ਆਈ.ਐਸ ਦੇ ਅੱਤਵਾਦੀ ਯੂਰਪ ਦੇ ਅਨੇਕਾਂ ਦੇਸ਼ਾਂ ਵਿੱਚ ਲਗਾਤਾਰ ਆਤਮਘਾਤੀ ਹਮਲੇ ਅੰਜ਼ਾਮ ਦੇ ਰਹੇ ਹਨ। 17 ਅਗਸਤ ਨੂੰ ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਭੀੜ ਭੜੱਕੇ ਵਾਲੇ ਬਜ਼ਾਰ ਵਿੱਚ ਮੂਸਾ ਉਕਾਬੀਰ ਨਾਮਕ ਅੱਤਵਾਦੀ ਨੇ ਗੱਡੀ ਥੱਲੇ ਦਰੜ ਕੇ 13 ਬੇਕਸੂਰ ਵਿਅਕਤੀਆਂ ਦਾ ਕਤਲ ਕਰ ਦਿੱਤਾ ਅਤੇ ਦਰਜ਼ਨਾਂ ਹੋਰਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਸੇ ਰਾਤ ਹੀ ਇਹਨਾਂ ਅੱਤਵਾਦੀਆਂ ਨੇ ਨਜ਼ਦੀਕੀ ਸ਼ਹਿਰ ਕੈਮਬਰਿਲਜ਼ ਵਿੱਚ ਕਾਰ ਚੜ੍ਹਾ ਕੇ ਇੱਕ ਔਰਤ ਨੂੰ ਕਤਲ ਕਰ ਦਿੱਤਾ ਅਤੇ 6 ਹੋਰ ਨੂੰ ਜ਼ਖਮੀ ਕਰ ਦਿੱਤਾ। ਪਰ ਇਸ ਤੋਂ ਬਾਅਦ ਹੋਏ ਮੁਕਾਬਲੇ ਵਿੱਚ ਸਪੇਨ ਦਾ ਜੰਮਪਲ ਮੂਸਾ ਉਕਾਬੀਰ ਆਪਣੇ ਚਾਰ ਮੌਰੋਕਨ ਅੱਤਵਾਦੀ ਸਾਥੀਆਂ ਸਮੇਤ ਮਾਰਿਆ ਗਿਆ। 18 ਅਗਸਤ ਨੂੰ ਫਿਨਲੈਂਡ ਵਰਗਾ ਸ਼ਾਂਤ ਦੇਸ਼ ਵੀ ਇਹਨਾਂ ਹਮਲਿਆਂ ਦੀ ਮਾਰ ਹੇਠ ਆ ਗਿਆ ਜਦੋਂ ਇੱਕ ਅਰਬੀ ਅੱਤਵਾਦੀ ਨੇ ਟੁਰਕੂ ਸ਼ਹਿਰ ਵਿੱਚ ਚਾਕੂ ਮਾਰ ਕੇ ਦੋ ਵਿਅਕਤੀ ਕਤਲ ਅਤੇ 6 ਜ਼ਖਮੀ ਕਰ ਦਿੱਤੇ। ਇਸ ਤੋਂ ਪਹਿਲਾਂ 9 ਅਗਸਤ ਨੂੰ ਇੱਕ ਵਿਅਕਤੀ ਨੇ ਪੈਰਿਸ, ਫਰਾਂਸ ਵਿਖੇ ਆਪਣੀ ਕਾਰ ਫੌਜੀਆਂ ਦੀ ਇੱਕ ਟੁਕੜੀ 'ਤੇ ਚਾੜ੍ਹ ਕੇ 6 ਨੂੰ ਜ਼ਖਮੀ ਕਰ ਦਿੱਤਾ ਸੀ। ਜੁਲਾਈ 2016 ਨੂੰ ਇੱਕ ਘਾਤਕ ਹਮਲੇ ਦੌਰਾਨ ਫਰਾਂਸ ਦੇ ਸ਼ਹਿਰ ਨੀਸ ਵਿੱਚ ਟੂਨੀਸ਼ੀਅਨ ਮੂਲ ਦੇ ਮੁਹੰਮਦ ਲਾਹਾਉਜ਼ ਬੌਹਲੈਲ ਨੇ ਟਰੱਕ ਹਮਲੇ ਨਾਲ 84 ਬੇਕਸੂਰ ਮਾਰ ਦਿੱਤੇ ਤੇ 303 ਜ਼ਖਮੀ ਕਰ ਦਿੱਤੇ ਸਨ। ਇਸ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਇੱਕ 17 ਸਾਲਾ ਅਫਗਾਨ ਰਫਿਊਜ਼ੀ ਨੇ 18 ਜੁਲਾਈ ਨੂੰ ਜਰਮਨੀ ਦੇ ਸੂਬੇ ਬਾਵੇਰੀਆ ਵਿੱਚ ਇੱਕ ਟਰੇਨ ਵਿੱਚ ਕੁਲਹਾੜੀ ਨਾਲ ਹਮਲਾ ਕਰਕੇ 20 ਬੰਦੇ ਗੰਭੀਰ ਜ਼ਖਮੀ ਕਰ ਦਿੱਤੇ। ਆਈ.ਐਸ. ਦੇ ਅੱਤਵਾਦੀ ਹਮਲੇ ਕਰਨ ਲਈ ਅਸਾਨੀ ਨਾਲ ਮੁਹੱਈਆ ਹੋਣ ਵਾਲੇ ਔਜ਼ਾਰ ਜਿਵੇਂ ਗੱਡੀਆਂ, ਚਾਕੂ ਅਤੇ ਕੁਲਹਾੜੀਆਂ ਆਦਿ ਵਰਤ ਰਹੇ ਹਨ।
ਯੂਰਪ ਵਿੱਚ ਇਸਲਾਮੀ ਅੱਤਵਾਦੀ ਹਮਲੇ ਸਭ ਤੋਂ ਪਹਿਲਾਂ ਰੂਸ ਵਿੱਚ ਹੋਣੇ ਸ਼ੁਰੂ ਹੋਏ ਸਨ। ਚੇਚਨੀਆਂ ਖਿਲਾਫ ਰੂਸ ਦੀ ਫੌਜੀ ਕਾਰਵਾਈ ਕਾਰਨ ਚੇਚਨ ਬਾਗੀਆਂ ਨੇ ਰੂਸ ਦੇ ਅੰਦਰ ਘੁਸ ਕੇ ਕਈ ਹਮਲੇ ਕੀਤੇ। ਸਭ ਤੋਂ ਮਸ਼ਹੂਰ ਹਮਲੇ 2002 ਵਿੱਚ ਦੁਬਰੋਵਕਾ ਥੀਏਟਰ ਮਾਸਕੋ ਅਤੇ ਬੇਸਲਾਨ ਦੇ ਸਕੂਲ ਉੱਪਰ ਹੋਏ ਹਨ। ਇਹਨਾਂ ਦੋਵਾਂ ਹਮਲਿਆਂ ਦੌਰਾਨ ਚੇਚਨ ਅੱਤਵਾਦੀਆਂ ਨੇ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਲਿਆ। ਉਹਨਾਂ ਨੇ ਚੇਚਨੀਆਂ ਦੀ ਅਜ਼ਾਦੀ ਅਤੇ ਰੂਸੀ ਫੌਜਾਂ ਬਾਹਰ ਕੱਢਣ ਦੀ ਮੰਗ ਰੱਖੀ। ਪਰ ਰੂਸੀ ਸਰਕਾਰ ਨੇ ਝੁਕਣ ਤੋਂ ਇਨਕਾਰ ਕਰ ਦਿੱਤਾ। ਕਈ ਦਿਨ ਚੱਲੀ ਫੌਜੀ ਕਾਰਵਾਈ ਦੌਰਾਨ ਦੁਬੋਰਵਕਾ ਥੀਏਟਰ ਵਿੱਚ 133 ਬੰਦੀ ਅਤੇ 40 ਅੱਤਵਾਦੀ ਮਾਰੇ ਗਏ। ਬੇਸਲਾਨ ਸਕੂਲ ਦਾ ਕਾਂਡ ਬਹੁਤ ਦੁਖਦਾਈ ਸਾਬਤ ਹੋਇਆ ਜਿਸ ਨੇ ਸਾਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ। ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਸਿਰੇ ਦੀ ਕਰੂਰਤਾ ਵਿਖਾਉਂਦੇ ਹੋਏ 334 ਭੋਲੇ ਭਾਲੇ ਮਾਸੂਮ ਬੱਚੇ ਕਤਲ ਕਰ ਦਿੱਤੇ। 10 ਫੌਜੀ ਅਤੇ 31 ਅੱਤਵਾਦੀ ਵੀ ਮਾਰੇ ਗਏ। ਉਹਨਾਂ ਦਿਨਾਂ ਵਿੱਚ ਅਜੇ ਪੱਛਮੀ ਯੂਰਪ ਅਤੇ ਅਮਰੀਕਾ 'ਤੇ ਕੋਈ ਅੱਤਵਾਦੀ ਹਮਲਾ ਨਹੀਂ ਸੀ ਹੋਇਆ। ਆਪਣੇ ਘਰ ਅੱਗ ਅਤੇ ਦੂਸਰੇ ਦੇ ਘਰ ਬਸੰਤਰ ਦੇਵਤਾ। ਪੱਛਮੀ ਦੇਸ਼ਾਂ ਦੀ ਹਮਦਰਦੀ ਸਗੋਂ ਚੇਚਨ ਬਾਗੀਆਂ ਨਾਲ ਸੀ। ਉਹ ਰੂਸੀ ਸਰਕਾਰ 'ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਇਲਜ਼ਾਮ ਲਗਾ ਕੇ ਆਲੋਚਨਾ ਕਰਦੇ ਰਹਿੰਦੇ ਸਨ।
ਜੋ ਬੀਜੀ ਦਾ ਦਾ ਹੈ, ਉਹੀ ਵੱਢੀ ਦਾ ਹੈ। ਯੂਰਪ ਵਿੱਚ ਅੱਤਵਾਦੀ ਘਟਨਾਵਾਂ ਸ਼ੁਰੂ ਹੋਣ ਦਾ ਮੁੱਖ ਕਾਰਨ ਇਰਾਕ-ਸੀਰੀਆਂ ਘਰੇਲੂ ਜੰਗ ਵਿੱਚ ਨਾਟੋ ਦੀ ਬੇਵਜਾਹ ਦਖਲ ਅੰਦਾਜ਼ੀ ਅਤੇ ਸ਼ਰਣਾਰਥੀਆਂ ਦਾ ਹੜ੍ਹ ਹੈ। ਇਹਨਾਂ ਦਾ ਮੁੱਢ ਅਮਰੀਕਾ ਦੀ ਅਗਵਾਈ ਹੇਠ ਨਾਟੋ ਫੌਜਾਂ ਵੱਲੋਂ 2003 ਵਿੱਚ ਸੱਦਾਮ ਹੁਸੈਨ ਦਾ ਐਟਮੀ ਹਥਿਆਰ ਰੱਖਣ ਦੇ ਝੂਠੇ ਇਲਜ਼ਾਮ ਹੇਠ ਤਖਤਾ ਪਲਟਣ ਅਤੇ 2011 ਵਿੱਚ ਸੀਰੀਆ ਦੀ ਗੜਬੜ ਸ਼ੁਰੂ ਹੋਣ ਤੋਂ ਬਾਅਦ ਬੱਝਾ ਹੈ। ਅਮਰੀਕਾ ਦੀ ਮਿਹਰਬਾਨੀ ਸਦਕਾ ਹੀ 2014 ਵਿੱਚ ਦੁਨੀਆਂ ਦੀ ਸਭ ਤੋਂ ਖੌਫਨਾਕ ਅੱਤਵਾਦੀ ਜਥੇਬੰਦੀ ਆਈ.ਐਸ. ਦਾ ਜਨਮ ਹੋਇਆ। ਆਈ.ਐਸ ਨੇ ਆਪਣੇ ਚਮਤਕਾਰੀ ਆਗੂ ਅੱਬੂ ਬਕਰ ਅਲ ਬਗਦਾਦੀ ਦੀ ਅਗਵਾਈ ਹੇਠ ਥੋੜ੍ਹੇ ਦਿਨਾਂ ਵਿੱਚ ਹੀ ਇਰਾਕ ਅਤੇ ਸੀਰੀਆ ਦੇ ਵਿਸ਼ਾਲ ਇਲਾਕਿਆਂ 'ਤੇ ਕਬਜ਼ਾ ਜਮਾ ਲਿਆ। ਇਸ ਦੇ ਲਗਾਤਾਰ ਵਧਦੇ ਪ੍ਰਭਾਵ ਕਾਰਨ ਹੁਣ ਨਾਟੋ ਨੂੰ ਇਸ ਦੇ ਖਿਲਾਫ ਜੂਝਣਾ ਪੈ ਰਿਹਾ ਹੈ। ਡੈਨਮਾਰਕ, ਫਰਾਂਸ, ਜਰਮਨੀ, ਬੈਲਜ਼ੀਅਮ, ਸਪੇਨ ਅਤੇ ਇਟਲੀ ਆਦਿ ਨਾਟੋ ਦੇ ਮੈਂਬਰ ਹਨ। ਇਸੇ ਲਈ ਬਦਲਾ ਲੈਣ ਖਾਤਰ ਆਈ.ਐਸ. ਇਹਨਾਂ ਦੇਸ਼ਾਂ ਵਿੱਚ ਆਤਮਘਾਤੀ ਹਮਲੇ ਕਰਵਾ ਰਿਹਾ ਹੈ। ਸੀਰੀਆ ਦੀ ਗੜਬੜ ਕਾਰਨ ਲੱਖਾਂ ਸੀਰੀਆਈ, ਅਫਰੀਕੀ, ਇਰਾਕੀ ਅਤੇ ਅਫਗਾਨ ਸ਼ਰਣਾਰਥੀ ਤੁਰਕੀ ਪਹੁੰਚ ਗਏ। ਤੁਰਕੀ ਐਨਾ ਆਰਥਿਕ ਦਬਾਅ ਸਹਿਣ ਨਾ ਕਰ ਸਕਿਆ। ਤੰਗ ਆ ਕੇ ਉਸ ਨੇ ਸ਼ਰਣਾਰਥੀ ਅੱਗੇ ਯੂਰਪ ਵੱਲ ਤੋਰ ਦਿੱਤੇ। ਜੋ ਕਰੇ ਸੋ ਭਰੇ। ਤੁਰਕੀ ਤੋਂ ਗਰੀਸ ਦੇ ਕਾਸ ਟਾਪੂ ਦਾ ਫਾਸਲਾ ਸਿਰਫ 2.5 ਕਿ.ਮੀ. ਹੈ ਜੋ ਅਰਾਮ ਨਾਲ ਕਿਸ਼ਤੀ ਰਾਹੀਂ ਤੈਅ ਕੀਤਾ ਜਾ ਸਕਦਾ ਹੈ। ਦੂਸਰਾ ਰਸਤਾ ਲੀਬੀਆ ਤੋਂ ਇਟਲੀ ਵੱਲ ਦਾ ਹੈ। ਇਸ ਦਾ ਫਾਇਦਾ ਉਠਾ ਕੇ 10 ਲੱਖ ਤੋਂ ਵੱਧ ਸ਼ਰਣਾਰਥੀ ਗਰੀਸ-ਇਟਲੀ ਰਾਹੀਂ ਫਰਾਂਸ, ਜਰਮਨੀ, ਸਵੀਡਨ ਅਤੇ ਡੈਨਮਾਰਕ ਆਦਿ ਤੱਕ ਪਹੁੰਚ ਚੁੱਕੇ ਹਨ। ਅੱਜ ਹਜ਼ਾਰਾਂ ਮਨੁੱਖੀ ਤਸਕਰ ਇਸ ਲਾਭ ਵਾਲੇ ਧੰਦੇ ਵਿੱਚ ਰੁਝੇ ਹੋਏ ਹਨ। ਕਰੋੜਾਂ ਡਾਲਰਾਂ ਦਾ ਰੋਜ਼ਾਨਾ ਵਾਰਾ ਨਿਆਰਾ ਹੋ ਰਿਹਾ ਹੈ। ਆਈ.ਐਸ. ਦੇ ਆਤਮਘਾਤੀ ਹਮਲਾਵਰ ਵੀ ਇਹਨਾਂ ਸ਼ਰਨਾਰਥੀਆਂ ਦੀ ਆੜ ਵਿੱਚ ਯੂਰਪ ਪਹੁੰਚ ਗਏ।
ਇਹ ਗੱਲ ਵਰਨਣਯੋਗ ਹੈ ਕਿ ਬਹੁਤੇ ਹਮਲਾਵਰ ਛੋਟੀ ਉਮਰ ਦੇ ਤੇ ਯੂਰਪ ਦੇ ਹੀ ਜੰਮਪਲ ਹਨ। ਕਈਆਂ ਦੇ ਤਾਂ ਮਾਪਿਆਂ ਨੂੰ ਵੀ ਪਤਾ ਨਹੀਂ ਸੀ ਕਿ ਸਾਡੇ ਲੜਕੇ ਇਸ ਕੰਮ ਵਿੱਚ ਗਲਤਾਨ ਹਨ। ਆਈ.ਐਸ. ਨੇ ਨਾਟੋ ਦੇਸ਼ਾਂ ਦੇ ਖਿਲਾਫ ਪ੍ਰਚਾਰ ਕਰਨ ਅਤੇ ਨੌਜਵਾਨਾਂ ਦੇ ਦਿਮਾਗਾਂ ਨੂੰ ਪਲੀਤ ਕਰਨ ਲਈ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕੀਤੀ ਹੈ। ਨਾਟੋ ਵੱਲੋਂ ਸੀਰੀਆ ਅਤੇ ਇਰਾਕ ਵਿੱਚ ਕੀਤੇ ਜਾ ਰਹੇ ਕਥਿੱਤ ਜ਼ੁਲਮਾਂ ਅਤੇ ਆਈ.ਐਸ. ਦੀ ਬਹਾਦਰੀ ਦੀਆਂ ਫਿਲਮਾਂ ਅਤੇ ਤਸਵੀਰਾਂ ਵੱਡੀ ਪੱਧਰ 'ਤੇ ਵਾਇਰਲ ਕੀਤੀਆਂ ਗਈਆਂ। ਸਤੰਬਰ 2014 ਵਿੱਚ ਆਈ.ਐਸ ਦੇ ਬੁਲਾਰੇ ਅੱਬੂ ਮੁਹੰਮਦ ਅਲ ਅਦਨਾਨੀ ਨੇ ਇੱਕ ਵੀਡੀਉ ਕਲਿੱਪ ਰਾਹੀਂ ਸੱਦਾ ਦਿੱਤਾ ਕਿ ਸਾਡੇ ਨਾਲ ਹਮਦਰਦੀ ਰੱਖਣ ਵਾਲੇ ਇਸਲਾਮੀ ਯੋਧੇ ਸਾਰੇ ਵਿਸ਼ਵ ਵਿੱਚ ਅਜ਼ਾਦ ਤੌਰ 'ਤੇ ਕਾਫਿਰਾਂ ਦੇ ਖਿਲਾਫ ਹਮਲੇ ਕਰਨ। ਇਸ ਸੱਦੇ ਤੋਂ ਉਤਸ਼ਾਹਿਤ ਹੋ ਕੇ ਅੱਤਵਾਦੀਆਂ ਵੱਲੋਂ ਸਿਰਫ 10 ਮਹੀਨਆਂ ਵਿੱਚ 9 ਹਮਲੇ ਇਕੱਲੇ ਯੂਰਪ ਵਿੱਚ ਕੀਤੇ ਗਏ ਅਤੇ ਉਹਨਾਂ ਦੀਆਂ 12 ਸਾਜਿਸ਼ਾਂ ਖੁਫੀਆ ਏਜੰਸੀਆਂ ਵੱਲੋਂ ਅਸਫਲ ਬਣਾ ਦਿੱਤੀਆਂ ਗਈਆਂ। ਨਹੀਂ ਤਾਂ ਨੁਕਸਾਨ ਕਿਤੇ ਵੱਧ ਹੋਣਾ ਸੀ।
ਯੂਰਪ ਵਿੱਚ ਹਮਲਿਆਂ ਦੀ ਸ਼ੁਰੂਆਤ 2004 ਦੇ ਮੈਡਰਿਡ ਟਰੇਨ ਬੰਬ ਧਮਾਕਾ (191 ਮੌਤਾਂ, 2000 ਜ਼ਖਮੀ) ਅਤੇ 7 ਜੁਲਾਈ 2005 ਦੇ ਲੰਡਨ ਬੰਬ ਧਮਾਕੇ (52 ਮੌਤਾਂ, 784 ਜ਼ਖਮੀ) ਨਾਲ ਹੋਈ। ਇਸ ਤੋਂ ਬਾਅਦ 7 ਸਾਲ ਤੱਕ ਸ਼ਾਂਤੀ ਰਹੀ। ਮਾਰਚ 2012 ਵਿੱਚ ਮੁਹੰਮਦ ਮੇਰਾਹ ਵੱਲੋਂ ਟੌਊਲਾਊਜ਼ (ਫਰਾਂਸ) ਵਿਖੇ ਗੋਲਾਬਾਰੀ ਕਰ ਕੇ 7 ਵਿਅਕਤੀਆਂ ਦੀ ਹੱਤਿਆ ਕਰਨ ਤੋਂ ਬਾਅਦ ਜੋ ਗੜਬੜ ਸ਼ੁਰੂ ਹੋਈ ਉਹ ਲਗਾਤਾਰ ਜਾਰੀ ਹੈ। ਫਰਾਂਸ ਵਿੱਚ ਯੂਰਪ ਦੀ ਸਭ ਤੋਂ ਵੱਡੀ ਮੁਸਲਿਮ ਅਬਾਦੀ ਹੈ ਅਤੇ ਇਹ ਹੀ ਅੱਤਵਾਦ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ। ਇਥੇ ਹੁਣ ਤੱਕ 10 ਵੱਡੇ ਅਤੇ ਅਨੇਕਾਂ ਛੋਟੇ ਮੋਟੇ ਆਤੰਕੀ ਹਮਲੇ ਹੋ ਚੁੱਕੇ ਹਨ। ਇਸ ਤੋਂ ਬਾਅਦ ਇੰਗਲੈਂਡ ਆਉਂਦਾ ਹੈ ਜਿਥੇ 2017 ਦੌਰਾਨ ਚਾਰ ਮਹੀਨਿਆਂ ਵਿੱਚ ਹੀ ਤਿੰਨ ਹਮਲੇ ਹੋ ਚੁੱਕੇ ਹਨ। ਬੈਲਜ਼ੀਅਮ, ਜਰਮਨੀ ਅਤੇ ਸਪੇਨ ਦਾ ਨੰਬਰ ਇਹਨਾਂ ਤੋਂ ਬਾਅਦ ਆਉਂਦਾ ਹੈ। ਹਾਲਾਂਕਿ ਜਰਮਨੀ ਦੀ ਚਾਂਸਲਰ ਐਂਜ਼ਲਾ ਮਾਰਕਲ ਸਭ ਤੋਂ ਵੱਧ ਸ਼ਰਣਾਰਥੀਆਂ ਨੂੰ ਸੰਭਾਲਣ ਲਈ ਜਾਣੀ ਜਾਂਦੀ ਹੈ। ਸਵੀਡਨ ਵਰਗੇ ਸ਼ਾਂਤੀ ਪਸੰਦ ਅਤੇ ਨਿਰਪੱਖ ਦੇਸ਼ 'ਤੇ ਵੀ ਹਮਲਾ ਹੋ ਚੁੱਕਾ ਹੈ।
ਯੂਰਪੀਨ ਯੂਨੀਅਨ ਵਿੱਚ 2012 ਤੋਂ ਲੈ ਕੇ ਹੁਣ ਹੋਏ 20 ਵੱਡੇ ਅੱਤਵਾਦੀ ਹਮਲਿਆਂ ਵਿੱਚ ਸੈਂਕੜੇ ਲੋਕ ਮਾਰੇ ਗਏ ਤੇ ਹਜ਼ਾਰਾਂ ਜ਼ਖਮੀ ਹੋਏ ਹਨ। ਜਿਆਦਾ ਘਾਤਕ ਹਮਲੇ ਇਸ ਪ੍ਰਕਾਰ ਹਨ, 13 ਨਵੰਬਰ 2015 ਦਾ ਪੈਰਿਸ ਦਾ ਬਟਾਕਲਾਨ ਸੰਗੀਤ ਸਮਾਰੋਹ ਹਮਲਾ (130 ਮੌਤਾਂ, 360 ਜ਼ਖਮੀ), 7 ਜਨਵਰੀ 2015 ਪੈਰਿਸ ਵਿਖੇ ਚਾਰਲੀ ਹੈਬਦੋ ਮੈਗਜ਼ੀਨ ਹਮਲਾ (17 ਮੌਤਾਂ, 40 ਜ਼ਖਮੀ), 22 ਮਾਰਚ 2016 ਬਰੱਸਲਜ਼ (ਬੈਲਜ਼ੀਅਮ) ਹਵਾਈ ਅੱਡਾ ਹਮਲਾ (32 ਮੌਤਾਂ, 155 ਜ਼ਖਮੀ), 22 ਜੁਲਾਈ 2016 ਮਿਊਨਿਖ (ਜਰਮਨੀ) ਸ਼ਾਪਿੰਗ ਸੈਂਟਰ ਗੋਲਾਬਾਰੀ ਕਾਂਡ (9 ਮੌਤਾਂ 36 ਜ਼ਖਮੀ), 14 ਜੁਲਾਈ 2016 ਨਾਈਸ ਫਰਾਂਸ ਟਰੱਕ ਹਮਲਾ (86 ਮੌਤਾਂ), 22 ਮਈ 2017 ਮਾਨਚੈਸਟਰ ਇੰਗਲੈਂਡ ਮਨੁੱਖੀ ਬੰਬ ਧਮਾਕਾ (22 ਮੌਤਾਂ) ਆਦਿ। ਇਹਨਾਂ ਹਮਲਾਵਰਾਂ ਵਿੱਚੋ ਜਿਆਦਾਤਰ ਅਫਗਾਨ, ਇਰਾਨੀ, ਉਜ਼ਬੇਕ ਅਤੇ ਸੀਰੀਅਨ ਆਦਿ ਮੂਲ ਦੇ ਸਨ। ਆਈ.ਐਸ. ਨੇ ਇਹਨਾਂ ਦੇ ਦਿਮਾਗ ਵਿੱਚ ਐਨਾ ਜ਼ਹਿਰ ਭਰ ਦਿੱਤਾ ਹੈ ਕਿ ਇਹ ਉਸ ਦੀ ਖਾਤਰ ਮਰਨ ਮਾਰਨ ਨੂੰ ਸਿਰਫ ਇੱਕ ਖੇਡ ਸਮਝਦੇ ਹਨ। ਇਹਨਾਂ ਆਤਮਘਾਤੀਆਂ ਵਿੱਚ ਕਈ ਤਾਂ ਸਕੇ ਭਰਾਵਾਂ ਦੀਆਂ ਜੋੜੀਆਂ ਸ਼ਾਮਲ ਸਨ। ਬਰੱਸਲਜ਼ ਹਮਲੇ ਵਿੱਚ ਸ਼ਾਮਲ ਖਾਲਿਦ ਅਤੇ ਇਬਰਾਹੀਮ ਅਲ ਬਕਰੌਈ, ਪੈਰਿਸ ਹਮਲੇ ਵਿੱਚ ਸ਼ਾਮਲ ਸਾਲਾਹ ਅਬਦਸਲਾਮ ਅਤੇ ਅਬਰਾਹਮ ਅਬਦਸਲਾਮ ਅਤੇ ਜਨਵਰੀ 2015 ਵਿੱਚ ਪੈਰਿਸ ਦੇ ਅਖਬਾਰ ਚਾਰਲੀ ਹੈਬਦੋ ਦੇ ਦਫਤਰ 'ਤੇ ਹਮਲਾ ਕਰ ਕੇ 12 ਵਿਅਕਤੀ ਕਤਲ ਕਰਨ ਵਾਲੇ ਸ਼ਰੀਫ ਅਤੇ ਸੈਦ ਕੋਉਆਚੀ ਸਕੇ ਭਰਾ ਸਨ। ਯੂਰਪੀਨ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਸੈਂਕੜੇ ਆਤੰਕੀ ਸਾਜਸ਼ਾਂ ਨਾਕਾਮ ਕੀਤੀਆਂ ਹਨ। 2016-17 ਦੌਰਾਨ ਰੂਸ ਵਿੱਚ 38, ਇੰਗਲੈਂਡ ਵਿੱਚ 23 ਅਤੇ ਫਰਾਂਸ ਵਿੱਚ 34 ਸਾਜਸ਼ਾਂ ਨਾਕਾਮ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 2016-17 ਦੌਰਾਨ 1118 ਅੱਤਵਾਦੀ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹਨ, ਸਿਰਫ ਪਿਛਲੇ ਛੇ ਮਹੀਨਿਆਂ ਵਿੱਚ ਹੀ 518 ਅੱਤਵਾਦੀ ਪਕੜੇ ਗਏ ਹਨ। ਯੂਰਪੀਨ ਖੁਫੀਆ ਏਜੰਸੀਆਂ ਦੀ ਇਸ ਵਧਦੀ ਹੋਈ ਗਿਣਤੀ ਕਾਰਨ ਨੀਂਦ ਹਰਾਮ ਹੋਈ ਪਈ ਹੈ ਤੇ ਹਮਲੇ ਨਿਰੰਤਰ ਜਾਰੀ ਹਨ।
ਅੱਤਵਾਦੀ ਹਮਲਾ ਕਰਨ ਲਈ ਆਮ ਤੌਰ 'ਤੇ ਭੀੜ ਭੜੱਕੇ ਵਾਲਾ ਕੋਈ ਅਸਾਨ ਜਿਹਾ ਨਿਸ਼ਾਨਾ ਚੁਣਦੇ ਹਨ ਜਿਥੇ ਜਿਆਦਾ ਸਕਿਉਰਟੀ ਨਾ ਹੋਵੇ। ਨਿੱਤ ਦੇ ਹੋ ਰਹੇ ਇਹਨਾਂ ਹਮਲਿਆਂ ਕਾਰਨ ਯੂਰਪੀਨ ਦੇਸ਼ਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਜਨਤਾ ਦੇ ਦਿਲਾਂ ਵਿੱਚ ਮੁਸਲਿਮ ਅਬਾਦੀ ਅਤੇ ਸ਼ਰਣਾਰਥੀਆਂ ਖਿਲਾਫ ਰੋਹ ਪੈਦਾ ਹੋ ਰਿਹਾ ਹੈ। ਹਾਲਾਤ ਐਨੇ ਨਾਜ਼ਕ ਹਨ ਕਿ ਫਰਾਂਸ, ਬੈਲਜ਼ੀਅਮ, ਇਟਲੀ ਅਤੇ ਇੰਗਲੈਂਡ ਵੱਲੋਂ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਪਹਿਲੀ ਵਾਰ ਫੌਜ ਨੂੰ ਸ਼ਹਿਰਾਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਯੂਰਪ ਵਿੱਚ ਅਮਰੀਕਾ ਅਤੇ ਨਾਟੋ ਦੇ ਖਿਲਾਫ ਵੱਡੇ ਮੁਜ਼ਾਹਰੇ ਹੋ ਰਹੇ ਹਨ ਕਿਉਂਕਿ ਇਸ ਸਾਰੇ ਪਵਾੜੇ ਦੀ ਜੜ੍ਹ ਉਹੀ ਹੈ। ਉਸੇ ਨੇ ਬਿਨਾਂ ਵਜ੍ਹਾ ਸੀਰੀਆ ਅਤੇ ਇਰਾਕ ਵਿੱਚ ਦਖਲ ਅੰਦਾਜ਼ੀ ਕਰ ਕੇ ਇਹ ਮਸਲਾ ਪੈਦਾ ਕੀਤਾ ਹੈ। ਯੂਰਪੀਨ ਦੇਸ਼ ਉਸ ਦੇ ਦੁੱਮ ਛੱਲੇ ਹੋਣ ਕਾਰਨ ਬਿਨਾਂ ਵਜ੍ਹਾ ਨੁਕਸਾਨ ਉਠਾ ਰਹੇ ਹਨ। ਅਮਰੀਕਾ ਖੁਦ ਏਸ਼ੀਆ ਅਤੇ ਯੂਰਪ ਤੋਂ ਹਜ਼ਾਰਾਂ ਕਿ.ਮੀ. ਦੂਰ ਹੋਣ ਕਾਰਨ ਸ਼ਰਣਾਰਥੀ ਸਮੱਸਿਆ ਤੋਂ ਮੁਕਤ ਹੈ। ਟਰੰਪ ਪ੍ਰਸ਼ਾਸਨ ਸਗੋਂ ਹੋਰ ਸਖਤ ਕਾਨੂੰਨ ਬਣਾ ਕੇ ਉਥੇ ਪਹਿਲਾਂ ਵੱਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਬਾਹਰ ਕੱਢ ਰਿਹਾ ਹੈ। ਜਿੰਨੀ ਦੇਰ ਯੂਰਪੀਨ ਦੇਸ਼ ਸੀਰੀਆ ਅਤੇ ਇਰਾਕ ਦੀ ਖਲਜਗਣ ਤੋਂ ਬਾਹਰ ਨਹੀਂ ਨਿਕਲਦੇ ਅਤੇ ਰਫਿਉਜ਼ੀਆਂ ਦੇ ਹੜ੍ਹ ਨਾਲ ਸਖਤੀ ਨਾਲ ਨਹੀਂ ਨਿਪਟਦੇ, ਇਹ ਸਮੱਸਿਆ ਹੱਲ ਨਹੀਂ ਹੋਵੇਗੀ।
ਬਲਰਾਜ ਸਿੰਘ ਸਿੱਧੂ
ਐਸ.ਪੀ.
ਪੰਡੋਰੀ ਸਿਧਵਾਂ 9815124449
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.