ਫਾਈਲ ਫੋਟੋ
ਅੱਜ ਝੰਡੂਪੁਰ ਦੇ ਸਰਕਾਰੀ ਹਾਈ ਸਕੂਲ ਵਿੱਚ ਬਹੁਤ ਹੀ ਚਹਿਲ ਪਹਿਲ ਸੀ। ਡੀ.ਈ.ਉ. ਦਫਤਰ ਦੇ ਸੁਪਰਡੈਂਟ ਚਾਲੂ ਸਿੰਘ ਨੇ ਦੋ ਬੋਤਲਾਂ ਬਲੈਂਡਰ ਪਰਾਈਡ ਦੀਆਂ ਲੈਣ ਦੀ ਸ਼ਰਤ 'ਤੇ ਚੁਗਲੀ ਮਾਰੀ ਸੀ ਕਿ ਅੱਜ ਕੋਈ ਵੱਡਾ ਅਫਸਰ ਸਕੂਲ ਦੀ ਅਚਨਚੇਤੀ ਚੈਕਿੰਗ ਕਰਨ ਲਈ ਆ ਸਕਦਾ ਹੈ। ਉਸੇ ਦੇ ਇੰਤਜ਼ਾਰ ਵਿੱਚ ਸਾਰਾ ਕੁਝ ਸਾਫ ਸੁਥਰਾ ਐਨ ਸਲੀਕੇ ਨਾਲ ਸੱਜਿਆ ਪਿਆ ਸੀ। ਸਕੂਲ ਦੇ ਗੇਟ 'ਤੇ ਚੂਨੇ ਨਾਲ ਵੈੱਲਕਮ ਲਿਖਿਆ ਹੋਇਆ ਸੀ। ਪੀ.ਟੀ. ਮਾਸਟਰ ਦੀ ਡਿਊਟੀ ਬੱਚਿਆਂ ਦੇ ਪੈਰਾਂ ਤੋਂ ਵੈੱਲਕਮ ਨੂੰ ਬਚਾਉਣ ਦੀ ਸੀ। ਇਸੇ ਚੱਕਰ ਵਿੱਚ ਕਈ ਬੱਚੇ ਉਸ ਤੋਂ ਡੰਡਿਆਂ ਦਾ ਪ੍ਰਸ਼ਾਦ ਲੈ ਚੁੱਕੇ ਸਨ। ਅੱਜ ਤਾਂ ਦਿਨ ਰਾਤ ਦਾਰੂ ਪੀ ਕੇ ਠੇਕੇ 'ਤੇ ਪਿਆ ਰਹਿਣ ਵਾਲਾ ਰਾਮੂ ਮਾਲੀ ਵੀ ਹਾਜ਼ਰ ਸੀ। ਉਸ ਨੇ ਫੁੱਲਾਂ ਦੀਆਂ ਕਿਆਰੀਆਂ ਚੰਡ ਕੇ ਲਿਸ਼ਕਾਈਆਂ ਪਈਆਂ ਸਨ ਅਤੇ ਸ਼ਰਾਬ ਦੇ ਅਹਾਤੇ ਵਾਲਿਆਂ ਤੋਂ ਮੰਗ ਕੇ 10-12 ਤਾਜ਼ੇ ਫੁੱਲਾਂ ਵਾਲੇ ਗਮਲੇ ਵੀ ਪ੍ਰਿੰਸੀਪਲ ਦੇ ਦਫਤਰ ਅੱਗੇ ਫਬਾਏ ਹੋਏ ਸਨ। ਕੋਈ ਆਪਣੇ ਪੱਕੇ ਗਾਹਕ ਨੂੰ ਥੋੜ੍ਹਾ ਨਰਾਜ਼ ਕਰ ਸਕਦਾ ਹੈ! ਸਕੂਲ ਦੇ ਬਾਥਰੂਮ, ਜਿਹਨਾਂ ਵਿੱਚੋਂ 100-100 ਮੀਟਰ ਤੱਕ ਸੜੀ ਹੋਈ ਮੁਸ਼ਕ ਆਉਂਦੀ ਸੀ, ਫਰਨੈਲ ਨਾਲ ਮਹਿਕ ਰਹੇ ਸਨ। ਪ੍ਰਿੰਸੀਪਲ ਨੇ ਵੀ ਹਾਜ਼ਰੀ ਯਕੀਨੀ ਬਣਾਉਣ ਲਈ ਬੱਚਿਆਂ ਨੂੰ ਬਿਸਕੁਟ-ਟੌਫੀਆਂ ਦਾ ਲਾਲਚ ਦੇ ਕੇ ਨਹਾ ਧੋ ਕੇ ਵਧੀਆ ਕੱਪੜੇ ਪਹਿਨ ਕੇ ਆਉਣ ਲਈ ਕਿਹਾ ਹੋਇਆ ਸੀ। ਸਰਕਾਰੀ ਸਕੂਲਾਂ ਵਿੱਚ ਵੈਸੇ ਵੀ ਗਰੀਬ ਜਨਤਾ ਦੇ ਬੱਚੇ ਪੜ੍ਹਦੇ ਹਨ। ਅੱਜ ਤਾਂ ਕਦੇ ਸਕੂਲੇ ਨਾ ਵੜਨ ਵਾਲੇ ਪੱਕੇ ਫਰਲੋਬਾਜ਼ ਮਾਸਟਰ ਵੀ ਹਾਜ਼ਰ ਸਨ।
ਚੁਗਲ ਦੀ ਗੱਲ ਸੱਚ ਸਾਬਤ ਹੋਈ। ਵਾਕਿਆ ਈ ਗਿਆਰਾਂ ਕੁ ਵਜੇ ਚਿੱਟੇ ਰੰਗ ਦੀ ਐਮਬੈਸਡਰ ਗੱਡੀ ਵਿੱਚ ਅਫਸਰ ਆਣ ਧਮਕਿਆ। ਮਧਰਾ ਕੱਦ, ਰੋਅਬਦਾਰ ਚਿਹਰਾ, ਸੂਟ ਬੂਟ ਅਤੇ ਟਾਈ ਵਿੱਚ ਸੱਜਿਆ ਹੋਇਆ, ਅੱਪ ਟੂ ਡੇਟ। ਅੱਖਾਂ ਬਾਜ਼ ਵਾਂਗ ਤਿੱਖੀਆਂ, ਜਿਵੇਂ ਖੜ੍ਹੇ ਖਲੋਤੇ ਬੰਦੇ ਦਾ ਪੋਸਟ ਮਾਰਟਮ ਕਰ ਦੇਣ। ਸਕੂਲ ਦਾ ਚੱਕਰ ਲਗਾ ਕੇ ਤੇ ਸਫਾਈ ਤੋਂ ਸੰਤੁਸ਼ਟ ਹੋ ਕੇ ਸੱਤਵੀਂ ਜਮਾਤ ਦੇ ਕਲਾਸ ਰੂਮ ਵਿੱਚ ਪਹੁੰਚ ਗਿਆ। ਇੱਕ ਵਿਦਿਆਰਥੀ ਨੂੰ ਖੜ੍ਹਾ ਕਰ ਕੇ ਬਹੁਤ ਪਿਆਰ ਨਾਲ ਉਸ ਦੇ ਸਿਰ 'ਤੇ ਹੱਥ ਫੇਰਿਆ, "ਹਾਂ ਬੇਟਾ ਦੱਸ ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੈ?" ਬੱਚੇ ਨੇ ਝੱਟ ਬਿਨਾਂ ਕਿਸੇ ਡਰ ਡੁੱਕਰ ਦੇ ਜਵਾਬ ਉਸ ਦੇ ਗਿੱਟਿਆਂ 'ਚ ਮਾਰਿਆ, "ਜੀ ਰਾਮ ਲਾਲ।" ਅਫਸਰ ਹੈਰਾਨ ਹੋ ਗਿਆ। ਉਸ ਨੇ ਦੁਬਾਰਾ ਪੁੱਛਿਆ, "ਬੇਟਾ ਪ੍ਰਧਾਨ ਮੰਤਰੀ ਬਾਰੇ ਪੁੱਛ ਰਿਹਾ ਹਾਂ।" ਬੱਚਾ ਫਿਰ ਨਾ ਟਲਿਆ, "ਰਾਮ ਲਾਲ।" ਅਫਸਰ ਦਾ ਪਾਰਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਤੇ ਬਲੱਡ ਪ੍ਰੈਸ਼ਰ ਆਖਰੀ ਪੁਆਇੰਟ 'ਤੇ। ਉਸ ਦਾ ਹੱਥ ਬੱਚੇ ਦੇ ਸਰ੍ਹੋੋਂ ਦੇ ਤੇਲ ਨਾਲ ਚੋਪੜੇ ਸਿਰ ਤੋਂ ਤਿਲਕ ਕੇ ਕੰਨ ਨੂੰ ਚੰਬੜ ਗਿਆ, "ਉਏ ਬੇਵਕੂਫਾ, ਤੈਨੂੰ ਸੱਤਵੀਂ ਵਿੱਚ ਕਿਸ ਉੱਲੂ ਦੇ ਪੱਠੇ ਨੇ ਕਰ ਦਿੱਤਾ? ਤੈਨੂੰ ਪਤਾ ਮੈਂ ਤੇਰਾ ਹੁਣੇ ਨਾਮ ਕੱਟ ਸਕਦਾ ਹਾਂ? ਤੈਨੂੰ ਤਾਂ ਭੇਜਦਾਂ ਵਾਪਸ ਚੌਥੀ ਜਮਾਤ ਵਿੱਚ ਤੇ ਤੇਰੇ ਮਾਸਟਰ ਨੂੰ ਜੰਮੂ ਕਸ਼ਮੀਰ ਦੇ ਬਾਰਡਰ 'ਤੇ ਧਾਰ ਕਲਾਂ।" ਬੱਚਾ ਪੂਰਾ ਢੀਠ ਸੀ। ਉਸ ਨੇ ਸਿਰ ਝਟਕ ਕੇ ਆਪਣਾ ਕੰਨ ਅਜ਼ਾਦ ਕੀਤਾ, "ਮੇਰਾ ਨਾਮ ਤਾਂ ਲਿਖਿਆ ਹੀ ਨਹੀਂ ਹੋਇਆ, ਕੱਟੇਂਗਾ ਕਿਵੇਂ? ਮੈਂ ਤਾਂ ਸਕੂਲ ਦੀ ਗਰਾਊਂਡ ਵਿੱਚ ਬੱਕਰੀਆਂ ਚਾਰ ਰਿਹਾ ਸੀ। ਮਾਸਟਰ ਨੇ ਕਿਹਾ ਕਿ ਬੱਚੇ ਘੱਟ ਹਨ, ਕਲਾਸ ਵਿੱਚ ਬੈਠ ਜਾ ਪੰਜ ਰੁ. ਮਿਲਣਗੇ। ਹੁਣ ਦੱਸ ਪੈਸੇ ਤੂੰ ਦੇਵੇਂਗਾ ਕਿ ਮਾਸਟਰ?"
ਅਫਸਰ ਸੜਿਆ ਭੁੱਜਿਆ ਕਲਾਸ ਟੀਚਰ ਕੋਲ ਪਹੁੰਚਿਆ, "ਇਹ ਕੀ ਮਜ਼ਾਕ ਬਣਾ ਰੱਖਿਆ ਹੈ ਸਕੂਲ ਦਾ? ਮੈਂ ਤੈਨੂੰ ਇਸ ਬਦਤਮੀਜ਼ੀ ਬਦਲੇ ਨੌਕਰੀ ਤੋਂ ਬਰਖਾਸਤ ਕਰ ਦਿਆਂਗਾ?" ਟੀਚਰ ਨੇ ਆਪਣੀ ਫਤੂਹੀ ਵਿੱਚੋਂ ਡਬਲ ਕੈਂਚੀ ਮਾਰਕਾ ਬੀੜੀ ਦਾ ਬੰਡਲ ਕੱਢ ਕੇ ਅਰਾਮ ਨਾਲ ਇੱਕ ਬੀੜੀ ਸੁਲਗਾਈ ਤੇ ਧੂੰਏਂ ਦਾ ਬੱਦਲ ਅਫਸਰ ਵੱਲ ਸੁੱਟਿਆ, "ਕਰ ਦੇ ਭਰਾ। ਮੈਂ ਕਿਹੜਾ ਇਥੋਂ ਦਾ ਮਾਸਟਰ ਹਾਂ। ਮਾਸਟਰ ਤਾਂ ਮੇਰਾ ਗੁਆਂਢੀ ਦੁਕਾਨਦਾਰ ਚਿਰੰਜੀ ਲਾਲ ਹੈ। ਉਹ ਸਾਡੀਆਂ ਦੋਵਾਂ ਦੁਕਾਨਾਂ ਦਾ ਸੌਦਾ ਪੱਤਾ ਲੈਣ ਲਈ ਸ਼ਹਿਰ ਗਿਆ ਹੈ। ਕਹਿੰਦਾ ਸੀ ਕੋਈ ਅਫਸਰ ਆਵੇਗਾ। ਜੋ ਬਕਵਾਸ ਕਰੇ, ਝੱਲ ਲਈਂ। ਮੇਰਾ ਏਨੇ ਨਾਲ ਸ਼ਹਿਰ ਆਉਣ ਜਾਣ ਦਾ ਕਿਰਾਇਆ ਬਚ ਗਿਆ।" ਹੁਣ ਤਾਂ ਅਫਸਰ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ। ਉਹ ਪੈਰ ਪਟਕਦਾ ਹੋਇਆ ਪ੍ਰਿੰਸੀਪਲ ਦੇ ਦਫਤਰ ਪਹੁੰਚ ਗਿਆ। ਠਾਹ ਕਰ ਕੇ ਦਰਵਾਜ਼ਾ ਬੰਦ ਕੀਤਾ ਤੇ ਬੋਲਿਆ "ਇਹ ਕੀ ਅੰਧੇਰਗਰਦੀ ਹੈ? ਸ਼ਰਮ ਨਹੀਂ ਆਉਂਦੀ ਮਾਸਾ? ਇਸੇ ਵਾਸਤੇ ਐਨੀਆਂ ਮੋਟੀਆਂ ਤਨਖਾਹਾਂ ਵਸੂਲਦੇ ਹੋ ਸਰਕਾਰ ਤੋਂ? ਮੈਂ ਤੁਹਾਡੀ ਸਭ ਦੀ ਏ.ਸੀ.ਆਰ. ਖਰਾਬ ਕਰ ਦੇਣੀ ਹੈ।" ਪ੍ਰਿੰਸੀਪਲ ਨੇ ਦਰਾਜ਼ ਵਿੱਚੋਂ ਦਸ ਹਜ਼ਾਰ ਦੀ ਥਹੀ ਕੱਢ ਕੇ ਮੇਜ਼ 'ਤੇ ਰੱਖੀ ਤੇ ਬੇਪ੍ਰਵਾਹੀ ਨਾਲ ਬੋਲਿਆ, "ਭਰਾ ਐਵੇਂ ਕਿਉਂ ਖੂਨ ਸਾੜ ਰਿਹਾ ਹੈਂ? ਮੈਂ ਪ੍ਰਿੰਸੀਪਲ ਨਹੀਂ ਹਾਂ। ਪ੍ਰਿੰਸੀਪਲ ਤਾਂ ਮੇਰਾ ਚਾਚਾ ਹੈ। ਉਹ ਪ੍ਰਾਪਰਟੀ ਦਾ ਧੰਦਾ ਕਰਦਾ ਹੈ। ਅੱਜ ਇੱਕ ਸੌਦੇ ਦਾ ਬਿਆਨਾ ਕਰਨ ਲਈ ਤਹਿਸੀਲਦਾਰ ਦੇ ਦਫਤਰ ਗਿਆ ਹੈ। ਕਹਿੰਦਾ ਸੀ ਕੋਈ ਅਫਸਰ ਆਵੇਗਾ, ਪੈਸੇ ਦੇ ਕੇ ਦਫਾ ਕਰ ਦੇਵੀਂ।"
ਅਫਸਰ ਨੇ ਫਟਾਫਟ ਪੈਸੇ ਚੁੱਕ ਕੇ ਜੇਬ ਦੇ ਹਵਾਲੇ ਕੀਤੇ ਤੇ ਮੁਸਕਰਾਉਂਦੇ ਹੋਏ ਬੋਲਿਆ, "ਬਚ ਗਏ ਸਾਲਿਉ ਅੱਜ ਤੁਸੀਂ ਸਾਰੇ। ਅਫਸਰ ਮੈਂ ਵੀ ਨਹੀਂ, ਮੇਰੇ ਮਾਮਾ ਜੀ ਹਨ। ਅੱਜ ਜੇ ਕਿਤੇ ਉਹ ਰੇਤ ਦੀਆਂ ਖੱਡਾਂ ਦੇ ਟੈਂਡਰ ਭਰਨ ਲਈ ਚੰਡੀਗੜ੍ਹ ਨਾ ਗਏ ਹੁੰਦੇ ਤੇ ਆਪਣੀ ਜਗ੍ਹਾ ਮੈਨੂੰ ਨਾ ਭੇਜਿਆ ਹੁੰਦਾ ਤਾਂ ਤੁਹਾਡੀ ਕਿਸੇ ਦੀ ਵੀ ਨੌਕਰੀ ਨਹੀਂ ਸੀ ਬਚਣੀ।" ਸਭ ਨੂੰ ਹੈਰਾਨ ਪਰੇਸ਼ਾਨ ਛੱਡ ਕੇ ਉਹ ਮਾਮੇ ਦੀ ਸਰਕਾਰੀ ਐਮਬੈਸਡਰ ਵਿੱਚ ਬੈਠ ਕੇ ਫੁੱਰਰ ਹੋ ਗਿਆ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.