ਖ਼ਬਰ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ 8.75 ਲੱਖ ਛੋਟੇ ਅਤੇ ਦਰਮਿਆਨੇ ਕਿਸਾਨਾਂ ਦਾ ਜੋ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੋਇਆ ਹੈ, ਉਸ ਵਾਸਤੇ ਪੰਜਾਬ ਸਰਕਾਰ ਵਲੋਂ ਪੈਸਿਆਂ ਦਾ ਪ੍ਰਬੰਧ ਕਰਨ ਦੇ ਯਤਨ ਹੋ ਰਹੇ ਹਨ। ਸਰਕਾਰ ਵਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਤਹਿ ਕਰਨ ਦਾ ਯਤਨ ਹੋਇਆ ਕਿ ਉਹਨਾ ਕਿਸਾਨਾਂ ਬਾਰੇ ਪਤਾ ਲਗਾਇਆ ਜਾਵੇ ਜਿਹੜੇ ਕਰਜ਼ਾ ਮੁਆਫੀ ਦੇ ਹੱਕਦਾਰ ਹਨ। ਇਸ ਵੇਲੇ ਇੱਕ ਸਰਵੇ ਅਨੁਸਾਰ ਕਿਸਾਨਾਂ ਸਿਰ ਕੁਲ ਕਰਜ਼ਾ 85000 ਕਰੋੜ ਰੁਪਏ ਹੈ ਅਤੇ ਜਿਸ ਵਿਚੋਂ 72700 ਕਰੋੜ ਰੁਪਏ ਦਾ ਕਰਜ਼ਾ ਛੋਟੇ ਤੇ ਦਰਮਿਆਨੇ ਕਿਸਾਨਾਂ ਜੁੰਮੇ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਖਜ਼ਾਨਾ ਮੰਤਰੀ ਨਾਲ ਵੀ ਇਸ ਕਰਜ਼ਾ ਮੁਆਫੀ ਲਈ ਪੁਕਾਰ ਕੀਤੀ ਹੈ। ਇਸ ਮਹੀਨੇ ਸਰਕਾਰ ਨੇ ਲਏ ਕਰਜ਼ੇ ਦੇ ਵਿਆਜ ਦੇ 2600 ਕਰੋੜ ਰੁਪਏ ਵੀ ਮੋੜਨੇ ਹਨ।
ਕੈਪਟਨ ਆਖਿਆ ਸੂ ਚੋਣਾਂ ਵੇਲੇ , ਮੈਂ ਕਰੂੰ ਕਰਜ਼ਾ ਮੁਆਫ ਕਿਸਾਨਾਂ ਦਾ। ਮੈਂ ਦਊਂ ਮੁੰਡਿਆਂ ਨੂੰ ਨੌਕਰੀਆਂ, ਪੰਜਾਬ 'ਚ! ਮੈਂ ਕਰੂੰ ਨਸ਼ੇ ਬੰਦ ਅਤੇ ਨੌਜਵਾਨਾਂ ਨੂੰ ਬਚਾਊਂ ਤਬਾਹੀ ਤੋਂ। ਮੈਂ ਪਾਊਂ ਨੱਥ ਮਾਫੀਏ ਨੂੰ, ਗੁੰਡਿਆਂ ਨੂੰ, ਤੇ ਦਊਂਗਾ ਸਾਫ-ਸੁਥਰਾ ਨਿਰਾ "ਚਿੱਟਾ ਪ੍ਰਾਸਾਸ਼ਨ"!
ਇੱਕ ਦਿਨ ਗਿਆ! ਇੱਕ ਹਫ਼ਤਾ ਗਿਆ। ਇੱਕ ਮਹੀਨਾ ਗਿਆ। ਇੱਕ ਤਿਮਾਹੀ ਗਈ। ਹੁਣ ਤਾਂ ਭਾਈ ਇੱਕ ਛਿਮਾਹੀ ਵੀ ਜਾਣ ਵਾਲੀ ਆ। ਚਿੱਟਾ ਤਾਂ ਹਾਲੇ ਵੀ ਚਿੱਟੇ ਦਿਨ ਵਾਂਗਰ ਵਿੱਕਦਾ। ਨੌਜਵਾਨ, ਮੂੰਹ ਚੁੱਕ-ਚੁੱਕ ਮੋਬਾਇਲ ਉਡੀਕ ਰਹੇ ਆ ਤੇ ਉਸਤੋਂ ਵੀ ਵੱਧ ਕੰਪਿਊਟਰ 'ਤੇ ਨੌਕਰੀ ਲਈ ਆਉਣ ਵਾਲੇ ਸੁਨੇਹੇ ਨੂੰ! ਉਹ ਵੇਖੀਂ ਰਤਾ, ਦਰਖ਼ਤ 'ਤੇ ਟੰਗਿਆਂ ਕਿਸਾਨ। ਉਹ ਵੇਖੀਂ ਜ਼ਰਾ, ਨਹਿਰ 'ਚ ਡੁੱਬਿਆ ਖੇਤ ਮਜ਼ਦੂਰ! ਉਹ ਵੇਖੀਂ ਰਤਾ, ਕਿਸਾਨ ਮਜ਼ਦੂਰ ਦੇ ਵਿਹੜੇ ਪੈਂਦੀ ਕੁਰਲਾਹਟ, ਜਿਹੜਾ ਕੀਟ ਨਾਸ਼ਕ, ਦੁਆਈ ਖੇਤਾਂ ਨੂੰ ਸੁੰਘਾਉਂਦਾ, ਆਪ ਨਿਗਲ ਗਿਆ 'ਤੇ ਕਰਜ਼ਾ ਦਾ ਮਾਰਿਆ, ਪਿੱਛੇ ਪੂਰੇ ਟੱਬਰ ਨੂੰ ਮਾਰ ਗਿਆ।
ਅਤੇ ਇਧਰ ਆਹ ਆਪਣਾ ਕੈਪਟਨ! "ਲੰਘ ਗਏ ਊਠਾਂ ਵਾਲੇ ਪਾ ਧਰਤੀ ਪਰਛਾਵਾਂ" ਦੇ ਵਾਕ ਨੂੰ ਸਿੱਧ ਕਰ ਰਿਹੈ। ਉਹਦੇ ਵਾਅਦੇ ਕਿਥੇ ਗਏ? ਭੁੱਲ ਗਏ! ਨਾਹਰੇ ਕਿੱਥੇ ਗਏ? ਰੁਲ ਗਏ! ਆਸਾਂ ਕਿਥੇ ਗਈਆਂ? ਗੁਆਚ ਗਈਆਂ! ਤੇ ਜਾਪਦੈ ਨਾਲ ਹੀ ਰੁਲ-ਖੁਲ ਗਿਆ ਅੱਖਾਂ 'ਚ ਉਤਾਰਿਆ ਲੋਕ-ਪ੍ਰਛਾਵਾਂ! ਜਿਹੜਾ ਹੁਣ ਸੋਚਦਾ ਆ, ਜਾਵਾਂ ਤਾਂ ਹੁਣ ਕਿਥੇ ਜਾਵਾਂ? ਆਪਣੇ ਛੰਦ ਕੀਹਦੇ ਪਰਾਗੇ ਪਾਵਾਂ?
ਲੋਕ ਸੋਚਦੇ ਆ ਸਰਕਾਰ ਚੱਲ ਰਹੀ ਹੈ! ਨਹੀਂ ਭਾਈ, ਸਰਕਾਰ 'ਰੁੜ' ਰਹੀ ਆ। ਸਰਕਾਰ ਸਲਾਹਕਾਰ ਨੀਅਤ ਕਰ ਰਹੀ ਆ। ਸਰਕਾਰ ਮੰਤਰੀਆਂ ਦੀਆਂ ਤਨਖਾਹਾਂ ਵਧਾ ਰਹੀ ਆ। ਸਰਕਾਰ ਜੀ ਐਸ ਟੀ ਦੇ ਪੈਸੇ ਨਾਲ ਖਜ਼ਾਨੇ ਭਰ ਰਹੀ ਆ ਤੇ ਇੱਕ ਡੰਗ ਰੋਟੀ ਘੱਟ ਕਰਕੇ, ਸਰਕਾਰ ਚਲਾਉਣ ਦੀ ਗੱਲ ਕਰ ਰਹੀ ਆ। ਕਰਜ਼ਾਈ ਹੋਈ ਸਰਕਾਰ ਆਪਣਿਆਂ ਦੇ ਭਰੋਲੇ ਭਰ ਰਹੀ ਆ, ਪਰ ਗੱਲ ਰੱਸੇ ਪਾ ਰਹੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ, ਸਬਰ ਕਰੋ ਭਾਈ, ਛੇਤੀ ਹੀ ਪ੍ਰਬੰਧ ਕਰ ਰਹੇ ਹਾਂ, ਆਖ ਰਹੀ ਹੈ। ਉਂਜ ਜਾਪਦਾ ਇੰਜ ਆ, ਲੋਕਾਂ ਦੇ ਹਿੱਸੇ ਦਾ ਹੱਕ ਮਾਰਕੇ ਮੀਸਣੀ ਠੀਠਣੀ ਬੇਸ਼ਰਮੀ ਦਾ ਕੱਫਣ ਤਾਣ ਕੇ, ਪਾਖੰਡੀ ਸਾਧਕੇ ਨਕਲੀ ਨੀਂਦ ਸੌਂ ਗਈ ਆ ਸਰਕਾਰ ਮੇਰੀ ਮੋਤੀਆਂ ਵਾਲੀ ਸਰਕਾਰ , ਜੀਹਦੇ ਬਾਰੇ ਸੁਣਿਆ ਕਿ ਉਹ ਆਪਣੇ ਯਾਰਾਂ ਦਾ "ਕਰਜ਼ਾ ਲੈ ਕੇ ਕਰਜ਼ਾ ਉਤਾਰ ਰਹੀ ਏ, ਸਾਡੀ ਮੋਤੀਆਂ ਵਾਲੀ ਸਰਕਾਰ ਕਰਜ਼ਾ"।
ਕੂੜਾ ਸੌਦਾ ਵਰਕ ਲਗਾਕੇ ਸ਼ਾਮ ਸਵੇਰੇ ਜਾਣ ਪਰੋਸੀ
ਖ਼ਬਰ ਹੈ ਕਿ ਨੋਟਬੰਦੀ ਦੇ ਪ੍ਰਭਾਵ ਤੋਂ ਸੁਸਤ ਪਈ ਭਾਰਤੀ ਅਰਥਵਿਵਸਥਾ ਦੇ ਵਿੱਚ ਜੀ ਐਸ ਟੀ ਲਾਗੂ ਕਰਨ ਦੀ ਕਵਾਇਦ ਨਾਲ ਨਾ ਸਿਰਫ ਮੈਨੂਫੈਕਚਰਿੰਗ ਖੇਤਰ 'ਚ ਰਫਤਾਰ ਘਟੀ ਹੈ, ਬਲਕਿ ਅਪ੍ਰੈਲ-ਜੂਨ ਦੀ ਤਿਮਾਹੀ ਵਿੱਚ ਦੇਸ਼ ਦੀ ਜੀ ਡੀ ਪੀ ਵਿਕਾਸ ਦਰ ਵੀ ਤਿੰਨ ਸਾਲ ਦੇ ਹੇਠਲੇ ਪੱਧਰ ਤੇ ਪਹੁੰਚ ਗਈ। ਇਸ ਸਮੇਂ ਵਿੱਚ ਦੇਸ਼ ਦੀ ਵਿਕਾਸ ਦਰ ਚੀਨ ਦੀ ਵਿਕਾਸ ਦਰ ਤੋਂ 1.2 ਫੀਸਦੀ ਪੱਛੜ ਗਈ ਅਤੇ ਸਿਰ 5.7 ਫੀਸਦੀ ਤੱਕ ਆ ਗਈ। ਪਿਛਲੇ ਸਾਲ ਇਹ ਵਿਕਾਸ ਦਰ ਇਸੇ ਸਮੇਂ 7.9 ਫੀਸਦੀ ਸੀ, ਜਦਕਿ ਜਨਵਰੀ-ਮਾਰਚ 2017 'ਚ ਇਹ ਵਿਕਾਸ ਦਰ 6.1 ਫੀਸਦੀ ਸੀ।
ਵੇਖੋ ਜੀ, ਪੂਰੀ ਦੁਨੀਆਂ 'ਚ 118 ਵਿਕਾਸਸ਼ੀਲ ਦੇਸ਼ ਆ। ਸੁੱਖ ਨਾਲ ਆਪਣਾ ਦੇਸ਼ ਵੀ, ਉਹਨਾ ਵਿਚੋਂ ਇੱਕ ਆ। ਹੋਵੇ ਵੀ ਕਿਉਂ ਨਾ, 70 ਵਰ੍ਹੇ ਹੋ ਗਏ ਦੇਸ਼ ਨੂੰ ਅਜ਼ਾਦ ਹੋਇਆਂ। ਇਥੇ ਕਈ ਰਾਜੇ ਆਏ, ਕਈ ਰਾਜੇ ਗਏ! ਇਥੋਂ ਦੀ ਪਰਜਾ ਦਾ ਪਿੱਛਾ ਨਾ ਗਰੀਬੀ ਨੇ ਛੱਡਿਆ, ਨਾ ਪਿੱਛਾ ਛੱਡਿਆ ਭੁੱਖ ਨੇ। ਸੁੱਖ ਨਾਲ 118 ਵਿਕਾਸਸ਼ੀਲ ਦੇਸ਼ਾਂ ਦੀ ਸੂਚੀ 'ਚ ਭੁੱਖ, ਗਰੀਬੀ ਦੇ ਮਾਮਲੇ 'ਚ ਆਪਾਂ 97 ਵਾਂ ਨੰਬਰ ਬਣਾਈ ਬੈਠੇ ਆ ਅਤੇ ਇਹ ਭਾਈ ਪਿਛਲੇ ਗਿਆਰਾਂ ਸਾਲਾਂ ਤੋਂ ਇਥੇ ਹੀ ਟਿਕਿਆ ਹੋਇਆ ਹੈ। ਹੈ ਨਾ ਫਖ਼ਰ ਦੀ ਗੱਲ। ਵੱਡੇ ਚੌੜੇ ਸੀਨੇ ਦੀ ਗੱਲ। ਗੁਰੂਆਂ, ਪੀਰਾਂ, ਪਗੰਬਰਾਂ ਦੀ ਧਰਤੀ ਦੇ ਯੋਗੀਆਂ-ਭੋਗੀਆਂ ਦੀਆਂ ਸਰਕਾਰਾਂ ਦੀ ਪ੍ਰਾਪਤੀ ਦੀ ਵੱਡੀ ਗੱਲ, ਜਿਹੜੀ ਆਖਦੀ ਆ ਅਤੇ ਬਸ ਆਖੀ ਜਾਂਦੀ ਆ, "ਅਸੀਂ ਭਾਰਤ ਨੂੰ ਸਾਫ ਕਰਾਂਗੇ, ਅਸੀਂ ਭਾਰਤ ਨੂੰ ਗਰੀਬੀ ਮੁਕਤ ਕਰਵਾਂਵਾਂਗੇ, ਅਸੀਂ ਭਾਰਤ ਨੂੰ ਭ੍ਰਿਸ਼ਟਾਚਾਰ ਮੁੱਕਤ ਕਰਵਾਂਵਾਂਗੇ, ਅਸੀ ਭਾਰਤ ਨੂੰ ਆਤੰਕ ਮੁਕਤ ਕਰਵਾਂਵਾਂਗੇ, ਅਸੀਂ ਭਾਰਤ ਨੂੰ ਜਾਤ ਪਤਾ ਤੋਂ ਮੁੱਕਤ ਕਰਵਾਂਵਾਂਗੇ।"
ਦੇਸ਼ ਵਿਕਾਸ ਕਰ ਰਿਹਾ! ਦੇਸ਼ ਵਿਕਾਸ ਕਰ ਰਿਹਾ ਗਰੀਬੀ 'ਚ। ਦੇਸ਼ ਵਿਕਾਸ ਕਰ ਰਿਹਾ ਭੁੱਖ-ਮਰੀ 'ਚ! ਦੇਸ਼ ਵਿਕਾਸ ਕਰ ਰਿਹਾ ਭ੍ਰਿਸ਼ਟਾਚਾਰ 'ਚ। ਅਤੇ ਸਾਡੀ ਸਰਕਾਰ ਤੇ ਨੇਤਾ ਟਾਹਰਾਂ ਮਾਰ ਰਹੇ ਆ 2022 ਤੱਕ ਕਿਸਾਨਾਂ ਦੀ ਆਮਦਨ ਦੁਗਣੀਂ ਕਰ ਦਿਆਂਗੇ। ਭਾਰਤ ਨੂੰ ਸਵੱਛ ਇੰਡੀਆ ਬਣਾ ਦਿਆਂਗੇ। ਦੇਸੀ ਜਾਂਘੀਏ, ਲੰਗੋਟੇ ਦੀ ਥਾਂ ਤੇ ਲੋਕਾਂ ਦੇ "ਨਿੱਕਰਾਂ ਪੁਆ ਦਿਆਂਗੇ। ਅਸਲ ਤਾਂ ਭਾਈ ਇਹ ਨੇਤਾ, "ਕੂੜਾ ਸੌਦਾ ਵਰਕ ਲਗਾਕੇ ਸ਼ਾਮ ਸਵੇਰੇ ਜਾਣ ਪਰੋਸੀ" ਹੈ ਕਿ ਨਾ?
ਸਾਹਿਲ ਥੱਕੇ ਘਰ ਨੂੰ ਚੱਲੇ ਭੁਗਤਣ ਪੇਸ਼ੀ ਹੋ ਗਏ ਝੱਲੇ
ਖ਼ਬਰ ਹੈ ਕਿ ਸਿੱਖ ਦੰਗਾ ਮਾਮਲੇ ਦੇ ਫਿਰ ਤੋਂ ਗਰਮਾਉਣ ਦੇ ਆਸਾਰ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ 'ਚ ਐਸ ਆਈ ਟੀ ਵਲੋਂ ਕਲੋਜਰ ਰਿਪੋਰਟ ਦਾਇਰ ਕਰਨ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਾਲ 1984 'ਚ ਸਿੱਖ ਕਤਲੇਆਮ ਨਾਲ ਜੁੜੇ ਕਰੀਬ 240 ਮਾਮਲਿਆਂ ਨੂੰ ਬੰਦ ਕਰਨ ਦੇ ਫੈਸਲੇ ਦੀ ਮੁੜ ਜਾਂਚ ਹੋਵੇਗੀ ਅਤੇ ਇਸ ਸਬੰਧੀ ਦੋ ਜੱਜਾਂ ਦੀ ਸੰਪਤੀ ਬਣਾਈ ਗਈ ਹੈ ਜੋ ਤਿੰਨ ਮਹੀਨਿਆਂ 'ਚ ਰਿਪੋਰਟ ਦੇਵੇਗੀ। ਸਾਲ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਯੂ.ਪੀ., ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ 3325 ਲੋਕ ਮਾਰੇ ਗਏ ਦੱਸੇ ਗਏ ਸਨ। ਇਕੱਲੇ ਦਿੱਲੀ ਵਿੱਚ ਦੰਗਾ ਕਰਨ ਵਾਲਿਆਂ ਨੇ 2733 ਲੋਕਾਂ ਦੀ ਹੱਤਿਆਂ ਕਰ ਦਿੱਤੀ ਸੀ।
ਤੇਤੀ ਵਰ੍ਹੇ ਬੀਤ ਚੱਲੇ ਹਨ। ਦੋਸ਼ੀਆਂ ਨੂੰ ਲੱਭਿਆ ਜਾ ਰਿਹਾ ਹੈ, ਉਹਨਾ ਨੂੰ ਜਿਹਨਾ ਬੇਦੋਸ਼ਿਆਂ ਦਾ ਕਤਲ ਕੀਤਾ। ਗੱਲਾਂ 'ਚ ਟਾਇਰ ਪਾਕੇ, ਡੀਜ਼ਲ ਸਰੀਰਾਂ ਉਤੇ ਸੁਟਕੇ ਅੱਗ ਲਾਕੇ ਜਾਂ ਸਰੀਰ 'ਚ ਬਰਛੇ, ਛੁਰੇ, ਕਟਾਰਾਂ ਲੰਘਾ ਕੇ। ਹਤਿਆਰੇ ਆਏ, ਘਰਾਂ ਦੇ ਘਰ ਖਾਲੀ ਕਰ ਗਏ। ਨਾ ਘਰ ਸਮਾਨ ਰਿਹਾ, ਨਾ ਸਮਾਨ ਸਾਂਭਣ ਵਾਲੇ ਤੇ ਨਾ ਸਰੀਰਾਂ ਨੂੰ ਸਿਵਿਆ ਤੱਕ ਲੈ ਜਾਣ ਵਾਲੇ। ਕਿਧਰ ਚਲੇ ਗਏ ਸਮਾਜ ਦੇ ਰਖਵਾਲੇ।
ਨਾ ਘਰ ਰਿਹਾ, ਨਾ ਘਾਟ ਰਿਹਾ! ਨਾ ਸਾਕ ਰਿਹਾ, ਨਾ ਸਬੰਧੀ ਰਹੇ! ਨਾ ਹੱਕ ਰਿਹਾ, ਨਾ ਇਨਸਾਫ ਰਿਹਾ! ਵਰ੍ਹਿਆਂ ਦੇ ਵਰ੍ਹੇ ਬੀਤ ਗਏ, ਕਚਹਿਰੀਆਂ ਦੀਆਂ ਸਰਦਲਾਂ ਮੋਕਲੀਆਂ ਕਰ ਲੋਕ ਹਾਰ ਹੰਭ ਗਏ। ਫਾਈਲਾਂ ਦੇ ਸੱਥਰ, ਉਵੇਂ ਹੀ ਵਿਛ ਗਏ ਡਾਹਢਿਆਂ ਹੱਥੋਂ ਜਿਵੇਂ ਸਰੀਰਾਂ ਦੇ ਸੱਥਰ ਵਿਛ ਗਏ ਸਨ ਹੱਤਿਆਰਿਆਂ ਹੱਥੋਂ ਫਾਈਲਾਂ ਦੇ ਝੂਠੇ ਢਿੱਡ ਭਰ ਭਰ, ਜਾਹਲੀ ਕਾਗਜਾਂ ਨਾਲ ਤੂਸ ਦਿੱਤੇ ਗਏ ਤਾਂ ਫਿਰ ਇਨਸਾਫ ਕਿਥੋਂ ਮਿਲੂ? ਸੱਚ ਲਈ ਗਵਾਹ ਕੌਣ ਬਣੂ? ਤੇ ਅਦਾਲਤ ਤਾਂ ਗਵਾਹਾਂ, ਕਾਗਜਾਂ 'ਤੇ ਚਲਦੀ ਆ ਭਾਈ! ਘਰਾਂ ਦੇ ਬਚੇ ਖੁਚੇ ਲੋਕ ਤਾਂ ਇਨਸਾਫ ਮੰਗਦੇ ਹੰਭ ਹੀ ਗਏ ਆ। " ਸਾਹਿਲ ਥੱਕੇ ਘਰ ਨੂੰ ਚੱਲੇ ਭੁਗਤਣ ਪੇਸ਼ੀ ਹੋ ਗਏ ਝੱਲੇ"।
ਗਲੂਕੋਜ਼ ਲਾਕੇ ਡਾਕਟਰ ਫੀਸ ਝਾੜੇ ਭਾਵੇਂ ਰੋਗੀ ਨੂੰ ਤਾਪ ਜਾਂ ਖੰਘ ਹੋਵੇ
ਰਾਜਸਥਾਨ ਵਿੱਚ ਇਨਸਾਨੀਅਤ ਨੂੰ ਸ਼ਰਮਿੰਦਾ ਅਤੇ ਡਾਕਟਰੀ ਪੇਸ਼ੇ ਨੂੰ ਦਾਗਦਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਡਿਲੀਵਰੀ ਦੇ ਲਈ ਸਰਕਾਰੀ ਹਸਪਤਾਲ ਦੇ ਆਪਰੇਸ਼ਨ ਥੀਏਟਰ ਵਿੱਚ ਪ੍ਰਸੂਤਾ ਬੇਹੋਸ਼ ਸੀ ਅਤੇ ਆਪ੍ਰੇਸ਼ਨ ਛੱਡਕੇ ਦੋ ਡਾਕਟਰ ਆਪਸ ਵਿੱਚ ਉਲਝ ਰਹੇ ਸਨ। ਉਤਰਪ੍ਰਦੇਸ਼ ਦੇ ਗੋਰਖਪੁਰ ਦੇ ਸਰਕਾਰੀ ਹਸਪਤਾਲ ਵਿੱਚ ਪਿਛਲੇ ਤਿੰਨ ਦਿਨਾਂ 'ਚ 61 ਹੋਰ ਮਸੂਮ ਬੱਚਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸੇ ਸਾਲ ਇਸੇ ਹਸਪਤਾਲ ਵਿੱਚ ਜਨਵਰੀ ਤੋਂ ਅਗਸਤ ਮਹੀਨੇ ਵਿੱਚ ਹਰ ਮਹੀਨੇ ਘੱਟੋ ਘੱਟ 122 ਮੌਤਾਂ ਹੋਈਆਂ ਹਨ। ਇਹਨਾ ਮੌਤਾਂ ਬਾਰੇ ਯੂ.ਪੀ. ਦੇ ਮੁੱਖਮੰਤਰੀ ਨੇ ਅਦਿੱਤਿਆਨਾਥ ਨੇ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਉਹਨਾ ਦੇ ਬੱਚਿਆਂ ਨੂੰ ਵੀ ਸਰਕਾਰ ਪਾਲੇ।
ਮਾਈ-ਬਾਪ ਬੱਚਿਆਂ ਨੂੰ ਨਾ ਪਾਲੂ ਤਾਂ ਕੌਣ ਪਾਲੂ? ਆਪਣੇ "ਭੋਲੇ ਨਾਥ" ਮੋਦੀ ਜੀ ਤਾਂ ਆਂਹਦੇ ਆ ਸਰਕਾਰ ਮਾਈ-ਬਾਪ ਆ ਲੋਕਾਂ ਦੀ। ਮਾਈ-ਬਾਪ ਆ ਉਹਨਾ ਦੀ ਜ਼ਮੀਨ-ਜਾਇਦਾਦ ਦੀ! ਮਾਈ-ਬਾਪ ਆ ਉਹਨਾ ਦੀ ਨਿੱਜਤਾ ਦੀ। ਮਾਈ-ਬਾਪ ਆ ਉਹਨਾ ਦੀ ਆਜ਼ਾਦੀ ਦੀ। ਪਰ ਯੋਗੀ ਵਰਗੇ ਨੇਤਾਵਾਂ ਨੇ ਲੋਕਾਂ ਦੀ ਆਜ਼ਾਦੀ, ਨਿੱਜਤਾ, ਜ਼ਮੀਨ-ਜਾਇਦਾਦ ਸਰਕਾਰ ਪੱਲੇ ਪਾ ਲਈ ਆ ਤੇ ਲੋਕਾਂ ਨੂੰ ਦੁੱਖ ਤਕਲੀਫਾਂ ਬਖਸ਼ ਦਿੱਤੀਆਂ ਆ ਰਾਜ ਧਰਮ ਵਜੋਂ, ਤਦੇ ਤਾਂ ਇਥੇ ਤਾ ਕੁਹਰਾਮ ਮੱਚਿਆ ਹੋਇਆ। ਜੋਕਾਂ, ਲੋਕਾਂ ਦਾ ਲਹੂ ਪੀ ਰਹੀਆਂ! ਨੇਤਾ, ਲੋਕਾਂ ਨੂੰ ਲੁੱਟ ਰਹੇ ਆ। ਸਮਾਜ ਸੁਧਾਰਕ ਲੋਕਾਂ ਦੀਆਂ ਜੇਬਾਂ ਫਰੋਲ ਰਹੇ ਆ। ਸਮਾਜ ਦੇ ਠੇਕੇਦਾਰ, ਪੈਸੇ, ਧੇਲੇ, ਟਕੇ ਲਈ ਇੱਜਤਾਂ ਨੀਲਾਮ ਕਰ ਰਹੇ ਆ। ਸਾਧ-ਠੱਗ ਬਣੇ ਹੋਏ ਆ ਤੇ ਡਾਕਟਰ, ਭਾਈ ਉਹ ਵੀ ਕਿਸੇ ਤੋਂ ਘੱਟ ਕਿਉਂ ਰਹਿਣ? ਉਹਨਾ ਨੂੰ ਵੀ ਭੁੱਖ ਲੱਗਦੀ ਆ। ਉਹਨਾ ਦਾ ਵੀ ਜੀਅ ਕਰਦਾ ਉਹਨਾ ਦੀਆਂ ਜੇਬਾਂ ਵੀ ਪੈਸਿਆਂ ਨਾਲ ਆਫਰੀਆ ਰਹਿਣ! ਉਹ ਜਾਣ ਗਏ ਆ ਕਿ ਨੇਤਾਗਿਰੀ, ਸਮਾਜ ਸੇਵਾ ਨਹੀਂ ਰਹੀ। ਨੇਤਾਗਿਰੀ, ਪੈਸੇ ਤੇ ਤਾਕਤ ਬਨਾਉਣ ਦੀ ਮਸ਼ੀਨ ਬਣਕੇ ਰਹਿ ਗਈ ਆ। ਤਦੇ ਭਾਈ ਉਹ ਡਾਕਟਰ ਜਿਹੜੇ ਲੱਖਾਂ ਰੁਪੱਈਏ ਫੀਸ ਖਰਚਕੇ ਡਾਕਟਰ ਬਣੇ ਹੋਏ ਆ, ਉਹਨਾ ਲੋਕਾਂ ਤੋਂ ਹੀ ਉਗਰਾਹੁਣੇ ਆ, ਜਿਵੇਂ ਸਰਕਾਰ ਹਰ ਐਰਾ-ਗੈਰਾ ਟੈਕਸ ਲਾਕੇ ਲੋਕਾਂ ਤੋਂ ਧਨ ਕਮਾਉਂਦੀ ਆ ਤੇ ਐਸ਼ ਕਰਦੀ ਆ। ਤਦੇ ਭਾਈ, ਜਦੋਂ ਮਰੀਜ਼ ਡਾਕਟਰ ਦੇ ਕਲਿਨਿਕ ਤੇ ਪੈਰ ਪਾਉਂਦਾ, ਝੱਟ ਟੈਸਟਾਂ ਦੇ ਹੁਕਮ ਚਾੜ੍ਹੇ ਜਾਦੇ ਆ। ਸਿਰ ਦੁੱਖਦਾ, ਚਲ ਟੈਸਟ। ਢਿੱਡ ਦੁੱਖਦਾ, ਚਲ ਟੈਸਟ। ਕੰਨ ਦੁੱਖਦਾ, ਚਲ ਟੈਸਟ। ਮਤਲਬ ਤਾਂ ਮੋਦੀ ਸਰਕਾਰ ਵਾਂਗਰ ਮੋਟੀ ਕਮਾਈ ਕਰਨ ਦਾ ਆ। ਤਦੇ ਕਹਿੰਦੇ ਆ, " ਗਲੂਕੋਜ਼ ਲਾਕੇ ਡਾਕਟਰ ਫੀਸ ਝਾੜੇ ਭਾਵੇਂ ਰੋਗੀ ਨੂੰ ਤਾਪ ਜਾਂ ਖੰਘ ਹੋਵੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
500-1000 ਨੋਟਾਂ ਦਾ ਦੇਸ਼ ਵਿੱਚ 15,44,000 ਕਰੋੜ ਦਾ ਚਲਨ ਸੀ, ਇਹਨਾਂ ਵਿਚੋਂ 16000 ਕਰੋੜ ਰੁਪਿਆ ਸਰਕਾਰ ਕੋਲ ਵਾਪਿਸ ਨਹੀਂ ਆਇਆ। ਇਸ 16000 ਕਰੋੜ ਦੀ ਰਕਮ ਵਾਪਿਸ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ ਨੂੰ 21000 ਕਰੋੜ ਰੁਪਏ ਦੇ ਨਵੇਂ ਛਾਪਣ ਲਈ ਖਰਚਣੇ ਪਏ
ਇੱਕ ਵਿਚਾਰ
ਸਾਡੇ ਸਾਰੇ ਸੁਫਨੇ ਸੱਚ ਹੋ ਸਕਦੇ ਹਨ, ਜੇਕਰ ਅਸੀਂ ਉਹਨਾ ਨੂੰ ਅੱਗੇ ਵਧਾਉਣ ਦਾ ਹੌਸਲਾ ਰੱਖਦੇ ਹੋਈਏ........... ਬਾਲਟ ਡਿਜਨੀ
ਫੋਨ ਨੰ: 9815802070
-
ਗੁਰਮੀਤ ਪਲਾਹੀ , ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.