸ਼ਨ ‘ਚ ਉਲਝੇ ਪਏ ਆ ਅਤੇ ਉਧਰ ਕਿਸਾਨ ਭੁੱਖੇ ਤਿਹਾਏ ਆਪਣੀ ਕਿਸਮਤ ਨੂੰ ਰੋ ਰਹੇ ਆ ਅਤੇ ਨਾਲ ਹੀ ਰੋ ਰਹੇ ਆ ਸਰਕਾਰਾਂ ਨੂੰ! ਸਮੇਤ ਛੱਤ ‘ਤੇ ਰਹਿੰਦੀ ਵੱਡੀ ਸਰਕਾਰ ਨੂੰ।
ਵੇਖੋ ਨਾ ਪਹਿਲਾਂ ਬਾਦਲਾਂ ਕਿਸਾਨਾਂ ਦਾ ਪੀਪਾ ਮੂਧਾ ਕੀਤਾ। ਉਪਰਲਾ “ਬੱਦਲ“ ਤਾਂ ਉਹਨਾ ਨੂੰ ਬਖਸ਼ਦਾ ਹੀ ਨਹੀਂ, ਜਦੋਂ ਉਹ ਮੰਗਦੇ ਆ, “ਰੱਬਾ ਰੱਬਾ ਮੀਂਹ ਵਰ੍ਹਾ“ ਤਾਂ ਉਹ ਵਰਦਾ ਹੀ ਨਹੀਂ। ਜਦੋਂ ਚਾਹੁੰਦੇ ਨਹੀਂ ਹੁੰਦੇ ਤਾਂ ਸੱਭੋ ਕੁਝ ਸਾਫ ਕਰ ਜਾਂਦਾ ਆ ਉਪਰਲਾ ਅਤੇ ਹਾਲ ਆਪਣੀ ਮੋਤੀਆ ਵਾਲੀ ਸਰਕਾਰ ਨੇ ਵੀ ਇੰਜ ਹੀ ਕੀਤਾ ਹੋਇਆ, ਜਿਹੜੀ ਛੇ ਮਹੀਨਿਆਂ ਤੋਂ ਉਹਨਾ ਨੂੰ ਲਾਰੇ ਤੇ ਲਾਰਾ ਲਾਈ ਜਾਂਦੀ ਆ ਤੇ ਐਲਾਨ ਕਰਕੇ “ਨੱਚ ਬੱਲੀਏ, ਨੀ ਟੱਪ ਬੱਲੀਏ“ ਉਹਨਾ ਪੱਲੇ ਪਾਈ ਜਾਂਦੀ ਆ ਪਰ ਅਸਲੋਂ ਪੱਲੇ ਗੰਡੇਰੀਆ ਵੀ ਨਹੀਂ ਪਾਉਂਦੀ!
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
. “ਸ਼ਾਂਤੀ ਦੇ ਪੁੰਜ“ ਭਾਰਤ ਵਿੱਚ ਸਾਲ 2017 ਦੇ ਗਲੋਬਲ ਪੀਸ ਇੰਡੈਕਸ ਵਿੱਚ ਭਾਰਤ ਦਾ ਸਥਾਨ ਦੁਨੀਆਂ ਭਰ ਵਿੱਚ 137 ਵਾਂ ਹੈ। ਇਹ ਇੰਡੈਕਸ ਵਿੱਚ ਅਪਰਾਧ, ਆਤੰਕਵਾਦ ਅਤੇ ਹੋਰ ਸੁਰੱਖਿਆ ਮਾਣਕਾਂ ਦੇ ਅਧਾਰ ਉਤੇ ਵਿਸ਼ਵ ਸ਼ਾਂਤੀ ਸੂਚਾਂਕ ਤਿਆਰ ਕੀਤਾ ਜਾਂਦਾ ਹੈ। ਆਈਸਲੈਂਡ ਦੁਨੀਆਂ ‘ਚ ਸਭ ਤੋਂ ਵੱਧ ਸ਼ਾਂਤ ਦੇਸ਼ ਹੈ, ਉਸਤੋਂ ਬਾਅਦ ਨੀਊਜੀਲੈਂਡ, ਪੁਰਤਗਾਲ, ਅਸਟਰੇਲੀਆ, ਡੈਨਮਾਰਕ, ਆਦਿ ਦੇਸ਼ ਆਉਂਦੇ ਹਨ।
. ਇੱਕ ਮੈਡੀਕਲ ਜਨਰਲ ਦੀ ਰਿਪੋਰਟ ਮੁਤਾਬਿਕ 2016 ਵਿੱਚ ਕੁਲ ਮਿਲਾਕੇ ਪੰਜ ਸਾਲ ਤੋਂ ਘੱਟ ਉਮਰ ਦੇ 9 ਲੱਖ ਬੱਚਿਆਂ ਦੀ ਮੌਤ ਹੋਈ।
. ਸਾਲ 2017 ਵਿੱਚ 1.70 ਲੱਖ ਹਾਜ਼ੀ ਭਾਰਤ ਵਿੱਚੋਂ ਹੱਜ ਕਰਨ ਲਈ ਗਏ। ਪਾਕਿਸਤਾਨ ਵਿਚੋਂ 1.79 ਲੱਖ ਅਤੇ ਇੰਡੋਨੇਸ਼ੀਆਂ ਵਿਚੋਂ 2.21 ਲੱਖ ਲੋਕ ਹੱਜ ਲਈ ਗਏ।
ਇੱਕ ਵਿਚਾਰ
ਮਹਾਨ ਨੇਤਾ ਸਾਰੇ ਸ਼ੰਕਿਆ ਨੂੰ ਦੂਰ ਕਰਕੇ ਹਮੇਸ਼ਾ ਸਰਲ ਉਪਾਅ ਸੁਝਾਉਂਦੇ ਹਨ, ਜੋ ਸਭਨਾਂ ਨੂੰ ਸਮਝ ਆਉਣ....... ਕਲਿਨ ਪਵੇਲ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.