ਹਰਿਆਣੇ ਨੂੰ ਸ਼ਾਰਦਾ-ਜਮਨਾ ਲਿੰਕ ਨਹਿਰ ਤੋਂ ਪਾਣੀ ਮਿਲਣਾ ਤੈਅ ਹੈ। ਇਸ ਨਹਿਰ ਰਾਹੀਂ ਹਰਿਆਣੇ ਤੱਕ ਪੁੱਜਣ ਵਾਲੇ 9.47 ਐਮ.ਏ.ਐਫ਼. ਪਾਣੀ 'ਚੋਂ ਕਿੰਨਾ ਹਿੱਸਾ ਮਿਲਣਾ ਹੈ ਇਹਦੇ ਬਾਬਤ ਭੇਤ ਬਰਕਰਾਰ ਹੈ। ਪੰਜਾਬ ਦਾ 1.6 ਐਮ.ਏ.ਐਫ਼. ਪਾਣੀ ਐਸ.ਵਾਈ.ਐਲ. ਰਾਹੀਂ ਘੜੀਸ ਕੇ ਹਰਿਆਣੇ ਨੂੰ ਪੁਚਾਉਣ ਖ਼ਾਤਰ ਕੇਂਦਰ ਸਰਕਾਰ ਪੂਰਾ ਟਿੱਲ ਲਾ ਰਹੀ ਹੈ। ਪਰ ਇਹ ਓਹਲਾ ਰੱਖਿਆ ਜਾ ਰਿਹਾ ਹੈ ਕਿ ਸ਼ਾਰਦਾ ਨਹਿਰ 'ਚੋਂ ਹਰਿਆਣੇ ਨੂੰ ਕਿੰਨਾ ਪਾਣੀ ਮਿਲਣਾ ਹੈ। ਜੇ ਇਹ ਗੱਲ ਐਸ.ਵਾਈ.ਐਲ. ਨਹਿਰ ਚਾਲੂ ਹੋਣ ਤੋਂ ਪਹਿਲਾਂ ਨਸ਼ਰ ਹੋ ਜਾਂਦੀ ਹੈ ਕਿ ਸ਼ਾਰਦਾ ਨਹਿਰ 'ਚੋਂ ਹਰਿਆਣੇ ਨੂੰ 1.6 ਜਾਂ ਇਹਤੋਂ ਵੱਧ ਪਾਣੀ ਮਿਲਣਾ ਹੈ ਤਾਂ ਹਰਿਆਣੇ ਨੂੰ ਪਾਣੀ ਦੀ ਘਾਟ ਵਾਲੀ ਦਲੀਲ ਖੁੰਢੀ ਹੋ ਜਾਂਦੀ ਹੈ ਤੇ ਇਹਦੇ ਨਾਲ ਐਸ.ਵਾਈ.ਐਲ. ਨਹਿਰ ਪੁੱਟਣ ਦੀ ਜਿਦ ਵੀ ਖੁਦ-ਬਾ-ਖੁਦ ਬੇਮਾਨੀ ਹੋ ਜਾਣੀ ਹੈ। ਹੋ ਸਕਦਾ ਹੈ ਕਿ ਇਸੇ ਵਜ੍ਹਾ ਕਰਕੇ ਸ਼ਾਰਦਾ ਨਹਿਰ ਬਾਬਤ ਹਰ ਕਿਸਮ ਦਾ ਓਹਲਾ ਰੱਖਿਆ ਜਾ ਰਿਹਾ ਹੈ। ਹੁਣ ਸਰਕਾਰੀ ਦਸਤਾਵੇਜ਼ ਘੋਖਣ ਨਾਲ ਇਹ ਗੱਲ ਸਾਫ਼ ਹੋ ਗਈ ਹੈ ਕਿ ਹਰਿਆਣੇ ਨੂੰ ਸ਼ਾਰਦਾ ਨਹਿਰ 'ਚੋਂ ਪਾਣੀ ਮਿਲਣਾ ਹੈ। ਲਖਨਊ ਦੀ ਬੀ.ਆਰ ਅੰਬੇਡਕਰ ਕੇਂਦਰ ਸਰਕਾਰ ਦੀ ਯੂਨੀਵਰਸਿਟੀ ਵੱਲੋਂ ਲਿਖੇ ਗਏ ਇਕ ਪੇਪਰ ਵਿਚ ਇਹਦਾ ਜ਼ਿਕਰ ਹੈ ਤੇ ਨਾਲੋ ਨਾਲ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਗਏ ਇਕ ਲਿਖਤੀ ਬਿਆਨ ਵਿਚ ਵੀ ਇਹ ਗੱਲ ਸਾਫ਼ ਹੁੰਦੀ ਹੈ ਕਿ ਹਰਿਆਣੇ ਨੂੰ ਸ਼ਾਰਦਾ ਨਹਿਰ ਦਾ ਪਾਣੀ ਮਿਲਣਾ ਹੈ।
ਅੰਬੇਡਕਰ ਯੂਨੀਵਰਸਿਟੀ ਲਖਨਊ ਦੇ ਇਨਵਾਇਰਮੈਂਟ ਸਾਇੰਸ ਡਿਪਾਰਟਮੈਂਟ ਤੇ 2 ਸਾਇੰਸਦਾਨਾਂ ਅੰਜਲੀ ਵਰਮਾ ਅਤੇ ਨਰਿੰਦਰ ਕੁਮਾਰ ਨੇ ਸ਼ਾਰਦਾ-ਜਮਨਾ ਲਿੰਕ ਨਹਿਰ 'ਤੇ ਇਕ ਖੋਜ ਪੇਪਰ ਲਿਖਿਆ ਹੈ। ਇਹ ਪੇਪਰ ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਫਾਈਲਾਂ ਵਿਚੋਂ ਲਈ ਗਈ ਜਾਣਕਾਰੀ 'ਤੇ ਅਧਾਰਿਤ ਹੈ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਇਹ ਨਹਿਰ ਉਤਰਾਖੰਡ ਅਤੇ ਨੇਪਾਲ ਦੇ ਬਾਰਡਰ 'ਤੇ ਪੈਂਦੇ ਟਨਕਪੁਰ ਨੇੜਿਓਂ ਸ਼ਾਰਦਾ ਦਰਿਆ ਵਿਚੋਂ ਨਿਕਲਣੀ ਹੈ। 480 ਕਿਲੋਮੀਟਰ ਦਾ ਪੈਂਡਾ ਤੈਅ ਕਰਦੀ ਇਸ ਨਹਿਰ ਨੇ ਹਰਿਆਣੇ ਦਾ ਕਰਨਾਲ ਕੋਲ ਜਮਨਾ ਦਰਿਆ ਵਿਚ ਡਿੱਗਣਾ ਹੈ। ਇਸ ਪੇਪਰ ਵਿਚ ਇਹ ਗੱਲ ਬੜ੍ਹੀ ਡਿਟੇਲ ਨਾਲ ਦੱਸੀ ਗਈ ਹੈ ਕਿ ਇਸ ਨਹਿਰ ਦੀ ਚੌੜਾਈ-ਡੂੰਘਾਈ ਕਿੰਨੀ ਹੋਵੇਗੀ ਮੁੱਢ 'ਚ ਪਾਣੀ 24 ਹਜ਼ਾਰ 845 ਕਿਊਸਕ ਤੇ ਆਖ਼ੀਰ ਤੇ 19 ਹਜ਼ਾਰ 875 ਕਿਊਸਕ ਹੋਵੇਗਾ। ਇਹਦੇ ਨਾਲ ਯੂ.ਪੀ ਦੇ ਕਿਹੜੇ-ਕਿਹੜੇ 6 ਜਿਲ੍ਹਿਆਂ ਨੂੰ ਪਾਣੀ ਮਿਲਣਾ ਹੈ। ਨਕਸ਼ਾ ਛਾਪਕੇ ਤੇ ਓਹਦੇ ਵਿਚ ਰੰਗ ਭਰਕੇ ਇਹ ਵੀ ਦੱਸਿਆ ਗਿਆ ਹੈ ਕਿ ਇਹਦਾ ਕਮਾਂਡ ਏਰੀਆ ਕਿਹੜਾ ਹੋਵੇਗਾ ਭਾਵ ਇਹਦੇ ਨਾਲ ਕਿਹੜੇ ਇਲਾਕੇ ਦੀ ਸਿੰਜਾਈ ਹੋਵੇਗੀ। ਪਰ ਇਸ ਪੇਪਰ ਦੀ ਸਾਰੀ ਜਾਣਕਾਰੀ ਇਸ ਨਹਿਰ ਦੇ ਜਮਨਾ ਦਰਿਆ ਵਿਚ ਡਿੱਗਣ ਸਾਰ ਹੀ ਖ਼ਤਮ ਹੋ ਜਾਂਦੀ ਹੈ। ਹਾਲਾਕਿ ਇਸ ਨਹਿਰ ਦਾ ਸਿਰਫ਼ 20 ਫ਼ੀਸਦ ਪਾਣੀ ਹੀ ਯੂ.ਪੀ. ਵਿਚ ਵਰਤਿਆ ਜਾਣਾ ਹੈ ਅਤੇ 80 ਫ਼ੀਸਦ ਪਾਣੀ ਹਰਿਆਣੇ ਦੇ ਬਾਰ 'ਤੇ ਆਕੇ ਡਿੱਗਣਾ ਹੈ। ਪਰ ਇਸ ਪੇਪਰ ਦੀ ਸਿਰਫ਼ ਇਕ ਲਾਈਨ ਵਿਚ ਇਹ ਜ਼ਿਕਰ ਹੈ ਕਿ ਇਸ ਨਹਿਰ ਦਾ ਫਾਇਦਾ ਹਰਿਆਣਾ, ਰਾਜਸਥਾਨ ਤੇ ਗੁਜਰਾਤ ਨੂੰ ਵੀ ਹੋਣਾ ਹੈ।
ਸਰਕਾਰੀ ਕਾਗਜ਼ਾਂ ਵਿਚ ਇਸ ਸਾਰੀ ਨਹਿਰ ਨੂੰ 3 ਹਿੱਸਿਆ ਵਿਚ ਵੰਡਿਆ ਹੋਇਆ ਹੈ ਤੇ ਤਿੰਨਾਂ ਦੇ ਹੀ ਅੱਡੋ-ਅੱਡ ਨਾਮ ਰੱਖੇ ਹੋਏ ਨੇ ਟਨਕਪੁਰ ਤੋਂ ਕਰਨਾਲ ਤੱਕ ਇਹਦਾ ਨਾਮ ਸ਼ਾਰਦਾ-ਜਮਨਾ ਨਹਿਰ ਹੈ। ਕਰਨਾਲ ਤੋਂ ਰਾਜਸਥਾਨ ਦੇ ਅੱਧ ਤੱਕ ਇਹਦਾ ਨਾਮ ਜਮਨਾ-ਰਾਜਸਥਾਨ ਲਿੰਕ ਨਹਿਰ ਤੇ ਰਾਜਸਥਾਨ ਤੋਂ ਗੁਜਰਾਤ ਦੇ ਸਾਬਰਮਤੀ ਤੱਕ ਇਹਦਾ ਨਾਮ ਸਾਬਰਮਤੀ ਲਿੰਕ ਨਹਿਰ ਹੈ। NW41 ਦੇ ਨਾਮ ਥੱਲ੍ਹੇ ਇਕ ਨਕਸ਼ਾ ਛਪਿਆ ਮਿਲਦਾ ਹੈ ਜੋ ਕਿ ਕੇਂਦਰ ਸਰਕਾਰ ਦੀ 'ਨੈਸ਼ਨਲ ਵਾਟਰ ਡਿਵੈਲਪਮੈਂਟ ਅਥਾਰਟੀ' ਦਾ ਹੋ ਸਕਦਾ ਹੈ। ਇਸ ਨਕਸ਼ੇ ਵਿਚ ਇਹ ਗੱਲ ਬਹੁਤ ਹੀ ਸਪੱਸ਼ਟ ਦਿਸਦੀ ਹੈ ਕਿ ਸ਼ਾਰਦਾ-ਸਾਬਰਮਤੀ ਲਿੰਕ ਪ੍ਰੋਜੈਕਟ ਦੇ ਨਾਮ ਥੱਲ੍ਹੇ ਇਹ ਨਹਿਰ ਕਰਨਾਲ ਨੇੜਿਓਂ ਜਮਨਾ ਦਰਿਆ ਤੋਂ ਸ਼ੁਰੂ ਹੋ ਕੇ ਹਰਿਆਣੇ ਦੇ ਐਨ ਵਿਚਕਾਰੋਂ ਗੁਜ਼ਰਦੀ ਹੋਈ ਰਾਜਸਥਾਨ ਵੱਲ ਨੂੰ ਜਾਂਦੀ ਹੈ। ਇਹ ਨਕਸ਼ਾ ਵੀ ਕਾਫ਼ੀ ਸ਼ੱਕ ਕੱਢ ਦਿੰਦਾ ਹੈ। ਰਹਿੰਦੀ ਖੂੰਹਦੀ ਸ਼ੱਕ ਕੇਂਦਰੀ ਸਿੰਜਾਈ ਮੰਤਰੀ ਉਮਾ ਭਾਰਤੀ ਵੱਲੋਂ ਲੋਕ ਸਭਾ ਵਿੱਚ ਦਿੱਤਾ ਬਿਆਨ ਕੱਢ ਦਿੰਦਾ ਹੈ। ਹਰਿਆਣੇ ਦੇ ਮੈਂਬਰ ਲੋਕ ਸਭਾ ਸ਼੍ਰੀ ਧਰਮਵੀਰ ਅਤੇ ਮਹਾਂਰਾਸ਼ਟਰ ਦੇ ਮਾਲੇਗਾਓਂ ਹਲਕੇ ਦੇ ਮੈਂਬਰ ਸ਼੍ਰੀ ਹਰੀਸ਼ ਚੰਦਰ ਚੌਹਾਨ ਵੱਲੋਂ ਪੁੱਛੇ ਗਏ ਇਕ ਸਵਾਲ ਨੰਬਰ 77 ਦੇ ਜਵਾਬ ਵਿਚ 21 ਜੁਲਾਈ 2016 ਨੂੰ ਕੇਂਦਰੀ ਸਿੰਜਾਈ ਮੰਤਰੀ ਨੇ ਇਕ ਬਹੁਤ ਲੰਮਾ ਚੌੜਾ ਜਵਾਬ ਦਿੱਤਾ ਜੋ ਕਿ ਸਾਰੇ ਮੁਲਕ ਦੇ ਦਰਿਆਵਾਂ ਦੇ ਇੰਟਰਲਿੰਕਗ ਦੇ ਸਬੰਧ ਵਿਚ ਸੀ। ਇਸ ਵਿਚ ਦੱਸਿਆ ਗਿਆ ਕਿ ਜਮਨਾ-ਰਾਜਸਥਾਨ ਲਿੰਕ ਨਹਿਰ ਦਾ ਫਾਇਦਾ ਹਰਿਆਣਾ ਤੇ ਰਾਜਸਥਾਨ ਨੂੰ ਹੋਣਾ ਹੈ, ਰਾਜਸਥਾਨ ਸਾਬਰਮਤੀ ਲਿੰਕ ਨਹਿਰ ਦਾ ਫਾਇਦਾ ਰਾਜਸਥਾਨ ਤੇ ਗੁਜਰਾਤ ਨੂੰ ਹੋਣਾ ਹੈ। ਕੀਹਨੂੰ ਕਿੰਨਾ ਪਾਣੀ ਮਿਲਣਾ ਹੈ ਏਸ ਜਵਾਬ ਵਿਚ ਵੀ ਨਹੀਂ ਦੱਸਿਆ ਗਿਆ।
-
ਗੁਰਪ੍ਰੀਤ ਸਿੰਘ ਮੰਡਿਆਣੀ,
gurpreetmandiani@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.