ਸੋਸ਼ਲ ਮੀਡੀਆ ਦੂਰ ਦੁਰਾਡੇ ਬੈਠੇ ਲੋਕਾਂ ਨੁੰ ਇੱਕ ਮੰਚ ਤੇ ਲਿਆਉਣ ਵਿੱਚ ਬਹੁਤ ਸਾਰਥਕ ਭੂਮਿਕਾ ਨਿਭਾ ਰਿਹਾ ਹੈ।ਪਰ ਇਸਨੂੰ ਵਰਤਣ ਵਾਲੇ ਕਈ ਲੋਕਾਂ ਦੀ ਨਲਾਇਕੀ ਕਾਰਨ ਬਾਰ-ਬਾਰ ਇਸ ਉੱਪਰ ਗੁੰਮਰਾਹਕੁੰਨ ਸਮੱਗਰੀ ਫੈਲਾਉਣ ਦਾ ਇਲਜ਼ਾਮ ਲੱਗਦਾ ਰਹਿੰਦਾ ਹੈ।ਹਾਲ ਹੀ ਵਿੱਚ ਭਾਰਤੀ ਲੋਕਤੰਤਰ ਅਤੇ ਨਿਆ ਪਾਲਿਕਾ ਨੇ ਜਦੋ ਸਰਸਾ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਮਸਲੇ ਦਾ ਸਾਹਮਣਾ ਕੀਤਾ ਤਾਂ ਹਾਲਾਤਾਂ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਲਿਆ ਗਿਆ, ਜੋ ਹਾਲਾਤ ਮੁਤਾਬਿਕ ਪੂਰਾ ਲਾਹੇਵੰਦ ਕਦਮ ਸੀ ।
ਭਾਰਤੀ ਲੋਕਤੰਤਰ ਵਿੱਚ ਪਹਿਲਾਂ ਹੋਰ ਰਾਜਾਂ ਵਿੱਚ ਵੀ ਕਈ ਹਿੰਸਕ ਅਤੇ ਸੰਵੇਦਨਸ਼ੀਲ ਗਤੀਵਿਧਿਆਂ ਦੌਰਾਨ ਵੀ ਇੰਟਰਨੈਟ ਸੇਵਾਵਾਂ ਠੱਪ ਕੀਤੀਆਂ ਗਈਆਂ ।ਤਣਾਅ ਭਰਪੂਰ ਹਾਲਾਤਾਂ ਵਿੱਚ ਮੁੱਦੇ ਨੂੰ ਹੋਰ ਵੀ ਸੰਗੀਨਤਾ ਤੱਕ ਲੈਕੇ ਜਾਣ ਵਾਲੇ ਪਰਦੇ ਪਿੱਛਲੇ ਲੋਕ ਤਾਂ ਭਾਵੇਂ ਜਾਣ-ਬੁੱਝ ਕੇ ਅਫਵਾਹਾਂ ਨੂੰ ਜਨਮ ਦੇ ਕੇ ਖਲਬਲੀ ਮਚਾਉਣ ਦਾ ਪੂਰਾ ਯਤਨ ਕਰਦੇ ਹਨ । ਪ੍ਰੰਤੂ ਉਸ ਤੋ ਵੀ ਜਿਆਦਾ ਖਤਰਨਾਕ ਹੈ ਸੋਸ਼ਲ ਮੀਡੀਆ ਨੂੰ ਵਰਤਣ ਵਾਲਿਆਂ ਵੱਲੋ ਭਾਵਨਾਵਾਂ ਦੇ ਹੜ੍ਹ ਵਿੱਚ ਵਹਿੰਦੇ ਹੋਏ ਕਿਸੇ ਵੀ ਗੈਰ-ਮਿਆਰੀ, ਤੱਥਹੀਣ ਗੱਲ੍ਹ ਨੂੰ ਮੀਡੀਆ ਦਾ ਰੂਪ ਦੇ ਕੇ ਕਿਸੇ ਅਕਾਊਂਟ ਤੋ ਪੋਸਟ ਕਰਨਾ ਜਾ ਵੱਟਸਐੱਪ ਇਤਿਆਦੀ ਰਾਹੀਂ ਬਾਕੀ ਲੋਕਾਂ ਤੱਕ ਪਹੁੰਚਦੀ ਕਰ ਦੇਣਾ।ਅਜਿਹੇ ਵਿੱਚ ਸਰਕਾਰ ਤੋ ਜਿਆਦਾ ਜਿੰਮੇਵਾਰੀ ਸੋਸ਼ਲ ਮੀਡੀਆ ਵਰਤਣ ਵਾਲੇ ਲੋਕਾਂ ਦੀ ਬਣ ਜਾਂਦੀ ਹੈ, ਜਿੰਨਾਂ ਨੂੰ ਚਾਹੀਦਾ ਹੈ ਕਿ ਸਬਰ ਰੱਖਦੇ ਹੋਏ ਕਿਸੇ ਵੀ ਮੁੱਦੇ ਨੂੰ ਹਵਾ ਦੇਣ ਤੋ ਪਹਿਲਾਂ ਉਸਦੇ ਤੱਥਾਂ ਦੀ ਵਾਜਿਬਤਾ ਨੂੰ ਜਰੁਰ ਸਮਝ ਲੈਣ।ਜਿਵੇਂ ਕਿ ਕੁਝ ਦਿਨ ਪਹਿਲਾਂ ਬਠਿੰਡਾ ਵਿੱਚਲੇ ਥਰਮਲ ਪਲਾਂਟ ਵਿੱਚ ਬਲਾਸਟ ਹੋਣ ਵਾਲੀ ਇੱਕ ਨਕਲੀ ਵੀਡੀਓ ਨੇ ਕਾਫੀ ਜ਼ੋਰ ਫੜ ਲਿਆ ਸੀ।ਸੋ ਕਿਸੇ ਵੀ ਫੋਟੋ, ਵੀਡੀਓ ਜਾਂ ਆੱਡੀਓ ਨੂੰ ਸਿੱਧਾ ਹੀ ਅੱਗੇ ਘੱਲ਼ਣ ਦੀ ਬਜਾਏ ਘੱਟੋ ਘੱਟ ਇੱਕ ਵਾਰ ਇਹ ਸੋਚ ਲੈਣ ਕਿ ਇਸਦਾ ਸਮਾਜ ਦੇ ਕਿਸੇ ਵਰਗ ਉੱਪਰ ਕੀ ਪ੍ਰਭਾਵ ਜਾ ਸਕਦਾ ਹੈ।ਅਜਿਹਾ ਕਰਨ ਨਾਲ ਕਿਤੇ ਗਲਤ ਜਾਂ ਹੋਸ਼ੀ ਜਾਣਕਾਰੀ ਤਾਂ ਨਹੀ ਅੱਗੇ ਜਾ ਰਹੀ।ਇਸ ਨਾਲ ਭਾਵੇਂ ਤੁਹਾਡਾ ਥੋੜਾ ਜਾ ਸਮਾਂ ਵਾਧੂ ਲੱਗੇਗਾ ਪਰ ਅਗਾਹੂੰ ਹਾਲਾਤਾਂ ਵਿੱਚ ਕਿਸੇ ਗੰਭੀਰ ਸਮੱਸਿਆਂ ਨੂੰ ਵੱਡੇ ਹੋਣ ਤੋ ਰੋਕਣ ਵਿੱਚ ਤੁਸੀਂ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ।
ਜੇ ਗੱਲ੍ਹ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੇ ਮਸਲੇ ਦੀ ਕਰੀਏ ਤਾਂ ਪੰਚਕੂਲਾ ਕੋਰਟ ਵਿੱਚ ਪੇਸ਼ੀ ਤੋ ਕਈ ਦਿਨ ਪਹਿਲਾਂ ਤੋਂ ਹੀ ਹਰ ਪਾਸਿਓ ਅਫਵਾਹਾਂ ਅਤੇ ਬੇਤੁੱਕੀਆਂ ਖਬਰਾਂ ਦਾ ਬਜ਼ਾਰ ਗਰਮ ਹੋ ਗਿਆ।ਸਭ ਤੋ ਪਹਿਲੀ ਅਫਵਾਹ ਸੀ ਕਿ ਜੋ ਨਿਆ ਪ੍ਰਣਾਲੀ ਫਰਿਜਾਂ ਵਿੱਚ ਪਏ ਇੱਕ ਬਾਬੇ ਦਾ ਮਸਲਾ ਨਹੀ ਸੁਲਝਾ ਸਕੀ ਉਹ ਕਿੱਥੋਂ ਇਸ ਸ਼ਾਹੀ ਡੇਰਾ ਮੁੱਖੀ ਦਾ ਮਸਲਾ ਸੁਲਝਾ ਲਵੇਗੀ? ਪਰ ਉਹ ਸਾਰੇ ਹੀ ਕੋਰਟ ਦੇ ਆਏ ਫੈਸਲੇ ਅਤੇ ਸਜ਼ਾ ਦੇ ਐਲਾਨ ਤੋ ਬਾਅਦ ਚ ਰੰਗ ਖਰਬੂਜੇ ਤੋਂ ਵੀਂ ਛੇਤੀ ਬਦਲਦਿਆਂ ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿੰਘ ਨੂੰ ਹੀਰੋ ਬਣਾ ਬਣਾ ਪੋਸਟਾਂ ਪਾਉਣ ਲੱਗੇ।
ਇਸ ਮਸਲੇ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਬਲਾਤਕਾਰ ਦੀਆਂ ਪੀੜਤ ਅੱਜ ਔਰਤ ਬਣ ਚੁੱਕੀਆਂ ਉਹ ਦੋਨੋ ਕੁੜੀਆਂ ਦੀ ਪਹਿਚਾਣ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ।ਪਰ ਸੋਸ਼ਲ ਮੀਡੀਆ'ਤੇ ਚਰਚਾ ਦੇ ਭੁੱਖਿਆ ਵੱਲੋ ਇੱਕ ਕੁੜੀ ਦੀ ਫੋਟੋ ਨੂੰ ਪੀੜਤ ਅਤੇ ਗਵਾਹ ਦੱਸ ਕੇ ਜੋਰਾਂ ਨਾਲ ਸਾਂਝਾ ਕੀਤਾ ਗਿਆ।ਪ੍ਰਮਾਣਿਕਤਾ ਬਾਰੇ ਕਿਹਾ ਨਹੀ ਜਾ ਸਕਦਾ ਪਰ ਜਿਸ ਵੀ ਕੁੜੀ ਦੀ ਉਹ ਫੋਟੋ ਹੈ ਉਸਦੀ ਜਾਨ ਨੂੰ ਜਰੂਰ ਖਤਰੇ ਵਿੱਚ ਜਰੂਰ ਪਾ ਦਿੱਤਾ ਗਿਆ, ਇਹਨਾਂ ਨਾ ਸਮਝਿਆ ਵੱਲੋ।
ਹੈਰਾਨੀ ਓਸ ਵਕਤ ਹਾਸੇ ਵਿੱਚ ਤਬਦੀਲ ਹੋਈ ਜਦੋ ਡੇਰਾ ਪ੍ਰਮੁੱਖ ਦੀ ਵਿਵਾਦਾਂ ਵਿੱਚ ਘਿਰੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾ ਨੂੰ ਵੀ ਸੋਸ਼ਲ ਮੀਡੀਆ ਕਰਕੁੰਨਾਂ ਨੇ ਮਰਜ਼ੀ ਨਾਲ ਸੀਬੀਆਈ ਏਜੰਟ ਐਲਾਨ ਕੇ ਸਲੂਟ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਸਾਰੀ ਦੀ ਸਾਰੀ ਜਾਂਚ ਦਾ ਸਿਹਰਾ ਇਮਾਨਦਾਰ ਅਫਸਰਾਂ ਅਤੇ ਬਹਾਦੁਰ ਪੀੜਤ ਕੁੜੀਆਂ ਨੂੰ ਦੇਣ ਦੀ ਬਜਾਏ ਹਨੀਪ੍ਰੀਤ ਨੂੰ ਹੀ ਦੇ ਦਿੱਤਾ।ਸੋਸ਼ਲ ਮੀਡੀਆ'ਤੇ ਬੈਠੇ ਵਿਹਲੜ ਡੇਰਾ ਪ੍ਰਮੁੱਖ ਦੇ ਉਤਰਾਅਧਿਕਾਰੀ ਦੇ ਐਲਾਨ ਹੋਣ ਤੱਕ ਦਾ ਵੀ ਇੰਤਜ਼ਾਰ ਨਾ ਕਰ ਸਕੇ ਜਿਸ ਲਈ ਹਨੀਪ੍ਰੀਤ ਦਾ ਨਾਮ ਵੀ ਕਾਫੀ ਅੱਗੇ ਚੱਲ ਰਿਹਾ ਹੈ ।ਜੇ ਕਿਤੇ ਅਜਿਹਾ ਹੋ ਜਾਂਦਾ ਤਾਂ ਉਸ ਲਈ ਸੋਸ਼ਲ ਮੀਡੀਆ'ਤੇ ਬੈਠੇ ਉਹ ਲੋਕ ਆਪਣੇ ਪਿਛਲੇ ਬਿਆਨ ਨੂੰ ਭੁਲਾ ਕੇ ਅਗਲੀ ਬੇਵਕੂਫੀ ਕਰਨ ਵੀ ਲਈ ਤਿਆਰ ਰਹਿੰਦੇ ।
ਨੈਤਿਕਤਾ ਅਤੇ ਸੁਰੱਖਿਆ ਦੀ ਨਜ਼ਰ ਤੋ ਇਹ ਉੱਕਾ ਹੀ ਠੀਕ ਨਹੀਂ ਹੈ ।ਸੋ ਆਪ ਸਭ ਨੂੰ ਬੇਨਤੀ ਹੈ ਕਿ ਜੇਕਰ ਤੁਹਾਡੇ ਕੋਲ ਸੋਸ਼ਲ ਮੀਡੀਆ ਰਾਹੀ ਕੋਈ ਵੀ ਫੋਟੋ, ਆਡੀਓ ਜਾਂ ਵੀਡੀਓ ਪਹੁੰਚਦੀ ਹੈ ਤਾਂ ਉਸਨੂੰ ਅੱਗੇ ਭੇਜਣ ਤੋ ਪਹਿਲਾਂ ਉਸਦੀ ਪ੍ਰਮਾਣਿਕਤਾ ਦੀ ਜਾਂਚ ਜਰੂਰ ਕਰ ਲਵੋ ।ਜੇਕਰ ਸੱਚ ਵੀ ਹੋਵੇ ਤਾਂ ਵੀ ਪਹਿਲਾਂ ਸਮਝੋ ਕਿ ਕੀ ਉਹ ਕਿਸੇ ਸਮਾਜੀ ਵਰਗ ਨੂੰ ਠੇਸ ਤਾਂ ਨਹੀ ਪਹੁੰਚਾ ਰਹੀ ।ਅਜਿਹਾ ਹੋਣ ਦੀ ਹਾਲਤ ਵਿਚ ਵੀ ਸਾਮੱਗਰੀ ਅੱਗੇ ਨਾ ਭੇਜੋਂ। ਜੇਕਰ ਪਿਛਲੇ ਦਿਨਾਂ ਵਿੱਚ ਤੁਸੀ ਅਜਿਹੀ ਨਾਸਮਝੀ ਕੀਤੀ ਵੀ ਹੈ ਤਾਂ ਵੀ ਹੁਣੇ ਹੀ ਆਪਣੇ ਅਕਾਊਂਟ ਤੋ ਉਸ ਕੂੜ ਪ੍ਰਚਾਰ ਨੁੰ ਹਟਾਓ।
ਧੰਨਵਾਦ ਸਹਿਤ।
ਜਸਪ੍ਰੀਤ ਸਿੰਘ, ਬਠਿੰਡਾ
99886-46091
-
ਜਸਪ੍ਰੀਤ ਸਿੰਘ, ਲੇਖਕ
jaspreetae18@gmail.com
99886-46091
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.