22 ਸਤੰਬਰ 2017 ਨੂੰ ਰਿਲੀਜ਼ ਹੋਈ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ਨਿੱਕਾ ਜੈਲਦਾਰ-2 ਉਸਦੀ ਪਹਿਲੀ ਫ਼ਿਲਮ ਨਿੱਕਾ ਜੈਲਦਾਰ ਦਾ ਸੀਕੂਅਲ ਹੈ।ਇਸਦੀ ਕਹਾਣੀ, ਸਕਰਿਪਟ ਅਤੇ ਡਾਇਲਾਗ ਜਗਦੀਪ ਸਿੱਧੂ ਵੱਲੋਂ ਲਿਖੇ ਗਏ ਹਨ। ਫ਼ਿਲਮ ਵਿੱਚ ਲੀਡ ਅਦਾਕਾਰ ਦਾ ਰੋਲ ਐਮੀ ਵਿਰਕ, ਸੋਨਮ ਬਾਜਵਾ, ਵਾਮਿਕਾ ਗੱਬੀ ਵੱਲੋਂ ਨਿਭਾਏ ਗਏ ਹਨ। ਫ਼ਿਲਮ ਦੀ ਕਹਾਣੀ ਇੱਕ ਕਾਲਪਨਿਕ ਵਿਸ਼ੇ ਦੁਆਲੇ ਘੁੰਮਦੀ ਹੈ ਜਿਸਨੇ ਇੱਕ ਪਾਜ਼ੀਟਿਵ ਮੈਸੇਜ ਦੇਣ ਲਈ ਤਿੰਨ ਘਰ ਪੱਟਣ ਦੀ ਨੈਗੇਟਿਵ ਕੋਸ਼ਿਸ਼ ਵੀ ਨਾਲ ਹੀ ਕੀਤੀ ਹੈ। ਦਿਮਾਗ ਤੇ ਡੂੰਘਾ ਜ਼ੋਰ ਪਾ ਕੇ ਵੀ ਇਸਦੀ ਸਕਰਿਪਟ ਸਮਝਣ ਵਿਚ ਦਰਸ਼ਕ ਅਸਮਰੱਥ ਮਹਿਸੂਸਦਾ ਹੈ। ਫ਼ਿਲਮ ਦੀ ਸ਼ੁਰੂਆਤ ਵਿੱਚ ਨਿੱਕੇ (ਐਮੀ) ਨੂੰ ਸਾਵਨ (ਵਾਮਿਕਾ ਗੱਬੀ) ਨਾਲ ਪਿਆਰ ਹੈ।ਵਾਮਿਕਾ ਸਕੂਲ ਅਧਿਆਪਕ ਦਿਖਾਈ ਗਈ ਹੈ ਜਿਸ ਨੂੰ ਨਿੱਕਾ ਆਪਣੇ ਭਤੀਜੇ (ਬਲਕਰਨ, ਚੇੜ ਨਾਲ ਰੱਖਿਆ ਨਾਮ ਡਾਕਟਰ) ਰਾਹੀਂ ਰੋਜ਼ ਮਿਲਣ ਜਾਂਦਾ ਹੈ।ਰੋਜ਼ ਉਸਨੂੰ ਦੂਰ ਵਾਲੇ ਸਕੂਲ ਵਿੱਚ ਛੱਡਣ ਦੇ ਬਹਾਨੇ ਨਾਲ ਓਹ ਬੱਚੇ ਦੇ ਆਸਰੇ ਆਪਣੇ ਚੋਹਲ-ਮੋਹਲ ਕਰਦਾ ਨਜ਼ਰੀਂ ਪੈਂਦਾ ਹੈ।ਇਸ ਬਾਰੇ ਬੱਚੇ ਨੂੰ ਪਤਾ ਵੀ ਹੈ ਪਰ ਉਸਨੂੰ ਚੁੱਪ ਰਹਿਣ ਦੇ ਲਈ ਪਰਮਲ/ਮਰੂੰਡੇ ਦੀ ਰਿਸ਼ਵਤ ਦਿੱਤੀ ਜਾਂਦੀ ਹੈ।ਏਸ ਦੇ ਇਵਜ਼ 'ਚ ਬੱਚਾ ਉਹਨਾਂ ਦੇ ਪਿਆਰ ਵਿੱਚ ਇਕਲੌਤਾ ਗਵਾਹ ਅਤੇ ਵਿਚੋਲਾ ਬਣਦਾ ਹੈ। ਉਹ ਬਿਨ੍ਹਾਂ ਨਾਗਾ ਚਿੱਠੀਆਂ ਏਧਰ-ਓਧਰ ਭੇਜਣ ਦੀ ਜ਼ਿੰਮੇਵਾਰੀ ਚੁੱਕਦਾ ਹੈ ਅਤੇ ਬਦਲੇ ਵਿੱਚ ਅਧਿਆਪਕ ਬਣੀ ਸਾਵਣ ਤੋਂ ਆਪਣੀ ਕਲਾਸਮੇਟ ਚਰਨੋ ਨਾਲ ਬੈਠਣ ਦੀ ਮੰਗ ਵੀ ਨਿਸੰਗ ਹੋ ਕੇ ਪੂਰੀ ਕਰਾਉਂਦਾ ਹੈ।
ਕਹਾਣੀ ਅੱਗੇ ਟੁਰਦੀ ਹੈ ਤਾਂ ਸਾਵਣ ਦੇ ਭਰਾ ਚਮਕੌਰ (ਬੰਨੀ ਢਿੱਲੋਂ) ਲਈ ਕੁੜੀ ਦੇਖਣ ਦੀ ਗੱਲ ਉਹ ਨਿੱਕੇ ਨੂੰ ਦੱਸਦੀ ਹੈ। ਨਿੱਕੇ ਨੂੰ ਪਤਾ ਲੱਗਣ ਤੇ ਕਿ ਉਹ ਉਸਦੇ ਦਾਦੀ ਦੇ ਪੇਕਿਆਂ ਵਿੱਚੋਂ ਰਿਸ਼ਤਾ ਲਿਆ ਰਹੇ ਨੇ ਤਾਂ ਉਹ ਆਪਣੀ ਦਾਲ ਗਾਲ਼ਣ ਦਾ ਮਾਰਾ ਜਿੱਥੇ ਸਾਵਣ ਦੇ ਭਰਾ ਦਾ ਰਿਸ਼ਤਾ ਧੱਕੇ ਨਾਲ ਰੂਪ (ਸੋਨਮ ਬਾਜਵਾ) ਨਾਲ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਉੱਥੇ ਆਪਣੇ ਆਪ ਨੂੰ ਸਾਵਣ ਦੇ ਘਰਦਿਆਂ ਦੀ ਨਿਗ੍ਹਾ 'ਚ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਹੈ।ਉਹ ਆਪਣੇ ਪਲੈਨ ਵਿੱਚ ਲਗਭਗ ਸਫ਼ਲ ਹੋਣ ਹੀ ਵਾਲਾ ਹੁੰਦਾ ਕਿ ਅੱਗੋਂ ਕਹਾਣੀ ਵਿੱਚ ਜ਼ਬਰਦਸਤ ਮੋੜ ਆਉਂਦੈ। ਨਿੱਕੇ ਦੇ ਪਲੈਨ ਦੇ ਬਿਲਕੁਲ ਉਲਟ ਟਵਿਸਟ ਆਉਂਦਾ ਹੈ ਜਦੋਂ ਰੂਪ ਦੇ ਸਹੁਰਿਆਂ ਵੱਲੋਂ ਮੋਟਰ ਸਾਈਕਲ ਮੰਗ ਲਿਆ ਜਾਂਦਾ ਹੈ। ਇਸਤੇ ਉਸਦੀ ਦਾਦੀ (ਗੁਰਪ੍ਰੀਤ ਭੰਗੂ) ਨਾਰਾਜ਼ਗੀ ਜ਼ਾਹਿਰ ਕਰਦੀ ਹੈ ਕਿ ਅੱਜ ਬੰਬੂਕਾਟ ਮੰਗਣ ਵਾਲਿਆਂ ਦਾ ਘਰ, ਕੱਲ੍ਹ ਅਸੀਂ ਕਿੱਦਾਂ ਭਰਾਂਗੇ? ਸੋ, ਉਹ ਖੜ੍ਹੇ ਪੈਰ ਰਿਸ਼ਤਾ ਤੋੜਨ ਲਈ ਕਹਿ ਕੇ ਨਿੱਕੇ ਨੂੰ ਬਿਨ੍ਹਾਂ ਦੱਸੇ ਉਸਦੀ ਦਾਦੀ ਤੋਂ ਨਿੱਕੇ ਦੇ ਵਿਆਹ ਲਈ ਸਹਿਮਤੀ ਲੈ ਲੈਂਦੀ ਹੈ।ਦਾਦੀ (ਨਿਰਮਲ ਰਿਸ਼ੀ) ਜਿਸਨੇ ਪੂਰੇ ਘਰ ਵਿੱਚ ਧਾਂਕ ਜਮਾਈ ਹੋਈ ਹੈ ਉਹ ਨਿੱਕੇ ਤੋਂ ਬਿਨ੍ਹਾਂ ਪੁੱਛੇ-ਦੱਸੇ ਉਸਨੂੰ ਵਿਆਹ ਲਈ ਤਿਆਰ ਕਰ ਲੈਂਦੀ ਹੈ। ਨਿੱਕਾ ਦਾਦੀ ਦੇ ਰੋਹਬ ਅੱਗੇ ਚੁੱਪ ਰਹਿ ਜਾਂਦੈ ਪਰ ਵਿਆਹ ਕਰਵਾ ਕੇ ਵੀ ਰੂਪ ਨੂੰ ਆਪਣੀ ਘਰਵਾਲੀ ਨਹੀਂ ਮਹਿਸੂਸਦਾ।
ਏਧਰ ਸਾਵਨ ਨੂੰ ਓਸੇ ਬੱਚੇ ਤੋਂ ਇੱਕ ਦਿਨ ਪਤਾ ਲੱਗ ਜਾਂਦੈ ਕਿ ਨਿੱਕੇ ਨੇ ਵਿਆਹ ਕਰਾ ਲਿਆ ਹੈ ਜਿਸਤੇ ਉਹ ਬਹੁਤ ਕਲ਼ਪਦੀ ਹੈ। ਉਹ ਨਿੱਕੇ ਨੂੰ ਮਿਲਦੀ ਹੈ ਅਤੇ ਸਾਰੀ ਗੱਲ ਪਤਾ ਕਰ ਕੇ ਵੀ ਜ਼ਿੱਦ ਕਰਦੀ ਹੈ ਕਿ ਉਹ ਓਸੇ ਨਾਲ ਹੀ ਵਿਆਹ ਕਰਵਾਏ।ਨਿੱਕੇ ਦੇ ਕਹਿਣ ਤੇ ਕਿ ਉਹਨਾਂ ਨੇ ਵਿਆਹ ਦੇ ਬਾਵਯੂਦ ਵੀ ਇੱਕ-ਦੂਜੇ ਨੂੰ ਪਤੀ-ਪਤਨੀ ਨਹੀਂ ਸਵੀਕਾਰਿਆ ਤਾਂ ਉਹ ਅੱਗੋਂ ਹੋਰ ਕਹਿੰਦੀ ਹੈ ਕਿ ਏਹ ਗੱਲ ਉਹ ਉਸਦੀ ਪਤਨੀ ਦੇ ਮੂੰਹੋਂ ਸੁਣ ਕੇ ਰਹੇਗੀ। ਸ਼ਸ਼ੋਪੰਜ 'ਚ ਫ਼ਸਿਆ ਆਖ਼ਿਰ ਇੱਕ ਦਿਨ ਉਹ ਰੂਪ ਨੂੰ ਦੱਸ ਦਿੰਦੈ ਕਿ ਉਹ ਓਸਦੀ ਪਹਿਲਾਂ ਬਣਨ ਵਾਲੀ ਨਣਾਨ ਸਾਵਣ ਨਾਲ ਰਿਸ਼ਤਾ ਕਰਾਉਣਾ ਚਾਹੁੰਦਾ ਸੀ ਪਰ ਉਹ ਉਹਦੇ ਨਾਲ ਧੱਕੇ ਨਾਲ ਹੀ ਵਿਆਹਿਆ ਗਿਆ। ਉਹ ਹੁਣ ਸਾਵਣ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਅਤੇ ਉਸਨੂੰ ਏਹ ਕਹਿਣ ਲਈ ਵੀ ਤਿਆਰ ਕਰਦੈ ਕਿ ਉਹ ਦੂਜੀ ਕੁੜੀ ਨੂੰ ਦੱਸੇ ਕਿ ਸਾਡੇ ਵਿੱਚ ਕੋਈ ਪਤੀ-ਪਤਨੀ ਵਾਲਾ ਰਿਸ਼ਤਾ ਨਹੀਂ। ਰੂਪ ਏਸ ਗੱਲ ਲਈ ਅਣਮੰਨਿਆਂ ਹੋਇਆ ਵੀ ਨਿੱਕੇ ਦੀ ਏਸ ਬਚਕਾਨੀ ਹਰਕਤ ਤੇ ਹਾਮੀ ਭਰਦੀ ਹੈ ਕਿ ਉਹ ਦੂਜੀ ਘਰਵਾਲੀ ਲਈ ਕੁਝ ਵੀ ਨਹੀਂ ਕਹੇਗੀ।ਦਹੇਜ ਦੀ ਮੰਗ ਤੋਂ ਹੋਏ ਹੰਗਾਮੇ ਵੇਲੇ ਰੱਖੀ ਇੱਜ਼ਤ ਦੇ ਅਹਿਸਾਨ ਵਜੋਂ ਉਹ ਨਿੱਕੇ ਨੂੰ ਕੁਝ ਨਹੀਂ ਕਹਿੰਦੀ।
ਦੂਜੇ ਪਾਸੇ ਓਸ ਲਈ ਆਪਣਾ ਘਰਵਾਲਾ ਵੰਡਣ ਦਾ ਦਰਦ ਉਹ ਆਪਣੇ ਅੰਦਰ ਸਮਾ ਕੇ ਹੀ ਰੋਂਦੀ ਰਹਿੰਦੀ ਹੈ। ਨਿੱਕੇ ਨੂੰ ਏਸ ਗੱਲ ਦਾ ਅੰਦਾਜ਼ਾ ਨਹੀਂ ਹੁੰਦਾ ਸਗੋਂ ਉਹ ਸਵਾਰਥਪੁਣੇ ਵਿੱਚ ਦੂਜੇ ਵਿਆਹ ਲਈ ਸਾਰੇ ਪਰਿਵਾਰ ਨੂੰ (ਰੂਪ) ਰਾਹੀਂ ਮਨਾ ਲੈਂਦਾ ਹੈ ਅਤੇ ਗੱਲ ਬਣਾਈ ਜਾਂਦੀ ਹੈ ਕਿ ਰੂਪ ਮਾਂ ਨਹੀਂ ਬਣ ਸਕਦੀ। ਰੂਪ ਦਿਲ ਤੇ ਪੱਥਰ ਰੱਖ ਕੇ ਆਪਣੇ ਹੀ ਘਰਵਾਲੇ ਦੇ ਦੂਜੇ ਵਿਆਹ ਦੀਆਂ ਤਿਆਰੀਆਂ ਕਰਦੀ ਹੈ। ਨਿੱਕਾ ਸਭ ਸਥਿਤੀ ਨੂੰ ਓਝਲ ਕਰਕੇ ਸਾਵਨ ਨੂੰ ਵਿਹਾਉਣ ਜਾਂਦਾ ਹੈ।ਉਸਦਾ ਦਾਦਾ ਗੁਰਦਿੱਤ ਸਿੰਘ (ਸਰਦਾਰ ਸੋਹੀ) ਵੀ ਖੁਸ਼ ਹੈ ਕਿ ਹੁਣ ਉਹ ਆਪਣੇ ਪੋਤੇ ਨਿੱਕੇ ਦੇ ਵਿਆਹ ਤੇ ਸਦੀਕ ਦਾ ਅਖਾੜਾ ਲਵਾ ਸਕੇਗਾ। ਦੂਜੇ ਪਾਸੇ ਸਭ ਰਸਮਾਂ ਨਿਭਾ ਕੇ ਸਾਵਨ ਦੇ ਘਰ ਵਿਆਹੁਣ ਆਏ ਨੂੰ ਓਸੇ ਦਾ ਸਰਵ੍ਹਾਲਾ ਬਣੇ ਬੱਚੇ (ਡਾਕਟਰ) ਦੇ ਮੂੰਹੋਂ ਸੁਣੀ ਰੂਪ ਦੇ ਦੁੱਖ ਦੀ ਗੱਲ ਉਸਦਾ ਮਨ ਪਸੀਜ ਦਿੰਦੀ ਹੈ । ਉਹ ਓਥੇ ਹੀ ਬਰਾਤ ਵਿੱਚੋਂ ਉੱਠ ਕੇ ਸਾਵਣ ਨੂੰ ਮਿਲਣ ਜਾਂਦਾ ਹੈ ਅਤੇ ਉਸਨੂੰ ਵਿਆਹ ਤੋਂ ਮਨ੍ਹਾ ਕਰਦਾ ਹੈ। ਸਗੋਂ ਉਸਦੀ ਗੱਲ ਸੁਣੇ ਬਿਨ੍ਹਾਂ ਹੀ ਉੱਥੋਂ ਜਾਨ ਬਚਾ ਕੇ ਚੋਰੀਓਂ ਵਾਪਿਸ ਵੀ ਆ ਜਾਂਦਾ ਹੈ।ਉਹ ਮੁੜ ਰੂਪ ਨੂੰ ਅਪਣਾਉਂਦਾ ਹੈ ਅਤੇ ਉਸਤੋਂ ਮੁਆਫ਼ੀ ਮੰਗਦੈ ਕਿ ਉਹ ਉਸਨੂੰ ਅੱਗੋਂ ਤੋਂ ਕਦੇ ਵੀ ਛੱਡ ਕੇ ਨਹੀਂ ਜਾਵੇਗਾ।
ਦੂਜੇ ਪਾਸੇ ਪਹਿਲਾਂ ਭਰਾ ਚਮਕੌਰ ਅਤੇ ਮੁੜ ਸਾਵਣ ਦਾ ਆਪਣਾ ਘਰ ਟੁੱਟਣ ਤੋਂ ਬਾਅਦ ਉਸਦੀ ਜ਼ਿੰਦਗੀ ਨੂੰ ਰਾਹ ਦੇਣ ਲਈ ਕਹਾਣੀ ਵਿੱਚ ਸਹੂਲੀਅਤ ਦੇ ਕੇ ਵਰਿੰਦਰ (ਸ਼ੈਰੀ ਮਾਨ) ਦਾ ਕਿਰਦਾਰ ਘੜਿਆ ਗਿਆ ਹੈ। ਜੋ ਹਾਰੀ ਦਾ ਨਿਆਂ ਕਰਦਾ ਹੋਇਆ ਸਾਵਣ (ਵਾਮਿਕਾ ਗੱਬੀ) ਨੂੰ ਅਪਣਾਉਣ ਦੀ ਗੱਲ ਕਰਦੈ। ਇੰਝ ਯਥਾਰਥ ਤੋਂ ਕਾਫ਼ੀ ਪਰ੍ਹੇ ਇਹ ਕਹਾਣੀ ਸਮਾਪਤੀ ਵੱਲ ਹੋ ਟੁਰਦੀ ਹੈ।ਬੜੇ ਹੀ ਲਿੱਪੇ-ਪੋਚੇ ਤਰੀਕੇ ਨਾਲ ਇੱਕਾ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਵਿੱਚ ਲੀਡ ਕਿਰਦਾਰ ਨੂੰ ਸਾਰੀ ਕਹਾਣੀ ਤੇ ਡਾਮੀਨੇਟਡ ਕਰ ਕੇ ਦੋ ਘਰ, ਦੋ ਜ਼ਿੰਦਗੀਆਂ ਉਜਾੜਨ ਦੀ ਕੋਸ਼ਿਸ਼ ਸਾਫ਼ ਦਿਖਦੀ ਹੈ।ਬੜੀ ਤ੍ਰਾਸਦੀ ਹੈ ਕਿ ਸਕਰੀਨਪਲੇ ਲਿਖਣ ਵੇਲੇ ਸਿਰਫ਼ ਕਮਰਸ਼ੀਅਲ ਐਂਗਲ ਹੀ ਦੇਖਿਆ ਗਿਆ ਹੈ। ਆਮ ਦਰਸ਼ਕ ਲਈ ਇਹ ਸਿਰਫ਼ ਕੁਝ ਦੇਰ ਦਾ ਇੰਟਰਟੇਨਮੈਂਟ ਹੈ ਪਰ ਉਹ ਠੱਗਿਆ ਹੋਇਆ ਵੀ ਮਹਿਸੂਸ ਕਰੇਗਾ। ਹੈਰਾਨੀ ਏਸ ਗੱਲ ਦੀ ਹੈ ਕਿ ਦਰਸ਼ਕਾਂ ਨੂੰ ਜੋ ਵੀ ਚਾਹੋ ਪਰੋਸ ਦੇਣ ਦਾ ਮਕਸਦ ਪੂਰਾ ਕਰਦਿਆਂ ਕਾਲਪਨਿਕਤਾ ਏਨੀ ਭਾਰੂ ਹੈ ਕਿ ਸਮਝਦਾਰ ਬੰਦੇ ਦੇ ਗੱਲ ਗਲੇ ਨਹੀਂ ਉੱਤਰਦੀ। ਮਸਲਨ ਇੱਕ ਬੰਦੇ ਨੇ ਕਿਸੇ ਦਾ ਘਰ ਦੋ ਵਾਰੀ ਪੱਟ ਦਿੱਤਾ ਹੋਵੇ ਤਾਂ ਕੀ ਓਸ ਨੂੰ ਓਥੇ ਹੱਥ ਲਵਾਉਣ ਵਾਲਾ ਕੋਈ ਨਹੀਂ ਸੀ? ਦੂਜੇ ਪਾਸੇ ਇੱਕ ਅਧਿਆਪਕਾ ਹੋਣ ਨਾਤੇ ਕਿਰਦਾਰ ਸਾਵਨ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਕਿ ਉਹ ਜ਼ਿੱਦ ਕਰਨ ਦੀ ਬਜਾਇ ਸਥਿਤੀ ਨੂੰ ਸਮਝਦੀ ਤੇ ਸਾਰਥਕ ਹੱਲ ਕੱਢਦੀ?
ਇਸਦੇ ਉਲਟ ਉਹ ਇੱਕ ਔਰਤ ਹੋ ਕੇ ਦੂਜੀ ਔਰਤ ਦੀ ਮਜਬੂਰੀ ਦਾ ਫ਼ਾਇਦਾ ਚੁੱਕ ਕੇ ਨਜ਼ਾਇਜ਼ ਦਖ਼ਲ-ਅੰਦਾਜ਼ੀ ਨਾਲ ਰਿਸ਼ਤਾ ਜੋੜਨ ਦੀ ਕੋਸ਼ਿਸ਼ ਵੀ ਕਰਦੀ ਹੈ।ਏਸੇ ਤਰ੍ਹਾਂ ਸਕੂਲ ਵਿੱਚ ਸਿਰਜਿਆ ਆਸ਼ਕਨੁਮਾ ਮਾਹੌਲ਼ ਭਲਾ ਬੱਚਿਆਂ ਨੂੰ ਕੀ ਸੁਨੇਹਾ ਦੇ ਰਿਹੈ? ਅਧਿਆਪਕਾਂ ਨੂੰ ਆਪਣੇ ਫ਼ਨ ਖ਼ਾਤਿਰ ਇੱਕ-ਦੂਜੇ ਤੇ ਲਾਇਨਾਂ ਮਾਰਦੇ ਦਿਖਾ ਕੇ ਘੜੀ ਕੁ ਦੇ ਹਾਸੇ ਨਾਲ ਫ਼ਿਲਮ ਤਾਂ ਪੈਸਾ ਕਮਾ ਲਵੇਗੀ ਪਰ ਦਰਸ਼ਕ ਕੀ ਅਸਰ ਕਬੂਲਣਗੇ? ਏਹ ਸ਼ਾਇਦ ਸੋਚਿਆ ਨਹੀਂ ਗਿਆ? ਮੇਰੇ ਖ਼ਿਆਲ ਨਾਲ ਵਾਮਿਕਾ ਨੂੰ ਅਧਿਆਪਕ ਦੀ ਥਾਏਂ ਕੋਈ ਹੋਰ ਕਿਰਦਾਰ ਦਿੱਤਾ ਜਾਂਦਾ ਤਾਂ ਠੀਕ ਸੀ ਅਤੇ ਏਸ ਨਾਲ ਕਹਾਣੀ ਕੁਝ ਸੱਚ ਦੇ ਨੇੜੇ ਵੀ ਰਹਿੰਦੀ।
ਅਦਾਕਾਰੀ ਪੱਖੋਂ ਸਾਰੇ ਅਦਾਕਾਰਾਂ ਅਤੇ ਸਹਿ ਅਦਾਕਾਰਾਂ (ਰਾਣਾ ਰਣਬੀਰ, ਪਰਕਾਸ਼ ਗਾਧੂ, ਗੁਰਮੀਤ ਸਾਜਨ, ਅਨੀਤਾ ਦੇਵਗਨ, ਮਲਕੀਤ ਰੌਣੀ, ਪਰਮਿੰਦਰ ਗਿੱਲ, ਪ੍ਰਿੰਸ ਕੇ.ਜੇ ਸਿੰਘ, ਭਾਰਤੀ ਦੱਤ) ਨੇ ਵਧੀਆ ਰੋਲ ਨਿਭਾਏ ਨੇ।ਫ਼ਿਲਮ ਵਿੱਚ ਤੀਆਂ ਦੇ ਦ੍ਰਿਸ਼ ਰਾਹੀਂ ਨਜਾਇਜ਼ ਫ਼ਿਲਮ ਨੂੰ ਖਿੱਚਿਆ ਗਿਆ ਹੈ ਜਦਕਿ ਦਾਜ ਮੰਗਣ ਵੇਲੇ ਦੇ ਤਬਦੀਲੀਪੂਰਵਕ ਦ੍ਰਿਸ਼ ਏਨੇ ਛੋਟੇ ਸੀ ਜਿਵੇਂ ਘਰਦਿਆਂ ਨੂੰ ਅਫ਼ਸੋਸ ਘੱਟ ਤੇ ਰਿਸ਼ਤਾ ਤੋੜਨ ਦੀ ਕਾਹਲੀ ਜ਼ਿਆਦਾ ਹੋਵੇ।ਏਸੇ ਤਰ੍ਹਾਂ ਫ਼ਿਲਮ ਵਿੱਚ ਵਰਤੇ ਗਏ ਦੋ ਸ਼ਬਦ 'ਯਾਰ ਅਤੇ ਬੁੱਗੀ' ਘਰਵਾਲੀਆਂ ਲਈ ਪੁਰਾਣੇ ਸਮੇਂ ਵਿੱਚ ਕਿੱਥੇ ਵਰਤੇ ਜਾਂਦੇ ਸੀ? ਤਕਨੀਕੀ ਪੱਖੋਂ ਆਰਟ ਡਾਇਰੈਕਸ਼ਨ ਵਿੱਚ ਵੀ ਕਈ ਗਲਤੀਆਂ ਸਾਹਮਣੇ ਆਉਂਦੀਆਂ ਨੇ। ਉਦਾਹਰਨ ਵਜੋਂ ਸ਼ੂਟਿੰਗ ਲੋਕੇਸ਼ਨ ਨੂੰ ਤਾਂ ਕੱਚੀ ਮਿੱਟੀ ਨਾਲ ਲਿਪਵਾ ਕੇ ਪੁਰਾਣਾ ਘਰ ਬਣਾ ਕੇ ਪੇਸ਼ ਕਰ ਦਿੱਤਾ ਗਿਆ ਪਰ ਪਾਇਲੇਟ ਸ਼ਾਟ ਵਿੱਚ ਆਲੇ-ਦੁਆਲੇ ਦੇ ਸੀਮੈਂਟਡ ਘਰ ਅਤੇ ਪਿੱਲਰ ਸਾਫ਼ ਦਿਖ ਰਹੇ ਨੇ।ਤਾਜ਼ੀਆਂ ਲਿੱਪੀਆਂ ਕੰਧਾਂ ਅਤੇ ਹੇਠੋਂ ਦਿਖਦਾ ਪਲੱਸਤਰ, ਫ਼ਿਲਮ ਵਿੱਚੋਂ ਓਰਿਜੀਨੈਲਿਟੀ ਅਤੇ ਫ਼ਿਲਮ ਤੋਂ ਬਾਹਰ ਆਰਟ ਡਾਇਰੈਕਟਰ ਦੀ ਸੂਝ ਦੀ ਪੂਰੀ ਫ਼ੱਟੀ ਪੋਚ ਰਹੀਆਂ ਨੇ।
ਕਾਸਟਿਊਮ ਡਿਜ਼ਾਈਨਰ ਨੇ ਵੀ ਪੁਰਾਣੇ ਸਮੇਂ ਦੇ ਕੱਪੜੇ ਬਣਾਉਣ ਲਈ ਨਵੇਂ ਜ਼ਮਾਨੇ ਦੇ ਕੱਪੜਿਆਂ ਨੂੰ ਹੀ ਗੋਟੇ ਲਗਵਾ ਦਿੱਤੇ ਜਦਕਿ ਆਰੀ ਦੀ ਕਢਾਈ ਘੱਗਰਿਆਂ ਦੇ ਜ਼ਮਾਨੇ 'ਚ ਕਦੋਂ ਸੀ? ਏਸੇ ਤਰ੍ਹਾਂ ਸਾਰੀ ਫ਼ਿਲਮ ਵਿੱਚ ਨਿੱਕੇ ਨੂੰ ਹੀਰੋ ਦਿਖਾਉਣ ਲਈ ਓਸਦੇ ਕੱਪੜੇ ਸਪੈਸ਼ਲ ਮੋਢਿਆਂ ਤੇ ਤੁੱਕੀਆਂ ਲਗਵਾ ਕੇ ਬਣਾਏ ਗਏ ਜੋ ਕਿ ਉਦੋਂ ਦਾ ਰਿਵਾਜ਼ ਨਹੀਂ ਸੀ। ਵਿਸ਼ੇਸ਼ ਤੌਰ ਤੇ ਮੁਹੰਮਦ ਸਦੀਕ ਦੇ ਗੀਤ ਨੂੰ ਫ਼ਿਲਮਾਉਣ ਸਮੇਂ ਐਮੀ ਵਿਰਕ ਦੇ ਕਾਲੇ ਰੰਗ ਦੀ ਜੀਨ ਪਾਈ ਵੀ ਦੇਖੀ ਜਾ ਸਕਦੀ ਹੈ। ਫ਼ਿਲਮ ਵਿੱਚ ਇੱਕ ਦ੍ਰਿਸ਼ 'ਚ ਜਦੋਂ ਰੂਪ ਦੀ ਦਾਦੀ ਉਸਨੂੰ ਦੱਸਣ ਆਉਂਦੀ ਹੈ ਕਿ ਹੁਣ ਉਸਦਾ ਵਿਆਹ ਨਿੱਕੇ ਨਾਲ ਹੋਣੈ ਤਾਂ ਪਰਾਂਦਿਆਂ ਦੇ ਜ਼ਮਾਨੇ ਵਿੱਚ ਓਥੇ ਇੱਕ ਕੁੜੀ ਪੋਨੀ ਕਰੀ ਵੀ ਦਿਖਾਈ ਦਿੰਦੀ ਹੈ ਜਿਸਦਾ ਫ਼ਿਲਮਾਂਕਣ ਵੇਲੇ ਧਿਆਨ ਰੱਖਿਆ ਜਾਣਾ ਚਾਹੀਦਾ ਸੀ।ਜੇ ਬੈਕਗ੍ਰਾਊਂਡ ਸਕੋਰ ਦੀ ਗੱਲ ਕੀਤੀ ਜਾਵੇ ਤਾਂ ਏਹ ਕੁਝ ਕੁ ਥਾਵਾਂ ਨੂੰ ਛੱਡ ਕੇ ਫ਼ਿਲਮ ਦੇ ਸਮੇਂ ਅਨੁਸਾਰ ਬਿਲਕੁਲ ਨਹੀਂ ਸੀ। ਫ਼ਿਲਮ ਨਿੱਕਾ ਜੈਲਦਾਰ ਵਿੱਚ ਰੱਬ ਦਾ ਰੇਡੀਓ ਫ਼ਿਲਮ ਵਾਗੂੰ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਦਾ ਪੁਰਾਣਾ ਗੀਤ "ਜੱਟੀ ਮਿਲੀ ਜੱਟ ਨੂੰ ਪਤੰਗ ਵਰਗੀ" ਫ਼ਿਲਮਾਇਆ ਗਿਆ ਹੈ। ਫ਼ਿਲਮ ਵਿੱਚ ਲਏ ਗੀਤ ਸਿਚੂਏਸ਼ਨਲ ਅਤੇ ਸੁਹਣੇ ਨੇ ਪਰ ਸਾਰੀ ਫ਼ਿਲਮ ਵਿੱਚੋਂ ਫ਼ੀਲ ਵਾਲਾ ਗੀਤ, ਗੀਤਕਾਰ ਅਤੇ ਗਾਇਕ ਵੀਤ ਬਲਜੀਤ ਦਾ ਗੀਤ 'ਮਹਿੰਦੀ' ਹੈ। ਇੱਕ ਲਾਈਨ ਵਿੱਚ ਕਿਹਾ ਜਾਵੇ ਤਾਂ ਉਹ ਇੱਕੋ ਗੀਤ ਪੂਰੀ ਫ਼ਿਲਮ ਦਾ ਥੀਮ ਬਿਆਂ ਕਰਦਾ ਹੈ।
ਸਭ ਤੋਂ ਜ਼ਰੂਰੀ ਨੋਟਿਸ ਕੀਤੀ ਜਾਣ ਵਾਲੀ ਗੱਲ ਹੈ ਕਿ ਨਿੱਕੇ ਜੈਲਦਾਰ ਦੀ ਬਰਾਤ ਵਿੱਚ ਵਜਾਇਆ ਮਿਊਜ਼ਿਕ ਗੀਤ "ਗੁਲਾਬੀ ਆਂਖੇਂ" 1970 ਵਿੱਚ ਆਈ ਫ਼ਿਲਮ 'ਦ ਟਰੇਨ' ਵਿੱਚ ਪਹਿਲੀ ਵਾਰ ਗਾਇਆ ਗਿਆ ਸੀ ਜਦਕਿ ਫ਼ਿਲਮ ਵਿੱਚ ਇਹ ਗੀਤ ਬੈਂਡ ਵਾਲੇ 1960 ਦੇ ਜ਼ਮਾਨੇ 'ਚ ਵਜਾ ਰਹੇ ਹਨ। ਨਿਰਦੇਸ਼ਕ ਨੂੰ ਏਸ ਗੱਲ ਤੇ ਪੈਰਵਾਈ ਕਰਨੀ ਚਾਹੀਦੀ ਸੀ।ਏਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਨਿਰਦੇਸ਼ਕ ਸਿਮਰਜੀਤ ਵੱਲੋਂ ਫ਼ਿਲਮ ਨਿੱਕਾ ਜੈਲਦਾਰ-2 ਦੇ ਰੂਪ ਵਿੱਚ ਕੀਤੀ ਏਹ ਕੋਸ਼ਿਸ਼ ਲਗਭਗ ਕਮਰਸ਼ੀਅਲ ਹੋ ਨਿੱਬੜੀ ਹੈ। ਦਰਸ਼ਕਾਂ ਨੇ ਇੱਕ ਵਾਰ ਓਸ ਲਈ ਪੈਸੇ ਖਰਚ ਦਿੱਤੇ ਤਾਂ ਕੋਈ ਗੱਲ ਨਹੀਂ ਪਰ ਅਗਲੀ ਵਾਰ ਉਹਨਾਂ ਨੂੰ ਬੁੱਧੂ ਬਣਾਉਣ ਤਂੋ ਨਿਰਦੇਸ਼ਕ ਵਰਗ ਗੁਰੇਜ਼ ਕਰੇ ਕਿਊਂਕਿ ਇੰਟਰਟੇਨਮੈਂਟ ਦੇ ਨਾਂ ਤੇ ਕੁਝ ਵੀ ਪਰੋਸ ਦੇਣਾ ਬਹੁਤੀ ਦੇਰ ਨਹੀਂ ਚੱਲਣ ਵਾਲਾ। ਆਸ ਹੈ ਅੱਗੋਂ ਤੋਂ ਏਹ ਕੁਤਾਹੀਆਂ ਨਹੀਂ ਵਰਤੀਆਂ ਜਾਣਗੀਆਂ। ਆਸ ਹੈ ਦਰਸ਼ਕ ਵਰਗ ਏਸ ਫ਼ਿਲਮ ਨੂੰ ਦੇਖ ਕੇ ਆਪਣੇ ਸੁਝਾਅ ਮੇਰੇ ਏਸ ਰੀਵਿਊ ਮੁਤੱਲਕ ਵੀ ਲਾਜ਼ਮੀ ਦੇਣਗੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ
-
ਖੁਸ਼ਮਿੰਦਰ ਕੌਰ, ਖੋਜਨਿਗ਼ਾਰ ਪੰਜਾਬੀ ਸਿਨਮਾ
khushminderludhiana@gmail.com
98788-89217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.