ਸਾਰਾਗੜ੍ਹੀ ਗੁਰਦੁਆਰਾ ਫ਼ਿਰੋਜ਼ਪੁਰ
12 ਸਤੰਬਰ 1897 ਨੂੰ ਸਾਰਾਗੜ੍ਹੀ ਵਿਖੇ ਹੋਈ ਜੰਗੀ ਝੜਪ ਵੇਲੇ ਬਰਤਾਨਵੀ ਭਾਰਤ ਦੀ ਫ਼ੌਜ ਵਿਚਲੀ ਸਿੱਖ ਰੈਜੀਮੈਂਟ ਦੇ 21 ਫ਼ੌਜੀ ਸਿਪਾਹੀਆਂ ਦੀ ਕੁਰਬਾਨੀ 120ਵੀਂ ਬਰਸੀ ਵੇਲੇ ਸਿੱਖ ਬਹਾਦਰੀ ਅਤੇ ਵਫ਼ਾਦਾਰੀ ਦੀ ਕੌਮਾਂਤਰੀ ਸਥਾਪਤੀ ਅਤੇ ਮਾਨਤਾ ਬਣ ਕੇ ਸੰਸਾਰ ਸਾਹਮਣੇ ਉੱਭਰੇਗੀ, ਜਦੋਂ ਭਾਰਤ ਵਿਚ ਫ਼ਿਰੋਜ਼ਪੁਰ ਵਿਖੇ ਬਣੀ ਸਾਰਾਗੜ੍ਹੀ ਯਾਦਗਾਰ ਵਿਖੇ ਵਰਤਮਾਨ ਬਰਤਾਨਵੀ ਫ਼ੌਜ ਦੇ 12 ਅਫ਼ਸਰ ਅਗਲੀ 12 ਸਤੰਬਰ ਨੂੰ ਆਪਣੀ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ 21 ਸ਼ਹੀਦਾਂ ਦੀ ਯਾਦ ਵਿਚ ਬਣੇ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸੇ ਤਰ੍ਹਾਂ ਉੱਧਰ ਲੰਦਨ ਵਿਖੇ ਬਣੀ ਸਾਰਾਗੜ੍ਹੀ ਜੰਗ ਦੀ ਯਾਦਗਾਰ ਵਿਚ ਬਰਤਾਨਵੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ ਦੇ ਇੱਕ ਭਾਰਤੀ ਸਿੱਖ ਸਰਪ੍ਰਸਤ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਸੁਤੰਤਰ ਭਾਰਤ ਵੇਲੇ 1965 ਦੀ ਪਾਕਿਸਤਾਨ-ਵਿਰੋਧੀ ਜੰਗ ਵੇਲੇ ਉਸੇ ਸਿੱਖ ਰਜਮੈਂਟ ਦੇ ਕੈਪਟਨ ਅਮਰਿੰਦਰ ਸਿੰਘ ਸਾਰਾਗੜ੍ਹੀ ਬਾਰੇ ਆਪਣੀ ਪੁਸਤਕ ਲੋਕ ਅਰਪਣ ਕਰਨਗੇ। ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ 12 ਸਤੰਬਰ ਨੂੰ ਆਯੋਜਿਤ ਪੁਸਤਕ ਰੀਲੀਜ਼ ਸਮਾਗਮ ਤੋਂ ਪਹਿਲਾਂ 9 ਅਤੇ 10 ਸਤੰਬਰ ਨੂੰ ਉਹ ਦੋ ਹੋਰ ਦੋ-ਦੇਸ਼ੀ ਸਮਾਗਮਾਂ ਵਿਚ ਸ਼ਾਮਿਲ ਹੋਣਗੇ।
ਸਾਰਾਗੜ੍ਹੀ ਗੁਰਦੁਆਰਾ ਅੰਮ੍ਰਿਤਸਰ
ਸਾਰਾਗੜ੍ਹੀ ਦੇ ਸ਼ਹੀਦ ਸਿਪਾਹੀ : ਅੱਜ ਕੱਲ੍ਹ ਦੇ ਪਾਕਿਸਤਾਨ ਵਿਚ ਖੈਬਰ-ਪਖਤੂਨਖਣਾ ਦੇ ਲਗਭਗ 10,000 ਅਫ਼ਗਾਨੀਆਂ ਨਾਲ ਲੜਦੇ ਸਿੱਖ ਰੈਜੀਮੈਂਟ ਦੇ ਸ਼ਹੀਦ ਹੋਏ 21 ਫ਼ੌਜੀ ਇਹ ਹਨ, ਜਿਨ੍ਹਾਂ ਨੂੰ ''ਇੰਡੀਅਨ ਆਰਡਰ ਆਫ਼ ਮੈਰਿਟ'' ਦਾ ਪੁਰਸਕਾਰ ਦਿੱਤਾ ਗਿਆ ਸੀ, ਜੋ ਬਰਤਾਨੀਆ ਦੇ ਵਿਕਟੋਰੀਆ ਕਰਾਸ ਅਤੇ ਭਾਰਤ ਦੇ ''ਪਰਮਵੀਰ ਚੱਕਰ'' ਦੇ ਬਰਾਬਰ ਸਮਝਿਆ ਜਾਂਦਾ ਹੈ। ਇਹ ਸਾਰੇ ਹੀ 21 ਸਿੱਖ ਸ਼ਹੀਦ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ, ਜੋ ਰੈਜੀਮੈਂਟ ਨੰਬਰ 165 ਹਵਾਲਦਾਰ ਈਸ਼ਰ ਸਿੰਘ ਦੇ ਹੁਕਮ ਅਤੇ ਅਗਵਾਈ ਅਧੀਨ ਸਾਰਾਗੜ੍ਹੀ ਦੇ ਕਿਲ੍ਹੇ ਦੀ ਰਖਵਾਲੀ ਕਰਦੇ ਸ਼ਹੀਦ ਹੋਏ। ਹੋਰ ਸ਼ਹੀਦ ਹੋਣ ਵਾਲਿਆਂ ਵਿਚ ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਸੁੰਦਰ ਸਿੰਘ, ਸਿਪਾਹੀ ਰਾਮ ਸਿੰਘ, ਸਿਪਾਹੀ ਅਤਰ ਸਿੰਘ, ਸਿਪਾਹੀ ਸਾਹਿਬ ਸਿੰਘ, ਸਿਪਾਹੀ ਹੀਰਾ ਸਿੰਘ, ਸਿਪਾਹੀ ਦਿਆ ਸਿੰਘ, ਸਿਪਾਹੀ 760 ਜੀਵਨ ਸਿੰਘ, ਸਿਪਾਹੀ ਭੋਲਾ ਸਿੰਘ, ਸਿਪਾਹੀ ਨਰਾਇਣ ਸਿੰਘ, ਸਿਪਾਹੀ 814 ਗੁਰਮੁਖ ਸਿੰਘ, ਸਿਪਾਹੀ 871 ਜੀਵਨ ਸਿੰਘ, 1733 ਨੰਬਰ ਸਿਪਾਹੀ ਗੁਰਮੁਖ ਸਿੰਘ, ਸਿਪਾਹੀ ਰਾਮ ਸਿੰਘ, ਸਿਪਾਹੀ 1257 ਭਗਵਾਨ ਸਿੰਘ, ਸਿਪਾਹੀ 1265 ਭਗਵਾਨ ਸਿੰਘ, ਸਿਪਾਹੀ ਬੂਟਾ ਸਿੰਘ, ਸਿਪਾਹੀ 1651 ਜੀਵਨ ਸਿੰਘ ਅਤੇ ਸਿਪਾਹੀ ਨੰਦ ਸਿੰਘ ਵਰਨਣਯੋਗ ਹਨ।
ਯਾਦਗਾਰਾਂ ਅਤੇ ਵਿਰਾਸਤ : ਸਿੱਖ ਰੈਜੀਮੈਂਟ ਵੱਲੋਂ 12 ਸਤੰਬਰ ਦਾ ਦਿਹਾੜਾ ਲਗਾਤਾਰ ਮਨਾਇਆ ਜਾਂਦਾ ਹੈ, ਜਿਸ ਨੂੰ ''ਰੈਜੀਮੈਂਟਲ ਬੈਟਲ ਆਨਰਜ਼ ਡੇਅ'' ਨਾਲ ਸਤਿਕਾਰਿਆ ਜਾਂਦਾ ਹੈ। ਭਾਰਤ ਅਤੇ ਭਾਰਤੀ ਫ਼ੌਜ ਦੇ ਬਰਤਾਨਵੀ ਹੁਕਮਰਾਨਾਂ ਵੱਲੋਂ ਇਨ੍ਹਾਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਦੋ ਗੁਰਦੁਆਰਿਆਂ ਦੇ ਸਰੂਪ ਵਿਚ ਫ਼ਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਦੋ ਯਾਦਗਾਰਾਂ ਸਥਾਪਤ ਕੀਤੀਆਂ ਗਈਆਂ। ਇੱਕ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿਖੇ ਜੱਲਿਆਂਵਾਲਾ ਬਾਗ਼ ਦੇ ਨੇੜੇ ਭਾਈ ਗੁਰਦਾਸ ਹਾਲ ਦੇ ਨਾਲ ਲੱਗਦਾ ਹੈ। ਇੱਥੇ ਸਾਰਾਗੜ੍ਹੀ ਅਜਾਇਬ ਘਰ ਵੀ ਬਣਾਇਆ ਜਾ ਰਿਹਾ ਹੈ ਜਿੱਥੇ ਇਨ੍ਹਾਂ 21 ਸਿੱਖ ਫ਼ੌਜੀਆਂ ਦੀਆਂ ਤਸਵੀਰਾਂ ਅਤੇ ਹੋਰ ਵਿਰਾਸਤੀ ਨਿਸ਼ਾਨੀਆਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ।
ਦੂਜੀ ਯਾਦਗਾਰ ਫ਼ਿਰੋਜ਼ਪੁਰ ਵਿਖੇ ਗੁਰਦੁਆਰਾ ਸਾਰਾਗੜ੍ਹੀ ਦੇ ਸਰੂਪ ਵਿਚ ਹੈ, ਜਿਸ ਦਾ ਪ੍ਰਕਾਸ਼ 1904 ਵਿਚ ਉਸ ਵੇਲੇ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ, ਸਰ ਚਾਰਲਸ ਪੈਵਜ ਵੱਲੋਂ ਨਤਮਸਤਕ ਹੁੰਦੇ ਹੋਏ ਕੀਤਾ ਗਿਆ ਸੀ। ਇੱਥੇ ਹੀ ਅਗਲੀ 12 ਸਤੰਬਰ ਨੂੰ 120ਵੀਂ ਬਰਸੀ ਪੰਜਾਬ ਦੇ ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਈ ਜਾਵੇਗੀ। ਫ਼ੌਜੀ ਇਤਿਹਾਸਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੰਡਨ ਵਿਖੇ ਹੋਣ ਕਾਰਨ ਇਸ ਸਮਾਗਮ ਦੀ ਅਗਵਾਈ ਪੰਜਾਬ ਦੇ ਵਿੱਤ ਮੰਤਰੀ, ਮਨਪ੍ਰੀਤ ਸਿੰਘ ਬਾਦਲ ਕਰਨਗੇ ਅਤੇ ਇੱਥੇ ਹੀ ਬਰਤਾਨੀਆ ਸਰਕਾਰ ਦੇ 12 ਫ਼ੌਜੀ ਅਧਿਕਾਰੀ ਉਸ ਦਿਨ ਸ਼ਰਧਾਂਜਲੀ ਭੇਟ ਕਰਨਗੇ। ਇੱਥੇ 12 ਸਤੰਬਰ ਨੂੰ ਸਵੇਰੇ ਧਾਰਮਿਕ ਦੀਵਾਨ ਸਜਾਇਆ ਜਾਂਦਾ ਹੈ ਅਤੇ ਬਾਅਦ ਦੁਪਹਿਰ ਸਾਬਕਾ ਫ਼ੌਜੀਆਂ ਦਾ ਪ੍ਰਭਾਵਸ਼ਾਲੀ ਇਕੱਠ ਹੁੰਦਾ ਹੈ।
ਬਰਤਾਨੀਆ ਵਿਚ ਸਾਰਾਗੜ੍ਹੀ ਸਮਾਗਮ : ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਲੰਡਨ ਵਿਖੇ ਸਥਾਪਤ ਬਰਤਾਨਵੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ, ਵੱਲੋਂ 9, 10 ਅਤੇ 12 ਸਤੰਬਰ ਨੂੰ ਤਿੰਨ ਯਾਦਗਾਰੀ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ :
9 ਸਤੰਬਰ ਨੂੰ ਲੰਦਨ ਵਿਖੇ ਦਾ ''ਰੁਆਇਲ ਸਾਰਾਗੜ੍ਹੀ ਚੈਲੰਜ ਕੱਪ-2017'' ਦੇ ਨਾਉਂ ਅਧੀਨ ਇੱਕ ਪੋਲੋ ਮੈਚ ਖੇਡਿਆ ਜਾਵੇਗਾ।
10 ਸਤੰਬਰ ਨੂੰ ਸਾਰਾਗੜ੍ਹੀ ਯਾਦਗਾਰੀ ਸਮਾਗਮ ਕੀਤਾ ਜਾਵੇਗਾ, ਜਿੱਥੇ ਫ਼ੌਜੀਆਂ ਦੀ ਯਾਦਗਾਰ ਉੱਤੇ ਬਰਤਾਨੀਆ ਅਤੇ ਭਾਰਤੀ ਫ਼ੌਜੀ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨਗੇ।
12 ਸਤੰਬਰ ਨੂੰ ਸਾਰਾਗੜ੍ਹੀ ਯਾਦਗਾਰੀ ਭਾਸ਼ਣ ਸਮਾਗਮ ਹੋਵੇਗਾ, ਜਿੱਥੇ ਫ਼ੌਜੀ ਇਤਿਹਾਸਕਾਰ ਪੰਜਾਬ ਦੇ ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅੰਗਰੇਜ਼ੀ ਵਿਚ ਪ੍ਰਕਾਸ਼ਿਤ ਕੀਤੀ ਖੋਜ ਭਰਪੂਰ ਪੁਸਤਕ ''ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ਼ ਦੀ ਸਮਾਨਾ ਫੋਰਟਸ'' ਲੋਕ ਅਰਪਣ ਕੀਤੀ ਜਾਵੇਗੀ ਅਤੇ ਸਾਰਾਗੜ੍ਹੀ ਸ਼ਹੀਦਾਂ ਦੀ ਯਾਦ ਵਿਚ ਸ਼ਰਧਾਂਜਲੀ ਭਾਸ਼ਣ ਦਿੱਤਾ ਜਾਵੇਗਾ।
ਇਹ ਤਿੰਨੇ ਸਮਾਗਮ ਸਾਰਾਗੜ੍ਹੀ ਫਾਊਂਡੇਸ਼ਨ ਦੀ ਅਗਵਾਈ ਅਧੀਨ ਵੱਖੋ-ਵੱਖਰੇ ਖੇਡ, ਫ਼ੌਜੀ ਯਾਦਗਾਰੀ ਅਤੇ ਫ਼ੌਜੀ ਅਜਾਇਬ ਘਰਾਂ ਦੀਆਂ ਸੰਸਥਾਵਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ।
ਬਰਤਾਨੀਆ ਵਿਚ ਸਾਰਾਗੜ੍ਹੀ ਸੰਸਥਾ : ਜਿਵੇਂ ਪੰਜਾਬ ਵਿਚ ਫ਼ਿਰੋਜ਼ਪੁਰ ਛਾਉਣੀ ਵਿਖੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਅਧੀਨ, ਸਾਰਾਗੜ੍ਹੀ ਯਾਦਗਾਰੀ ਟਰੱਸਟ ਵੱਲੋਂ 12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਰਾਜ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਬਰਤਾਨੀਆ ਵਿਚ ਲੰਦਨ ਵਿਖੇ ਸਾਰਾਗੜ੍ਹੀ ਦਿਵਸ ਦੇ ਯਾਦਗਾਰੀ ਸਮਾਗਮ ਕਰਨ ਲਈ ਸਾਰਾਗੜ੍ਹੀ ਸੰਸਥਾ, ਸਾਰਾਗੜ੍ਹੀ ਫਾਊਂਡੇਸ਼ਨ, ਸਥਾਪਤ ਕੀਤੀ ਹੋਈ ਹੈ, ਜਿੱਥੇ ਕਈ ਵਰ੍ਹੇ ਤੋਂ ਸਾਰਾਗੜ੍ਹੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸੰਸਥਾ ਦੇ ਲੰਦਨ ਦਫ਼ਤਰ ਦੇ ਕਰਮਚਾਰੀਆਂ ਦੇ ਨਾਲ-ਨਾਲ ਬਰਤਾਨੀਆ ਅਤੇ ਭਾਰਤ ਦੇ ਆਪਸੀ ਸਬੰਧਾਂ ਨੂੰ ਸਥਾਈ ਤੌਰ 'ਤੇ ਬਰਕਰਾਰ ਰੱਖਣ ਲਈ 5 ਭਾਰਤੀ ਅਤੇ ਬਰਤਾਨਵੀ ਹੇਠ ਲਿਖੇ ਸਰਪ੍ਰਸਤ ਹਨ-
1. ਸੇਵਾਮੁਕਤ ਮਾਰਸ਼ਲ ਸਰ ਜਾਨ ਚੈਪਲ
2. ਫ਼ੀਲਡ ਮਾਰਸ਼ਲ ਲਾਰਡ ਗੁਥਰੀ
3. ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ
4. ਮਹਾਰਾਜ ਪਟਿਆਲਾ ਕੈਪਟਨ ਅਮਰਿੰਦਰ ਸਿੰਘ
5. ਸਿੱਖ ਰੈਜੀਮੈਂਟ ਦੇ ਸਾਬਕਾ ਕਰਨਲ ਅਤੇ ਰਿਟਾਇਰਡ ਲੈਫ਼ਟੀਨੈਂਟ ਜਨਰਲ ਦੇਵ ਰਾਜ ਸਿੰਘ
ਇੱਥੇ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮ ਅਨੁਸਾਰ ਇਸ ਵੇਰ 12 ਸਤੰਬਰ ਨੂੰ ਅਤੇ ਅੱਗੇ ਤੋਂ ਹਰ ਸਾਲ 12 ਸਤੰਬਰ ਨੂੰ ਪੰਜਾਬ ਭਰ ਵਿਚ ਸਾਰਾਗੜ੍ਹੀ ਦਿਵਸ 'ਤੇ ਸਰਕਾਰੀ ਛੁੱਟੀ ਹੋਇਆ ਕਰੇਗੀ।
ਨਰਪਾਲ ਸਿੰਘ ਸ਼ੇਰਗਿੱਲ
ਟੈਲੀਫ਼ੋਨ : 07903-190 838
ਕੈਪਟਨ ਅਮਰਿੰਦਰ ਸਿੰਘ
-
ਨਰਪਾਲ ਸਿੰਘ ਸ਼ੇਰਗਿੱਲ, ਲੇਖਕ
shergill@journalist.com
7903-190 838
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.