ਨਵਜੋਤ ਸਿੱਧੂ ਨੀ ਕਿਸੇ ਨੇ ਬਣ ਜਾਵਣਾ
( ਹਰ ਸਾਲ ਲੱਗਣ ਵਾਲੇ ਬਾਬਾ ਸੇਖ ਫਰੀਦ ਯਾਦਗਾਰੀ ਮੇਲੇ ਉਤੇ ਇਸ ਵਾਰ ਟਿੱਲਾ ਗੋਦੜੀ ਸਾਹਬ ਵੱਲੋਂ ਦਿੱਤੇ ਜਾ ਰਹੇ ਸਨਮਾਨਾਂ ਵਿਚ 'ਬਾਬਾ ਫਰੀਦ ਇਮਾਨਦਾਰੀ ਪੁਰਸਕਾਰ' ਪੰਜਾਬ ਦੇ ਸਭਿਆਚਾਰਕ ਮਾਮਲਿਆਂ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹਿੱਸੇ ਆਇਆ ਹੈ। ਇਹ ਪੁਰਸਕਾਰ ਆਪਣੇ ਆਪ ਵਿਚ ਵੱਕਾਰੀ ਹੈ ਅਤੇ ਬੜੀ ਪਰਖ-ਪੜਚੋਲ ਬਾਅਦ ਹੀ ਟਿੱਲਾ ਸਾਹਬ ਦੀ ਕਮੇਟੀ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਪੁਰਸਕਾਰਾਂ ਦਾ ਫੈਸਲਾ ਕਰਦੀ ਹੈ। ਇਸ ਤੋਂ ਪਹਿਲਾਂ ਇਹ ਇਮਾਨਦਾਰੀ ਪੁਰਸਕਾਰ ਕਿਰਨ ਬੇਦੀ ਅਤੇ ਕ੍ਰਿਸਲਨ ਕੁਮਾਰ ਆਈ ਏ ਐਸ ਨੂੰ ਮਿਲ ਚੁੱਕਾ ਹੈ ਅਤੇ ਸਿੱਧੂ ਪਹਿਲੇ ਬੇਦਾਗ ਸਿਆਸਤਦਾਨ ਹਨ, ਜਿੰਨਾਂ ਨੂੰ ਇਹ ਪੁਰਸਕਾਰ ਮਿਲ ਰਿਹਾ ਹੈ। ਸੋ ਅਦਾਰਾ ਬਾਬੂਸ਼ਾਹੀ ਡਾਟ ਕਾਮ ਵੱਲੋਂ ਸਿੱਧੂ ਪਰਿਵਾਰ ਨੂੰ ਇਸ ਮੌਕੇ ਮੁਬਾਰਕ ਅਤੇ ਉਘੇ ਲੇਖਕ ਸ੍ਰੀ ਨਿੰਦਰ ਘੁਗਿਆਣਵੀ ਇਸ ਮੌਕੇ ਸ੍ਰ ਸਿੱਧੂ ਬਾਰੇ ਇੰਝ ਲਿਖਦੇ ਹਨ- ਸੰਪਾਦਕ )
ਸਿੱਧੂ ਦੀ ਇਮਾਨਦਾਰੀ ਨੂੰ ਸਲਾਮ
ਨਿੰਦਰ ਘੁਗਿਆਣਵੀ
ਕਿੰਨਾ ਚੰਗਾ ਹੋਵੇ ਕਿ ਸਾਡੇ ਮੁਲਕ ਦੇ ਸਾਰੇ ਛੋਟੇ-ਵੱਡੇ ਨੇਤਾ ਇੱਕ ਸਰਵ-ਸਾਂਝਾ ਸਮਾਜ ਭਲਾਈ ਫੰਡ ਸਥਾਪਿਤ ਕਰ ਕੇ ਆਪੋ-ਆਪਣੀ ਜੇਬ ਵਿਚੋਂ ਜੇਕਰ ਇੱਕ-ਇੱਕ ਰੁਪੱਈਆ ਵੀ ਪਾਉਣ ਤਾਂ ਇੱਕ ਵੱਡਾ ਸਮਾਜ ਸੇਵੀ ਉਪਰਾਲਾ ਸਿੱਧ ਹੋ ਸਕਦਾ ਹੈ ਅਤੇ ਇਸ ਨਾਲ ਅਣਗਿਣਤ ਬੇਸਹਾਰਾ, ਗਰੀਬਾਂ ਤੇ ਲਾਚਾਰ ਲੋਕਾਂ ਦਾ ਕਾਫੀ ਭਲਾ ਹੋ ਸਕੇਗਾ। ਗੱਲ ਕਿਥੇ ਦੀ ਕਿੱਥੇ ਤੱਕ ਜਾ ਪੁਜਦੀ ਹੈ ਜੇਕਰ ਇਹ ਲੋਕ ਸਚਮੁੱਚ ਹੀ ਰਲ-ਮਿਲ ਹੰਭਲਾ ਮਾਰ ਕੇ ਦੇਖਣ ਤਾਂ? ਨੇਤਾ ਜਨ ਤਾਂ ਆਮ ਲੋਕਾਂ ਨੂੰ ਵੀ ਪ੍ਰੇਰ ਕੇ ਤੇ ਆਪਣੇ ਨਾਲ ਜੋੜ ਕੇ ਇੱਕ ਵੱਡਾ ਸਮਾਜ ਸੇਵੀ ਉੱਦਮ ਕਰ ਸਕਣ ਦੇ ਪੂਰੇ-ਪੂਰੇ ਸਮਰੱਥ ਹੁੰਦੇ ਹਨ। ਇਸ ਗੱਲ ਵਿਚ ਕੋਈ ਝੂਠ ਨਹੀਂ ਹੈ ਕਿ ਸਾਡੇ ਮੁਲਕ ਦੇ ਸਾਰੇ ਵੱਡੇ ਨੇਤਾਵਾਂ, ਐਕਟਰਾਂ, ਸਾਧਾਂ-ਸੰਤਾਂ ਤੇ ਅਜੋਕੇ ਗਾਇਕਾਂ ਕੋਲ ਮਣਾਮੂੰਹੀ ਦੌਲਤ ਹੈ, ਰੱਬ ਨੇ ਕੋਈ ਤੋਟ ਰੱਖੀ ਹੀ ਨਹੀਂ। ਅਜਿਹੀ ਹਾਲਤ ਵਿਚ ਅਜਿਹਾ ਚੰਗੇਰਾ ਉੱਦਮ ਹੋਰ ਵੀ ਸਾਰਥਕ ਸਿੱਧ ਹੋਵੇ ਕਿ ਇਹ ਲੋਕ ਸਾਲ-ਛਿਮਾਹੀਂ ਇਕੱਠੇ ਹੋ ਕੇ ਆਪਣੀ ਜੇਬ ਨੂੰ ਹਵਾ ਲੁਵਾਉਂਦੇ ਰਹਿਣ।
ਜਿੱਥੋਂ ਤੀਕ ਮੇਰਾ ਤਜੱਰਬਾ ਹੈ ਖਾਸ ਕਰ ਪੰਜਾਬ ਵਿਚ, ਤਾਂ ਮੇਰੀ ਨਜ਼ਰ ਵਿਚ ਨਵਜੋਤ ਸਿੰਘ ਸਿੱਧੂ ਤੋਂ ਬਿਨਾਂ ਕੋਈ ਐਸਾ ਨੇਤਾ ਨਜ਼ਰ ਨਹੀਂ ਆਉਂਦਾ, ਜਿਸ ਨੇ ਲੋਕਾਂ ਵਾਸਤੇ ਆਪਣੀ ਜੇਬ ਬਿਨਾਂ ਕਿਸੇ ਆਨਾ-ਕਾਨੀ ਦੇ ਢਿੱਲੀ ਕੀਤੀ ਹੋਵੇ! ਹਾਲੇ ਦੂਰ ਦੀ ਗੱਲ ਨਹੀਂ ਹੈ, ਈਦ ਲੰਘ ਕੇ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਸਿੰਘ ਬਾਦਲ ਨੂੰ ਮਲੇਰਕੋਟਲੇ ਵਿਸੇਸ਼ ਸਮਾਗਮ ਵਿਚ ਭਾਗ ਲੈਣ ਲਈ ਭੇਜਿਆ। ਬੀਬੀ ਰਜੀਆ ਸੁੁਲਤਾਨਾ ਵੀ ਇਸ ਮੌਕੇ 'ਤੇ ਹਾਜ਼ਰ ਸਨ। ਨਵਜੋਤ ਸਿੰਘ ਸਿੱਧੁ ਵੱਲੋਂ ਆਪਣੀ ਜੇਬ ਵਿਚੋਂ ਪੰਜਾਹ ਲੱਖ ਰੁਪਏ ਮਲੇਰਕੋਟਲਾ ਸ਼ਹਿਰ ਦੇ ਵਿਕਾਸ ਲਈ ਦੇਣ ਦੀਆਂ ਖਬਰਾਂ ਨਸ਼ਰ ਹੋਈਆਂ ਤਾਂ ਖੁਸ਼ੀ ਮਨਾਉਣ ਵਾਲੇ ਲੋਕਾਂ ਖੁਸ਼ ਹੋ ਕੇ ਉਸਦੇ ਯਤਨ ਨੂੰ ਸਲਾਹਿਆ। ਇਸ ਤੋਂ ਥੋੜਾ ਚਿਰ ਪਹਿਲਾਂ ਦੀ ਹੀ ਗੱਲ ਕਿ ਪੰਜਾਬੀ ਦੇ ਉਘੇ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਬਿਮਾਰੀ ਲਈ ਅੱਠ ਲੱਖ ਰੁਪਏ ਇਹੋ ਇਨਸਾਨ ਆਪ ਖੁਦ ਫੋਰਟਿਸ ਹਸਪਤਾਲ ਮੋਹਾਲੀ ਜਾ ਕੇ ਆਪਣੀ ਜੇਬ ਵਿਚੋਂ ਦੇ ਕੇ ਆਇਆ, ਮੈਂ ਇਸ ਮੌਕੇ ਖੁਦ ਹਾਜਰ ਸਾਂ। ਅੰਮ੍ਰਿਤਸਰ ਜਿਲੇ ਦੇ ਕਿਸਾਨਾਂ ਦੀ ਫਸਲ ਸੜ ਗਈ ਤਾਂ ਇਹ ਇਨਸਾਨ ਚੌਵੀ ਲੱਖ ਜੇਬ ਵਿਚੋਂ ਦੇ ਕੇ ਆਇਆ। ਹੋਰ ਜੋ ਨਿੱਕੇ-ਮੋਟੇ ਦਾਨ ਉਹ ਕਰਦਾ ਰਹਿੰਦਾ ਹੈ। ਉਸਦੇ ਟੀਵੀ ਸ਼ੋਅਜ ਬਾਰੇ ਰੌਲਾ ਪਾਇਆ ਗਿਆ ਸੀ ਤਾਂ ਉਸਨੇ ਸਾਫ਼ ਤੌਰ 'ਤੇ ਕਿਹਾ ਸੀ ਕਿ ਮੇਰੇ ਟੀਵੀ ਸ਼ੋਅਜ ਨਾਲ ਲੋਕਾਂ ਦੇ ਅਤੇ ਦਫਤਰੀ ਕੰਮ ਨਹੀਂ ਪ੍ਰਭਾਵਤ ਹੋਣਗੇ। ਉਹ ਐਤਵਾਰ ਆਥਣੇ ਬੰਬੇ ਜਾ ਕੇ ਆਪਣਾ ਪ੍ਰੋਗਰਾਮ ਕਰ ਕੇ ਸੋਮਵਾਰ ਸਵੇਰੇ ਨੌਂ ਵਜੇ ਸਰਕਾਰੀ ਸੇਵਾ ਲਈ ਹਾਜ਼ਰ ਖੜ੍ਹਾ ਹੁੰਦਾ ਹੈ।
ਜੇਬ ਢਿੱਲੀ ਕਰਨ ਵਾਲੀ ਸਿੱਧੂ ਦੀ ਇਸ ਦਰਿਆ ਦਿਲੀ ਬਾਰੇ ਕੁਝ ਦੋਸਤਾਂ ਵਿਚ ਚਰਚਾ ਚੱਲ ਰਹੀ ਸੀ ਤਾਂ ਇੱਕ ਦੋਸਤ ਬੋਲਿਆ, "ਏਸ ਕੋਲ ਬਥੇਰੇ ਪੇਸੇ ਹੈਗੇ ਆ।" ਦੂਜਾ ਕਹਿਣ ਲੱਗਿਆ, "ਬਾਈ ਪੈਸੇ ਤਾਂ ਇਹਦੇ ਤੋਂ ਵੱਧ ਹੋਰਨਾਂ ਬਥੇਰਿਆਂ ਕੋਲ ਹੈਗੇ ਆ ਪਰ ਦਿਲ ਨਹੀਂ ਹੈਗਾ, ਦਿਲ ਕਿਥੋਂ ਲਿਆਉਣ?" ਇਹ ਗੱਲ ਸੱਚ ਹੈ ਕਿ ਜੇਬ ਢਿੱਲੀ ਕਰਨ ਵਾਸਤੇ ਵੀ ਵੱਡਾ ਦਿਲ ਚਾਹੀਦਾ ਹੈ, ਏਥੇ ਕੌਣ ਕਿਸੇ ਨੂੰ ਵੰਡਦਾ ਫਿਰਦਾ ਹੈ ਪੈਸੇ? ਅੰਬਾਨੀ, ਮਿੱਤਲ, ਚੱਢੇ ਤੇ ਵਿਜੈ ਮਾਲਿਆ ਵਰਗੇ ਅਨੇਕ ਸੱਜਣ ਮਾਇਆ ਨਾਲ ਮਾਲਾ-ਮਾਲ ਹਨ। ਸੁਈ ਫਿਰ ਦਿਲ 'ਤੇ ਆਣ ਰੁਕਦੀ ਹੈ! ਕਹਿੰਦੇ ਨੇ ਕਿ ਸਾਡਾ ਇੱਕ ਸਾਬਕਾ ਮੁੱਖ ਮੰਤਰੀ ਆਪਣੀ ਜੇਬ ਵਿਚ ਕਦੇ ਵੀ ਮਾਇਆ ਨਹੀਂ ਰਖਦਾ, ਸ਼ਾਇਦ ਮਾਇਆ ਨਾਲ ਮੋਹ ਨਹੀਂ। ਪਤਾ ਨਹੀਂ ਕਿਉਂ ਭੰਗ ਹੋਇਆ ਮਾਇਆ ਤੋਂ ਮੋਹ? ਜਦ ਕਿਤੇ ਮੱਥਾ ਟੇਕਣ ਦੀ ਵੀ ਲੋੜ ਪੈਂਦੀ ਹੈ ਤਾਂ ਉਸਦੇ ਸੁਰੱਖਿਆ ਗਾਰਦ 'ਲੋੜ ਜੋਗੀ ਮਾਇਆ' ਆਪਣੇ ਕੋਲੋਂ ਹੀ ਦੇ ਦਿੰਦੇ ਹਨ। ਘਰ ਜਾ ਕੇ ਉਹ ਮਾਇਆ ਭਾਵੇਂ ਵਾਪਸ ਕਰ ਦਿੰਦਾ ਹੋਵੇ!ਚਲੋ...ਅਸੀਂ ਇਹਨਾਂ ਅੰਦਰਲੀਆਂ ਗੱਲਾਂ ਤੋਂ ਕੀ ਲੈਣਾ ਦੇਣਾ ਹੈ? ਸਾਡਾ ਮਕਸਦ ਕਿਸੇ ਦੀ ਫੋਕੀ ਖੁਸ਼ਾਮਦ ਕਰਨਾ ਵੀ ਨਹੀਂ ਪਰ ਜੇਕਰ ਕੋਈ ਚੰਗੇਰਾ ਉੱਦਮ ਕਰਦਾ ਹੈ ਤਾਂ ਉਸਦੀ ਸਲਾਹੁਤਾ ਕਰਨਾ ਸਾਡਾ ਫਰਜ਼ ਬਣਦਾ ਹੈ ਤਾਂ ਕਿ ਅਜਿਹੇ ਦਾਨੀ ਤੇ ਖੁੱਲ੍ਹੇ ਦਿਲ ਵਾਲੇ ਸੱਜਣ ਤੋਂ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ।
-
ਨਿੰਦਰ ਘੁਗਿਆਣਵੀ, ਲੇਖਕ ਅਤੇ ਪੱਤਰਕਾਰ
ninder_ghugianvi@yahoo.com
+91-9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.