ਥੋੜੇ ਦਿਨ ਪਹਿਲਾਂ ਹਰਿਆਣੇ ਦੀ ਇੱਕ ਰਾਜਨੀਤਕ ਪਾਰਟੀ ਨੇ ਪੰਜਾਬ-ਹਰਿਆਣਾ ਵਿਚਾਲੇ ਚੱਲ ਰਹੇ ਪਾਣੀ ਦੇ ਮਸਲੇ "ਹੱਲ" ਕਰਾਉਣ ਲਈ ਸ਼ੇਰ ਸ਼ਾਹ ਸੂਰੀ ਮਾਰਗ ਜਾਮ ਕਰ ਦਿੱਤਾ। ਪਰ ਇਸ ਮੂਰਖਾਨਾ ਹਰਕਤ ਨਾਲ ਪਾਣੀ ਦਾ ਮਸਲਾ ਤਾਂ ਹੱਲ ਹੋਇਆ ਨਹੀਂ, ਪਰ ਜਰੂਰੀ ਕੰਮਾਂ ਲਈ ਮੰਜ਼ਲਾਂ 'ਤੇ ਪਹੁੰਚਣ ਵਾਲੇ ਲੋਕਾਂ ਦੇ ਕਈ ਮਸਲੇ ਜਰੂਰ ਉਲਝ ਗਏ। ਜੇ ਇੱਕ ਪੱਤਰਕਾਰ ਨੇ ਪਾਰਟੀ ਪ੍ਰਧਾਨ ਨੂੰ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਬਾਰੇ ਪੁੱਛਿਆ ਤਾਂ ਉਸ ਨੂੰ ਫੌਰਨ ਸਰਕਾਰੀ ਏਜੰਟ ਘੋਸ਼ਿਤ ਕਰ ਦਿੱਤਾ ਗਿਆ। ਅੱਜ ਹਾਲਾਤ ਇਹ ਹੋ ਗਏ ਹਨ ਕਿ ਜੇ ਕਿਸੇ ਨੇ ਵਿਦੇਸ਼ ਜਾਣ ਲਈ ਫਲਾਈਟ ਪਕੜਨੀ ਹੋਵੇ, ਇੰਟਰਵਿਊ 'ਤੇ ਪਹੁੰਚਣਾ ਹੋਵੇ, ਬਿਮਾਰ ਨੂੰ ਹਸਪਤਾਲ ਲਿਜਾਣਾ ਹੋਵੇ ਤਾਂ ਉਹ ਮਿਥੇ ਸਮੇਂ ਤੋਂ 3 ਘੰਟੇ ਪਹਿਲਾਂ ਹੀ ਚੱਲਦਾ ਹੈ ਕਿ ਰਸਤੇ ਵਿੱਚ ਕਿਸੇ ਜਥੇਬੰਦੀ ਨੇ ਜਾਮ ਨਾ ਲਗਾਇਆ ਹੋਵੇ। ਖਾਸ ਤੌਰ 'ਤੇ ਮੰਡੀਆਂ ਦੇ ਸੀਜ਼ਨ ਵਿੱਚ ਤਾਂ ਕੋਈ ਨਾ ਕੋਈ ਸੜਕ ਜਾਮ ਹੀ ਰਹਿੰਦੀ ਹੈ। ਕੋਈ ਮਰੇ ਚਾਹੇ ਜੀਵੇ, ਜਾਮ ਲਗਾਉਣ ਵਾਲਿਆਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਹੂੰਦੀ। ਜਾਮ ਲਗਾਉਣ ਲੱਗਿਆਂ ਵੱਡੀ ਉਮਰ ਦੇ ਚੌਧਰੀ ਮੋਹਰੀ ਹੁੰਦੇ ਹਨ ਪਰ ਬਾਅਦ ਵਿੱਚ ਕਮਾਂਡ ਛੋਕਰ ਵਾਧੇ ਦੇ ਹੱਥ ਆ ਜਾਂਦੀ ਹੈ। ਉਹ ਜਾਮ ਤੋਂ ਲੰਘਣ ਦੀ ਕੋਸ਼ਿਸ਼ ਕਰਨ ਵਾਲੀਆਂ ਗੱਡੀਆਂ-ਮੋਟਰ ਸਾਇਕਲ ਭੰਨਣ ਲੱਗਿਆਂ ਮਿੰਟ ਲਾਉਂਦੇ ਹਨ। ਮੋਹਤਬਰ ਇੱਕ ਪਾਸੇ ਪੁਲਿਸ ਨੂੰ ਕਹੀ ਜਾਣਗੇ ਧਰਨਾ ਗਲਤ ਲੱਗਾ ਹੈ, ਪਰ ਦੋ ਕੁ ਮਿੰਟਾਂ ਬਾਅਦ ਆਪ ਵੀ ਪ੍ਰਸ਼ਾਸਨ ਦੇ ਖਿਲਾਫ ਸੰਘ ਪਾੜ ਰਹੇ ਹੁੰਦੇ ਹਨ। ਪੁੱਛਣ 'ਤੇ ਕਹਿਣਗੇ ਕਿ ਲੋਕਾਂ ਨਾਲ ਤਾਂ ਫਿਰ ਬੈਠਣਾ ਹੀ ਪੈਂਦਾ ਹੈ।
ਬੇਮੁਹਾਰੇ ਧਰਨਿਆਂ ਅਤੇ ਸੜਕ ਜਾਮਾਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਕੇ ਰੱਖ ਦਿੱਤਾ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ ਦਾ ਬਚਣਾ ਮਰਨਾ ਰੱਬ ਦੇ ਹੱਥ ਹੁੰਦਾ ਹੈ, ਡਾਕਟਰ ਆਪਣੇ ਵੱਲੋਂ ਪੂਰੀ ਵਾਹ ਲਗਾਉਂਦੇ ਹਨ। ਪਰ ਜੇ ਕਿਤੇ ਮਰੀਜ਼ ਦੀ ਮੌਤ ਹੋ ਜਾਵੇ ਤਾਂ ਡਾਕਟਰਾਂ ਦੀ ਸ਼ਾਮਤ ਆ ਜਾਂਦੀ ਹੈ। ਹਸਪਤਾਲ ਦੀ ਭੰਨ ਤੋੜ ਅਤੇ ਡਾਕਟਰਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ। ਧੱਕੇ ਨਾਲ ਹੀ ਡਾਕਟਰ 'ਤੇ ਪਰਚਾ ਦਰਜ਼ ਕਰਾਉਣ ਦੀ ਮੰਗ ਲੈ ਕੇ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਅਸਲ ਵਿੱਚ ਬਹੁਤੀ ਵਾਰ ਮੁੱਦਾ ਹਸਪਤਾਲ ਦੀ ਫੀਸ ਬਚਾਉਣ ਦਾ ਹੁੰਦਾ ਹੈ। ਇਹੋ ਜਿਹੇ ਲੋਕਾਂ ਦੀਆਂ ਹਰਕਤਾਂ ਦਾ ਖਮਿਆਜ਼ਾ ਸ਼ਰੀਫ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸਰਕਾਰੀ ਹਸਪਤਾਲ ਡਰਦੇ ਮਾਰੇ ਗੰਭੀਰ ਬਿਮਾਰਾਂ ਦਾ ਇਲਾਜ਼ ਕਰਨ ਦੀ ਬਜਾਏ ਕੇਸ ਪੀ.ਜੀ.ਆਈ. ਆਦਿ ਨੂੰ ਰੈਫਰ ਕਰਨ ਵਿੱਚ ਹੀ ਭਲਾਈ ਸਮਝਦੇ ਹਨ। ਬਹੁਤੀ ਵਾਰ ਹੰਗਾਮਾ ਕਰਨ ਵਾਲਿਆਂ ਦਾ ਮਰੀਜ਼ ਬਹੁਤ ਬ੍ਰਿਧ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਗ੍ਰਸਤ ਹੁੰਦਾ ਹੈ। ਪਤਾ ਉਹਨਾਂ ਨੂੰ ਵੀ ਹੁੰਦਾ ਹੈ ਕਿ ਇਸ ਨੇ ਮਰਨਾ ਹੀ ਸੀ।
ਹਾਲਾਤ ਇਹ ਹੋ ਗਏ ਹਨ ਕਿ ਲੋਕ ਕਤਲ-ਬਲਾਤਕਾਰ ਵਰਗੇ ਗੰਭੀਰ ਕੇਸਾਂ ਦੀ ਤਫਤੀਸ਼ ਵੀ ਖੁਦ ਹੀ ਕਰਨਾ ਚਾਹੁੰਦੇ ਹਨ। ਕਿਸੇ ਨਵਵਿਆਹੁਤਾ ਦੀ ਮੌਤ ਹੋਣੀ ਦੁਖਦਾਈ ਘਟਨਾ ਹੈ। ਪਰ ਉਸ ਮੌਤ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਘਾਗ ਵਿਅਕਤੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਸਾਰੇ ਸਹੁਰਾ ਪਰਿਵਾਰ ਦੇ ਨਾਮ ਲਿਖਾਏ ਜਾਂਦੇ ਹਨ। ਲੜਕੀ ਨੇ ਚਾਹੇ ਆਤਮ ਹੱਤਿਆ ਕੀਤੀ ਹੋਵੇ, ਮੁਕੱਦਮਾ ਕਤਲ ਦਾ ਹੀ ਦਰਜ਼ ਕਰਵਾਇਆ ਜਾਂਦਾ ਹੈ। ਚਲੋ ਮੰਨਿਆਂ ਪਤੀ ਜਾਂ ਸੱਸ-ਸਹੁਰੇ ਨੇ ਦਹੇਜ਼ ਦੀ ਮੰਗ ਕੀਤੀ ਹੋਵੇ ਪਰ ਦਿਉਰ, ਜੇਠ, ਜੇਠਾਨੀ, ਦਰਾਨੀ ਨੇ ਦਹੇਜ਼ ਕੀ ਕਰਨਾ ਹੈ? ਆਪਣੇ ਘਰ ਸੁੱਖੀ ਸਾਂਦੀ ਵੱਸ ਰਹੇ ਨਨਾਣ-ਜਵਾਈ ਵੀ ਵਿੱਚੇ ਟੰਗ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕਤਲ, ਸੱਟ ਫੇਟ ਅਤੇ ਬਲਾਤਕਾਰ ਆਦਿ ਦੇ ਕੇਸਾਂ ਵਿੱਚ ਵੀ ਝੂਠੇ ਨਾਮ ਲਿਖਵਾਏ ਜਾਂਦੇ ਹਨ। ਗੱਲ ਇਥੇ ਹੀ ਨਹੀਂ ਖਤਮ ਹੋ ਜਾਂਦੀ। ਜਦ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੁੰਦੇ, ਲੋਕ ਪੁਲਸ ਨੂੰ ਨਾ ਤਾਂ ਮਰਨ ਵਾਲੇ ਦਾ ਪੋਸਟ ਮਾਰਟਮ ਕਰਨ ਦੇਂਦੇ ਹਨ ਤੇ ਨਾ ਹੀ ਅੰਤਿਮ ਸੰਸਕਾਰ ਕਰਦੇ ਹਨ। ਫਿਰ ਜੇ ਬੰਦੇ ਗ੍ਰਿਫਤਾਰ ਕਰ ਲਉ ਤਾਂ ਕਹਿਣਗੇ ਇਥੇ 'ਕੱਠ ਵਿੱਚ ਲੈ ਕੇ ਆਉ।
ਇਸ ਤੋਂ ਇਲਾਵਾ ਬੇਰੋਜ਼ਗਾਰ ਯੂਨੀਅਨਾਂ, ਕਿਸਾਨ-ਮਜ਼ਦੂਰ ਯੂਨੀਅਨਾਂ, ਰਾਜਨੀਤਕ ਪਾਰਟੀਆਂ, ਧਾਰਮਿਕ ਸੰਗਠਨ, ਮੁਲਾਜ਼ਮ ਜਥੇਬੰਦੀਆਂ, ਗੱਲ ਕੀ ਕਿਸੇ ਨਾ ਕਿਸੇ ਵੱਲੋਂ ਬੰਦ ਜਾਂ ਸੜਕ ਜਾਮ ਦੀ ਕਾਲ ਆਈ ਹੀ ਰਹਿੰਦੀ ਹੈ। ਅੱਜ ਕਲ੍ਹ ਟਰੈਫਿਕ ਐਨੀ ਹੈ ਕਿ 10 ਮਿੰਟ ਦੇ ਜਾਮ ਨਾਲ ਹੀ ਮੀਲਾਂ ਤੱਕ ਗੱਡੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਸਰਕਾਰ ਤੋਂ ਮੰਗਾਂ ਮਨਾਉਣ ਦਾ ਇਹੋ ਤਰੀਕਾ ਸਮਝਿਆ ਜਾਂਦਾ ਹੈ ਕਿ ਆਮ ਪਬਲਿਕ ਨੂੰ ਪਰੇਸ਼ਾਨ ਕੀਤਾ ਜਾਵੇ। ਪਰ ਇਸ ਸਭ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਬਜ਼ਾਰ ਬੰਦ ਹੋਣ 'ਤੇ ਗਰੀਬ ਦਿਹਾੜੀਦਾਰਾਂ ਦੇ ਘਰ ਚੁਲ੍ਹਾ ਨਹੀਂ ਬਲਦਾ। ਧਰਨਾਕਾਰੀ ਅਜਿਹੀ ਜਗ੍ਹਾ 'ਤੇ ਜਾਮ ਲਗਾਉਂਦੇ ਹਨ ਜਿੱਥੇ ਆਮ ਲੋਕ ਵੱਧ ਤੋਂ ਵੱਧ ਪਰੇਸ਼ਾਨ ਹੋਣ। ਜਾਣ ਬੁੱਝ ਕੇ ਚੌਕਾਂ ਅਤੇ ਫਲਾਈ ਉਵਰਾਂ ਨੂੰ ਜਾਮ ਕੀਤਾ ਜਾਂਦਾ ਹੈ। ਜੇ ਲੋਕ ਵਿਚਾਰੇ ਲੰਘਣ ਲਈ ਚੋਰ ਮੋਰੀ ਲੱਭ ਲੈਣ ਤਾਂ ਉਥੇ ਵੀ ਜਾਮ ਲਗਾ ਦਿੱਤਾ ਜਾਂਦਾ ਹੈ। ਛੋਟੀ ਉਮਰ ਦੇ ਛੋਕਰਿਆਂ ਨੂੰ ਨਾ ਲੋਕਾਂ ਨਾਲ ਬੋਲਣ ਦੀ ਅਕਲ ਹੁੰਦੀ ਹੈ ਨਾ ਤਮੀਜ਼। ਬਠਿੰਡਾ ਸ਼ਹਿਰ ਵਿੱਚ ਪਿਛਲੇ ਸਮੇਂ ਵਿੱਚ ਬਹੁਤ ਧਰਨੇ ਲੱਗਦੇ ਰਹੇ ਹਨ। ਧਰਨਾਕਾਰੀਆਂ ਦੀ ਮਨ ਭਾਉਂਦੀ ਜਗ੍ਹਾ ਬੱਸ ਸਟੈਂਡ ਦੇ ਸਾਹਮਣੇ ਸੀ। ਛੁੱਟੀ ਵੇਲੇ ਸਕੂਲਾਂ ਦੀਆਂ ਵੈਨਾਂ ਜਾਮ ਵਿੱਚ ਫਸ ਜਾਂਦੀਆਂ ਸਨ। ਛੋਟੇ ਛੋਟੇ ਕੇ.ਜੀ-ਨਰਸਰੀ ਦੇ ਬੱਚੇ ਭੁੱਖ ਨਾਲ ਵਿਲਕਦੇ ਵੇਖੇ ਨਹੀਂ ਸਨ ਜਾਂਦੇ। ਪਰ ਧਰਨਾਕਾਰੀਆਂ 'ਤੇ ਇਸ ਗੱਲ ਦਾ ਕੋਈ ਅਸਰ ਨਹੀਂ ਸੀ ਹੁੰਦਾ।
ਅਜਿਹੇ ਘਟਨਾ ਕ੍ਰਮ ਵਿੱਚ ਪੁਲਿਸ ਦੋਵੇਂ ਪਾਸੇ ਫਸ ਜਾਂਦੀ ਹੈ। ਜਦੋਂ ਫਸਾਦੀ ਰੋਡ ਜਾਮ ਕਰਦੇ ਹਨ ਤਾਂ ਲੋਕ ਕੁਦਰਤੀ ਤੌਰ 'ਤੇ ਪੁਲਿਸ ਦੇ ਗਲ ਹੀ ਪੈਂਦੇ ਹਨ ਕਿ ਸਾਨੂੰ ਰਸਤਾ ਲੈ ਕੇ ਦਿਉ। ਧਰਨਾਕਾਰੀ ਆਕੜਦੇ ਹਨ ਕਿ ਹੱਥ ਲਗਾ ਕੇ ਵਿਖਾਉ। ਕਈ ਯੂਨੀਅਨਾਂ ਜਿਹਨਾਂ ਦਾ ਧੰਦਾ ਹੀ ਧਰਨਾ ਪ੍ਰਦਰਸ਼ਨ ਕਰਨਾ ਹੈ, ਜਾਣ ਬੁੱਝ ਕੇ 80-80 ਸਾਲ ਦੇ ਮਰੀਅਲ ਬੁੱਢੇ ਲੈ ਕੇ ਆਉਂਦੇ ਹਨ ਕਿ ਪੁਲਿਸ ਲਾਠੀਚਾਰਜ ਕਰੇ ਤੇ ਇਹ ਮਰਨ ਤਾਂ ਜੋ ਫਿਰ ਪ੍ਰਸ਼ਾਸਨ ਦੇ ਗਲ ਰੱਸਾ ਪਾਈਏ। ਇਹ ਸੰਗਠਨ ਵਿਰੋਧ ਪ੍ਰਗਟਾਉਣ ਲਈ ਨਵੇਂ ਤੋਂ ਨਵਾਂ ਅਜੀਬ ਤਰੀਕਾ ਅਪਣਾਉਂਦੇ ਹਨ। ਕੋਈ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਜਾਂਦਾ ਹੈ, ਕੋਈ ਨਹਿਰ 'ਚ ਛਾਲ ਮਾਰ ਦੇਂਦਾ ਹੈ ਤੇ ਕੋਈ ਤੇਲ ਛਿੜਕ ਕੇ ਅੱਗ ਲਗਾਉਣ ਦੀ ਧਮਕੀ ਦੇਂਦਾ ਹੈ। ਇਸ ਤਰਾਂ ਦੀ ਹਰਕਤ ਕਰਦਾ ਹੋਇਆ ਜੇ ਕੋਈ ਮਰ ਜਾਵੇ ਤਾਂ ਮੀਡੀਆ ਪਿੱਛੇ ਪੈ ਜਾਂਦਾ ਹੈ ਕਿ ਪੁਲਿਸ ਨੇ ਬਚਾਇਆ ਕਿਉਂ ਨਹੀਂ। ਹੁਣ ਸੈਂਕੜੇ ਟੈਂਕੀਆਂ ਦੀ ਰਾਖੀ ਕੌਣ ਕਰ ਸਕਦਾ ਹੈ? ਜੇ ਪੁਲਿਸ ਟੈਂਕੀ 'ਤੇ ਚੜ੍ਹੇ ਬੰਦੇ ਨੂੰ ਉੱਪਰ ਜਾ ਕੇ ਉਤਾਰਨ ਦੀ ਕੋਸ਼ਿਸ਼ ਕਰੇ ਤੇ ਉਹ ਥੱਲੇ ਡਿੱਗ ਪਵੇ ਜਾਂ ਛਾਲ ਮਾਰ ਦੇਵੇ ਤਾਂ ਨਵਾਂ ਸਕੈਂਡਲ ਬਣ ਜਾਂਦਾ ਹੈ। ਪੰਜਾਬ ਵਿੱਚ ਕਿਸੇ ਮਹਿਕਮੇ ਕੋਲ ਅਜਿਹੇ ਮਜ਼ਬੂਤ ਜਾਲ ਨਹੀਂ ਹਨ ਜੋ ਐਨੀ ਉਚਾਈ ਤੋਂ ਡਿੱਗਣ ਵਾਲੇ ਸ਼ਖਸ਼ ਨੂੰ ਬਚਾ ਸਕਣ। ਕੁਝ ਸਾਲ ਪਹਿਲਾਂ ਇੱਕ ਔਰਤ ਟੈਂਕੀ 'ਤੇ ਚੜ੍ਹ ਕੇ ਪ੍ਰਸ਼ਾਸਨ ਨੂੰ ਪੈਟਰੌਲ ਪਾ ਕੇ ਡਰਾਉਂਦੀ ਹੋਈ ਸੱਚੀਂ ਸੜ ਕੇ ਮਰ ਗਈ ਸੀ।
ਸੜਕ ਜਾਮ ਕਿਸੇ ਵੀ ਬੇਗੁਨਾਹ 'ਤੇ ਝੂਠਾ ਮੁਕੱਦਮਾ ਦਰਜ਼ ਕਰਾਉਣ ਦਾ ਵਧੀਆ ਹਥਿਆਰ ਬਣ ਗਿਆ ਹੈ। ਮੌਤ ਦੇ ਕਾਰਨ ਹੋਰ ਹੁੰਦੇ ਹਨ ਪਰ ਪਰਚਾ ਕੁਝ ਹੋਰ ਹੀ ਕਹਾਣੀ ਬਣਾ ਕੇ ਦਰਜ਼ ਕਰਵਾਇਆ ਜਾਂਦਾ ਹੈ। ਪਿੱਛੇ ਜਿਹੇ ਹੋਏ ਇੱਕ ਕੇਸ ਵਿੱਚ ਵਿਆਹੁਤਾ ਔਰਤ ਦੇ ਪਿੰਡ ਦੇ ਦੇਸੀ ਡਾਕਟਰ ਨਾਲ ਸਬੰਧ ਸਨ। ਇੱਕ ਦਿਨ ਪਤੀ ਨੇ ਦੋਵਾਂ ਨੂੰ ਰੰਗੇ ਹੱਥੀਂ ਪਕੜ ਲਿਆ ਤੇ ਉਸ ਦੇ ਮਾਪੇ ਬੁਲਾ ਲਏ। ਮਾਪਿਆਂ ਨੇ ਭਰੀ ਪੰਚਾਇਤ ਵਿੱਚ ਕਹਿ ਦਿੱਤਾ ਕਿ ਇਸ ਨੇ ਸਾਡੀ ਇੱਜ਼ਤ ਰੋਲ ਦਿੱਤੀ ਹੈ, ਇਹ ਸਾਡੇ ਲਈ ਮਰ ਗਈ ਤੇ ਅਸੀਂ ਇਸ ਲਈ ਮਰ ਗਏ। ਉਸ ਨੂੰ ਨਾ ਉਸ ਦਾ ਪਤੀ ਘਰ ਵੜਨ ਦੇਵੇ ਤੇ ਨਾ ਮਾਪੇ। ਸ਼ਰਮ ਦੀ ਮਾਰੀ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ। ਮਾਪਿਆਂ ਨੇ ਸਾਰੀ ਗੱਲ ਪਤਾ ਹੋਣ ਦੇ ਬਾਵਜੂਦ ਠੋਕ ਕੇ ਸਹੁਰਾ ਪਰਿਵਾਰ 'ਤੇ ਪਰਚਾ ਦਰਜ਼ ਕਰਵਾਇਆ ਤੇ ਕਈ ਦਿਨ ਰੋਡ ਜਾਮ ਰੱਖ ਕੇ ਸਾਰੇ ਗ੍ਰਿਫਤਾਰ ਕਰਵਾਏ। ਜਿਸ ਪ੍ਰੇਮੀ ਕਾਰਨ ਉਹ ਲੜਕੀ ਮਰੀ, ਉਹ ਪੂਰੀ ਬੇਸ਼ਰਮੀ ਨਾਲ ਸਭ ਤੋਂ ਅੱਗੇ ਵਧ ਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇ ਮਾਰ ਰਿਹਾ ਸੀ।
ਧਰਨੇ ਪ੍ਰਦਰਸ਼ਨ ਅਤੇ ਸੜਕਾਂ 'ਤੇ ਜਾਮ ਲਗਾਉਣ ਵਾਲੀਆਂ ਘਟਨਾਵਾਂ ਪੰਜਾਬ ਵਿੱਚ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਨਿੱਕੀ ਨਿੱਕੀ ਗੱਲ 'ਤੇ ਜਾਮ ਲਗਾ ਦਿੱਤੇ ਜਾਂਦੇ ਹਨ। ਕੁਝ ਸਾਲ ਪਹਿਲਾਂ ਤਪਾ ਮੰਡੀ ਇੱਕ ਟੁੱਟੀ ਜਿਹੀ ਯੂਨੀਅਨ ਨੇ 15 ਕੁ ਬੰਦੇ ਲਿਆ ਕੇ ਆਪਣੀਆਂ ਮੰਗਾਂ ਮਨਵਾਉਣ ਲਈ ਬਠਿੰਡਾ-ਦਿੱਲੀ ਟਰੇਨ ਰੋਕ ਲਈ ਸੀ। ਪਰ ਗਨੀਮਤ ਹੈ ਕਿ ਪੁਲਿਸ ਦੇ ਜਾਣ ਤੋਂ ਪਹਿਲਾਂ ਹੀ ਦੁਖੀ ਹੋਏ ਮੁਸਾਫਰਾਂ ਨੇ ਉਹਨਾਂ ਦੀ ਚੰਗੀ ਥੱਪੜਾਈ ਕਰ ਕੇ ਟਰੈਕ ਤੋਂ ਖਦੇੜ ਦਿੱਤਾ। ਇਹੋ ਜਿਹੀਆਂ ਘਟੀਆ ਹਰਕਤਾਂ ਕਰ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਠੀਕ ਨਹੀਂ ਹੈ। ਜਿਹੜਾ ਬੰਦਾ ਆਪਣੇ ਪਰਿਵਾਰ ਸਮੇਤ ਲੰਬੇ ਸਫਰ 'ਤੇ ਜਾ ਰਿਹਾ ਹੈ, ਉਹ ਅਜਿਹੇ ਜਾਮ ਵਿੱਚ ਫਸ ਕੇ ਕਿਸੇ ਪਾਸੇ ਜੋਗਾ ਨਹੀਂ ਰਹਿੰਦਾ। ਕਈ ਮੰਗਾਂ ਜਾਇਜ਼ ਵੀ ਹੁੰਦੀਆਂ ਹਨ, ਪਰ ਸੜਕਾਂ 'ਤੇ ਜਾਮ ਲਗਾ ਕੇ ਬਿਮਾਰਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰੇਸ਼ਾਨ ਕਰਨਾ ਕਿਸੇ ਤਰਾਂ ਵੀ ਜ਼ਾਇਜ਼ ਨਹੀਂ ਠਹਿਰਾਈਆ ਜਾ ਸਕਦਾ। ਜਾਮ ਲਗਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ, ਸਗੋਂ ਹੋਰ ਉਲਝ ਜਾਂਦੇ ਹਨ। ਜਾਮ ਲਗਾਉਣ ਵਾਲੇ ਕਈ ਵਾਰ ਪੁਲਿਸ ਨਾਲ ਹੱਥੋਪਾਈ ਕਰ ਕੇ ਆਪਣੇ ਆਪ 'ਤੇ ਪਰਚੇ ਦਰਜ਼ ਕਰਵਾ ਬੈਠਦੇ ਹਨ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ 9815124449
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.